ਪੰਨਾ:Khapatvaad ate Vatavaran Da Nuksan.pdf/5

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

* ਪਾਲਤੂ ਜਾਨਵਰਾਂ ਦੇ ਖਾਣੇ ਦੀ ਸਨਅਤ ਹਰ ਸਾਲ 42 ਅਰਬ ਡਾਲਰ ਕਮਾਉਂਦੀ ਹੈ।[1]

ਇਹਨਾਂ ਅੰਕੜਿਆਂ ਦੇ ਸਹੀ ਅਰਥ ਸਾਨੂੰ ਤਾਂ ਹੀ ਸਮਝ ਆਉਣਗੇ ਜੇ ਅਸੀਂ ਇਹਨਾਂ ਨੂੰ ਦੁਨੀਆਂ ਦੇ ਬਹੁਤੇ ਲੋਕਾਂ ਦੀਆਂ ਮੁਢਲੀਆਂ ਲੋੜਾਂ ਪੂਰੀਆਂ ਕਰਨ ਲਈ ਲੋੜੀਂਦੇ ਧਨ ਦੇ ਸੰਦਰਭ ਵਿੱਚ ਦੇਖੀਏ। ਵਰਡਵਾਚ ਇੰਸਟੀਚਿਊਟ ਦੀ ਰਿਪੋਰਟ ਅਨੁਸਾਰ ਦੁਨੀਆਂ ਭਰ ਵਿੱਚ ਸਾਰੇ ਲੋਕਾਂ ਦੇ ਪੀਣ ਲਈ ਸਾਫ ਪਾਣੀ ਮੁਹੱਈਆ ਕਰਾਉਣ ਲਈ ਸਾਲਾਨਾ 10 ਅਰਬ ਡਾਲਰ ਹੋਰ ਦੀ ਲੋੜ ਹੈ, ਦੁਨੀਆ ਵਿੱਚ ਸਰਵਵਿਆਪਕ ਸਾਖਰਤਾ ਦੇ ਨਿਸ਼ਾਨੇ 'ਤੇ ਪਹੁੰਚਣ ਲਈ ਸਾਲਾਨਾ 5 ਅਰਬ ਡਾਲਰ ਹੋਰ ਦੀ ਲੋੜ ਹੈ ਅਤੇ ਦੁਨੀਆ ਭਰ ਵਿੱਚੋਂ ਭੁੱਖ ਅਤੇ ਅਪੂਰਣ ਖੁਰਾਕ ਦੀ ਸਮੱਸਿਆ ਦਾ ਖਾਤਮਾ ਕਰਨ ਲਈ ਸਾਲਾਨਾ 19 ਅਰਬ ਡਾਲਰ ਹੋਰ ਦੀ ਲੋੜ ਹੈ।[2] ਇਸ ਦਾ ਭਾਵ ਇਹ ਹੋਇਆ ਕਿ ਸਾਲ ਵਿੱਚ ਜਿੰਨੇ ਪੈਸੇ ਪਾਲਤੂ ਜਾਨਵਰਾਂ ਦੀ ਸਨਅਤ ਕਮਾਉਂਦੀ ਹੈ, ਉਸ ਨਾਲੋਂ ਘੱਟ ਪੈਸਿਆਂ ਵਿੱਚ ਦੁਨੀਆਂ ਦੇ ਸਾਰੇ ਲੋਕਾਂ ਨੂੰ ਪੀਣ ਲਈ ਸਾਫ ਪਾਣੀ ਪਹੁੰਚਾਇਆ ਜਾ ਸਕਦਾ ਹੈ, ਸਰਵਵਿਆਪਕ ਸਾਖਰਤਾ ਪ੍ਰਦਾਨ ਕੀਤੀ ਜਾ ਸਕਦੀ ਹੈ ਅਤੇ ਭੁੱਖ ਅਤੇ ਅਪੂਰਣ ਖੁਰਾਕ ਦੇ ਸ਼ਿਕਾਰ ਲੋਕਾਂ ਨੂੰ ਰੋਟੀ ਦਿੱਤੀ ਜਾ ਸਕਦੀ ਹੈ।

ਬੇਸ਼ੱਕ ਲੋਕ ਸਦੀਆਂ ਤੋਂ ਆਪਣੀਆਂ ਲੋੜਾਂ ਦੀ ਪੂਰਤੀ ਲਈ ਵਸਤਾਂ/ਸੇਵਾਵਾਂ ਦਾ ਇਸਤੇਮਾਲ ਕਰਦੇ ਆਏ ਹਨ, ਪਰ ਖਪਤਵਾਦੀ ਸਭਿਆਚਾਰ ਦੀ ਸ਼ੁਰੂਆਤ 1950 ਵਿਆਂ ਵਿੱਚ ਮੰਨੀ ਜਾਂਦੀ ਹੈ ਅਤੇ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇਸ ਵਿੱਚ ਨਾਟਕੀ ਪੱਧਰ ਦਾ ਪਸਾਰ ਹੋਇਆ ਹੈ। ਸੰਨ 2006 ਵਿੱਚ ਛਪੀ ਵਰਲਡ ਬੈਂਕ ਦੀ ਇਕ ਰਿਪੋਰਟ ਦੇ ਹਵਾਲੇ ਨਾਲ ਪੀਟਰ ਡਾਵਰਿਨ ਲਿਖਦਾ ਹੈ ਕਿ ਸੰਨ 2006 ਵਿੱਚ ਦੁਨੀਆ ਭਰ ਵਿੱਚ ਤਜਾਰਤੀ ਵਸਤਾਂ ਦੇ ਨਿਰਯਾਤ ਦੀ ਕੀਮਤ 100 ਖਰਬ (10 ਟ੍ਰਿਲੀਅਨ) ਡਾਲਰ ਸੀ ਜਦੋਂ ਕਿ ਸੰਨ 2000 ਵਿੱਚ ਇਹ ਕੀਮਤ 60 ਖਰਬ (6 ਟ੍ਰਿਲੀਅਨ) ਡਾਲਰ ਸੀ। ਸੰਨ 2000 ਵਿਚਲੀ ਤਜਾਰਤੀ ਵਸਤਾਂ ਦੇ ਨਿਰਯਾਤ ਦੀ ਇਹ ਕੀਮਤ ਸੰਨ 1948 ਦੀ ਇਸ ਕੀਮਤ ਤੋਂ 100 ਗੁਣਾਂ ਜ਼ਿਆਦਾ ਸੀ।[3] ਇਕ ਹੋਰ ਰਿਪੋਰਟ ਅਨੁਸਾਰ ਸੰਨ 2000 ਵਿੱਚ ਨਿੱਜੀ ਖਪਤ 'ਤੇ ਖਰਚੀ ਗਈ ਰਕਮ 200 ਖਰਬ (20 ਟ੍ਰਿਲੀਅਨ) ਡਾਲਰ ਦੇ ਬਰਾਬਰ ਸੀ ਜਦੋਂ ਕਿ ਸੰਨ 1960 ਵਿੱਚ ਇਹ


5

  1. How Industries Have Shifted Cultural Norms (2010).
  2. Gardner Gary, Assdourian Erik and Sarin Radhika (2004). (p. 10).
  3. Dauvergne, Peter (2008). The Shadows of Consumption (p. 9).Cambridge: The MIT Press.