36
ਮੂਮੂ
ਮੁਸਕਰਾਉਂਦੇ ਹੋਏ ਇਹ ਤਮਾਸ਼ਾ ਵੇਖਦਾ ਰਿਹਾ। ਆਖ਼ਿਰਕਾਰ ਕੋਚਵਾਨ ਨੇ ਉਸ ਦਾ ਪਿੱਛਾ ਕਰਨਾ ਛੱਡ ਦਿੱਤਾ ਅਤੇ ਗਰਾਸੀਮ ਨੂੰ ਇਸ਼ਾਰਿਆਂ ਨਾਲ ਸਮਝਾਇਆ ਕਿ ਮਾਲਕਣ ਨੇ ਮੂਮੂ ਨੂੰ ਉਸ ਕੋਲ ਲਿਆਉਣ ਦੀ ਕਾਮਨਾ ਕੀਤੀ ਹੈ। ਗਾਰਸੀਮ ਹੈਰਾਨ (ਅਚੰਭਿਤ) ਹੁੰਦਿਆ ਮੂਮੂ ਨੂੰ ਬੁਲਾਇਆ। ਉਸ ਨੂੰ ਚੁੱਕਿਆ ਅਤੇ ਕੋਚਵਾਨ ਨੂੰ ਸੌਂਪ ਦਿੱਤਾ।
ਸਟੇਪਨ ਉਸ ਨੂੰ ਦਲਾਨ ਵਿਚ ਲੈ ਗਿਆ ਅਤੇ ਫਰਸ਼ 'ਤੇ ਬੈਠਾ ਦਿੱਤਾ। ਮਾਲਕਣ ਉਸ ਨੂੰ ਅਤਿ ਮਿੱਠੀ ਆਵਾਜ਼ ਵਿਚ ਬੁਲਾਉਣ ਲੱਗ ਪਈ। ਮੂਮੂ ਜਿਸ ਨੇ ਇੰਨੇ ਵੱਡੇ ਅਤੇ ਸ਼ਾਨਦਾਰ ਕਮਰੇ ਨੂੰ ਅੰਦਰੋਂ ਕਦੇ ਨਹੀਂ ਸੀ ਵੇਖਿਆ। ਉਹ ਸ਼ਰਮਾ ਗਈ ਅਤੇ ਤੇਜ਼ੀ ਨਾਲ ਦਰਵਾਜ਼ੇ ਵੱਲ ਜਾਣ ਲੱਗੀ ਪਰ ਕੋਚਵਾਨ ਨੇ ਉਸ ਦਾ ਪਿੱਛਾ ਕੀਤਾ। ਵਿਚਾਰੀ ਮੂਮੂ ਕੰਧ ਦੇ ਕੋਲ ਖੜ੍ਹੀ ਸੀ। ਉਸ ਦਾ ਅੰਗ ਅੰਗ ਕੰਬ ਰਿਹਾ ਸੀ।
"ਮੂਮੂ, ਮੂਮੂ, ਮੇਰੇ ਕੋਲ ਆ ਜਾ, ਆਪਣੀ ਮਾਲਕਣ ਕੋਲ ਆਜਾ," ਮਾਲਕਣ ਨੇ ਕਿਹਾ। "ਆ ਜਾ, ਨਿੱਕੀ ਮੂਰਖੇ, ਡਰ ਨਾ।"
"ਆਜਾ, ਆਜਾ, ਮੂਮੂ," ਨੌਕਰਾਣੀਆਂ ਨੇ ਉਸ ਦੀ ਸੁਰ ਵਿਚ ਸੁਰ ਮਿਲਾਈ। "ਆਪਣੀ ਮਾਲਕਣ ਕੋਲ ਆਜਾ, ਡਰ ਨਾ।"
ਪਰ ਮੂਮੂ ਨੇ ਚਿੰਤਾ ਭਰੀਆਂ ਨਿਗਾਹਾਂ ਨਾਲ ਆਲੇ-ਦੁਆਲੇ ਵੇਖਿਆ ਅਤੇ ਆਪਣੀ ਜਗ੍ਹਾ ਤੋਂ ਨਾ ਹਿੱਲੀ।
"ਇਸ ਦੇ ਖਾਣ ਲਈ ਕੁਝ ਲਿਆਓ।" ਮਾਲਕਣ ਨੇ ਕਿਹਾ, "ਇਹ ਕਿੰਨੀ ਮੂਰਖ਼ ਹੈ, ਆਪਣੀ ਮਾਲਕਣ ਕੋਲ ਨਹੀਂ ਆ ਰਹੀ! ਮੈਂ ਹੈਰਾਨ ਹਾਂ ਕਿ ਇਹ ਡਰਦੀ ਕਿਸ ਗੱਲੋਂ ਹੈ।"
"ਇਹ ਅਜੇ ਆਪਣੇ ਆਲੇ-ਦੁਆਲੇ ਦੀ ਆਦੀ ਨਹੀਂ ਹੋਈ," ਨੌਕਰਾਣੀ ਨੇ ਵਿਆਖਿਆ ਕੀਤੀ ਅਤੇ ਮੂਮੂ ਲਈ ਸਤਿਕਾਰ ਦੇ ਤੌਰ 'ਤੇ ਬਹੁ-ਵਚਨ ਪੜਨਾਂਵ ਦੀ ਵਰਤੋਂ ਕੀਤੀ, ਕਿਉਂਕਿ ਇਹ ਹੁਣ ਮਾਲਕਣ ਦੀ ਦਿਲਚਸਪੀ ਦੀ ਪਾਤਰ ਸੀ।
ਸਟੇਪਨ ਦੁੱਧ ਦਾ ਇਕ ਪਿਆਲਾ ਲੈ ਆਇਆ ਅਤੇ ਇਸ ਨੂੰ ਮੁਮੂ ਅੱਗੇ ਰੱਖਿਆ ਪਰ ਉਸ ਨੇ ਇਸ ਵੱਲ ਵੇਖਿਆ ਵੀ ਨਹੀਂ ਅਤੇ ਚਿੰਤਾਤੁਰ ਨਿਗਾਹਾਂ ਨਾਲ ਦੇਖਣਾ ਜਾਰੀ ਰੱਖਿਆ।
"ਓ, ਤੂੰ ਕਿੰਨੀ ਮੂਰਖ਼ ਹੈ!" ਮਾਲਕਣ ਨੇ ਕਿਹਾ। ਉਹ ਕੁੱਤੇ ਦੇ ਨੇੜੇ ਹੋ ਕੇ ਉਸ ਨੂੰ ਥਾਪੜਾ ਦੇਣ ਦੀ ਕੋਸ਼ਿਸ਼ ਕਰ ਰਹੀ ਸੀ। ਮੁਮੂ ਨੇ ਆਪਣੇ ਦੰਦ ਦਿਖਾਏ ਅਤੇ ਮਾਲਕਣ ਨੇ ਛੇਤੀ ਨਾਲ ਆਪਣਾ ਹੱਥ ਪਿੱਛੇ ਹਟਾ ਲਿਆ।