(੧੬)
ਜੌਹਰ ਖਾਲਸਾ
ਇਮਨਾਬਾਦੀਆਂ ਦਾ ਜ਼ੋਰ
ਦੋ ਇਮਨਾਬਾਦ ਦੇ ਖੱਤਰੀ ਸਨ ਅਹੁਦੇ ਉਹਨਾਂ ਦੇ ਤੁਰਤ ਵਧਾਇ ਸੂਬੇ
ਲਖਪਤ ਨੂੰ ਕਰ ਵਜ਼ੀਰ ਲਿਆ ਜਸਪਤ ਤਾਈਂ ਵਡਿਆਇ ਸੂਬੇ
ਕੰਮ ਬਾਹਰ ਦੇ ਓਹਦੇ ਸਪੁਰਦ ਕੀਤੇ ਡੋਰ ਓਹਨਾਂ ਦੇ ਹੱਥ ਫੜਾਇ ਸੂਬੇ
ਰੋੜ੍ਹ ਆਪਣਾ ਆਪ ਕਰਤਾਰ ਸਿੰਘਾ ਲਿਆ ਅਕਲ ਤੇ ਹੋਸ਼ ਗਵਾਇ ਸੂਬੇ
ਭਾਈ ਸੁਬੇਗ ਸਿੰਘ ਜੀ
ਖਾਸ ਜ਼ਿਲੇ ਲਾਹੌਰ ਦੇ ਵਿਚ ਵੱਡਾ ਇਕ ਜੰਭਰ ਪਿੰਡ ਵਿਚਾਰ ਭਾਈ
ਵਿਚ ਮਾਝੇ ਦੇ ਹੈ ਮਸ਼ਹੂਰ ਭਾਰਾ ਸਭ ਜਾਣਦੇ ਨੇ ਨਰ ਨਾਰ ਭਾਈ
ਓਸ ਪਿੰਡ ਦੇ ਵਿਚ ਪਛਾਣ ਲਵੋ ਚੰਗਾ ਮਾਲਕੀ ਦਾ ਜ਼ਿਮੀਂਦਾਰ ਭਾਈ
ਹੋਯਾ ਨਾਮ ਮਸ਼ਹੂਰ ਸੁਬੇਗ ਸਿੰਘ ਜੀ ਅਕਲਮੰਦ ਤੇ ਬੜਾ ਹੁਸ਼੍ਯਾਰ ਭਾਈ
ਦੇਸ ਵਿਚ ਪਈ ਜਦੋਂ ਆਣ ਗਰਦੀ ਸਿੰਘ ਲੈ ਕੇ ਸਾਰਾ ਪਰਵਾਰ ਭਾਈ
ਜਾ ਵਿਚ ਲਾਹੌਰ ਦੇ ਰਹਿਣ ਲੱਗਾ ਕਰ ਨਾਲ ਰਸੂਖ ਸਰਕਾਰ ਭਾਈ
ਸੂਬੇ ਖਾਨ ਬਹਾਦਰ ਦੀ ਮੁਛ ਬਣਿਆਂ ਬਾਦਸ਼ਾਹੀ ਬਣਿਆਂ ਠੇਕੇਦਾਰ ਭਾਈ
ਕਈ ਪਿੰਡ ਅਜ਼ਾਰੇ ਤੇ ਲੈ ਰਖੇ ਵੱਡਾ ਹੋ ਗਿਆ ਸੀ ਮਾਲਦਾਰ ਭਾਈ
ਸੂਬੇ ਸਿੰਘਾਂ ਦੇ ਨਾਲ ਵਿਗਾੜ ਪਾਯਾ ਰਹਿੰਦੀ ਖੜਕਦੀ ਨਿਤ ਤਲਵਾਰ ਭਾਈ
ਬਚ ਸਾਹਮਣੇ ਰਿਹਾ ਕਰਤਾਰ ਸਿੰਘਾ ਜ਼ੋਰ ਅਕਲ ਦੇ ਸਮੇਂ ਨੂੰ ਟਾਰ ਭਾਈ
ਸੁਬੇਗ ਸਿੰਘ ਜੀ ਦੀ ਕੋਤਵਾਲੀ
ਵਿਚ ਰਹਿਕੇ ਦੁਸ਼ਮਨਾਂ ਭਾਰਿਆਂ ਦੇ ਖਿਲਅਤਾਂ ਦੇ ਕਦਰ ਪਾਇ ਇਸਨੇ
ਵਾਂਗ ਜੀਭ ਦੇ ਦੰਦਾਂ ਦੇ ਵਿਚ ਬਚਿਆ ਹੈਸਨ ਅਕਲ ਦੇ ਫੰਦ ਚਲਾਇ ਇਸਨੇ
ਵਿਗੜੀ ਖਾਨ ਬਹਾਦਰ ਦੀ ਨਾਲ ਸਿੰਘਾਂ ਵਿਚ ਪੈ ਫਸਾਦ ਮਿਟਾਇ ਇਸਨੇ
ਦੋਹਾਂ ਧਿਰਾਂ ਦੇ ਵਿਚ ਵਕੀਲ ਬਣਕੇ ਕਈ ਫੈਸਲੇ ਸਨ ਨਿਪਟਾਇ ਇਸਨੇ
ਬੜੇ ਬੜੇ ਕੀਤੇ ਕੰਮ ਓਸ ਵੇਲੇ ਸਿੰਘਾਂ ਸਿਰੋਂ ਤੂਫਾਨ ਲੰਘਾਇ ਇਸਨੇ
ਵਿਚ ਰਹਿ ਲਾਹੌਰ ਦਰਬਾਰ ਦੇ ਜੀ ਲਾਭ ਪੰਥ ਨੂੰ ਖੂਬ ਪੁਚਾਇ ਇਸਨੇ
ਖੁਸ਼ ਹੋ ਸੂਬੇ ਕੋਤਵਾਲ[1] ਕੀਤਾ ਹੁਕਮ ਵਿਚ ਲਾਹੌਰ ਕਮਾਇ ਇਸਨੇ
ਕੋਤਵਾਲ ਬਣਕੇ ਵਿਚ ਸ਼ਹਿਰ ਦੇ ਜੀ ਜ਼ੁਲਮ ਹਿੰਦੂਆਂ ਸਿਰੋਂ ਹਟਾਇ ਇਸਨੇ
ਗੋ ਬੱਧ ਬਜਾਰਾਂ 'ਚੋਂ ਬੰਦ ਕੀਤਾ ਡੰਨ ਜੇਜ਼ੀਏ ਘਟ ਕਰਾਇ ਇਸਨੇ
ਮੇਲੇ ਬੰਦ ਹੋਇ ਹੈਸਨ ਹਿੰਦੂਆਂ ਦੇ ਨਾਲ ਅਕਲ ਦੇ ਫੇਰ ਲਗਵਾਇ ਇਸਨੇ
- ↑ ਨਾਇਬ ਵਜ਼ੀਰ।