ਪੰਨਾ:Hanju.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੩)

ਕਮਲਨੀ ਕਿਸ ਅਗੇ ਫਰਿਆਦ ਕਰਦੀ? ਕਿਸਨੂੰ ਆਪਣੀ ਦਰਦ ਭਰੀ ਵਿਥਿਆ ਸੁਣਾਂਂਉਂਦੀ? ਸੱਸ ਸਹੁਰਾ ਹਮੇਸ਼ਾਂ ਬੁਰਾ ਭਲਾ ਕਹਿੰਦੇ ਰਹਿੰਦੇ ਪਰ ਇਹ ਗਰੀਬ ਚੁੱਪ ਚੁਪੀਤੀ ਸੁਣਦੀ ਰਹਿੰਦੀ। ਗਲ ਕੀ ਸ਼ਾਮੋ ਤੇ ਕਮਲਨੀ ਦੀ ਸੱਸ ਨੇ ਆਪਣੀ ਕਰਨੀ ਵਿੱਚ ਕੋਈ ਕਸਰ ਨ ਛੱਡੀ। ਇਸ ਕਿਸਮ ਦੀਆਂ ਬੇਹੂਦਾ ਗਾਲ੍ਹੀਆਂ ਇਸ ਵਿਚਾਰ ਨੂੰ ਸੁਣਾਈਆਂ ਜਾਂਦੀਆਂ ਸਨ ਕਿ ਕਈ ਵਾਰ ਤਾਂ ਆਂਢ-ਗੁਆਂਢ ਵਾਲੇ ਵੀ ਤੰਗ ਆ ਜਾਂਦੇ ਅਤੇ ਜੇ ਕਿਧਰੇ ਉਹ ਇਸ ਝਗੜੇ ਨੂੰ ਹਟਾਣ ਲਈ ਕੋਸ਼ਸ਼ ਕਰਦੇ, ਤਾਂ ਇਹ ਦੋਵੇਂ ਮਿਲਕੇ ਉਨਾਂ ਨੂੰ ਹੀ ਚੰਗੀ ਤਰਾਂ ਝਾੜਦੀਆਂ ਫੁਕਦੀਆਂ ਕਿ ਉਨਾਂ ਗਰੀਬਾਂ ਨੂੰ ਪੱਲਾ ਛੁਡਾਣਾ ਭੀ ਮੁਸ਼ਕਲ ਹੋ ਜਾਂਦਾ। ਇਸ ਤਰਸ ਭਰੀ ਹਾਲਤ ਵਿਚ ਭੀ ਕਮਲਨੀ ਨੇ ਹਿੰਮਤ ਨਾ ਛੱਡੀ ਤੇ ਅੱਜ ਤਕ ਸੱਸ ਨੂੰ ਮੋੜਕੇ ਜਵਾਬ ਭੀ ਨਾ ਦਿਤਾ।

ਕਮਲਨੀ ਦੇ ਵਿਆਹ ਨੂੰ ਅੱਜ ਸੱਤ ਸਾਲ ਹੋ ਗਏ। ਪਰ ਇਸਦੀ ਤਕਲੀਫ਼ ਦਿਨ ਬਦਿਨ ਵਧਦੀ ਜਾਂਦੀ ਸੀ। ਇਸ ਸਮੇਂ ਦੇ ਅੰਦਰ ਹੀ ਅਕਾਲ ਪੁਰਖ ਨੇ ਇਸਨੂੰ ਇਕ ਚੰਨ ਵਰਗਾ ਲਾਲ ਆਪਣੀ ਦੁਖ ਭਰੀ ਵਿਥਿਆ ਸੁਨਾਣ ਲਈ ਬਖਸ਼ਿਆ। ਉਹ ਉਸੇ ਮਾਸੂਮ ਨਾਲ ਆਪਣਾ ਦਿਲ ਪਰਚਾਉਂਦੀ ਤੇ ਉਸੇ ਨੂੰ ਆਪਣੀ ਹਡਬੀਤੀ ਸੁਣਾਇਆ ਕਰਦੀ। ਕਮਲਨੀ ਨੇ ਆਪਣੇ ਜਿਗਰ ਦੇ ਟੋਟੇ ਦਾ ਨਾਮ ਮਨਮੋਹਨ ਸਿੰਘ ਰਖਿਆ ਸੀ।