ਪੰਨਾ:Johar khalsa.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੌਹਰ ਖਾਲਸਾ

(੮੭)


ਲੱਖੂ ਚੰਦਰੇ ਠਾਰਾਂ ਸੌ ਤਿੰਨ ਪਿੱਛੋਂ ਮਿੱਟੀ ਨਾਲ ਤਾਲਾਬ ਭਰਾਯਾ ਸੀ
ਕਈ ਥਾਂ ਸਨ ਢਾਹ ਬਰਬਾਦ ਕੀਤੇ ਲੁੱਚੇ ਖੱਤਰੀ ਪਾਪ ਕਮਾਯਾ ਸੀ
ਸਿੰਘਾਂ ਕੱਢ ਮਿੱਟੀ ਤਾਲ ਸਾਫ ਕੀਤਾ ਟੁਟਾ ਭੱਜਾ ਥਾਂ ਠੀਕ ਕਰਾਯਾ ਸੀ
ਇਕ ਸਾਲ ਮਸਾਂ ਕਰਤਾਰ ਸਿੰਘਾ ਸਿੰਘਾਂ ਸੁਖਾਂ ਦੇ ਨਾਲ ਲੰਘਾਯਾ ਸੀ

ਵਾਕ ਕਵੀ

ਅੰਮ੍ਰਿਤਸਰ ਅੰਦਰ ਜਿੰਨੇ ਸਿੰਘ ਰਹਿੰਦੇ ਓਨ੍ਹਾਂ ਵਿਚ ਸੀ ਬੜਾ ਪਿਆਰ ਭਾਈ
ਦੁਖ ਸੁਖ ਗਮੀ ਸ਼ਾਦੀ ਵਿਚ ਸਾਂਝੇ ਰਲ ਵਰਤਦੇ ਸਨ ਜਥੇਦਾਰ ਭਾਈ
ਜੋ ਕੁਝ ਭੀ ਮਿਲਦਾ ਪੰਥ ਤਾਈਂ ਰਲ ਛਕਦੇ ਸ਼ੁਕਰ ਗੁਜ਼ਾਰ ਭਾਈ
ਤੰਗੀ ਤੁਰਸ਼ੀ ਕੱਟਦੇ ਇਕੋ ਜੈਸੀ ਭੇਦ ਰੱਖਦੇ ਮੂਲ ਨ ਡਾਰ ਭਾਈ
ਜਥੇਦਾਰ ਨਵਾਬ ਕਪੂਰ ਸਿੰਘ ਸੀ ਭਜਨੀਕ ਵੱਡਾ ਸਮਝਦਾਰ ਭਾਈ
ਉਹਦਾ ਪੰਥ ਸਾਰਾ ਆਦਰ ਮਾਨ ਕਰਦਾ ਨਿਰਮਾਨ ਉਹਭੀ ਸੇਵਾਦਾਰ ਭਾਈ
ਬਾਕੀ ਨਾਲ ਓਹਦੇ ਜਥੇਦਾਰ ਜਿੰਨੇ ਬਿਨਾਂ ਖੁਦਗਰਜ਼ੀ ਕਰਦੇ ਕਾਰ ਭਾਈ
ਗੁਰੂ ਪੰਥ ਦਾ ਗੁਰੂ ਦੀ ਦਾਤ ਸਾਰੀ ਅਸੀਂ ਟਹਿਲੀਏ ਕਹਿੰਦੇ ਉਚਾਰ ਭਾਈ
ਕਦੇ ਮਾਨ ਮਗਰੂਰੀ ਨ ਧਾਰਦੇ ਸਨ ਰੱਖਣ ਸਦਾ ਗਰੀਬੀ ਦੀ ਢਾਰ ਭਾਈ
ਸਿਆਮ ਸਿੰਘ ਸੁਖਾ ਸਿੰਘ ਚੜ੍ਹਤ ਸਿੰਘ ਜੀ ਹਰੀ ਸਿੰਘ ਆਦਿਕ ਸ੍ਰਦਾਰ ਭਾਈ
ਜੈ ਸਿੰਘ ਜੱਸਾ ਸਿੰਘ ਦੀਪ ਸਿੰਘ ਜੀ ਗੁਜਰ ਸਿੰਘ ਨੱਥਾ ਸਿੰਘ ਸਾਰ ਭਾਈ
ਹੀਰਾ ਸਿੰਘ ਤੇ ਸੰਗਤ ਸਿੰਘ ਜੈਸੇ ਤੇ ਗੁਲਾਬ ਸਿੰਘ ਜਹੇ ਵਿਚਾਰ ਭਾਈ
ਇਹ ਓਸ ਵੇਲੇ ਅੰਮ੍ਰਿਤਸਰ ਰਹਿੰਦੇ ਜਥੇ ਇਹਨਾਂ ਨੇ ਰਖੇ ਸੰਭਾਰ ਭਾਈ
ਬਹੁਤੇ ਸਿੰਘ ਸਨ ਰਹੇ ਜਾ ਵਿਚ ਪਿੰਡਾਂ ਡਰ ਜੰਗ ਜੱਦਾਲ ਵਿਸਾਰ ਭਾਈ
ਜਿਹੜੇ ਪਿੰਡਾਂ ਦੇ ਵਿਚ ਸੀ ਚਲੇ ਗਏ ਉਹ ਭੀ ਰੱਖਦੇ ਓਧਰੇ ਤਾਰ ਭਾਈ
ਵੇਲੇ ਸਿਰ ਸਾਰੇ ਕੱਠੇ ਆਣ ਹੁੰਦੇ ਸਿਰੋਂ ਭਾਰ ਗ੍ਰਿਹਸਤ ਉਤਾਰ ਭਾਈ
ਹੈਸੀ ਪੰਥ ਦੇ ਵਿਚ ਪਿਆਰ ਵੱਡਾ ਨਹੀਂ ਸੀ ਵੈਰ ਵਿਰੋਧ ਖਮਾਰ ਭਾਈ
ਇਕ ਪਿਤਾ ਤੇ ਇਕ ਦੇ ਅਸੀਂ ਬੱਚੇ ਇਕੋ ਗੁਰੂ ਇਕੋ ਪਰਵਾਰ ਭਾਈ
ਏਸ ਏਕੇ ਇਤਫਾਕ ਦੇ ਜ਼ੋਰ ਸਮਝੇ ਸਿੰਘ ਦੁਖਾਂ ਤੋਂ ਹੋ ਗਏ ਪਾਰ ਭਾਈ
ਪਾਈ ਫਤਹ ਅਖੀਰ ਕਰਤਾਰ ਸਿੰਘਾ ਦੋ ਬਾਦਸ਼ਾਹੀਆਂ ਗਈਆਂ ਹਾਰ ਭਾਈ

ਤਥਾ

ਵਿਚ ਪੰਥ ਦੇ ਹੁੰਦਾ ਨ ਪਿਆਰ ਜੇਕਰ ਵੈਰੀ ਦਿਨਾਂ ਦੇ ਵਿਚ ਮੁਕਾ ਦੇਂਦੈ
ਮੁਸਲਮਾਨ ਹਿੰਦੂ ਵੈਰੀ ਖਾਲਸੇ ਦੇ ਮਾਰ ਖਾਕ ਦੇ ਨਾਲ ਮਿਲਾ ਦੇਂਦੈ