ਪੰਨਾ:Macbeth Shakespeare in Punjabi by HS Gill.pdf/33

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਸੁਣੋ ਜ਼ਰਾ--!-ਖਾਮੋਸ਼ ਰਹੋ!-
ਉੱਲੂ ਦੀ ਇਹ ਹੂਕ ਸੀ , ਜਾਂ ਫਿਰ ਮੌਤ ਦੀ ਘੰਟੀ ਵਾਲਾ ਕੋਈ ,
ਅਤਿ ਕੌੜੀ ਸ਼ੁਭਰਾਤ੍ਰੀ ਕਹਿੰਦੈ।
ਉਹ ਤਾਂ ਆਪਣੇ ਕਾਰੇ ਲੱਗਾ, ਕੰਮ ਮੁੱਕਣ ਹੀ ਵਾਲਾ :
ਦਰ-ਦਰਵਾਜ਼ੇ ਖੁੱਲ੍ਹੇ ਸਾਰੇ, ਰੱਜੇ-ਪੁਜੇ ਚਾਕਰ ਸਾਰੇ,
ਮਾਰ ਘੁਰਾੜੇ, ਫਰਜ਼ ਨੂੰ ਕਰਨ ਮਖੌਲਾ :
ਉਹਨਾਂ ਦੇ ਮਸ਼ਰੂਬ 'ਚ ਮੈਂ ਤਾਂ, ਬੇਹੋਸ਼ੀ ਦੀ ਦਵਾ ਮਿਲਾਈ ,
ਪ੍ਰਕ੍ਰਿਤੀ ਤੇ ਮਰਗ ਉਨ੍ਹਾਂ ਤੇ ਏਦਾਂ ਛਾਈ,
ਜ਼ਿੰਦਾ ਹਨ ਜਾਂ ਮੁਰਦਾ, ਫਰਕ ਨਾਂ ਕਾਈ-।
ਮੈਕਬੈਥ(ਅੰਦਰੋਂ):ਕੌਣ ਐ ਬਈ?-ਕਿਹੜੈਂ-ਓ!
ਲੇਡੀ ਮੈਕਬੈਥ:ਡਰ ਹੈ ਮੈਨੂੰ ਜਾਗ ਪਏ ਉਹ, ਕੰਮ ਸਿਰੇ ਨਹੀਂ ਚੜ੍ਹਿਆ:-
ਕੋਸ਼ਿਸ਼ ਕੀਤਿਆਂ ਕੰਮ ਨਾ ਹੋਵੇ, ਨਾਲ ਗੁੱਸੇ ਦੇ ਖਿਝ ਚੜ੍ਹ ਜਾਵੇ।-
ਸੁਣੋ--!-ਖੰਜਰ ਓਹਨਾਂ ਵਾਲੇ, ਮੈਂ ਤਿਆਰ ਸੀ ਓਥੇ ਰੱਖੇ,
ਸੌਖਿਆਂ ਉਹਨੂੰ ਲੱਭ ਪੈਣੇ ਸੀ।-
ਜੇ ਕਿਧਰੇ ਉਹ ਸੁੱਤਾ ਹੋਇਆ, ਪਿਓ ਵਰਗਾ ਨਾਂ ਲਗਦਾ ਮੈਨੂੰ,
ਮਈ੍ਹਂਓਂ ਕੰਮ ਮੁਕਾ ਦੇਣਾ ਸੀ।-
ਆਹ ਆਇਆ ਈ 'ਕੰਤ ਹਮਾਰਾ'!
{ਮੈਕਬੈਥ ਦਾ ਮੁੜ-ਪ੍ਰਵੇਸ਼}

ਮੈਕਬੈਥ:ਮੈਂ ਤਾਂ ਕਰ ਦਿੱਤਾ ਈ ਕਾਰਾ।- ਸੁਣਿਆ ਨਹੀਂ ਤੂੰ ਕੋਈ ਰੌਲ਼ਾ?
ਲੇਡੀ ਮੈਕਬੈਥ:ਮੈਂ ਉੱਲੂ ਦੀ ਹੂਕ ਸੁਣੀ ਸੀ, ਬਿੰਡਿਆਂ ਦਾ ਵਿਰਲਾਪ ਵੀ ਸੁਣਿਆ।
ਤੁਸੀਂ ਤਾਂ ਕੁੱਝ ਨਹੀਂ ਬੋਲੇ?
ਮੈਕਬੈਥ:ਕਦ?
ਲੇਡੀ ਮੈਕਬੈਥ:ਹੁਣ, ਹੁਣੇ; ਜ਼ਰਾ ਕੁ ਪਹਿਲਾਂ?
ਮੈਕਬੈਥ:ਜਦ ਮੈਂ ਪੌੜੀ ਉੱਤਰ ਰਿਹਾ ਸੀ?
ਲੇਡੀ ਮੈਕਬੈਥ:ਜੀ।
ਮੈਕਬੈਥ:ਸੁਣੋ--!-ਕੌਣ ਸੁੱਤਾ ਏ ਨਾਲ ਦੇ ਕਮਰੇ?
ਲੇਡੀ ਮੈਕਬੈਥ:ਡੋਨਲਬੇਨ।
ਮੈਕਬੈਥ:ਅਫਸੋਸਨਾਕ ਦ੍ਰਿਸ਼ ਬੜਾ ਹੈ।
{ਲਹੂ ਭਿੱਜੇ ਹੱਥਾਂ ਵੱਲ ਵੇਖਦਾ ਹੈ}

ਲੇਡੀ ਮੈਕਬੈਥ:ਬੇਵਕੂਫੀ ਦੀ ਗੱਲ ਹੈ ਇਹਨੂੰ, ਅਫਸੋਸਨਾਕ ਦ੍ਰਿਸ਼ ਆਖਣਾ।
ਮੈਕਬੈਥ:ਇੱਕ ਸੀ ਨੀਂਦ 'ਚ ਹੱਸੀਂ ਜਾਂਦਾ, ਦੂਜਾ 'ਕਤਲ, ਕਤਲ' ਬਰੜਾਉਂਦਾ!

32