ਪੰਨਾ:Mumu and the Diary of a Superfluous Man.djvu/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੂਮੂ

37

ਇਕ ਪਲ ਲਈ ਚੁੱਪ ਹੋ ਗਈ। ਮੂਮੂ ਨੇ ਮਰੀਅਲ ਜਿਹੀ ਚਿਆਂ-ਚਿਆਂ ਕੀਤੀ, ਜਿਵੇਂ ਕਿ ਸ਼ਿਕਾਇਤ ਕਰਨ ਜਾਂ ਮੁਆਫੀ ਮੰਗਣ ਦੀ ਕੋਸ਼ਿਸ਼ ਕਰ ਰਹੀ ਹੋਵੇ। ਮਾਲਕਣ ਗੁੱਸੇ ਨਾਲ ਉਸ ਕੋਲੋਂ ਦੂਰ ਹੋ ਗਈ। ਉਹ ਕਤੂਰੇ ਦੀ ਤੇਜ਼ ਹਰਕਤ ਤੋਂ ਦਹਿਲ ਗਈ ਸੀ।

"ਓ! ਹੋ!" ਨੌਕਰਾਣੀਆਂ ਦੀ ਮਿਲਵੀਂ ਆਵਾਜ਼ ਸੁਣਾਈ ਦਿੱਤੀ। "ਕੀ ਉਸ ਨੇ ਤੁਹਾਨੂੰ ਦੰਦ ਤਾਂ ਨਹੀਂ ਮਾਰ ਦਿੱਤਾ! ਰੱਬ ਨਾ ਕਰੇ!" (ਮੂਮੂ ਨੇ ਕਦੇ ਵੀ ਕਿਸੇ ਨੂੰ ਵੱਢਿਆ ਨਹੀਂ ਸੀ ਅਤੇ ਉਹ ਇਹ ਗੱਲ ਜਾਣਦੀਆਂ ਸਨ।)" ਓ! ਹੋ!"

"ਲੈ ਜਾਓ ਇਸ ਨੂੰ!" ਮਾਲਕਣ ਨੇ ਹੁਕਮ ਦਿੱਤਾ। "ਇਹ ਕਿੰਨੀ ਘਟੀਆ ਤੇ ਬਦਮਿਜ਼ਾਜ਼ ਕਤੂਰੀ ਹੈ!" ਉਹ ਪਿੱਛੇ ਮੁੜੀ ਅਤੇ ਆਪਣੇ ਨਿੱਜੀ ਕਮਰੇ ਵਿਚ ਚਲੀ ਗਈ।

ਨੌਕਰਾਣੀਆਂ ਨੇ ਚਿੰਤਾਤੁਰ ਨਿਗਾਹਾਂ ਮਿਲਾਈਆਂ ਅਤੇ ਉਸ ਦੇ ਪਿੱਛੇ ਚੱਲ ਪਈਆਂ। ਮਾਲਕਣ ਰੁਕ ਗਈ, ਉਨ੍ਹਾਂ 'ਤੇ ਇਕ ਕ੍ਰੋਧੀ ਨਜ਼ਰ ਨਾਲ ਤੱਕਦਿਆਂ ਕਿਹਾ, "ਕੀ ਹੈ? ਮੈਂ ਤੁਹਾਨੂੰ ਬੁਲਾਇਆ ਨਹੀਂ।" ਇਹ ਕਹਿ ਕੇ ਉਹ ਅੰਦਰ ਚਲੀ ਗਈ। ਪ੍ਰੇਸ਼ਾਨ ਨੌਕਰਾਣੀਆਂ ਨੇ ਚੁੱਪ-ਚਾਪ ਖੜ੍ਹੇ ਸਟੇਪਨ ਨੂੰ ਹੱਥ ਹਿਲਾਏ। ਉਸ ਨੇ ਮੂਮੂ ਨੂੰ ਫੜ ਲਿਆ ਅਤੇ ਗਰਾਸੀਮ ਦੇ ਪੈਰਾਂ ਵਿਚ ਜਾ ਸੁੱਟੀ। ਮਾਲਕਣ ਆਪਣੇ ਨਿੱਜੀ ਕਮਰੇ ਵਿਚ ਬੈਠੀ ਸੀ, ਉੱਕਾ ਬੁਝੀ ਹੋਈ ਅਤੇ ਕਾਲੀ ਘਟਾ ਨਾਲੋਂ ਵੀ ਕਾਲੀ।

ਜ਼ਰਾ ਸੋਚੋ, ਕਿੰਨੀ ਮਾਮੂਲੀ ਜਿਹੀ ਘਟਨਾ ਕਈ ਵਾਰ ਕਿਸੇ ਇਨਸਾਨ ਦੇ ਸੁਭਾ ਉੱਤੇ ਕਿੰਨਾ ਗਹਿਰਾ ਪ੍ਰਭਾਵ ਪਾ ਸਕਦੀ ਹੈ!

ਉਹ ਸਾਰਾ ਦਿਨ ਕਿਸੇ ਨਾਲ ਨਹੀਂ ਬੋਲੀ। ਉਸ ਉੱਤੇ ਉਦਾਸੀ ਦਾ ਆਲਮ ਛਾਇਆ ਰਿਹਾ। ਉਸ ਨੇ ਸ਼ਾਮ ਨੂੰ ਤਾਸ਼ ਨਹੀਂ ਖੇਡੀ ਅਤੇ ਨਾ ਹੀ ਰਾਤ ਨੂੰ ਚੰਗੀ ਤਰ੍ਹਾਂ ਸੁੱਤੀ। ਉਸ ਨੇ ਕਲਪਨਾ ਕਰ ਲਈ ਕਿ ਯੂ-ਡੀ-ਕੋਲੋਨ ਜੋ ਉਸ ਨੂੰ ਦਿੱਤੀ ਗਈ ਸੀ ਉਹ ਉਸ ਕੁਆਲਟੀ ਦੀ ਨਹੀਂ ਸੀ ਜਿਸ ਦੀ ਉਹ ਆਦੀ ਸੀ ਕਿ ਉਸ ਦੇ ਸਿਰਹਾਣਿਆਂ ਦੇ ਗਲਾਫਾਂ ਵਿੱਚੋਂ ਸਾਬਣ ਦੀ ਬੂ ਆਉਂਦੀ ਸੀ ਅਤੇ ਉਸ ਨੇ ਆਪਣੇ ਕੱਪੜਿਆਂ ਦੀ ਸੰਭਾਲ ਕਰਨ ਵਾਲੀ ਨੌਕਰਾਣੀ ਨੂੰ ਹੁਕਮ ਦਿੱਤਾ ਕਿ ਹਰੇਕ ਕੱਪੜੇ ਨੂੰ ਸੁੰਘ-ਸੁੰਘ ਕੇ ਦੇਖੇ। ਸੰਖੇਪ ਵਿਚ ਗੱਲ ਕਹੀਏ ਤਾਂ, ਉਹ ਏਨੀ ਚਿੜਚਿੜੀ ਅਤੇ ਦੁਖੀ ਹੋ ਗਈ ਸੀ ਜਿੰਨੀ ਉਹ ਹੋ ਸਕਦੀ ਸੀ। ਅਗਲੀ ਸਵੇਰ ਜਿਵੇਂ ਹੀ ਉਸ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਉਸ ਨੇ ਸੇਵਾਦਾਰ ਨੂੰ ਬੁਲਾਉਣ ਦਾ ਹੁਕਮ ਦਿੱਤਾ।

ਜਿਵੇਂ ਹੀ ਸੇਵਾਦਾਰ ਪਹੁੰਚਿਆ ਉਹ ਸ਼ੁਰੂ ਹੋ ਗਈ, "ਕ੍ਰਿਪਾ ਕਰਕੇ ਮੈਨੂੰ ਦੱਸੋ ਵਿਹੜੇ ਵਿਚ ਕਿਹੜਾ ਕੁੱਤਾ ਹੈ ਜੋ ਸਾਰੀ ਰਾਤ ਭੌਂਕਦਾ ਰਿਹਾ ਅਤੇ ਮੈਨੂੰ ਪ੍ਰੇਸ਼ਾਨ ਕਰਦਾ ਰਿਹਾ। ਮੈਂ ਸੌਂ ਨਹੀਂ ਸਕੀ।"