ਪੰਨਾ:Mumu and the Diary of a Superfluous Man.djvu/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

34

ਮੂਮੂ

ਕਦੇ ਵੀ ਰਾਤ ਨੂੰ ਖੁੱਲ੍ਹਾ ਨਹੀਂ ਸੀ ਛੱਡਦੇ ਅਤੇ ਬੁਢਾਪੇ ਕਾਰਨ ਉਹ ਆਜ਼ਾਦੀ ਦੀ ਭੋਰਾ ਵੀ ਇੱਛਾ ਜ਼ਾਹਿਰ ਨਹੀਂ ਕਰਦਾ ਸੀ। ਉਹ ਆਪਣੇ ਖੁੱਡੇ ਵਿਚ ਇਕੱਠਾ ਜਿਹਾ ਹੋ ਕੇ ਪਿਆ ਰਹਿੰਦਾ ਸੀ ਜਿਸ ਵਿਚੋਂ ਉਹ ਕਦੀ-ਕਦੀ ਬਾਹਰ ਆਉਂਦਾ ਸੀ ਅਤੇ ਕਦੇ ਕਦਾਈਂ ਭਰੜਾਈ ਤੇ ਸੁਸਤ ਜਿਹੀ ਆਵਾਜ਼ ਵਿਚ ਭੌਂਕ ਵੀ ਲੈਂਦਾ ਪਰ ਫੌਰਨ ਚੁੱਪ ਕਰ ਜਾਂਦਾ, ਜਿਵੇਂ ਉਹ ਮਹਿਸੂਸ ਕਰਦਾ ਹੋਵੇ ਕਿ ਅਜਿਹੀ ਕੋਸ਼ਿਸ਼ ਵਿਅਰਥ ਹੈ।

ਮੂਮੂ ਕਦੇ ਵੀ ਮਾਲਕਣ ਦੇ ਕਮਰਿਆਂ ਵਿਚ ਨਹੀਂ ਵੜੀ ਸੀ ਜਦੋਂ ਗਰਾਸੀਮ ਉਧਰ ਲੱਕੜਾਂ ਸੁੱਟਣ ਜਾਂਦਾ ਤਾਂ ਉਹ ਦਲਾਨ ਵਿਚ ਰੁਕ ਜਾਂਦੀ ਅਤੇ ਉਡੀਕਣ ਲੱਗਦੀ। ਉਸ ਦਾ ਸਿਰ ਬੇਚੈਨੀ ਨਾਲ ਹਿੱਲਦਾ ਅਤੇ ਕਿਸੇ ਦਰਵਾਜ਼ੇ ਦੇ ਖੁੱਲ੍ਹਣ ਨਾਲ ਉਸ ਦੇ ਕੰਨ ਖੜ੍ਹੇ ਹੋ ਜਾਂਦੇ।

ਇਕ ਹੋਰ ਸਾਲ ਬੀਤ ਗਿਆ। ਇਸ ਸਮੇਂ ਦੌਰਾਨ ਗਰਾਸੀਮ ਆਪਣੇ ਹਾਲ ਅਤੇ ਜ਼ਿੰਦਗੀ ਤੋਂ ਬਹੁਤ ਖੁਸ਼ ਸੀ ਪਰ ਅਚਾਨਕ ਇਕ ਅਣਕਿਆਸੀ ਘਟਨਾ ਨੇ ਸਭ ਕੁਝ ਪੁੱਠਾ ਕਰ ਦਿੱਤਾ। ਗਰਮੀਆਂ ਦੀ ਇਕ ਸੁਹਾਵਣੀ ਦੁਪਹਿਰ ਵਿਚ ਮਾਲਕਣ ਵਧੀਆ ਮਜ਼ੇ ਦੇ ਮੂਡ ਵਿਚ ਸੀ। ਉਹ ਆਪਣੀਆਂ ਨਿੱਜੀ ਨੌਕਰਾਣੀਆਂ ਨਾਲ ਦਲਾਨ ਵਿਚ ਟਹਿਲਦੀ ਹਾਸੇ-ਠੱਠੇ ਅਤੇ ਚੁਟਕਲੇਬਾਜ਼ੀ ਦੇ ਅਨੰਦ ਮਾਣ ਰਹੀ ਸੀ। ਨੌਕਰਾਣੀਆਂ ਵੀ ਹੱਸਦੀਆਂ ਅਤੇ ਚੁਟਕਲੇ ਸੁਣਾਉਂਦੀਆਂ ਸਨ ਪਰ ਉਨ੍ਹਾਂ ਦੇ ਮਨ ਬੇਚੈਨ ਸਨ। ਜਦੋਂ ਉਨ੍ਹਾਂ ਦੀ ਮਾਲਕਣ ਚੰਗੇ ਮਜ਼ਾਕੀਆ ਮੂਡ ਵਿਚ ਹੁੰਦੀ ਸੀ ਤਾਂ ਉਨ੍ਹਾਂ ਨੂੰ ਖੁਸ਼ੀ ਨਹੀਂ ਹੁੰਦੀ ਸੀ। ਪਹਿਲੀ ਗੱਲ, ਜਦੋਂ ਉਹ ਇਸ ਤਰ੍ਹਾਂ ਦੇ ਮੂਡ ਵਿਚ ਹੁੰਦੀ ਸੀ ਤਾਂ ਕੁਝ ਵਧੇਰੇ ਹੀ ਹੁਕਮ ਚਲਾਉਣ ਲੱਗਦੀ ਸੀ। ਉਹ ਚਾਹੁੰਦੀ ਕਿ ਉਸ ਦੇ ਆਲੇ-ਦੁਆਲੇ ਹਰ ਕੋਈ ਲਾਜ਼ਮੀ ਤੌਰ 'ਤੇ ਖੁਸ਼ੀ ਦੇ ਮੂਡ ਵਿਚ ਹੋਵੇ ਅਤੇ ਜੇ ਕੋਈ ਵੀ ਦਿਲਗੀਰ ਨਜ਼ਰ ਆਉਂਦਾ ਤਾਂ ਗੁੱਸੇ ਵਿਚ ਆ ਜਾਂਦੀ ਸੀ। ਇਸ ਤੋਂ ਇਲਾਵਾ, ਉਸ ਦਾ ਇਹੋ ਜਿਹਾ ਝੱਲ ਆਮ ਤੌਰ 'ਤੇ ਥੋੜ੍ਹੇ ਜਿਹੇ ਸਮੇਂ ਲਈ ਹੁੰਦਾ ਸੀ ਅਤੇ ਛੇਤੀ ਹੀ ਉਸ ਨੂੰ ਕੌੜ ਚੜ੍ਹਨ ਲੱਗਦੀ ਅਤੇ ਹਰੇਕ ਨੂੰ ਖਿਝ-ਖਿਝ ਪੈਣ ਲੱਗਦੀ ਜਿਸ ਕਾਰਨ ਬਹੁਤ ਮੁਸ਼ਕਿਲ ਪੈਦਾ ਹੋ ਜਾਂਦੀ। ਉਸ ਸਵੇਰ ਜਾਗਣ ਸਮੇਂ ਮਾਲਕਣ ਦੇ ਖੁਸ਼ੀ ਦੇ ਪਲ ਸਨ ਕਿਉਂਕਿ ਜਦੋਂ ਉਸ ਨੇ ਆਪਣੇ ਪੱਤੇ ਵਿਛਾਏ (ਜਿਵੇਂ ਉਹ ਹਰ ਸਵੇਰ ਬਾਕਾਇਦਾ ਤੌਰ 'ਤੇ ਕਰਦੀ ਹੁੰਦੀ ਸੀ) ਤਾਂ ਉਨ੍ਹਾਂ ਤੋਂ ਬੜੀ ਮੁਬਾਰਕ ਭਵਿੱਖਬਾਣੀ ਮਿਲੀ। ਇਸ ਦਾ ਮਤਲਬ ਸੀ ਕਿ ਉਸ ਦੀ ਹਰ ਮੁਰਾਦ ਪੂਰੀ ਹੋਵੇਗੀ। ਨਾਸ਼ਤੇ ਵਿਚ ਉਸ ਨੂੰ ਚਾਹ ਬਹੁਤ ਸੁਆਦੀ ਲੱਗੀ ਅਤੇ ਉਸ ਨੇ ਆਪਣੀ ਨੌਕਰਾਣੀ ਦੀ ਖ਼ੂਬ ਪ੍ਰਸ਼ੰਸਾ ਕੀਤੀ ਅਤੇ ਉਸ ਨੂੰ ਇਕ ਦਸ ਕੌਪਕ ਇਨਾਮ ਵਜੋਂ ਦਿੱਤੇ। ਆਪਣੇ ਸੁੱਕੇ ਬੁੱਲ੍ਹਾਂ 'ਤੇ ਸੁਹਾਵਣੀ ਮੁਸਕਰਾਹਟ ਨਾਲ ਉਹ ਦਲਾਨ ਵਿਚ ਟਹਿਲਣ ਲੱਗੀ।