ਪੰਨਾ:Pardesi Dhola.pdf/66

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰਦੇਸੀ ਢੋਲਾ

ਪਰਦੇਸੀਆਂ ਦੀ ਦੀਵਾਲ਼ੀ

ਪਰਦੇਸੀਆਂ ਨਥਾਵਿਆਂ ਦੀ ਇ੍ਹ ਵੀ ਕੀ ਦੀਵਾਲ਼ੀ ਹੈ।
ਕਾਲ਼ੀ ਭਿੱਜੀ ਰਾਤ ਖੜ੍ਹੀ ਦਰਾਂ 'ਤੇ ਸਵਾਲੀ ਹੈ॥

ਸਾਊ ਪੁਤ ਰਾਮ ਜੀ ਤਾਂ ਚਲੇ ਗਏ ਸੀ ਘਰ ਨੂੰ।
ਕਮਾਊ ਪੁਤ ਮੁੜੇ ਨਹੀਂ ਹਾਲੇ ਤਾਈਂ ਘਰ ਨੂੰ॥

ਬਾਰਾਂ ਦੇ ਹਜ਼ਾਰਾਂ ਹੋਏ, ਭੁੱਲੀ ਸਾਰੀ ਗਿਣਤੀ।
ਨਿਤ ਦੇਸ ਦੂਰ ਹੁੰਦਾ, ਹੁੰਦੀ ਨਹੀਂ ਮਿਣਤੀ॥

ਦੀਵੇ ਕਿੱਥੇ ਬਾਲ਼ੀਏ ਬਨੇਰੇ ਨਹੀਂ ਘਰ ਦੇ।
ਕੋਰੇ ਚਿੱਟੇ ਦਿਲ ਕਦੇ ਦੁੱਖ ਨਹੀਂਉਂ ਹਰਦੇ॥

ਪੀ ਕੇ ਦਾਰੂ ਖੇੜਦੇ, ਜੀਣ ਦਾ ਕੀ ਪੱਜ ਹੈ।
ਕੌਣ ਜਾਣੇ ਕਿਹੜੀ ਘੜੀ, ਕੱਲ੍ਹ ਹੈ ਨਾ ਅੱਜ ਹੈ॥

ਜਿਥੇ ਮੇਰਾ ਵਾਸਾ ਉਥੇ ਕੰਧ ਹੈ ਨਾ ਦਰ ਹੈ।
ਏਸੇ ਨੂੰ ਮੈਂ ਜਾਣਿਆ ਘਰੋਂ ਦੂਰ ਘਰ ਹੈ॥

ਪਰਦੇਸੀਆਂ ਨਥਾਵਿਆਂ ਦੀ ਇ੍ਹ ਵੀ ਕੀ ਦੀਵਾਲ਼ੀ ਹੈ।
ਕਾਲ਼ੀ ਭਿੱਜੀ ਰਾਤ ਖੜ੍ਹੀ ਦਰਾਂ 'ਤੇ ਸਵਾਲੀ ਹੈ॥

[62]