ਪੰਨਾ:Phailsufian.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/109

ਸਾਡੇ ਸੂਫ਼ੀ ਕਵੀ ਇਸ਼ਕ ਮਿਜ਼ਾਜੀ ਦੀ ਗੱਲ ਨਿਸ਼ੰਗ ਕਰਦੇ ਹਨ। ਵਾਰਿਸ ਸ਼ਾਹ, ਮੀਆਂ ਮੁਹੰਮਦ ਬਖ਼ਸ਼ ਤੇ ਹਾਫ਼ਜ਼ ਬਰਖ਼ੁਰਦਾਰ ਦੀ ਸ਼ਾਇਰੀ ਚੋਂ ਐਸੀਆਂ ਕਈ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ। ਸ਼ਿਵ ਕੁਮਾਰ ਦੀ ਕਵਿਤਾ ਵਿਚ ਇਹਦਾ ਝਲਕਾਰਾ ਕਿਤੇ ਕਿਤੇ ਦਿਸਦਾ ਹੈ। ਮੁਨੀਰ ਨਿਆਜ਼ੀ ਦੀ ਕਵਿਤਾ ਕੁੜੀ ਪੜ੍ਹਨ ਵਾਲ਼ੀ ਹੈ:

ਉੱਚਾ ਕੱਦ ਤੇ ਸ਼ਾਨ ਨਿਰਾਲੀ
ਨਜ਼ਰਾਂ ਵਾਂਙ ਖ਼ਿਆਲ
ਰੰਗ ਕਮੀਜ਼ ਦਾ ਭਿੱਜਿਆ ਹੋਇਆ
ਗਰਮ ਪਸੀਨੇ ਨਾਲ਼
ਬੁਲ੍ਹ ਸਨ ਓਸ ਕੁੜੀ ਦੇ
ਜਿਵੇਂ ਲਾਲ ਲਹੂ ਦਾ ਜਾਲ਼
ਸੱਪ ਦੀ ਤਰ੍ਹਾਂ ਹੁਸ਼ਿਆਰ ਬਦਨ ਸੀ
ਬੇਪਰਵਾਹ ਜਿਹੀ ਚਾਲ
ਹੌਲ਼ੀ ਹੌਲ਼ੀ ਟੁਰੀ ਸੀ ਘਰ ਨੂੰ
ਡਰ ਨੇ ਦਿੱਤਾ ਰੋਕ
ਐਸਾ ਹੁਸਨ ਸੀ ਸ਼ਾਮਾਂ ਵੇਲੇ
ਚੁੱਪ-ਜਿਹੇ ਕਰ ਗਏ ਲੋਕ

ਭਰਪੂਰ ਜ਼ਿੰਦਗੀ ਮਾਣਨ ਦਾ ਜਿੰਨਾ ਚਾਅ ਪਾਬਲੋ ਨਰੂਦਾ ਦੀ ਕਵਿਤਾ ਵਿਚ ਹੈ, ਓਨਾ ਹੋਰ ਕਿਸੇ ਕਮਿਉਨਿਸਟ ਦੀ ਕਵਿਤਾ ਵਿਚ ਘਟ ਹੀ ਨਜ਼ਰ ਆਉਂਦਾ ਹੈ। ਕਿਸੇ ਪੰਜਾਬੀ ਕਵੀ ਨੇ ਕਿਹਾ ਸੀ - ਨਰੂਦਾ ਵਰਗੇ ਮੌਕੇ ਸਾਨੂੰ ਵੀ ਮਿਲਣ। ਅਸੀਂ ਇਹਦੇ ਨਾਲ਼ੋਂ ਚੰਗੀ ਕਵਿਤਾ ਲਿਖ ਕੇ ਦਿਖਾ ਦਈਏ! ਸਾਨੂੰ ਤਾਂ ਗੱਲ ਕਰਨ ਲਈ ਵੀ ਤੀਵੀਂ ਨਹੀਂ ਮਿਲ਼ਦੀ। ਸਾਡੀ ਔਰਤ ਜਾਂ ਮਾਂ ਹੈ, ਭੈਣ ਹੈ, ਭਰਜਾਈ ਜਾਂ ਘਰਵਾਲ਼ੀ ਜਾਂ ਵੇਸਵਾ ਹੈ; ਦੋਸਤ ਕਿਤੇ ਨਹੀਂ ਹੈ।