ਪੰਨਾ:Johar khalsa.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੌਹਰ ਖਾਲਸਾ

(੧੦੯)


ਪੈਰੀ ਬੇੜੀਆਂ ਪਾ ਬਠਲਾਈਆਂ ਚਾ ਦਾਣੇ ਦਲਨ ਨੂੰ ਸਾਰੀਆਂ ਡਾਹੀਆਂ ਸਨ
ਕੋਈ ਖਾਣ ਨੂੰ ਦੇਇ ਨ ਇਨ੍ਹਾਂ ਤਾਈਂ ਮੰਨੂੰ ਕੀਤੀਆਂ ਸਖਤ ਮਨਾਹੀਆਂ ਸਨ
ਬਾਲਾਂ ਵਾਲੀਆਂ ਭੁਖੀਆਂ ਤੜਫ ਰਹੀਆਂ ਰੱਬਾ ਤੇਰੀਆਂ ਬੇਪ੍ਰਵਾਹੀਆਂ ਸਨ
ਬੱਚੇ ਵਿਲਕਦੇ ਭੁਖ ਦੇ ਨਾਲ ਦੁਖੀ ਘੁਟ ਕਾਲਜੇ ਲਾਂਦੀਆਂ ਮਾਈਆਂ ਸਨ
ਕੀਹ ਓਨ੍ਹਾਂ ਮਾਸੂਮਾਂ ਦੇ ਧਰਨ ਅਗੇ ਜਿਨ੍ਹਾਂ ਸਿਰ ਮੁਸੀਬਤਾਂ ਛਾਈਆਂ ਸਨ
ਬੱਚੇ ਰੋਵੰਦੇ ਦਮ ਨ ਲੈਣ ਦੇਂਦੇ ਪਈਆਂ ਨਿਕਲਦੀਆਂ ਦਿਲੋਂ ਹਾਈਆਂ ਸਨ
ਕੌਣ ਸੁਣੇ ਫਰ੍ਯਾਦ ਦੁਖ੍ਯਾਰੀਆਂ ਦੀ ਗਊਆਂ ਪਈਆਂ ਵੱਸ ਕਸਾਈਆਂ ਸਨ
ਸਬਰ ਸ਼ੁਕਰਕਰ ਦਿਨ ਲੰਘਾਇ ਰਹੀਆਂ ਬਹੁਤ ਭੁਖੀਆਂ ਅਤੇ ਤਿਹਾਈਆਂ ਸਨ
ਜਾਂਦੀ ਪੇਸ਼ ਨ ਕੁਝ ਕਰਤਾਰ ਸਿੰਘਾ ਕੂੰਜਾਂ ਫਸ ਗਈਆਂ ਵਿਚ ਰਾਹੀਆਂ ਸਨ

ਸਿੰਘਣੀਆਂ ਨੇ ਕੈਦ ਵਿਚ ਗੀਤ ਗਾਉਣੇ

ਪੀਹਣ ਚੱਕੀਆਂ ਗੁਰੂ ਸੁਵਾਰੀਆਂ ਉਹ ਕਹਿਣ ਸਿਦਕ ਰੱਬਾ ਤੂੰ ਨਿਭਾ ਦੇਵੀਂ
ਅਸੀਂ ਵੈਰੀਆਂ ਦੇ ਵੱਸ ਪੈ ਗਈਆਂ ਹਾਂ ਸਾਡਾ ਧਰਮ ਦੇਇ ਹੱਥ ਬਚਾ ਦੇਵੀਂ
ਦੁਖ ਸੁਖ ਦੀ ਸਾਨੂੰ ਪ੍ਰਵਾਹ ਕੋਈ ਨ ਸਿਖੀ ਸਿਦਕ ਤੂੰ ਤੋੜ ਚੜ੍ਹਾ ਦੇਵੀਂ
ਪੈ ਗਈਆਂ ਹਾਂ ਵੱਸ ਜਰਵਾਣਿਆਂ ਦੇ ਸਾਬਤ ਧਰਮ ਤੇ ਸ਼ਰਮ ਰਖਾ ਦੇਵੀਂ
ਸਾਨੂੰ ਮਰਨ ਦੀ ਕੁਝ ਪ੍ਰਵਾਹ ਨਾਹੀਂ ਮੁਖ ਉੱਜਲੇ ਪਾਰ ਲੰਘਾ ਦੇਵੀਂ
ਦੁਖ ਝੱਲਣੇ ਦੀ ਹਿੰਮਤ ਦੇਈਂ ਸਾਨੂੰ ਸਾਡੇ ਹੌਸਲੇ ਬਹੁਤ ਵਧਾ ਦੇਵੀਂ
ਦੁਖ ਪਾ ਕੇ ਡੋਲੀਏ ਦਿਲਾਂ ਤੋਂ ਨਾ ਸਾਨੂੰ ਸਿਖਿਆ ਸੱਚੀ ਸਿਖਾ ਦੇਵੀਂ
ਕਲਗੀ ਵਾਲਿਆ ਦੇਕੇ ਹੱਥ ਰਖੀਂ ਘੱਟਾ ਜ਼ਾਲਮਾਂ ਦੀ ਅੱਖੀਂ ਪਾ ਦੇਵੀਂ
ਬੱਚੇ ਬੱਚੀਆਂ ਅਸਾਂ ਦੇ ਧਰਮ ਅੰਦਰ ਲੱਗ ਸਾਹਮਣੇ ਜਾਣ ਦਿਖਾ ਦੇਵੀਂ
ਅਸੀਂ ਧਰਮ ਤੋਂ ਹੋ ਸ਼ਹੀਦ ਜਾਈਏ ਸਾਡੇ ਸਿੰਘਾਂ ਨੂੰ ਖਬਰ ਪੁਚਾ ਦੇਵੀਂ
ਲਗ ਪਏ ਪਰਵਾਰ ਜੇ ਧਰਮ ਬਦਲੇ ਦੂਰ ਬੈਠਿਆਂ ਤਾਈਂ ਸੁਣਾ ਦੇਵੀਂ
ਸਿੱਖੀ ਸਿਦਕ ਦੇ ਵਿਚ ਕਰਤਾਰ ਸਿੰਘਾ ਸਾਨੂੰ ਆਪਣੇ ਪਾਸ ਬੁਲਾ ਲੇਵੀਂ

+ਜ਼ੁਲਮ ਦੀ ਹੱਦ

ਮੰਨੂੰ ਵੇਖਿਆ ਇਹ ਨ ਡੋਲੀਆਂ ਨੇ ਓਸੇ ਵਕਤ ਜਲਾਦ ਬੁਲਾਇ ਜ਼ਾਲਮ


+ਲਾਹੌਰ ਜਿਥੇ ਸਿੰਘਣੀਆਂ ਤੇ ਜ਼ੁਲਮ ਕੀਤੇ ਗਏ ਸਨ, ਓਥੇ ਸ਼ਹੀਦ ਗੰਜ ਸਮਾਧ ਭਾਈ ਤਾਰੂ ਸਿੰਘ ਜੀ ਦੇ ਦੱਖਣ ਵਲ ਹੈ ਓਹਨਾਂ ਸ਼ੀਰਖੋਰਾਂ ਬਚਿਆਂ ਦੀਆਂ ਹਡੀਆਂ ਜੋ ਭੋਰਿਆਂ ਵਿਚੋਂ ਨਿਕਲੀਆਂ ਹਨ ਓਹ ਜ਼ਾਲਮਾਂ ਦੇ ਜ਼ੁਲਮਾਂ ਦੀਆਂ ਨਿਸ਼ਾਨੀਆਂ ਦਸ ਰਹੀਆਂ ਹਨ, ਮੁਸਲਮਾਨਾਂ ਨੇ ਅੰਗਰੇਜ਼ਾਂ ਦੇ ਰਾਜ ਵਿਚ ਸ਼ਹੀਦ ਗੰਜ ਤੇ ਕਬਜ਼ਾ ਕਰਨ ਵਾਸਤੇ ਬੜਾ ਜ਼ੋਰ ਲਾਇਆ ਤੇ ਕਈ ਨਵੀਆਂ ਸ਼ਹੀਦੀਆਂ ਹੋਈਆਂ ਪਰ ਪੰਥ ਦੀ ਜਥੇਬੰਦੀ ਅਗੇ ਓਹਨਾਂ ਦੀ ਕੋਈ ਪੇਸ਼ ਨਾ ਗਈ ।