ਪੰਨਾ:Johar khalsa.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੦)

ਜੌਹਰ ਖਾਲਸਾ


ਨਾ ਸੋਚਿਆ ਮੂਰਖਾਂ ਗਿਲਜਿਆਂ ਨੇ ਇਕ ਵਾਰ ਹੀ ਤੋੜੇ *ਧੁਖਾ ਦਿਤੇ
ਪਏ ਬਣ ਕੇ ਮੌਤ ਦੁਰਾਨੀਆਂ ਦੀ ਗਿਲਜੇ ਸੈਂਕੜੇ ਮਾਰ ਵਿਛਾ ਦਿਤੇ
ਫੌਜ ਆਪਣੀ ਆਪ ਹੀ ਮਾਰ ਲਈ ਆਣ ਹੌਂਸਲੇ ਸਾਰਿਆਂ ਢਾ ਦਿਤੇ
ਧਾਵੇ ਰਾਜਪੂਤਾਂ ਕੀਤੇ ਬੜੇ ਸਖਤੇ ਪੈਰੋਂ ਕਾਬਲੀ ਲੋਕ ਹਿਲਾ ਦਿਤੇ
ਨੱਠੇ ਛੱਡ ਮੈਦਾਨ ਲਾਹੌਰ ਵੱਨੇ ਦੱਬ ਪਾਰ ਸਤਲੁਜ ਲੰਘਾ ਦਿਤੇ
ਜਿੱਤੀ ਦਿੱਲੀ ਦੀ ਫੌਜ ਕਰਤਾਰ ਸਿੰਘਾ ਅਹਿਮਦਸ਼ਾਹ ਦੇ ਛੱਕੇ ਛੁਡਾ ਦਿਤੇ

ਦੁਰਾਨੀਆਂ ਨੂੰ ਹਾਰ

ਹੱਲੀ ਪੈਰਾਂ ਤੋਂ ਫੌਜ ਦੁਰਾਨੀਆਂ ਦੀ ਦਿੱਲੀ ਵਾਲਿਆਂ ਤੋਂ ਖਾਕੇ ਹਾਰ ਨੱਠੇ
ਮੰਨੂੰ ਮੀਰ ਧਾਵਾ ਪਿਛੇ ਬੋਲ ਦਿਤਾ ਸਾਰੇ ਗਿਲਜੇ ਹੋ ਸ਼ਰਮਸਾਰ ਨੱਠੇ
ਛਡ ਸਾਜ਼ ਸਮਾਨ ਮੈਦਾਨ ਅੰਦਰ ਕਰ ਵੱਲ ਲਾਹੌਰ ਮੁਹਾਰ ਨੱਠੇ
ਇਕ ਦੂਸਰੇ ਨੂੰ ਕਿਸੇ ਪੁਛਿਆ ਨਾ ਬਾਦਸ਼ਾਹ ਦੇ ਤਾਈਂ ਵਿਸਾਰ ਨੱਠੇ
ਪਿਛੇ ਮੀਰ ਮੰਨੂੰ ਲੱਗਾ ਚਲਾ ਆਯਾ ਗਿਲਜੇ ਲੰਘ ਚਨਾਬ ਤੋਂ ਪਾਰ ਠੱਠੇ
ਲਿਆ ਸਾਂਭ ਲਾਹੌਰ ਕਰਤਾਰ ਸਿੰਘਾ ਆ ਦੁਰਾੱਨੀਆਂ ਦੇ ਮੱਦਦਗਾਰ ਨੱਠੇ

ਏਸ ਰੌਲੇ ਵਿਚ ਸਿੰਘਾਂ ਨੇ ਮੁਖਬਰ ਸੋਧਣੇ

ਅਹਿਮਦ ਸ਼ਾਹ ਤਾਂ ਹਾਰ ਖਾ ਨੱਠ ਗਿਆ ਸਾਰਾ ਦੇਸ ਪੰਜਾਬ ਖਵਾਰ ਕਰਕੇ
ਲੱਗਾ ਵਿਚ ਰੌਲੇ ਦਾਓ ਖਾਲਸੇ ਨੂੰ ਸਾਰੇ ਆਣ ਪਏ ਵੇਲਾ ਸੰਭਾਰ ਕਰਕੇ
ਚੁਗਲਬਾਜ਼ ਸਾਰੇ ਢੂੰਡ ਢੂੰਡ ਮਾਰੇ ਕਰਜ਼ਾ ਆਪਣੇ ਸਿਰੋਂ ਉਤਾਰ ਕਰਕੇ
ਸਾਹਿਬਰਾਇ ਨੁਸ਼ਹਿਰੀਆ ਮਾਰ ਦਿਤਾ ਜੜ੍ਹੀਂ ਤੇਲਚੰਗਾ ਓਹਦੀ ਡਾਰ ਕਰਕੇ
ਫੇਰ ਰਾਮੇ ਰੰਧਾਵੇ ਦੀ ਖਬਰ ਲਈ ਹਰਮੁਖਦਾਸ ਜੰਡਿਆਲੀਆ ਮਾਰ ਕਰਕੇ
ਜੋਧਨਗਰ ਵਾਲਾ ਧਰਮਾ ਮਾਰਿਓ ਨੇ ਕਰਮੇ ਛੀਨੇ ਤਾਈਂ ਫੜ ਪਾਰ ਕਰਕੇ
ਸਨਮੁਖਰਾਇ ਵਟਾਲੀਆ ਸੋਧਿਆ ਜਾ ਭੀਲੋਵਾਲੀਆ ਗੌਣਾ ਵਿਚਾਰ ਕਰਕੇ
ਰਾਇ ਬਖਤਾ ਮਜੀਠੇ ਦਾ ਠੱਪਯੋ ਨੇ ਮਡਿਆਲੀਆ ਹਸਨਾ ਤਾੜ ਕਰਕੇ
ਏਸੇ ਤਰਾਂ ਪਾਪੀ ਕੁੱਤੇ ਮਾਰ ਦਿਤੇ, ਦਿਤੇ ਚੰਗੇ ਇਨਾਮ ਸਵਾਰ ਕਰਕੇ
ਹੋਰ ਖਾੱਨਾਂ ਅਮੀਰਾਂ ਦੀ ਸੋਧ ਕੀਤੀ ਗੁਸੇ ਦਿਲਾਂ ਅੰਦਰ ਵੱਡੇ ਧਾਰ ਕਰਕੇ
ਧਮ੍ਹਾਂ ਫੇਰ ਪੰਜਾਬ ਦੇ ਵਿਚ ਪਾਇਆ ਚੋਰਾਂ ਮੁਗਲਾਂ ਤਈਂ ਉਚਾਰ ਕਰਕੇ
ਲੋਕ ਡਰ ਗਏ ਬਹੁਤ ਕਰਤਾਰ ਸਿੰਘਾ ਹਾਕਮ ਬੈਠ ਗਏ ਹੌਂਸਲਾ ਹਾਰ ਕਰਕੇ


*ਹ:ਰ:ਗੁ: ਬਾਰੂਦ ਨੂੰ ਅੱਗ ਲੱਗਣ ਤੋਂ ੧੦੦੦ ਅਫਗਾਨਾਂ ਦਾ ਮਰਨਾ ਦਸਦਾ ਹੈ ਜੋ ਕਿ ਅਸਲੀ ਹਾਰ ਦਾ ਕਾਰਨ ਕਿਹਾ ਜਾ ਸਕਦਾ ਹੈ ।