ਪੰਨਾ:Khapatvaad ate Vatavaran Da Nuksan.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਹੀਆਂ ਹਨ ਜਿਹੜੀਆਂ ਸਾਰੀ ਦੁਨੀਆ ਦੇ ਵਾਤਾਵਰਨ ਤੇ ਅਸਰ ਪਾਉਂਦੀਆਂ ਹਨ।[1]

ਖਾਣਾਂ ਵਿੱਚੋਂ ਧਾਤਾਂ ਕੱਢਣ ਦਾ ਕਾਰਜ ਵਾਤਾਵਰਨ ਨੂੰ ਕਈ ਤਰ੍ਹਾਂ ਨੁਕਸਾਨ ਪਹੁੰਚਾਉਂਦਾ ਹੈ। ਉਦਾਹਰਨ ਲਈ ਖਾਣਾਂ ਵਿੱਚੋਂ ਧਾਤ ਕੱਢਣ ਲਈ ਬਹੁਤ ਸਾਰੀ ਧਰਤੀ ਨੂੰ ਪੁੱਟਣਾ ਪੈਂਦਾ ਹੈ, ਮੈਟਾਲਿਕ ਸਲਫਾਈਡਜ਼ ਦੀ ਔਕਸੀਡੇਸ਼ਨ ਕਾਰਨ ਤੇਜ਼ਾਬੀ ਮਾਦਾ ਪੈਦਾ ਹੁੰਦਾ ਹੈ ਜਿਹੜਾ ਧਰਤੀ ਹੇਠਲੇ ਅਤੇ ਧਰਤੀ ਉੱਪਰਲੇ ਪਾਣੀ ਨੂੰ ਪ੍ਰਦੂਸ਼ਤ ਕਰ ਸਕਦਾ ਹੈ, ਧਰਤੀ ਨੂੰ ਖੋਰਾ ਲੱਗ ਸਕਦਾ ਹੈ ਅਤੇ ਇਸ ਨਾਲ ਧਰਤੀ ਉੱਪਰਲਾ ਪਾਣੀ ਪ੍ਰਦੂਸ਼ਤ ਹੋ ਸਕਦਾ ਹੈ। ਧਰਤੀ ਨੂੰ ਖੋਰਾ ਲੱਗਣ ਕਾਰਨ ਧਰਤੀ ਦੀ ਉਪਰਲੀ ਤਹਿ (ਟੌਪ ਸੌਇਲ) ਅਤੇ ਉਸ ਵਿਚਲੇ ਤੱਤਾਂ ਦੇ ਇਕ ਥਾਂ ਤੋਂ ਦੂਜੀ ਥਾਂ ਨੂੰ ਤਬਦੀਲ ਹੋਣ ਕਾਰਨ ਮਿੱਟੀ ਦੀ ਬਣਤਰ, ਬਨਸਪਤੀ ਅਤੇ ਬਨਸਪਤੀ ਨੂੰ ਦੁਬਾਰਾ ਉਗਾਉਣ ਦੇ ਕਾਰਜ ਉੱਪਰ ਮਾੜੇ ਅਸਰ ਪੈ ਸਕਦੇ ਹਨ। ਇਸ ਦੇ ਨਾਲ ਨਾਲ ਖਾਣਾਂ ਵਿੱਚ ਵਰਤੇ ਜਾਂਦੇ ਕਈ ਤਰ੍ਹਾਂ ਦੇ ਰਸਾਇਣਕ ਪਦਾਰਥ ਆਲੇ ਦੁਆਲੇ ਦੇ ਵਾਤਾਵਰਨ ਨੂੰ ਨੁਕਸਾਨ ਪਹੁੰਚਾ ਸਕਦੇ ਹਨ।[2] ਇਸ ਨੁਕਤੇ ਨੂੰ ਹੋਰ ਸਪਸ਼ਟ ਕਰਨ ਲਈ ਅਸੀਂ ਨਿਊ ਯੌਰਕ ਟਾਈਮਜ਼ ਵਿੱਚ 14 ਜੂਨ 2010 ਨੂੰ ਸੋਨੇ ਦੀਆਂ ਖਾਣਾਂ ਬਾਰੇ ਛਪੀ ਇਕ ਵਿਸਤ੍ਰਿਤ ਰਿਪੋਰਟ ਵਿੱਚੋਂ ਕੁਝ ਜਾਣਕਾਰੀ ਪੇਸ਼ ਕਰਾਂਗੇ। ਇਸ ਰਿਪੋਰਟ ਅਨੁਸਾਰ ਇਕ ਔਂਸ ਸੋਨਾ ਕੱਢਣ ਲਈ ਤਕਰੀਬਨ 30 ਟਨ ਕੱਚੀ ਧਾਤ ਪੁੱਟੀ ਜਾਂਦੀ ਹੈ ਅਤੇ ਕਈ ਖਾਣਾਂ ਵਿੱਚ ਇਹ ਮਾਤਰਾ 100 ਟਨ ਤੱਕ ਦੱਸੀ ਜਾਂਦੀ ਹੈ। ਕਈ ਵੱਡੀਆਂ ਖਾਣਾਂ ਵਿੱਚ ਹਰ ਰੋਜ਼ ਤਕਰੀਬਨ 5 ਲੱਖ ਟਨ ਮਿੱਟੀ ਉਲੱਦੀ/ਪਲੱਦੀ ਜਾਂਦੀ ਹੈ। ਫਿਰ ਕੱਚੀ ਧਾਤ ਵਿੱਚੋਂ ਸੋਨਾ ਵੱਖ ਕਰਨ ਲਈ ਉਸ ਉੱਪਰ ਪਤਲੇ ਸਾਈਨਾਈਡ ਦਾ ਛਿੜਕਾਅ ਕੀਤਾ ਜਾਂਦਾ ਹੈ। ਬਹੁਤੇ ਵਿਗਿਆਨੀਆਂ ਦਾ ਇਹ ਮੱਤ ਹੈ ਕਿ ਧੁੱਪ ਵਿੱਚ ਸਾਈਨਾਈਡ ਨਸਟ ਹੋ ਜਾਂਦਾ ਹੈ ਅਤੇ ਜੇ ਸਾਈਨਾਈਡ ਦਾ ਘੋਲ ਬਹੁਤ ਜ਼ਿਆਦਾ ਹਲਕਾ ਹੋਵੇ ਤਾਂ ਇਹ ਹਾਨੀਕਾਰਨ ਨਹੀਂ ਹੁੰਦਾ। ਪਰ ਅਮਰੀਕਾ ਦੇ ਜੀਓਲੌਜੀਕਲ ਸਰਵੇ ਵਲੋਂ ਸੰਨ 2000 ਵਿੱਚ ਕੀਤੇ ਇਕ ਅਧਿਅਨ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਸਾਈਨਾਈਡ ਹੋਰ ਜ਼ਹਿਰੀਲੇ ਰੂਪਾਂ ਵਿੱਚ ਬਦਲ ਸਕਦਾ ਹੈ ਅਤੇ ਕਈ ਚਿਰ ਤੱਕ ਮੌਜੂਦ ਰਹਿ ਸਕਦਾ ਹੈ ਖਾਸ ਕਰਕੇ

14

  1. Howden, Daniel (27 April 2010). Visible from space, deadly on Earth: the gas flares of Nigeria. The Independent. Downloaded May 19, 2011 from: http://www.independent.co.uk/news/world/africa/visible-from- space-deadly-on-earth-the-gas-flares-of-nigeria-1955108.html
  2. EPA. Hardrock Mining: Environmental Impacts. Downloaded on May 19, 2011 from: http://www.epa.gov/npdes/pubs/env.htm