ਪੰਨਾ:Khapatvaad ate Vatavaran Da Nuksan.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਾਰਨ ਉਹ ਵੱਧ ਤੋਂ ਵੱਧ ਵਸਤਾਂ ਦੀ ਪ੍ਰਾਪਤੀ ਲਈ ਦੌੜਿਆ-ਭੱਜਿਆ ਫਿਰਦਾ ਹੈ। ਪਰ ਜੇ ਅਸੀਂ ਆਪਣਾ ਧਿਆਨ ਵਸਤਾਂ ਦੇ ਉਤਪਾਦਨ ਅਤੇ ਖਪਤ ਦੇ ਸਮੁੱਚੇ ਅਮਲ (ਵਸਤਾਂ ਦੇ ਉਤਪਾਦਨ, ਵਸਤਾਂ ਦੀ ਮਾਰਕਿਟਿੰਗ, ਵਸਤਾਂ ਦੀ ਵਿਕਰੀ ਅਤੇ ਖਪਤ) 'ਤੇ ਕੇਂਦਰਿਤ ਕਰਾਂਗੇ ਤਾਂ ਅਸੀਂ ਦੇਖ ਸਕਾਂਗੇ ਕਿ ਕਿਸ ਤਰ੍ਹਾਂ ਵਸਤਾਂ ਦਾ ਉਤਪਾਦਨ ਵਸਤਾਂ ਦੀ ਮੰਗ ਪੈਦਾ ਕਰਨ ਵਿੱਚ ਵੱਡੀ ਭੂਮਿਕਾ ਨਿਭਾਉਂਦਾ ਹੈ।

ਸਭ ਤੋਂ ਪਹਿਲਾਂ ਸਾਡੇ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਖਪਤਵਾਦ ਦੀਆਂ ਜੜ੍ਹਾਂ ਮੌਜੂਦਾ ਆਰਥਿਕ ਪ੍ਰਬੰਧ ਦੇ ਲੋੜ ਤੋਂ ਵੱਧ ਉਤਪਾਦਨ (ਓਵਰਪ੍ਰੋਡਕਸ਼ਨ) ਦੇ ਸੰਕਟ ਨਾਲ ਬੱਝੀਆਂ ਹੋਈਆਂ ਹਨ। ਰਿਚਰਡ ਰੌਬਿਨਜ਼ ਆਪਣੀ ਕਿਤਾਬ ਗਲੋਬਲ ਪ੍ਰਾਬਲਮਜ਼ ਐਂਡ ਦੀ ਕਲਚਰ ਆਫ ਕੈਪੀਟਲਜ਼ਮ ਵਿੱਚ ਲਿਖਦਾ ਹੈ ਕਿ ਸਰਮਾਏਦਾਰੀ ਦੇ ਵਿਕਾਸ ਦੇ ਇਕ ਪੜਾਅ ਉੱਤੇ ਅਜਿਹੀ ਸਥਿਤੀ ਪੈਦਾ ਹੋ ਗਈ ਸੀ ਕਿ ਤਕਨੌਲੌਜੀ ਦੇ ਵਿਕਾਸ ਕਾਰਨ ਵਸਤਾਂ ਦੇ ਉਤਪਾਦਨ ਵਿੱਚ ਅਥਾਹ ਵਾਧਾ ਹੋਇਆ ਸੀ। ਪਰ ਇਸ ਵਧੇ ਹੋਏ ਉਤਪਾਦਨ ਨੂੰ ਖ੍ਰੀਦਣ ਵਾਲੇ ਲੋਕ ਨਹੀਂ ਸਨ ਜਿਸ ਕਾਰਨ ਸਮਾਜ ਵਿੱਚ ਲੋੜ ਤੋਂ ਵੱਧ ਉਤਪਾਦਨ ਦਾ ਸੰਕਟ ਪੈਦਾ ਹੋ ਗਿਆ। ਉਤਪਾਦਕਾਂ ਵਲੋਂ ਇਸ ਸੰਕਟ ਵਿੱਚੋਂ ਨਿਕਲਣ ਲਈ ਕੀਤੀਆਂ ਕੋਸ਼ਿਸ਼ਾਂ ਜਾਂ ਵਰਤੇ ਗਏ ਢੰਗਾਂ ਨਾਲ ਅਜੋਕੇ ਖਪਤਵਾਦ ਦਾ ਬੀਜ ਬੀਜਿਆ ਗਿਆ। ਅਜੋਕੇ ਉਤਪਾਦਨ ਪ੍ਰਬੰਧ ਬਾਰੇ ਟਿੱਪਣੀ ਕਰਦਾ ਹੋਇਆ ਰੌਬਿਨਜ਼ ਲਿਖਦਾ ਹੈ:

ਸਪਸ਼ਟ ਰੂਪ ਵਿੱਚ ਵਸਤਾਂ ਦੀ ਸਾਡੇ ਵਲੋਂ ਕੀਤੀ ਜਾਂਦੀ ਖਪਤ ਸਾਡੇ ਸਭਿਆਚਾਰ 'ਤੇ ਨਿਰਭਰ ਕਰਦੀ ਹੈ। ਅਜੋਕੀ ਸਰਮਾਏਦਾਰੀ ਸਿਰਫ ਵਸਤਾਂ ਅਤੇ ਸੇਵਾਵਾਂ ਦੇ ਉਤਪਾਦਨ ਅਤੇ ਵਿਕਰੀ ਦੇ ਸਿਰ 'ਤੇ ਚਲਦੀ ਹੈ ਅਤੇ ਅਸੀਂ ਜਿੰਨੀਆਂ ਜ਼ਿਆਦਾ ਵਸਤਾਂ ਪੈਦਾ ਕਰਦੇ ਹਾਂ, ਜਿੰਨੀਆਂ ਜ਼ਿਆਦਾ ਵਸਤਾਂ ਖ੍ਰੀਦਦੇ ਹਾਂ, ਉਨੀ ਜ਼ਿਆਦਾ ਤਰੱਕੀ ਅਤੇ ਖੁਸ਼ਹਾਲੀ ਹੁੰਦੀ ਹੈ। ਆਰਥਿਕ ਵਾਧੇ ਦਾ ਸਭ ਤੋਂ ਮਹੱਤਵਪੂਰਨ ਮਾਪ ਗਰੌਸ ਨੈਸ਼ਨਲ ਪ੍ਰੋਡਕਟ (ਜੀ ਐੱਨ ਪੀ) ਹੈ, ਕਿਸੇ ਵੀ ਸਮਾਜ ਵਲੋਂ ਇਕ ਸਾਲ ਵਿੱਚ ਪੈਦਾ ਕੀਤੀਆਂ ਗਈਆਂ ਵਸਤਾਂ ਅਤੇ ਸੇਵਾਵਾਂ ਦਾ ਕੁੱਲ ਜੋੜ। ਇਹ ਖਪਤਵਾਦੀ (ਕੰਜ਼ਿਊਮਰ) ਸਮਾਜ ਦੀ ਕਾਮਯਾਬੀ ਦਾ ਮਾਪ ਹੈ।[1]

25

  1. Robbins, Richard (1999). Global Problems And the Culture of Capitalism (p. 210). Needham Heights: Allyn and Bacon.