(੫੨)
ਜੌਹਰ ਖਾਲਸਾ
ਸਤਿ ਸ੍ਰੀ ਅਕਾਲ ਤੇ ਐਲੀ ਐਲੀ ਬੜੇ ਜ਼ੋਰ ਅਜ਼ਮਾਨ ਜਵਾਨ ਲੱਥੇ
ਖਟਾਖਟ ਤੇਗਾਂ ਤੇਜ਼ ਚੱਲ ਰਹੀਆਂ ਹੋ ਸੂਰਮੇ ਲਹੂ ਲੁਹਾਨ ਲੱਥੇ
ਇਕ ਤਰਫ ਅਕਾਲੀ ਸਨ ਬੀਰ ਬਾਂਕੇ ਤਰਫ ਦੂਸਰੀ ਆ ਮੁਸਲਮਾਨ ਲੱਥੇ
ਭਿੜੇ ਸੂਰਮੇ ਲਾਹ ਕੇ ਚਾਉ ਭਾਰੇ ਥਾਂ ਥਾਂ ਉਤੇ ਭਾਰੇ ਘਾਨ ਲੱਥੇ
ਚੜ੍ਹ ਗਈਆਂ ਲੋਥਾਂ ਉਤੇ ਆਣ ਲੋਥਾਂ ਹੋ ਮਾਵਾਂ ਦੇ ਪੁੱਤ ਬੇਜਾਨ ਲੱਥੇ
ਖਾਲੀ ਫਿਰਨ ਘੋੜੇ ਖਸਮਾਂ ਬਿਨਾਂ ਬਹੁਤੇ ਉੱਤੋਂ ਸੂਰਮੇ ਦੇਇ ਪ੍ਰਾਨ ਲੱਥੇ
ਧੜ ਤੜਫਦੇ ਮੱਛੀਆਂ ਵਾਂਗ ਪਏ ਸੀਸ ਯੋਧਿਆਂ ਵਖਰੇ ਜਾਨ ਲੱਥੇ
ਲੇਟੇ ਸੁਰਮੇ ਧਰਤ ਕਰਤਾਰ ਸਿੰਘਾ ਭੰਗਾਂ ਪੀ ਮਲੰਗ ਪਛਾਨ ਲੱਥੇ
ਗਜ਼ਬ ਦਾ ਹੱਲਾ
ਵੈਰੀ ਲੱਖ ਤੋਂ ਵਧ ਸਨ ਗਿਰਦ ਹੋਏ ਓਧਰ ਸਿੰਘ ਭੀ ਘਿਰੇ ਲਾਚਾਰ ਪਏ
ਭੁਖੇ ਸ਼ੇਰਾਂ ਦੇ ਵਾਂਗ ਦਲੇਰ ਬਾਂਕੇ ਛਿੱਥੇ ਹੋ ਕੇ ਉਤੇ ਸ਼ਿਕਾਰ ਪਏ
ਮਾਰੋ ਮਾਰ ਮੈਦਾਨ ਦੇ ਵਿਚ ਮੱਚੀ ਟੁੱਟ ਵੈਰੀਆਂ ਤੇ ਜਥੇਦਾਰ ਪਏ
ਬੰਨ ਤੁੱਮਲੇ ਲਸ਼ਕਰਾਂ ਵਿਚ ਵੜ ਗਏ ਬਾਜ ਵੇਖਕੇ ਕੂੰਜਾਂ ਦੀ ਡਾਰ ਪਏ
ਏਧਰ ਸਿੰਘ ਤੇ ਮੁਗਲ ਪਠਾਨ ਓਧਰ ਫੌਜਾਂ ਲੈ ਕੇ ਜੁਟ ਸਰਦਾਰ ਪਏ
ਮੱਚੀ ਮਾਰ ਮੈਦਾਨ ਦੇ ਵਿਚ ਭਾਰੀ ਇਕ ਦੂਸਰੇ ਤੇ ਡਾਢੇ ਵਾਰ ਪਏ
ਥਾਂ ਥਾਂ ਤੇ ਮੁਰਦੇ ਤੜਫ ਰਹੇ ਜਿਧਰ ਦੇਖੀਏ ਲੱਥੇ ਸਥਾਰ ਪਏ
ਸਰਫਾ ਰਿਹਾ ਨ ਮਰਨ ਦਾ ਦੁਹੀਂ ਵੱਲੀਂ ਕੱਟੇ ਜਿਸ ਤਰ੍ਹਾਂ ਖੇਤ ਜਵਾਰ ਪਏ
ਕਿਤੇ ਸਿੰਘ ਬੇਜਾਨ ਹੋ ਤੜਫ ਰਹੇ ਮੁਸਲਮਾਨ ਕਿਧਰੇ ਮੂੰਹ ਦੇ ਭਾਰ ਪਏ
ਕਿਤੇ ਪੈਦਲ ਦਲੀਦੇ ਹੇਠ ਪੈਰਾਂ ਸੱਥਰ ਕਿਧਰੇ ਹੋ ਅਸਵਾਰ ਪਏ
ਘੋੜੇ ਫਿਰਨ ਖਾਲੀ ਬਹੁਤ ਹਿਣਕਦੇ ਜੀ ਦੁਖੀ ਫੱਟੜ ਕਰਨ ਪੁਕਾਰ ਪਏ
ਗੂੰਜ ਰਹੇ ਪਹਾੜ ਤੇ ਸ਼ੋਰ ਪਿਆ ਵੈਰੀ ਵੈਰੀਆਂ ਤੇ ਗੁੱਸੇ ਧਾਰ ਪਏ
ਲਹੁ ਮਿੱਝ ਦਾ ਮਚਿਆ ਘਾਣ ਭਾਰਾ ਮਰੇ ਸੂਰਮੇ ਬੇਸ਼ੁਮਾਰ ਪਏ
ਰੀਝਾਂ ਲਾਹ ਕੇ ਭਿੜੇ ਕਰਤਾਰ ਸਿੰਘਾ ਪਾ ਸ਼ਹੀਦੀਆਂ ਪੈਰ ਪਸਾਰ ਪਏ
ਵਾਕ ਕਵੀ
ਤਿੰਨ ਪਹਿਰ ਬੀਤੇ ਮਚੇ ਜੰਗ ਤਾਈਂ ਤੇਗਾਂ ਚੰਗੀਆਂ ਸਿੰਘਾਂ ਨੇ ਮਾਰੀਆਂ ਸਨ
ਪਰ ਪੇਸ਼ ਗਈ ਅਗੇ ਬਹੁਤਿਆਂ ਨਾ ਫੌਜਾਂ ਲੜਦੀਆਂ ਮੂਲੋਂ ਨ ਹਾਰੀਆਂ ਸਨ
ਟੁਟ ਗਏ ਹਥਿਆਰ ਤੇ ਹੋਇ ਜ਼ਖਮੀ ਸਿੰਘਾਂ ਹਿੰਮਤਾਂ ਬਹੁਤ ਦਿਖਾਰੀਆਂ ਸਨ
ਪੱਲਾ ਵੈਰੀਆਂ ਦਾ ਕਿਤੋਂ ਹਿਲਿਆ ਨ ਆਣ ਬਣੀਆਂ ਬਹੁਤ ਲਾਚਾਰੀਆਂ ਸਨ