ਪੰਨਾ:Hanju.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੭)

ਬੋਝ ਜਿਹਾ ਲਹਿ ਗਿਆ, ਪਰ ਫਿਰ ਚਿਤਪੁਰ ਉਦਾਸੀ ਜਹੀ ਆ ਗਈ,ਜਿਸਤਰ੍ਹਾਂ ਕੋਈ ਬਪਾਰੀ ਆਪਣਾ ਸੌਦਾ ਵੇਚਕੇ ਫਿਰ ਚਿੰਤਾ ਵਿਚ ਨਿਮਗਨ ਹੋ ਜਾਂਦਾ ਹੈ ਤੇ ਉਸ ਚਿੰਤਾ ਵਿਚ ਉਸਦੀ ਖੁਸ਼ੀ ਦੀ ਚਮਕ ਲੀਨ ਹੋ ਜਾਂਦੀ ਹੈ। ਰਾਤ ਇਸੇ ਚਿੰਤਾ ਵਿਚ ਹੀ ਲੰਘ ਗਈ। ਦੂਜੇ ਦਿਨ ਉਹ ਕਚਹਿਰੀ ਵਿਚ ਸੀ ਅਰ ਕਚਹਿਰੀ ਦਾ ਹਾਕਮ ਉਸਨੂੰ ਕਹਿ ਰਿਹਾ ਸੀ-'ਬੁਢੀਏ! ਇਥੇ ਅੰਗੂਠਾ ਲਾ ਦੇਹ।'

ਸੁਭਾਗੀ ਨੇ ਲੜਖੜਾਂਦਿਆਂ ਅੰਗੁਠਾ ਅੱਗੇ ਕੀਤਾ ਤੇ ਉਸ ਹਾਕਮ ਨੇ ਉਪਰ ਸਿਆਹੀ ਲਾ ਕੇ ਕਾਗਜ਼ ਪੁਰ ਲਾ ਲਿਆ। ਉਸਨੂੰ ਕੀ ਪਤਾ ਸੀ ਕਿ ਇਹ ਸਿਆਹੀ ਮੈਂ ਕਾਗਜ਼ ਪੁਰ ਨਹੀਂ ਫੇਰੀ, ਆਪਣੇ ਭਵਿਖ ਦੇ ਸ਼ਾਂਤ ਚਿਤ ਜੀਵਨ ਪੁਰ ਫੇਰ ਦਿਤੀ ਹੈ। ਸ਼ੰਭੂ ਨਾਥ ਨੇ ਅਠ ਸੌ ਰੁਪਿਆ ਗਿਣਕੇ ਸੁਭਾਗੀ ਦੀ ਝੋਲੀ ਪਾ ਦਿਤਾ। ਸੁਭਾਗੀ ਦੀਆਂ ਅੱਖਾਂ ਚਮਕਣ ਲਗੀਆਂ, ਪਰ ਇਹ ਚਮਕ ਦੀਵੇ ਦੀ ਲੋ ਸੀ, ਜੋ ਬੁਝਣ ਤੋਂ ਪਹਿਲਾਂ ਇਕ ਵਾਰ ਹਸਦੀ ਹੈ ਤੇ ਫਿਰ ਸਦਾ ਵਾਸਤੇ ਅਥਾਹ ਅਨ੍ਹੇਰੇ ਵਿਚ ਲੀਨ ਹੋ ਜਾਂਦੀ ਹੈ। ਇਤਨੇ ਰੁਪਏ ਜੇ ਕਦੇ ਸੁਭਾਗੀ ਨੂੰ ਪਹਿਲਾਂ ਕਿਧਰੇ ਮਿਲਦੇ ਤਾਂ ਉਹ ਝੌਂਪੜੀ ਵਿਚ ਜਾ ਕੇ ਉਨ੍ਹਾਂ ਨੂੰ ਸ਼ਾਇਦ ਸੌ ਵਾਰ ਗਿਣਦੀ ਤੇ ਫਿਰ ਕਿਧਰੇ ਦਬ ਦੇਂਦੀ। ਕਚਹਿਰੀ ਤੋਂ ਬਾਹਰ ਆਈ। ਪਰ ਹੁਣ ਕਿਥੇ ਜਾਵੇ? ਚੌਹੀਂ ਪਾਸੀਂ ਨਜ਼ਰ ਮਾਰੀ, ਪਰ, ਕੋਈ ਥਾਂ ਨ ਲਭੀ। ਇਸ ਲੰਮੀ ਚੌੜੀ ਦੁਨੀਆਂ ਵਿਚ ਉਹ ਇਕੱਲਾ ਹੀ ਸੀ। ਉਸਦੇ ਕੋਲ ਰੁਪਏ ਸਨ, ਸੇਠ ਜਾਨਕੀ ਦਾਸ ਦਾ ਕਰਜ਼ਾ ਮੁਕਾਕੇ