ਪੰਨਾ:Performing Without a Stage - The Art of Literary Translation - by Robert Wechsler.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੋਈ ਅੰਦਾਜ਼ਾ ਲਗਾ ਸਕਦਾ ਹੈ ਕਿ ਦੋਭਾਸ਼ੀ-ਮਾਹੌਲ ਵਿੱਚ ਵੱਡਾ ਹੋਣਾ——-ਅਸਲ 'ਚ ਮਜਬੂਰੀ ਕਰਕੇ, ਜੀਵਨ ਦੇ ਸੁਭਾਵਿਕ ਅੰਗ ਵਜੋਂ ਹੀ ਦਿਮਾਗ ਵਿੱਚ ਅਨੁਵਾਦ ਚੱਲਦੇ ਰਹਿਣਾ ———, ਇੱਕ ਅਨੁਵਾਦਕ ਲਈ ਚੰਗੀ ਸ਼ੁਰੂਆਤ ਹੋਵੇਗੀ, ਪਰ ਬਹੁਤੇ ਅਨੁਵਾਦਕ ਅਨੁਵਾਦ ਦੀ ਸ਼ੁਰੂਆਤ ਇਸ ਤਰੀਕੇ ਨਾਲ਼ ਨਹੀਂ ਕਰਦੇ, ਅਤੇ ਬਹੁਤੇ ਮਹਿਸੂਸ ਕਰਦੇ ਹਨ ਕਿ ਇਹ ਦਰਅਸਲ ਇੱਕ ਰੁਕਾਵਟ ਹੁੰਦੀ ਹੈ। ਅਸਲ 'ਚ, ਬਹੁ-ਭਾਸ਼ਾਈ ਲੋਕ ਆਪਣੇ ਦਿਮਾਗ ਵਿੱਚ ਅਨੁਵਾਦ ਨਹੀਂ ਕਰਦੇ, ਬਲਕਿ ਆਪਣੀਆਂ ਭਾਸ਼ਾਵਾਂ ਨੂੰ ਵੱਖ ਵੱਖ ਵਿਭਾਗਾਂ ਵਿੱਚ ਵੰਡ ਕੇ ਉਨ੍ਹਾਂ ਨਾਲ ਨਜਿੱਠਦੇ ਹਨ। ਪਰ ਰਿਚਰਡ ਸਾਈਬਰਥ, ਫ੍ਰੈਂਚ ਅਤੇ ਜਰਮਨ ਤੋਂ ਅਨੁਵਾਦਕ ਅਤੇ ਨਿਊਯਾਰਕ ਯੂਨੀਵਰਸਿਟੀ ਦੇ ਪ੍ਰੋਫੈਸਰ, ਚਾਰ-ਭਾਸ਼ਾਈ ਦੇਸ਼ ਸਵਿਟਜ਼ਰਲੈਂਡ ਵਿੱਚ ਇੱਕ ਦੋਭਾਸ਼ੀ ਘਰ (ਜਰਮਨ ਅਤੇ ਇੰਗਲਿਸ਼) ਵਿੱਚ ਪਲੇ ਵੱਡੇ ਹੋਣ ਦਾ ਜ਼ਿਕਰ ਕਰਦੇ ਹਨ: "ਬਹੁਤ ਜਲਦੀ, ਤੁਸੀਂ ਸਮਝ ਲੈਂਦੇ ਹੋ ਕਿ ਹਰ ਚੀਜ਼ ਦੇ ਦੋ ਨਾਮ ਹਨ ਅਤੇ ਤੁਸੀਂ ਦੋਹਰੇ ਬ੍ਰਹਿਮੰਡ ਵਿੱਚ ਰਹਿ ਰਹੇ ਹੋ। ਅਤੇ ਫਿਰ ਇੱਕ ਦੇਸ਼ ਵਿੱਚ ਹੁੰਦੇ ਹੋਏ ਜਿੱਥੇ ਹਰ ਉਤਪਾਦ ਜਿਸ ਵੱਲ ਵੀ ਤੁਸੀਂ ਵੇਖਦੇ ਹੋ, ਤੁਹਾਡਾ ਨਾਸ਼ਤਾ ਮਿਊਸਲੀ, ਹਰ ਚੀਜ਼ ਚਾਰ ਭਾਸ਼ਾਵਾਂ ਵਿੱਚ ਸੀ। ਅਤੇ ਸੰਦੇਸ਼ਾਂ ਦੀ ਇਸ ਕਿਸਮ ਦੀ ਅਨੇਕਤਾ ਨੇ ਤੁਹਾਨੂੰ ਪੂਰੀ ਤਰ੍ਹਾਂ ਆਕਰਸ਼ਿਤ ਕੀਤਾ ਹੋਇਆ ਹੋਵੇ।"

ਪਰ ਇਕ ਵਾਰ ਉਸਨੇ ਜਦੋਂ ਅੰਡਰਗ੍ਰੈਜੁਏਟ ਵਜੋਂ ਅਸਲ ਵਿੱਚ ਸਾਹਿਤਕ ਅਨੁਵਾਦ ਕਰਨਾ ਸ਼ੁਰੂ ਕੀਤਾ, ਤਾਂ ਹੋਰ ਕਾਰਨ ਵਿੱਚ ਆ ਗਏ। "ਅਨੁਵਾਦ ਇਕ ਕਿਸਮ ਦੀ ਨਕਲ ਜਾਂ ਲਿਖਤ ਲਿਖਣਾ ਸੀ ਜਿਸ ਤਰ੍ਹਾਂ ਦੀ ਤੁਸੀਂ ਆਪ ਨਹੀਂ ਲਿਖ ਸਕਦੇ।" ਉਸਨੇ "ਮਨੋਰੰਜਨ ਲਈ" ਜੌਰਜਸ ਬਟੈਲ ਦੇ ਕੁਝ ਨਾਵਲਾਂ ਦਾ ਅਨੁਵਾਦ ਕਰਨਾ ਸ਼ੁਰੂ ਕੀਤਾ ਅਤੇ ਫਿਰ ਗ੍ਰੈਜੂਏਟ ਵਿਦਿਆਰਥੀ ਅਤੇ ਨੌਜਵਾਨ ਪ੍ਰੋਫੈਸਰ ਵਜੋਂ ਉਸਨੇ ਸਾਹਿਤਕ ਰਸਾਲਿਆਂ ਲਈ ਅਨੁਵਾਦ ਕੀਤੇ।

ਸਾਈਬਰਥ ਖ਼ੁਦ ਮਹਿਸੂਸ ਕਰਦਾ ਹੈ ਕਿ “ਦੋਭਾਸ਼ਾਈ ਅਕਸਰ ਸਭ ਤੋਂ ਬੁਰੇ ਅਨੁਵਾਦਕ ਹੁੰਦੇ ਹਨ। ਤੁਹਾਨੂੰ ਇਕ ਭਾਸ਼ਾ ਵਿੱਚ ਪੂਰੀ ਤਰ੍ਹਾਂ ਪਰਪੱਕ ਹੋਣ ਦੀ ਜ਼ਰੂਰਤ ਹੁੰਦੀ ਹੈ, ਠੀਕ ਇਸਲਈ ਕਿਉਂਕਿ ਤੁਹਾਨੂੰ ਵਿਦੇਸ਼ੀਪੁਣੇ ਨਾਲ ਦੋ-ਚਾਰ ਹੋਣਾ ਹੁੰਦਾ ਹੈ; ਦੋਭਾਸ਼ਾਈ ਹੋਣ ਨਾਲ ਇਹ ਤਣਾਓ ਖਤਮ ਹੋ ਜਾਂਦਾ ਹੈ। ਇਸ ਤਣਾਅ ਨੂੰ ਕਾਇਮ ਰੱਖਣ ਦੀ ਜ਼ਰੂਰਤ ਹੁੰਦੀ ਹੈ।” ਰਾਬਰਟ ਪੇਨ ਵਾਰਨ ਨੇ ਇਕ ਵਾਰ ਕਿਹਾ ਸੀ ਕਿ "​​ਦੂਜੀ ਭਾਸ਼ਾ ਤੋਂ ਬਾਹਰ ਵਾਲੇ, ਉਸ ਵਰਗੇ ਲੋਕ, ਬਾਹਰਲੀ ਭਾਸ਼ਾ ਦੀ ਸੰਗੀਤਕਤਾ ਦੀ ਉਸਦੇ ਮੂਲ ਬੁਲਾਰੇ ਨਾਲੋਂ ਵਧੇਰੇ ਕਦਰ ਕਰ ਸਕਦੇ ਹਨ ——— ਕਿਉਂਜੋ ਬਾਹਰੀ ਪਾਠਕ ਉਸਦੇ ਅਰਥ, ਚੇਤਨਾ (sense) ਨਾਲੋਂ (ਪਰਦੇਸ਼ੀ) ਧੁਨੀ ਵੱਲ ਵਧੇਰੇ ਕੇਂਦ੍ਰਿਤ ਹੁੰਦਾ ਹੈ।"*

ਅਮਰੀਕੀ ਲੇਖਕਾਂ ਦੇ ਅਨੁਵਾਦਕ ਬਣਨ ਦੇ ਰਾਹ ਵਿੱਚ ਇਕ ਮੁੱਖ ਕਾਰਨ ਦੀ ਘਾਟ ਹੈ: ਦਮਨ। ਬਹੁਤੇ ਵਿਦੇਸ਼ੀ ਲੇਖਕ ਅਨੁਵਾਦ ਵੱਲ ਉਦੋਂ ਗਏ ਜਦੋਂ ਉਨ੍ਹਾਂ ਦੀ ਤਾਨਾਸ਼ਾਹੀ ਸਰਕਾਰ ਨੇ ਉਨ੍ਹਾਂ ਨੂੰ ਆਪਣੀ ਲਿਖਤ ਪ੍ਰਕਾਸ਼ਿਤ ਕਰਨ ਤੋਂ ਰੋਕਿਆ। ਹੁਣ ਹਾਰਵਰਡ ਵਿਖੇ ਪੋਲਿਸ਼ ਦੇ ਪ੍ਰੋਫੈਸਰ ਅਤੇ ਸ਼ੈਕਸਪੀਅਰ, ਡਨ, ਡਿਕਨਸਨ, ਅਤੇ ਅੰਗ੍ਰੇਜ਼ੀ ਭਾਸ਼ਾ ਦੇ ਹੋਰ ਬਹੁਤ ਤਰ੍ਹਾਂ ਦੇ ਕਵੀਆਂ ਦੇ ਪੋਲਿਸ਼ ਵਿਚ ਅਨੁਵਾਦਕ, ਸਤਾਨੀਸਲਾਵ ਬਾਰਨਜੈਕ ਤੇ ਇਹ ਗੱਲ ਢੁਕਦੀ ਹੈ। ਤੀਹਵਿਆਂ ਵਿੱਚ ਫ਼ਾਸੀਵਾਦ-ਵਿਰੋਧੀ ਇਤਾਲਵੀ ਕਵੀ ਯੂਗੇਨਿਓ ਮੋਨਟਾਲੇ ਬਾਰੇ ਵੀ ਇਹ ਸੱਚ ਸੀ। ਕਿਹਾ ਜਾਂਦਾ ਹੈ ਕਿ ਯੁਗੋਸਲਾਵ ਦੇ ਵਿਦਰੋਹੀ ਮਿਲੋਵਾਨ ਡਿਜਿਲਾਸ ਨੇ ਰਾਜਨੀਤਿਕ ਕੈਦੀ ਵਜੋਂ ਆਪਣੇ ਸਾਲ ਪੈਰਾਡਾਈਜ਼ ਲੌਸਟ (Paradise Lost) ਨੂੰ ਸਰਬੋ-ਕ੍ਰੋਏਸ਼ੀਅਨ ਵਿੱਚ ਅਨੁਵਾਦ ਕਰਦੇ ਬਤੀਤ ਕੀਤੇ।

16