ਸਮੱਗਰੀ 'ਤੇ ਜਾਓ

ਪੰਨਾ:Johar khalsa.pdf/117

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੬)

ਜੌਹਰ ਖਾਲਸਾ


ਜੱਟਾਂ ਮੂਰਖਾਂ ਨੇ ਐਵੇਂ ਮਾਰ ਦਿਤਾ ਮੋਹਰੀ ਦਲਾਂ ਦਾ ਬਿਨਾਂ ਵਿਚਾਰ ਭਾਈ
ਵਿਚ ਜੰਗ ਦੇ ਹੁੰਦਾ ਸ਼ਹੀਦ ਜੇਕਰ ਸਿੰਘ ਹੋਂਵਦੇ ਖੁਸ਼ੀ ਬਿਸਯਾਰ ਭਾਈ
ਅਚਨਚੇਤ ਰਾਹ ਜਾਂਦਿਆਂ ਮਾਰਿਓ ਨੇ ਅੰਨ੍ਹੇ ਮੂਰਖ ਜਟ ਗਵਾਰ ਭਾਈ
ਪੰਜਾਂ ਸਿੰਘਾਂ ਦਾ ਓਥੇ ਹੀ ਖਾਲਸੇ ਨੇ ਠਹਿਰ ਕਰ ਦਿਤਾ ਸਸਕਾਰ ਭਾਈ
ਬਾਘ ਸਿੰਘ ਸ੍ਰਦਾਰ ਦੀ ਸ਼ੇਖੂਪੁਰੇ ਹੋਣੀ ਚਾਹੀਦੀ ਸੀ ਯਾਦਗਰ ਭਾਈ
ਬਾਘ ਸਿੰਘ ਦਾ ਨਹੀਂ ਸੀ ਕੋਈ ਬੇਟਾ ਹੈਸੀ ਭਾਣਜਾ ਇਕ ਵਿਚਾਰ ਭਾਈ
੦ਜੱਸਾ ਸਿੰਘ ਸੀ ਓਸਦਾ ਨਾਮ ਸੋਹਣਾ ਚੰਗਾ ਸ਼ਕਲ ਵਾਲਾ ਹੋਣਹਾਰ ਭਾਈ
ਥਾਂ ਓਸ ਦੇ ਲੈ ਜੱਸਾ ਸਿੰਘ ਤਾਈਂ ਜਥੇਦਾਰ ਕੀਤਾ ਸਰਦਾਰ ਭਾਈ
ਜੱਸਾ ਸਿੰਘ ਹੋਯਾ ਇਕਬਾਲ ਵਾਲਾ ਅਗੇ ਲਿਖਾਂਗਾ ਹਾਲ ਸਵਾਰ ਭਾਈ
ਸੁਣੋ ਹੋਰ ਪ੍ਰਸੰਗ ਕਰਤਾਰ ਸਿੰਘਾ ਹਿਰਦੇ ਵਿਚ ਪ੍ਰਤੀਤ ਨੂੰ ਧਾਰ ਭਾਈ

ਮੀਰ ਮੰਨੂੰ ਦੇ ਪੁਤਰ ਅਮੀਨਉਦੀਨ ਦਾ ਮਰਨਾ

ਮੀਰ ਮੰਨੂੰ ਦਾ ਪੁੱਤ ਸੀ ਬਹੁਤ ਛੋਟਾ ਆਣ ਚੀਚਕ ਨਾਲ ਬੀਮਾਰ ਹੋਯਾ
ਗਈ ਪੇਸ਼ ਹਕੀਮਾਂ ਦੀ ਕੁਝ ਭੀ ਨਾ ਦਿਨੋ ਦਿਨ ਆ ਬੜਾ ਲਾਚਾਰ ਹੋਯਾ
+ਕਈ ਦਿਨ ਬੀਮਾਰ ਰਹਿ ਮਰ ਗਿਆ ਫਿਕਰ ਬੇਗਮ ਸਿਰ ਅਸਵਾਰ ਹੋਯਾ
ਤਾਜ ਤਖਤ ਦੀ ਓਸ ਨੂੰ ਆਣ ਪਈ ਗਮ ਓਸ ਦੇ ਦਿਲ ਨੂੰ ਭਾਰ ਹੋਯਾ
ਖੁਸ ਜਾਇ ਨ ਤਖਤ ਲਾਹੌਰ ਮੈਥੋਂ ਏਸ ਗੱਲ ਦਾ ਖਾਸ ਵਿਚਾਰ ਹੋਯਾ
ਹੈਸੀ ਰੰਨ ਛੱਨਾਰ ਕਰਤਾਰ ਸਿੰਘਾ ਸੁਝੀ ਓਸ ਨੂੰ ਕੰਮ ਸਵਾਰ ਹੋਯਾ

ਕਾਬਲੋਂ ਜਹਾਂਦਾਰ ਦਾ ਆਉਣਾ

ਲਿਖ ਘਲਯੋ ਸੂ ਅਹਿਮਦ ਸ਼ਾਹ ਵਲੇ ਕੋਈ ਭੇਜ ਏਧਰ ਅਹਿਲਕਾਰ ਛੇਤੀ
ਮੇਰਾ ਬਾਝ ਤੇਰੇ ਕੋਈ ਨਹੀਂ ਰਾਖਾ ਫੌਜਦਾਰ ਕੋਈ ਭੇਜ ਹੁਸ਼ਿਆਰ ਛੇਤੀ
ਗਦਰ ਦੇਸ ਦੇ ਵਿਚ ਨਾ ਪੈ ਜਾਵੇ ਫੌਜ ਲੈ ਪਹੁੰਚੇ ਫੌਜਦਾਰ ਛੇਤੀ
ਬਾਦਸ਼ਾਹ ਨੇ ਬੇਗਮ ਦੀ ਸੁਣੀ ਅਰਜ਼ੀ ਓਸ ਭੇਜ ਦਿਤਾ ਜਹਾਂਦਾਰ ਛੇਤੀ
ਉਹ ਵਿਚ ਲਾਹੌਰ ਦੇ ਆਣ ਪਹੁੰਚਾ ਸਾਂਭ ਲਏ ਸਾਰੇ ਕਾਰਬਾਰ ਛੇਤੀ
ਗੱਲ ਵਿਗੜੀ ਸਗੋਂ ਕਰਤਾਰ ਸਿੰਘਾ ਹੋਵੇ ਤਖਤ ਲਾਹੌਰ ਖਵਾਰ ਛੇਤੀ

ਲਾਹੌਰ ਦੇ ਅਮੀਰਾਂ ਦਾ ਵਿਰੋਧ

ਬੇਗਮ ਖੁਦ ਮੁਖਤਾਰ ਹੋ ਬੈਠ ਗਈ ਕਰਦੀ ਕਿਸੇ ਦੀ ਕੁਝ ਪ੍ਰਵਾਹ ਨ ਸੀ


੦ਜੱਸਾ ਸਿੰਘ ਆਹਲੂਵਾਲੀਆ, ਇਸ ਸ੍ਰਦਾਰ ਦੇ ਕਾਰਨਾਮੇ ਦੇਖੋ ਪ੍ਰਕਾਸ਼ ਖਾਲਸਾ ਹਿਸਾ ਚੌਥਾ । +ਪਿਉ ਮਰਨ ਤੋਂ ਦਸ ਮਹੀਨੇ ਪਿਛੋਂ ਮਰ ਗਿਆ। ਮਈ ੧੭੪੫ ।