ਪੰਨਾ:Phailsufian.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/35

ਸਿਆਣਾ ਤਾਂ ਨਹੀਂ। ਪਰ ਮੈਂ...ਮੈਂ ਅਪਣੇ ਲੋਕਾਂ ਵਾਸਤੇ ਲੜ ਰਿਹਾ ਹਾਂ, ਅਪਣੇ ਲਈ ਨਹੀਂ।

ਮੌਤ ਦੇ ਸੋਹਲੇ ਨਾ ਗਾਉਣ ਦਾ ਮਤਲਬ ਜੱਦੋਜਹਿਦ ਤੋਂ ਭੱਜਣਾ ਨਹੀਂ ਹੁੰਦਾ। ਨਾਤ੍ਸੀਵਾਦ ਵਿਰੁਧ ਜੂਝਣ ਵਾਲ਼ਿਆਂ ਬਾਰੇ ਬਣੀ ਰੂਸੀ ਫ਼ਿਲਮ ਦਾ ਬੜਾ ਸੁਹਣਾ ਨਾਂ ਹੈ: ਉਹ ਮਰਨਾ ਨਹੀਂ ਸਨ ਚਾਹੁੰਦੇ।

ਪੰਜਾਬ ਵਿਚ ਬੜੇ ਵੱਡੇ ਵੱਡੇ ਸਾਕੇ ਹੋਏ ਹਨ। ਦੁੱਖ ਹੁੰਦਾ ਹੈ ਕਿ ਭਗਤ ਸਿੰਘ ਵਰਗਾ ਪ੍ਰਬੁੱਧ ਵਿਅਕਤੀ ਨਿੱਕੀ ਉਮਰੇ ਹੀ ਅਲੋਪ ਹੋ ਗਿਆ। ਇਹਨੇ ਮੈਂ ਨਾਸਤਕ ਕਿਉਂ ਹਾਂ ਲੇਖ ਵਿਚ ਲਿਖਿਆ ਸੀ: ਮੈਂ ਅਪਣੀ ਜ਼ਿੰਦਗੀ ਆਦਰਸ਼ ਵਾਸਤੇ ਕੁਰਬਾਨ ਕਰ ਦੇਣੀ ਹੈ। ਇਸ ਤੋਂ ਬਿਨਾਂ ਮੈਨੂੰ ਹੋਰ ਕਾਹਦਾ ਧਰਵਾਸ ਹੈ? ਕਿਸੇ ਆਸਤਕ ਹਿੰਦੂ ਨੂੰ ਤਾਂ ਅਗਲੇ ਜਨਮ ਵਿਚ ਬਾਦਸ਼ਾਹ ਬਣਨ ਦੀ ਆਸ ਹੋ ਸਕਦੀ ਹੈ। ਕੋਈ ਮੁਸਲਮਾਨ ਜਾਂ ਈਸਾਈ ਅਪਣੀਆਂ ਔਕੜਾਂ ਤੇ ਕੁਰਬਾਨੀਆਂ ਬਦਲੇ ਸਵਰਗ ਦੀਆਂ ਐਸ਼ੋ-ਇਸ਼ਰਤਾਂ ਦੀ ਕਲਪਨਾ ਕਰ ਸਕਦਾ ਹੈ। ਪਰ ਮੈਂ ਕਿਸ ਗੱਲ ਦੀ ਆਸ ਰੱਖਾਂ? ਮੈਨੂੰ ਪਤਾ ਹੈ, ਜਿਸ ਪਲ ਮੇਰੇ ਗਲ਼ ਵਿਚ ਫ਼ਾਂਸੀ ਦਾ ਰੱਸਾ ਪਿਆ ਤੇ ਮੇਰੇ ਪੈਰਾਂ ਹੇਠੋਂ ਤਖ਼ਤੇ ਖੋਲ੍ਹ ਦਿੱਤੇ ਗਏ, ਤਾਂ ਉਹ ਮੇਰਾ ਆਖ਼ਰੀ ਪਲ ਹੋਏਗਾ। ਮੇਰਾ ਜਾਂ ਵੇਦਾਂਤਕ ਬੋਲੀ ਚ ਆਖੀਏ, ਮੇਰੀ ਆਤਮਾ ਦਾ ਬਿਲਕੁਲ ਖ਼ਾਤਮਾ ਹੋ ਜਾਏਗਾ। ਇਸ ਪਲ ਪਿੱਛੋਂ ਕੁਝ ਵੀ ਨਹੀਂ ਹੋਣਾ। ਜੇ ਇਨਾਮ ਦੀ ਗੱਲ ਕਰਨ ਦਾ ਹੌਸਲਾ ਕਰਾਂ, ਤਾਂ ਸ਼ਾਨਦਾਰ ਅੰਤ ਤੋਂ ਵਾਂਝੀ ਜੱਦੋਜਹਦ ਭਰੀ ਛੋਟੀ-ਜਿਹੀ ਜ਼ਿੰਦਗਾਨੀ ਹੀ ਮੇਰਾ ਇਨਾਮ ਹੋਏਗੀ। ਇਸ ਤੋਂ ਵਧ ਤਾਂ ਕੁਝ ਨਹੀਂ।

ਤੁਰਕੀ ਕਵੀ ਨਾਜ਼ਮ ਹਿਕਮਤ ਦੀ ਰੁਬਾਈ ਹੈ: ਇਕ ਦਿਨ ਮਾਂ ਕੁਦਰਤ ਮੈਨੂੰ ਆਖੇਗੀ: ਬਸ ਕਰ ਹੁਣ, ਮੇਰੇ ਬੱਚੇ ਤੇਰਾ ਹਾਸਾ ਵੀ ਮੁੱਕਿਆ ਤੇ ਹੰਝੂ ਵੀ। ਫੇਰ ਅਸਗਾਹ ਅਨੰਤ ਜ਼ਿੰਦਗੀ ਸ਼ੁਰੂ ਹੋਏਗੀ; ਨਾ ਦੇਖਣ, ਨਾ ਬੋਲਣ ਤੇ ਨਾ ਸੋਚਣ ਦੀ ਜ਼ਿੰਦਗੀ। ਹਿਕਮਤ ਅਪਣੀ ਇਕ ਹੋਰ ਰੁਬਾਈ ਵਿਚ ਮੌਤ ਨੂੰ ਇੰਜ ਬਿਆਨ ਕਰਦਾ ਹੈ: ਅਲਵਿਦਾ ਦੁਨੀਆ।