ਪੰਨਾ:Khapatvaad ate Vatavaran Da Nuksan.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਣ ਵਾਲੀ ਪੈਦਾਵਾਰ ਬਾਰੇ ਫੈਸਲੇ ਵੱਡੀਆਂ ਕਾਰਪੋਰੇਸ਼ਨਾਂ ਹੀ ਕਰਦੀਆਂ ਹਨ। ਖੇਤੀਬਾੜੀ ਵਿੱਚ ਆਈਆਂ ਇਸ ਤਰ੍ਹਾਂ ਦੀਆਂ ਤਬਦੀਲੀਆਂ ਨੇ ਖੇਤੀਬਾੜੀ ਕਾਰਨ ਵਾਤਾਵਰਨ ਨੂੰ ਹੋਣ ਵਾਲੇ ਨੁਕਸਾਨ ਵਿੱਚ ਤਿੱਖਾ ਵਾਧਾ ਕੀਤਾ ਹੈ। ਇਸ ਸੰਬੰਧ ਵਿੱਚ ਏਥੇ ਬਹੁਤ ਸਾਰੇ ਅੰਕੜੇ ਦੇਣ ਦੀ ਲੋੜ ਨਹੀਂ। ਪੰਜਾਬੀ ਪੜ੍ਹਨ ਵਾਲਾ ਤਕਰੀਬਨ ਹਰ ਪਾਠਕ ਜਾਣਦਾ ਹੈ ਕਿ ਅੱਧੀ ਸਦੀ ਪਹਿਲਾਂ ਪੰਜਾਬ ਵਿੱਚ ਸ਼ੁਰੂ ਹੋਏ ਹਰੇ ਇਨਕਲਾਬ ਦੇ ਤਜਰਬੇ ਨੇ ਪੰਜਾਬ ਦੇ ਵਾਤਾਵਰਨ ਦਾ ਕਿਸ ਤਰ੍ਹਾਂ ਨੁਕਸਾਨ ਕੀਤਾ ਹੈ। ਇਸ ਤਜਰਬੇ ਕਾਰਨ ਪੰਜਾਬ ਦੀ ਧਰਤੀ ਖਾਦਾਂ ਦੀ ਅਮਲੀ ਹੋ ਗਈ ਹੈ; ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਹਰ ਸਾਲ ਹੇਠਾਂ ਜਾ ਰਿਹਾ ਹੈ; ਫਸਲਾਂ 'ਤੇ ਵਰਤੀਆਂ ਜਾਂਦੀਆਂ ਕੀਟਨਾਸਕ ਅਤੇ ਬੂਟੀਨਾਸ਼ਕ ਦਵਾਈਆਂ ਨੇ ਧਰਤੀ ਹੇਠਲੇ ਪਾਣੀ ਨੂੰ ਪ੍ਰਦੂਸਤ ਕਰ ਦਿੱਤਾ ਹੈ ਅਤੇ ਪੰਜਾਬ ਦਾ ਨਰਮਾ ਉਗਾਉਣ ਵਾਲਾ ਖੇਤਰ ਕੈਂਸਰ ਵਾਲੇ ਖੇਤਰ ਵਜੋਂ ਜਾਣਿਆ ਜਾਂਦਾ ਹੈ।

ਖਾਣ ਵਾਲੀਆਂ ਵਸਤਾਂ ਦੀ ਵੱਧ ਰਹੀ ਮੰਗ ਨੂੰ ਪੂਰਾ ਕਰਨ ਲਈ ਧਰਤੀ ਦੇ ਅਤਿ ਜ਼ਰੂਰੀ ਜੰਗਲਾਂ ਦਾ ਸਫਾਇਆ ਕਰ ਨਵੀਂ ਧਰਤੀ ਖੇਤੀਬਾੜੀ ਅਧੀਨ ਲਿਆਂਦੀ ਜਾ ਰਹੀ ਹੈ। ਇਸ ਸੰਬੰਧ ਵਿੱਚ ਪਾਲਮ ਓਇਲ ਦੇ ਉਤਪਾਦਨ ਨਾਲ ਸੰਬੰਧਤ ਕੁਝ ਅੰਕੜੇ ਹੈਰਾਨ ਕਰਨ ਵਾਲੇ ਹਨ। ਪਾਲਮ ਓਇਲ ਦੀ ਵਰਤੋਂ ਕਈ ਤਰ੍ਹਾਂ ਦੀਆਂ ਖਪਤਵਾਦੀ (ਕੰਜ਼ਿਊਮਰ) ਵਸਤਾਂ ਵਿੱਚ ਕੀਤੀ ਜਾਂਦੀ ਹੈ ਜਿਵੇਂ ਕਿ ਚਾਕਲੇਟ, ਬ੍ਰੇਕਫਾਸਟ ਸੀਰੀਅਲ, ਮਾਰਜਰੀਨ, ਕ੍ਰੀਮ ਚੀਜ਼, ਓਵਨ ਚਿਪਸ, ਹੋਰ ਕਈ ਤਰ੍ਹਾਂ ਦੀ ਮਠਿਆਈਆਂ ਅਤੇ ਖਾਣੇ, ਸਾਬਣ, ਡਿਟੈਰਜੈਂਟ, ਅਤੇ ਬਾਇਓਫਿਊਲ। ਨਤੀਜੇ ਵਜੋਂ ਹਰ ਸਾਲ 4 ਕ੍ਰੋੜ ਟਨ ਪਾਲਮ ਓਇਲ ਪੈਦਾ ਹੁੰਦਾ ਹੈ ਜਿਸ ਦੀ ਕੀਮਤ 20 ਅਰਬ (ਬਿਲੀਅਨ) ਡਾਲਰ ਦੇ ਬਰਾਬਰ ਬਣਦੀ ਹੈ।[1]

ਇੰਡੋਨੇਸ਼ੀਆ ਅਤੇ ਮਲੇਸ਼ੀਆ ਦੁਨੀਆ ਵਿੱਚ ਸਭ ਤੋਂ ਵੱਧ ਪਾਲਮ ਓਇਲ ਪੈਦਾ ਕਰਨ ਵਾਲੇ ਦੇਸ਼ ਹਨ। 1980ਵਿਆਂ ਤੋਂ ਲੈ ਕੇ ਪਾਲਮ ਓਇਲ ਦੀ ਖੇਤੀ ਹੇਠ ਆਉਣ ਵਾਲੀ ਜ਼ਮੀਨ ਦੇ ਰਕਬੇ ਵਿੱਚ ਤਿੰਨ ਗੁਣਾਂ ਦਾ ਵਾਧਾ ਹੋਇਆ ਹੈ ਅਤੇ ਸੰਨ 2007 ਤੱਕ ਇਹ ਰਕਬਾ 1.4 ਕ੍ਰੋੜ (14 ਮਿਲੀਅਨ) ਹੈਕਟੇਅਰ ਦੇ ਬਰਾਬਰ ਸੀ।[2] ਸੰਨ 2007 ਵਿੱਚ ਛਪੀ ਗਰੀਨ ਪੀਸ ਦੀ ਇਕ ਰਿਪੋਰਟ ਅਨੁਸਾਰ ਸੰਨ 1995 ਅਤੇ 2005 ਵਿੱਚਕਾਰ ਇਕੱਲੇ ਇੰਡੋਨੇਸ਼ੀਆ

17

  1. Major Palm Oil Companies Will Halt Indonesia Forest Destruction. (16 February 2011). Green Economy. Downloaded on May 24, 2011 from: http://uk.ibtimes.com/articles/20110216/major- palm-oil-company-will-halt-indonesia-forest-destruction.htm
  2. Major Palm Oil Companies Will Halt Indonesia Forest Destruction. (16 February 2011).