ਪੰਨਾ:Johar khalsa.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੮)

ਜੌਹਰ ਖਾਲਸਾ


ਹੋਏ ਦੁਖਾਂ ਤੋਂ ਪਾਰ ਕਰਤਾਰ ਸਿੰਘਾ ਪੈਰ ਵਿਚ ਦਵਾਬੇ ਦੇ ਪਾਇਆ ਸੀ

ਮੀਰ ਪਿੰਡ ਦੇ ਪਾਸ ਸਿੰਘ ਨੇ ਉਤਾਰਾ ਕਰਨਾ

ਮਸਾਂ ਬਿਪਤਾ ਤੋਂ ਸਿੰਘ ਪਾਰ ਹੋਏ ਵੱਡਾ ਕਹਿਰ ਦਾ ਸਮਾਂ ਲੰਘਾ ਕਰਕੇ
ਮੀਰਪੁਰੀ ਦੀ ਝਿੜੀ ਦੇ ਵਿਚ ਲੱਥੇ ਦੇਗਾਂ ਛਕੀਆਂ ਤਿਆਰ ਕਰਵਾ ਕਰਕੇ
ਘੋੜੇ ਛੱਡ ਦਿਤੇ ਚਰਨ ਚੁਗਣ ਲੱਗੇ ਸਿੰਘ ਬੈਠੇ ਥਕੇਵੇਂ ਗਵਾ ਕਰਕੇ
ਏਨੇ ਚਿਰ ਨੂੰ ਸੂਬਾ ਜਲੰਧਰੀ ਜੋ ਪਾਪੀ ਚੜ੍ਹ ਆਯਾ ਖਬਰ ਪਾ ਕਰਕੇ
ਇਹ ਸੂਬੇ ਲਾਹੌਰ ਦਾ ਲੱਗਦਾ ਕੁਝ ਪਿਆ ਸਿੰਘਾਂ ਤੇ ਢੋਲ ਵਜਾ ਕਰਕੇ
ਪਤਾ ਏਸ ਨੂੰ ਤਾਂ ਸਿੰਘ ਦਸ ਦੇਂਦੇ ਤੇਗਾਂ ਵਿਚ ਮੈਦਾਨ ਖੜਕਾ ਕਰਕੇ
ਪਰ ਏਨੇ ਨੂੰ ਸੂਹਾ ਆਣ ਪਹੁੰਚਾ ਸਾਰੀ ਲੱਖੂ ਦੀ ਖਬਰ ਲਿਆ ਕਰਕੇ
ਪਾਪੀ ਲੰਘ ਦਰਿਆ ਤੋਂ ਪਾਰ ਆਇਆ ਹੁਣੇ ਪਹੁੰਚੇਗਾ ਧਾਵਾ ਬੁਲਾ ਕਰਕੇ
ਚੰਗਾ ਸਮਝਿਆ ਨ ਸਿੰਘਾਂ ਠਹਿਰਨਾ ਜੀ ਕੂਚ ਕਰ ਗਏ ਫਤਹ ਗਜਾ ਕਰਕੇ
ਲੜਦੇ ਭਿੜਦੇ ਮਾਲਵੇ ਵੱਲ ਸਿਧੇ ਪਹੁੰਚ ਗਏ ਸਤਲੁਜ ਤੇ ਜਾ ਕਰਕੇ
ਅਲੀਵਾਲ ਦੇ ਪੱਤਣ ਪਾਰ ਹੋਏ ਸਿੰਘ ਕਸ਼ਟ ਬੇਅੰਤ ਉਠਾ ਕਰਕੇ
ਵੜੇ ਮਾਲਵੇ ਵਿਚ ਕਰਤਾਰ ਸਿੰਘਾ ਪੱਲਾ ਵੈਰੀਆਂ ਪਾਸੋਂ ਛੁਡਾ ਕਰਕੇ

ਪੰਥ ਨੇ ਮਾਲਵੇ ਜਾ ਆਰਾਮ ਕਰਨਾ

ਲੱਖੂ ਨਦੀ ਸਤਲੁਜ ਤੋਂ ਪਿਛਾਂ ਹਟਿਆ ਸਿੰਘ ਮਾਲਵੇ ਦੇ ਵਲ ਜਾਂਵਦੇ ਨੇ
ਪਿੱਛਾ ਛੁਟਾ ਚੰਡਾਲ ਬੁਰਯਾਰ ਪਾਸੋਂ ਸਿਰੋਂ ਦੁਖ ਤੂਫਾਨ ਲੰਘਾਂਵਦੇ ਨੇ
ਸਿੰਘ *ਮਾਲਵੇ ਦੇ ਵਿਚ ਗਏ ਖਿੱਲਰ ਡੇਰੇ ਚੰਗੇ ਪਿੰਡਾਂ ਵਿਚ ਲਾਂਵਦੇ ਨੇ
ਮੋਗੇ ਘੱਲ ਤੇ ਘੋਲੀਏ ਆਦਿ ਪਿੰਡਾਂ ਖੋਸੇ ਜੀਰੇ ਗਿਰਦੇ ਡੇਰੇ ਪਾਂਵਦੇ ਨੇ
ਇੰਦਰ ਗੜ੍ਹ ਤੇ ਕੋਟ ਕਪੂਰੇ ਅੰਦਰ ਢੁੱਡੀ ਜੈਤੋ ਦਾ ਦੁਖ ਭੁਲਾਂਵਦੇ ਨੇ
ਰੋਡੇ ਢਿੱਲਵੀਂ ਲੰਡਿਆਂ ਗਿਰਦ ਫਿਰਦੇ ਨੇਹੀਆਂ ਵਿੰਝੂਕੇ ਓਟ ਤਕਾਂਵਦੇ ਨੇ
ਹਿੰਮਤ ਪੁਰੇ ਤੇ ਬਸਨੀ ਵਿਚ ਸੁਨੀਅਰ ਏਸੇ ਤਰਾਂ ਹੀ ਖਿੰਡ ਖਿੰਡਾਂਵਦੇ ਨੇ
ਗੁਰੂ ਚੌਂਤਰੇ ਪੱਕੇ ਪਥਰਾਲੇ ਅੰਦਰ ਹਰੀ ਪਿੰਡ ਥਕੇਵੇਂ ਨੂੰ ਲਾਂਹਵਦੇ ਨੇ
ਲੱਖੀ ਜੰਗਲ ਬਠਿੰਡੇ ਦੇ ਇਰਦ ਗਿਰਦੇ ਠਾਹਰਾਂ ਸਿੰਘ ਮਝੈਲ ਬਨਾਂਵਦੇ ਨੇ
ਸਾਕਾਂ ਅੰਗਾਂ ਦੇ ਪਾਸ ਕਰਤਾਰ ਸਿੰਘਾ ਕੁਝ ਦਿਨਾਂ ਦੀ ਆਸ ਰਖਾਂਵਦੇ ਨੇ


  • ਸੁਖਾ ਸਿੰਘ ਜੈਤੋ ਵਿਚ ਜਾਂ ਉਤਰਿਆ,ਹਰੀ ਸਿੰਘ ਦਯਾਲਪੁਰੇ,ਨਵਾਬ ਕਪੂਰ ਸਿੰਘ ਵਿਮੂਕੇ ਜੱਸਾ ਸਿੰਘ ਕੋਟ ਕਪੂਰੇ,ਬਠਿੰਡੇ ਗਿਰਦ ਨਕਈ ਸਿੰਘ,ਦੀਪ ਸਿੰਘ ਗੁਰੂ ਚੌਤਰੇ(ਲੱਖੀ ਜੰਗਲ) ਚੜ੍ਹਤ ਸਿੰਘ ਪੱਕੇ ਪਥਰਾਲੇ, ਏਸੇ ਤਰਾਂ ਸਾਰਾ ਪੰਥ ਖਿੰਡ ਪੁੰਡਕੇ ਗੁਜ਼ਾਰਾ ਕਰਨ ਲਗਾ !