ਪੰਨਾ:Hanju.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੩)

ਸ਼ਾਹੀ ਘਰਾਣੇ ਦੀਆਂ ਰੋਟੀਆਂ ਖਾਧੀਆਂ ਹਨ, ਇਥੇ ਉਹ ਆਨ ਬਾਨ ਨਹੀਂ ਚਲੇਗੀ । ਹੁਣ ਆਪਣੇ ਤੇਜ ਪਰਤਾਪ ਦੇ ਦਿਨਾਂ ਨੂੰ ਭੁਲਾ ਦੇਹ ਅਰ ਘਸਿਆਰਨਾਂ ਵਾਂਙ ਰਹੁ, ਨਹੀਂ ਤੇ ਮਾਰ ਮਾਰਕੇ ਹੱਡੀਆਂ ਤੋੜ ਦੇਵਾਂਗਾ।

ਨਰਗਸ ਨਜ਼ਰ ਦੇ ਕਲੇਜੇ ਵਿਚ ਜਿਸ ਤਰਾਂ ਕਿਸੇ ਨੇ ਤੀਰ ਮਾਰ ਦਿਤਾ, ਉਹ ਕਈ ਵਰਿਆਂ ਤੋਂ ਦੁਖ ਭੋਗ ਰਹੀ ਸੀ। ਉਨ੍ਹਾਂ ਦੁਖਾਂ ਨੂੰ ਉਸਨੇ ਅਬਲਾ-ਇਸਤ੍ਰੀ ਹੁੰਦਿਆਂ ਹੋਇਆਂ ਭੀ ਬੜੀ ਬਹਾਦਰੀ ਨਾਲ ਲਿਆ ਸੀ। ਬਿਪਤਾ ਦੀ ਹਨੇਰੀ ਵਿਚ ਉਸ ਨੇ ਆਪਣੇ ਜਲ ਭਰੇ ਨੇਤ੍ਰ ਕਿਸੇ ਦੇ ਸਾਹਮਣੇ ਨਹੀਂ ਕੀਤੇ ਸਨ। ਸ਼ਾਹੀ ਆਨ ਉਸਨੂੰ ਦੀਨਤਾ ਦੇ ਪ੍ਰਗਟ ਕਰਨ ਤੋਂ ਰੋਕ ਦੋਂਦੀ ਸੀ। ਪਰੰਤੂ ਹੁਣ ਉਸਨੂੰ ਇਹ ਆਸ਼ਾ ਨਹੀਂ ਸੀ ਕਿ ਵਿਆਹ ਦੇ ਪਹਿਲੇ ਹੀ ਦਿਨ ਪਤੀ ਉਸਨੂੰ ਅਜਿਹੇ ਬੋਲ ਬੋਲੇਗਾ। ਪ੍ਰੇਮ ਦੀਆਂ ਦੋ ਚਾਰ ਗੱਲਾਂ ਦੀ ਜਗ੍ਹਾ ਤੀਰਾਂ ਜਹੇ ਤਿੱਖੇ ਸ਼ਬਦ ਸੁਣਕੇ ਨਰਗਸ ਨਜ਼ਰ ਨੂੰ ਅਜਿਹਾ ਪ੍ਰਤੀਤ ਹੋਇਆ, ਮਾਨੋ ਕਿਸੇ ਨੇ ਗੋਲੀ ਮਾਰ ਦਿਤੀ ਹੋਵੇ। ਉਹ ਕੰਮ ਕਰਨ ਤੋਂ ਨਹੀਂ ਘਬਰਾਉਂਦੀ ਸੀ, ਨਾ ਗਰੀਬੀ ਦਾ ਜੀਵਨ ਉਸਨੂੰ ਔਖਾ ਮਲੂਮ ਹੁੰਦਾ ਸੀ। ਪਰ ਕੀ ਉਸਦੀ ਪ੍ਰਾਲੱਬਧ ਵਿਚ ਚਾਰ ਮਿਠੇ ਸ਼ਬਦ ਭੀ ਨਹੀਂ ਸਨ। ਉਸਦੇ ਨੇਤ੍ਰਾਂ ਵਿਚੋਂ ਹੰਝੂ ਵਹਿਣ ਲਗ ਪਏ। ਇਕ ਦਿਨ ਉਹ ਸੀ, ਜਦ ਇਨਾਂ ਹੰਝੂਆਂ ਤੋਂ ਮੋਤੀ ਨਿਛਾਵਰ ਹੁੰਦੇ ਸਨ। ਪਰੰਤੂ ਅਜ ਉਹ ਸੁੰਦਰ ਜਲ ਕਿਤਨਾ ਬੇਕਦਰਾ ਹੋ ਗਿਆ ਸੀ! ਕਾਲ ਦੇ ਕਠੋਰ ਹੱਥਾਂ ਨੇ ਉਸ ਨੂੰ ਧੂੜ ਵਿਚ ਮਿਲਾ ਦਿਤਾ ਸੀ।--0--