ਪੰਨਾ:Mumu and the Diary of a Superfluous Man.djvu/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

90

ਇੱਕ ਫ਼ਾਲਤੂ ਆਦਮੀ ਦੀ ਡਾਇਰੀ


ਮੈਂ ਇਕ ਪਲ ਰੁਕਿਆ।

"ਉਹ ਕਿੰਨਾ ਸਮਾਂ ਇੱਥੇ ਰਹੇਗਾ?" ਮੈਂ ਫਿਰ ਤੋਂ ਪੁੱਛਿਆ।

"ਤਿੰਨ ਜਾਂ ਚਾਰ ਹਫ਼ਤੇ, ਮੇਰਾ ਖ਼ਿਆਲ ਹੈ," ਜਵਾਬ ਸੀ ਅਤੇ ਕਿਰੀਲਾ ਮਤਵੇਈਏਵਿਚ ਤਿਆਰ ਹੋਣ ਚਲਾ ਗਿਆ।

ਮੈਂ ਦਲਾਨ ਵਿਚ ਟਹਿਲਣ ਲੱਗ ਪਿਆ। ਮੈਨੂੰ ਯਾਦ ਨਹੀਂ ਕਿ ਪ੍ਰਿੰਸ ਐੱਨ ਦੀ ਦਿੱਖ ਨੇ ਮੇਰੇ ਤੇ ਕੋਈ ਵਿਸ਼ੇਸ਼ ਪ੍ਰਭਾਵ ਛੱਡਿਆ ਹੋਵੇ, ਸਿਵਾਏ ਇਸ ਤੋਂ ਕਿ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਜਿਸ ਤਰ੍ਹਾਂ ਆਮ ਤੌਰ 'ਤੇ ਉਦੋਂ ਮਹਿਸੂਸ ਹੁੰਦਾ ਹੈ ਜਦੋਂ ਕਿਸੇ ਅਜਨਬੀ ਦੀ ਅਚਾਨਕ ਉਨ੍ਹਾਂ ਦੇ ਪਰਿਵਾਰਕ ਦਾਇਰੇ ਵਿਚ ਜਾਣ-ਪਛਾਣ ਹੋ ਜਾਂਦੀ ਹੈ। ਸ਼ਾਇਦ ਇਹ ਵੀ ਹੋ ਸਕਦਾ ਹੈ ਕਿ ਇਸ ਭਾਵਨਾ ਦੇ ਨਾਲ ਇਕ ਕਿਸਮ ਦੀ ਈਰਖ਼ਾ ਵੀ ਹੋਵੇ ਜੋ ਸੇਂਟ ਪੀਟਰਸਬਰਗ ਦੇ ਇਕ ਸ਼ਾਨਦਾਰ ਫੌਜੀ ਅਫ਼ਸਰ ਦੇ ਨਾਲ ਮਾਸਕੋ ਦੇ ਇਕ ਮਾਮੂਲੀ ਹੈਸੀਅਤ ਦੇ ਆਦਮੀ ਨੂੰ ਹੋ ਸਕਦੀ ਹੈ।

"ਪ੍ਰਿੰਸ!" ਮੈਂ ਸੋਚਿਆ; "ਰਾਜਧਾਨੀ ਦਾ ਇਕ ਨਮੂਨਾ! ਉਹ ਉੱਚੀ ਥਾਂ ਤੋਂ ਸਾਡੇ ਵੱਲ ਦੇਖੇਗਾ।"

ਮੈਂ ਉਸ ਨੂੰ ਸਿਰਫ਼ ਮਿੰਟ ਕੁ ਲਈ ਵੇਖਿਆ ਸੀ ਅਤੇ ਇਹ ਤਾੜ ਲਿਆ ਸੀ ਕਿ ਉਹ ਸੁੰਦਰ, ਸਵੈਮਾਨੀ ਤੇ ਤਿੱਖਾ ਸੀ।

ਕਮਰੇ ਵਿਚ ਕਈ ਗੇੜੇ ਲਾਉਣ ਦੇ ਬਾਅਦ ਮੈਂ ਸ਼ੀਸ਼ੇ ਦੇ ਅੱਗੇ ਰੁਕ ਗਿਆ। ਆਪਣੀ ਜੇਬ ਵਿਚੋਂ ਇਕ ਛੋਟੀ ਜਿਹੀ ਕੰਘੀ ਕੱਢੀ ਅਤੇ ਆਪਣੇ ਵਾਲਾਂ ਨੂੰ ਠੀਕ ਕੀਤਾ। ਕਾਵਿਕ ਲਹਿਜ਼ੇ ਵਿਚ ਕਹੀਏ, ਇਨ੍ਹਾਂ ਨੂੰ ਲਾਪਰਵਾਹੀ ਵਾਲਾ ਰੂਪ ਦਿੱਤਾ, ਜਿਵੇਂ ਅਕਸਰ ਹੁੰਦਾ ਹੈ। ਮੈਂ ਸ਼ੀਸ਼ੇ ਵਿਚ ਆਪਣੇ ਚਿਹਰੇ ਨੂੰ ਘੋਖਣ ਲੱਗ ਪਿਆ। ਮੇਰਾ ਖ਼ਾਸ ਧਿਆਨ ਮੈਨੂੰ ਯਾਦ ਹੈ, ਮੇਰੀ ਨੱਕ 'ਤੇ ਕੇਂਦਰਤ ਹੋ ਗਿਆ ਸੀ। ਮੈਂ ਹਮੇਸ਼ਾ ਤੋਂ ਆਪਣੇ ਇਸ ਅੰਗ ਦੀ ਕੋਮਲਤਾ ਅਤੇ ਉੱਘੜ-ਦੁੱਘੜਤਾ ਤੋਂ ਅਸੰਤੁਸ਼ਟ ਸੀ। ਅਚਾਨਕ ਮੈਂ ਸ਼ੀਸ਼ੇ ਦੀ ਗਹਿਰੀ ਪਿੱਠ-ਭੂਮੀ ਵਿਚ ਦੇਖਿਆ ਕਿ ਦਰਵਾਜ਼ਾ ਖੁੱਲ੍ਹ ਗਿਆ ਅਤੇ ਲੀਜ਼ਾ ਦੀ ਪੂਰੀ ਸ਼ਕਲ ਇਸ ਵਿਚ ਪ੍ਰਗਟ ਹੋਈ। ਮੈਂ ਨਹੀਂ ਜਾਣਦਾ, ਪਤਾ ਨਹੀਂ ਕਿਉਂ ਪਰ ਮੈਂ ਉਵੇਂ ਖੜ੍ਹਾ ਰਿਹਾ ਅਤੇ ਮੇਰੇ ਚਿਹਰੇ ਦੇ ਹਾਵ-ਭਾਵ ਵੀ ਉਵੇਂ ਦੇ ਉਵੇਂ ਰਹੇ। ਲੀਜ਼ਾ ਨੇ ਆਪਣਾ ਸਿਰ ਅੱਗੇ ਕਰਦਿਆਂ ਮੇਰੇ ਵੱਲ ਧਿਆਨ ਨਾਲ ਵੇਖਿਆ ਅਤੇ ਆਪਣੀਆਂ ਪਲਕਾਂ ਉੱਪਰ ਚੁੱਕੀਆਂ। ਆਪਣੇ ਬੁੱਲ੍ਹ ਟੁੱਕਦੇ ਹੋਏ ਅਤੇ ਉਸ ਜਣੇ ਦੀ ਤਰ੍ਹਾਂ ਜਿਸ ਨੂੰ ਆਪਣਾ ਨਾਂ ਪਤਾ ਲੱਗਣ ਦੀ ਖੁਸ਼ੀ ਹੋਵੇ, ਆਪਣਾ ਸਾਹ ਰੋਕਦੇ ਹੋਏ ਉਹ ਚੁੱਪ-ਚੁਪੀਤੇ ਪਿੱਛੇ ਹਟੀ ਅਤੇ ਦਰਵਾਜ਼ਾ ਬੰਦ ਕਰਕੇ ਚਲੀ ਗਈ।