ਪੰਨਾ:Mere jharoche ton.pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਹਾਂ । ਉਹਨਾਂ ਦੀ ਸ਼ੁਭ ਇੱਛਾ ਦਾ ਯਕੀਨ ਪੁਖ਼ਤਾ ਹੁੰਦਿਆਂ ਹੀ ਫ਼ਿਕਰ ਦੂਰ ਹੋ ਜਾਂਦੇ ਤੇ ਅੰਦਰ ਬਲ ਦੀਆਂ ਠਾਠਾਂ ਮਹਿਸੂਸ ਕਰਨ ਲਗ ਪੈਂਦਾ ਹਾਂ। ਕਈ ਸਾਥੀ ਖੜੋਂਦੀ ਜਾਂਦੀ ਮੇਰੀ ਪੀਂਘ ਨੂੰ ਫੇਰ ਝੂਟਾ ਦੇਂਦੇ ਹਨ
ਮਨੁਖ ਨੂੰ ਹੀ ਮੈਂ ਮਨੁਖ ਦਾ ਖੁਦਾ ਸਮਝਦਾ ਹਾਂ, ਤੇ ਮਨੁਖਾਂ ਦੀ ਹਰ ਨਵੀਂ ਛੁਹ ਮੇਰੇ ਵਿਚ ਨਵਾਂ ਬਲ ਪਦਾ ਕਰਦੀ ਹੈ, ਤੇ ਨਵੇਂ ਪੁਰਸ਼ਾਰਥ ਲਈ ਪ੍ਰੇਰਦੀ ਹੈ।
ਆਚਾਰ ਸ਼ਖ਼ਸੀਅਤ, ਭਰੋਸਾ, ਖ਼ੁਸ਼ੀ ਤੇ ਹੋਰ ਸਭ ਵਡਿਆਈਆਂ ਸਾਥੀਆਂ ਦੀ ਛੁਹ ਵਿਚੋਂ ਪੈਦਾ ਹੁੰਦੀਆਂ ਹਨ।

ਸਵਾਲ ੫. ਤੁਹਾਡੀ ਘਾਲ ਦੀ ਛੇਕੜਲੀ ਮੰਜ਼ਿਲ ਕੀ ਹੈ?

ਉੱਤਰ:

ਮੈਂ ਆਪਣੀ ਘਾਲ ਦੀ ਛੇਕੜਲੀ ਮੰਜ਼ਿਲ ਬਿਨਾਂ ਹਸਰਤ ਏਸ ਜ਼ਿੰਦਗੀ ਉਤੇ ਅੱਖਾਂ ਮੀਟ ਸਕਣ ਨੂੰ ਖ਼ਿਆਲ ਕਰਦਾ ਹਾਂ।
ਸ਼ਾਇਦ ਸਵਾਲ ਪੁੱਛਣ ਵਾਲੇ ਦਾ ਭਾਵ ਕੁਝ ਹੋਰ ਹੋਵੇ। ਮੈਂ ਹੋਰ ਥੋੜਾ ਜਿੰਨਾ ਸੋਚਦਾ ਹਾਂ।
ਆਪਣੇ ਮਨੋਰਥ ਦਾ ਜ਼ਿਕਰ ਮੈਂ ਕਰ ਹੀ ਦਿੱਤਾ ਹੈ, ਏਸੇ ਮਨੋਰਥ ਨੂੰ ਪੂਰਿਆਂ ਕਰਨ ਲਈ ਮੈਂ ਸਾਰੀ ਉਮਰ ਜਤਨ ਕਰਦਿਆਂ ਰਹਿਣਾ ਚਾਂਹਦਾ ਹਾਂ, ਜੇ ਸਾਰਾ ਪੂਰਾ ਹੋ ਜਾਏ ਤਾਂ ਸਮਝਾਂਗਾ, ਮੈਂ ਮੰਜ਼ਿਲ ਤੇ ਪਹੁੰਚ ਪਿਆ।
ਪਰ ਸ਼ਾਇਦ ਅਜੇ ਵੀ ਮੈਂ ਸਵਾਲ ਦਾ ਸਹੀ ਜਵਾਬ ਨਾ ਦਿਤਾ ਹੋਵੇ। ਇਕ ਕੋਸ਼ਿਸ਼ ਹੋਰ ਕਰਦਾ ਹਾਂ। ਸਵਾਲ ਦਾ ਭਾਵ ਸ਼ਾਇਦ ਇਹ ਹੋਵੇ, ਕਿ ਓੜਕ ਮੌਤੋਂ ਬਾਅਦ ਮੈਂ ਕਿਹੜੀ ਅਵਸਥਾ ਚਹਾਂਗਾ: ਕਿਸੇ ਪੂਰਨ ਪੁਰਖ ਦੀਆਂ ਨਜ਼ਰਾਂ ਵਿਚ ਪਰਵਾਨ ਹੋਣਾ, ਉਹਦੇ ਵਿਚ

੧੧੭