ਜੌਹਰ ਖਾਲਸਾ
(੮੧)
ਜੰਗ ਕਰਕੇ ਥੱਕੀਆਂ ਨਾਲ ਸਿੰਘਾਂ ਹੈਨ ਦਿਲਾਂ ਦੇ ਵਿਚ ਲਾਚਾਰ ਸਮਝੀਂ
ਮਿਲ ਸ਼ਾਹ ਨਿਵਾਜ਼ ਦੇ ਨਾਲ ਜਾਵਣ ਮਤਾਂ ਕਰਨ ਨ ਪੱਤ ਖਵਾਰ ਸਮਝੀਂ
ਮੇਲ ਕਰ ਲਓ ਸਿੰਘਾਂ ਦੇ ਨਾਲ ਜਲਦੀ ਵੈਰ ਪਿਛਲੇ ਸਭ ਵਿਸਾਰ ਸਮਝੀਂ
ਹੈ ਖਾਲਸਾ ਕੌਮ ਇਹ ਬਲੀ ਭਾਰੀ ਦੋਸਤ ਦੋਸਤਾਂ ਦੀ ਵਫਾਦਾਰ ਸਮਝੀਂ
ਨਾਲ ਸਿੰਘਾਂ ਦੇ ਮੇਲ ਜੇ ਹੋਇ ਸਾਡਾ ਹੋਈ ਵੈਰੀ ਨੂੰ ਝੱਬਦੇ ਹਾਰ ਸਮਝੀਂ
ਹੱਥ ਹੇਠ ਰੱਖੋ ਸਦਾ ਖਾਲਸੇ ਨੂੰ ਦੱਬੇ ਰਹਿਣ ਸਾਰੇ ਵੈਰੀ ਸਾਰ ਸਮਝੀਂ
ਨਹੀਂ ਤਾਂ ਆਪਣੀ ਫੌਜਦੀਆਸਕੋਈ ਨਾ ਥੱਕੀਟੁੱਟੀ ਮਾਂਦੀ ਇਕਢਾਰ ਸਮਝੀਂ
ਜੇਕਰ ਸਿੰਘਾ ਦੀ ਨਾਲ ਇਮਦਾਦ ਹੋਵੇ ਫੇਰ ਵੈਰੀ ਤਾਂ ਹੋਯਾ ਸ਼ਿਕਾਰ ਸਮਝੀਂ
ਮੇਰੀ ਇਹੋ ਸਲਾਹ ਕਰਤਾਰ ਸਿੰਘਾ ਕਰ ਦਿਲ ਦੇ ਵਿਚ ਵਿਚਾਰ ਸਮਝੀਂ
ਕੌੜਾ ਮੱਲ ਦੀਵਾਨ ਨੇ ਅੰਮ੍ਰਿਤਸਰ ਸਿੰਘਾਂ ਦੇ ਪਾਸ ਔਣਾ
ਹੁੰਦੀ ਗਰਜ਼ ਜਹਾਨ ਦੇ ਵਿਚ ਡਾਢੀ ਮੰਨੂੰ ਆਖਦਾ ਜਾਹੁ ਦੀਵਾਨ ਜਲਦੀ
ਜਿਵੇਂ ਸਿੰਘਾਂ ਦੇ ਨਾਲ ਮਿਲਾਪ ਹੋਵੇ ਓਸੇ ਤਰਾਂ ਕਰ ਲੌ ਸੁਜਾਨ ਜਲਦੀ
ਕੌੜਾ ਮੱਲ ਤੋਹਫੇ ਲੈਕੇ ਰਵਾਂ ਹੋਯਾ ਸੁਧਾ ਸਰ ਪਹੁੰਚਾ ਬੁੱਧੀਵਾਨ ਜਲਦੀ
ਸ੍ਰੀ ਤਖਤ ਅਕਾਲ ਦੀਵਾਨ ਲੱਗਾ ਕਰਦਾ ਬੈਠ ਕੇ ਸਾਰਾ ਬਿਆਨ ਜਲਦੀ
ਮੀਰ ਮੰਨੂੰ ਤੇ ਸ਼ਾਹ ਨਿਵਾਜ਼ ਅੰਦਰ ਵੈਰ ਵਧਿਆ ਕਰੋ ਧਿਆਨ ਜਲਦੀ
ਸ਼ਾਹ ਨਿਵਾਜ਼ ਹੈ ਪੰਥ ਦਾ ਬੜਾ ਵੈਰੀ ਲਵੇ ਬਦਲੇ ਚਤੁਰ ਸੁਜਾਨ ਜਲਦੀ
ਮੰਨੂੰ ਮੀਰ ਦੇਵੇ ਖਰਚ ਖਾਲਸੇ ਨੂੰ ਕੱਠੇ ਹੋ ਕੇ ਚੜੋ ਜਵਾਨ ਜਲਦੀ
ਮਿੱਟੀ ਸ਼ਾਹ ਨਿਵਾਜ਼ ਦੀ ਪੁੱਟ ਦੇਵੋ ਲੁੱਟ ਕਰਕੇ ਫਤਹ ਮੁਲਤਾਨ ਜਲਦੀ
ਛਿੱਤਰ ਵੈਰੀ ਦਾ ਵੈਰੀ ਦੇ ਸਿਰ ਮਾਰੋ ਕਰੋ ਢਿੱਲ ਨ ਵੇਲਾ ਪਛਾਨ ਜਲਦੀ
ਲਾਯਾ ਰੱਬ ਸਬੱਬ ਕਰਤਾਰ ਸਿੰਘਾ ਫੁੱਟ ਵੈਰੀਆਂ ਦੀ ਪਈ ਆਨ ਜਲਦੀ
ਸਿੰਘਾਂ ਦੀਆਂ ਸ਼ਰਤਾਂ
ਏਸ ਸ਼ਰਤ ਤੇ ਸਿੰਘ ਤਯਾਰ ਹੋ ਗਏ ਹੁਕਮ ਖਾਲਸੇ ਉਤੇ ਕਮਾਇ ਕੋਈ ਨ
ਖਰਚ ਖਾਲਸੇ ਦਾ ਪੂਰਾ ਪਵੇ ਕਰਨਾ ਵਧ ਘਟ ਹੈ ਅਗੋਂ ਸੁਣਾਇ ਕੋਈ ਨ
ਜੇਹੜੀ ਲੁੱਟ ਮੁਲਤਾਨ ਦੀ ਹੱਥ ਆਵੇ ਹਿੱਸਾ ਓਸਦੇ ਵਿਚੋਂ ਵੰਡਾਇ ਕੋਈ ਨ
ਸੂਬਾ ਅਗੋਂ ਦੇ ਲਈ ਕਰਤਾਰ ਸਿੰਘਾ ਸਿੰਘਾਂ ਨਾਲ ਵਿਰੋਧ ਰਖਾਇ ਕੋਈ ਨ
ਲਾਹੋਰ ਫੌਜਾਂ ਦੀ ਮੁਲਤਾਨ ਤੇ ਚੜਾਈ
ਸਿੰਘ ਦਸ ਹਜ਼ਾਰ ਤਿਆਰ ਹੋ ਕੇ ਸ੍ਰੀ ਵਾਹਿਗੁਰੂ ਫਤਹ ਬੁਲਾਇ ਚੜ੍ਹਿਆ
ਕੌੜਾ ਮੱਲ ਦੀਵਾਨ ਲੈ ਨਾਲ ਲਸ਼ਕਰ ਅੰਮ੍ਰਿਤਸਰ ਤੋਂ ਸ਼ੁਕਰਮਨਾਇ ਚੜ੍ਹਿਆ