ਪੰਨਾ:Macbeth Shakespeare in Punjabi by HS Gill.pdf/32

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਇਹੋ ਜਿਹਾ ਹੀ ਯੰਤਰ ਕੋਈ ਮੈਂ ਵੀ ਸੀ ਗਾ ਵਰਤਣ ਵਾਲਾ।
ਬਾਕੀ ਇੰਦ੍ਰੀਆਂ ਨੇ ਮਿਲ ਕੇ, ਮੂਰਖ ਮੇਰੇ ਨੈਣ ਬਣਾਏ,
ਜਾਂ ਫਿਰ ਬਾਕੀ ਸਾਰੀਆਂ ਕੋਲੋਂ, ਬਾਹਲ਼ੇ ਯੋਗ ਇਹ ਸਾਬਤ ਹੋਏ।
ਹਾਲੀਂ ਵੀ ਤੂੰ ਨਜ਼ਰ ਆ ਰਿਹੈਂ;-
ਨਾਲੇ ਧਾਰ ਤੇ ਦਸਤੇ ਉੱਤੇ, ਲਹੂ ਦੇ ਧੱਬੇ ਲੱਗੇ ਹੋਏ,-
ਜਿਹੜੇ ਪਹਿਲਾਂ ਨਹੀਂ ਸੀ ਏਥੇ।-ਐਪਰ ਐਸੀ ਗੱਲ ਨਹੀਂ ਹੈ:
ਭਿਵਿੱਖ ਦਾ ਇਹ ਤਾਂ 'ਖੂਨੀ ਕਾਰਾ', ਜੋ ਅੱਖਾਂ ਅੱਗੇ ਆਈਂ ਜਾਂਦੈ।-
ਹੁਣ ਤਾਂ ਅੱਧੀ ਦੁਨੀਆਂ ਉੱਤੇ, ਪ੍ਰਕ੍ਰਿਤੀ ਵੀ ਮੋਈ ਲਗਦੀ,
ਨਾਲੇ ਸੁਪਨੇ ਪਾਪਾਂ ਵਾਲੇ, ਸੁਖ-ਪਰਦ ਨੀਂਦਰ ਤਾਈਂ ਕੋਹੀਂ ਜਾਂਦੇ;
ਹੁਣ ਤਾਂ ਜਾਦੂ ਜਸ਼ਨ ਮਨਾਉਂਦਾ, ਆਕਾਸ਼-ਪਤਾਲ-ਧਰਤ ਦੀ ਦੇਵੀ,-
ਪੀਲ਼ੀ ਭੂਕ, ਭਿਆਨਕ ਤਿੰਨਸਿਰੀ ਦਾ, ਜੱਗ ਕਰਾਉਂਦਾ,-ਬਲੀ ਚੜ੍ਹਾਉਂਦਾ:
ਸਹਿਮ-ਸੁੱਕਿਆ ਬਲੀ ਦਾ ਬੱਕਰਾ, ਪਹਿਰੇਦਾਰ ਬਘਿਆੜ ਤੋਂ ਡਰਿਆ,
ਬੜ੍ਹਕ ਜੀਹਦੀ ਐਲਾਨ ਪਈ ਕਰਦੀ, ਬਲੀ ਦੇ ਪੁੱਜੇ ਅੰਤ ਸਮੇਂ ਦਾ,
ਪੋਲੇ ਪੈਰੀਂ, ਹੌਲ਼ੀ ਹੌਲੀ, ਚੋਰਾਂ ਵਾਂਗੂੰ, ਜਿਉਂ ਸਮਰਾਟ ਮਹਾਨ ਰੋਮ ਦਾ,
ਤਾਰਕੁਇਨ ਮਹਾ ਭਿਅੰਕਰ ਨਾਮ ਧਰਾਵੇ,
ਵਿਜੇ-ਮੰਤਵ ਲਈ ਆਪਣੇ, ਮਸਤ ਮਰਦਮੀ ਭਰੇ ਪਲਾਂਘਾਂ,
ਪਰੇਤ ਕਿਸੇ ਪਰਛਾਈਂ ਵਾਂਗੂੰ ਵਧਦਾ ਜਾਵੇ-'ਮਤਲਬ' ਆਪਣਾ ਹੱਲ ਕਰਨ ਨੂੰ।-
ਓ ਧਰਤੀ! ਮੇਰੇ ਪੈਰੀਂ ਪੱਕੀ, ਸ਼ੱਕ ਨਹੀਂ ਤੇਰੀ ਹੋਂਦ ਦਾ ਕੋਈ,
ਪੈੜ-ਚਾਪ ਨਹੀਂ ਸੁਣਨੀ ਮੇਰੀ, ਕਿੱਧਰ ਜਾਨਾਂ, ਕਿੱਥੇ ਜਾਨਾਂ,
ਪੱਥਰ, ਕੰਕਰ ਬੋਲ ਹੀ ਪੈਣੈ, ਦੱਸਣ ਪਤਾ-ਟਿਕਾਣਾ ਮੇਰਾ,
ਖੌਫ ਭਿਅੰਕਰ ਵਰਤਮਾਨ ਦਾ, ਉਹਨਾਂ ਦੀ ਆਵਾਜ਼ ਸਮਾਉਨਾ;-
ਜਿਹੜੀ ਹੁਣ ਅਨਕੂਲ ਏਸ ਦੇ।-
ਖਤਰਾ ਬਣ ਮੈਂ ਸਿਰ ਮੰਡਲਾਵਾਂ, ਮਸਤ ਹਿਯਾਤੀ ਉਹ ਹੰਢਾਵੇ;
ਸੀਤ ਅਤਿ ਸੁਆਸ ਇਹ ਜ਼ਾਲਿਮ, ਭਖਦੇ ਕਰਮੀਂ ਸ਼ਬਦ ਪਿਆ ਦੇਵੇ।
{ਇੱਕ ਟੱਲੀ ਦੀ ਆਵਾਜ਼ ਸੁਣਦੀ ਹੈ}

ਮੈਂ ਚੱਲਿਆਂ, ਸਮਝੋ ਕੰਮ ਮੁੱਕਿਆ; ਘੰਟੀ ਏਸ ਬੁਲਾਇਐ ਮੈਨੂੰ।
ਸੁਣੀਂ ਮਤੇ ਡੰਕਨ ਆਵਾਜ਼, ਮੌਤ ਤੇਰੀ ਦੀ ਵੱਜੀ ਘੰਟੀ,
ਸੱਦਾ ਸਵਰਗ ਜਾਂ ਨਰਕੋਂ ਆਇਐ।{ਪ੍ਰਸਥਾਨ}
{ਪ੍ਰਵੇਸ਼ ਲੇਡੀ ਮੈਕਬੈਥ}

ਲੇਡੀ ਮੈਕਬੈਥ:ਜਿਸ ਕਾਰਨ ਇਹ ਟੁੰਨ ਪਏ ਨੇ, ਉਸ ਕਾਰਨ ਮੈਂ ਨਿੱਡਰ ਏਨੀ:
ਏਹਨਾਂ ਦੀ ਜਿਸ ਪਿਆਸ ਬੁਝਾਈ, ਮੇਰੇ ਅੰਦਰ ਅੱਗ ਭੜਕਾਈ।

31