ਪੰਨਾ:PUNJABI KVITA.pdf/58

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੫੭)



੪. ਰੋਮਾਂਟਿਕ ਲਹਿਰ

'ਰੋਮਾਂਟਿਕ' ਅੰਗ੍ਰੇਜ਼ੀ ਦਾ ਅਜਿਹਾ ਸ਼ਬਦ ਹੈ ਜਿਸ ਦੇ ਅਰਥ ਜਿੰਨੇ ਜ਼ਿਆਦਾ ਕਰੀਏ ਉਨੀਆਂ ਹੀ ਜ਼ਿਆਦਾ ਗੁੰਝਲਾਂ ਪੈਂਦੀਆਂ ਜਾਂਦੀਆਂ ਹਨ। ਅਸਲ ਵਿਚ ਇਹ ਕਵਿਤਾ ਵਾਂਗ ਬਹੁਤੇ ਤਤਾਂ ਦਾ ਬਣਿਆ ਹੋਇਆ ਹੈ। ਮੋਟੇ ਸ਼ਬਦਾਂ ਵਿਚ ਰੋਮਾਂਟਿਕ ਕਵੀ ਉਹ ਹੁੰਦਾ ਹੈ ਜਿਸ ਵਿਚ ਦਲੀਲ ਤੇ ਸਚਾਈ ਨਾਲੋਂ ਵਲਵਲੇ ਦਾ ਜੁਜ਼ ਬਹੁਤ ਜ਼ਿਆਦਾ ਹੋਵੇ; ਅਤੇ ਜਿਸ ਵਿਚ ਬਾਕੀ ਜੁਜ਼ਾਂ ਨਾਲੋਂ ਦਲੀਲ ਵਧੇਰੇ ਹੋਵੇ ਉਹ ਰਵਾਇਤੀ ਕਵੀ ਹੁੰਦਾ ਹੈ। ਰੋਮਾਂਟਿਕ ਕਵੀ ਵਿਚ ਹੇਠ ਲਿਖੇ ਗੁਣ ਹੁੰਦੇ ਹਨ:——
(੧) ਵਲਵਲਾ——
ਰੋਮਾਂਟਿਕ ਕਵੀ ਵਲਵਲੇ ਦਾ ਕਵੀ ਹੁੰਦਾ ਹੈ, ਉਹ ਦਲੀਲ ਦਾ ਕਵੀ ਨਹੀਂ ਹੁੰਦਾ। ਵਲਵਲੇ ਦੀ ਬਹੁਲਤਾ ਵਿਚ ਉਹ ਦਲੀਲ ਦੀ ਪਰਵਾਹ ਨਹੀਂ ਕਰਦਾ। ਇਸ ਦਾ ਇਹ ਮਤਲਬ ਨਹੀਂ ਕਿ ਉਹ ਬੇਤੁਕੀਆਂ ਜੋੜੀ ਜਾਂਦਾ ਹੈ; ਨਹੀਂ, ਉਹ ਗੱਲਾਂ ਸਭ ਪਤੇ ਦੀਆਂ ਕਰਦਾ ਹੈ। ਵਲਵਲਾ ਦਿਲ ਦੀ ਚੀਜ਼ ਹੈ, ਤੇ ਦਲੀਲ ਦਿਮਾਗ ਦੀ। ਵਲਵਲਾ ਦਿਮਾਗ਼ ਨਾਲੋਂ ਵੀ ਉਚੇਰੇ ਮੰਡਲਾਂ ਵਿਚ ਪੁਜ ਸਕਦਾ ਹੈ। ਵਲਵਲੇ ਦੇ ਨਾਲ ਰਾਗ ਆਪ-ਮੁਹਾਰਾ ਦੌੜੀ ਆਉਂਦਾ ਹੈ।