ਪੰਨਾ:Phailsufian.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/76


ਆਪ ਹੀ ਆਖਦਾ ਹੈ ਕਿ ਇਹਦੇ ‘ਰੋਹ ਦਾ ਕਥਾਰਸਿਸ ਤੇ ਰਫ਼ ਐਕਸਪੀਰੀਐਂਸ' ਹੈ| ਕਿ ਇਹ ਤਿੰਨ ਮਸਲ੍ਹਿਆਂ ਨਾਲ਼ ਜੂਝਦਿਆਂ ਲਿਖੀ ਗਈ - 1) ਗਿਆਨ ਦੀ ਸਮੱਸਿਆ, 2) ਸਹੀ ਰਾਜਨੀਤੀ ਦੀ ਸਮੱਸਿਆ ਅਤੇ 3) ਪਾਠਕਾਂ ਦੇ ਠੰਢੇਪਨ ਦੀ ਸਮੱਸਿਆ। ਇਹ ਤਿੰਨੇ ਮਸਲ੍ਹੇ ਵਾਕਿਆ ਹੀ ਬੜੇ ਡੂੰਘੇ ਹਨ। ਇਹ ਮਸਲੇ ਕਿਸੇ ਕਵੀ ਦੇ ਹੀ ਨਹੀਂ, ਪਾਠਕ ਦੇ ਵੀ ਹੋ ਸਕਦੇ ਹਨ!

ਪਾਸ਼ ‘ਮਰਣਊ ਬੁਰਯਵਾ' ਸੁਹਜਿਆਂ ਨਾਲ਼ ਸੰਵਾਦ ਕਰਦਿਆਂ ‘ਅਸੀਂ' ਬਣ ਕੇ ਗੱਲ ਕਰਦਾ ਹੈ। ਪਰ ਇਹਦੀ ਸੰਤ ਰਾਮ ਉਦਾਸੀ ਦੀ ਕਿਸੇ ਹੋਰ ਥਾਂ ਕੀਤੀ ਵਡਿਆਈ ਤੋਂ ਛੁਟ ਇਹਨੇ ਅਪਣੀ ਹੀ ਧਿਰ ਦੇ ਸਮਕਾਲੀਆਂ ਬਾਰੇ ਇਕ ਅੱਖਰ ਵੀ ਨਹੀਂ ਲਿਖਿਆ। ਲਾਲ ਸਿੰਘ ਦਿਲ ਬਾਰੇ ਇਹਦੀ ਚੁੱਪ ਹੋਰ ਵੀ ਰੜਕਦੀ ਹੈ, ਜਦ ਕਿ ਦਿਲ ਪਾਸ਼ ਨਾਲ਼ੋਂ ਕਿਸੇ ਵੀ ਲਿਹਾਜ਼ ਨਾਲ਼ ਘਟ ਸਮਰੱਥ ਕਵੀ ਨਹੀਂ ਹੈ।

ਜੁਝਾਰ ਕਵਿਤਾ ਦਾ ਸਿਆਸੀ ਸਮਾਜੀ ਫ਼ਲਸਫ਼ਾ ਭਾਵੇਂ ਇਕ ਹੈ, ਪਰ ਇਹਦੇ ਹਰ ਕਵੀ ਦਾ ਕਾਵਿ ਸੁਹਜ ਆਪੋ ਅਪਣਾ ਹੈ। ਪਾਸ਼ ਦੇ ਕਾਵਿ ਸੁਹਜ ਦੇ ਚਿੰਤਨ ਦੇ ਇਸ਼ਾਰੇ ਇਹਦੀਆਂ ਅਪਣੀਆਂ ਲਿਖਤਾਂ ਵਿਚ ਖਿਲਰੇ ਹੋਏ ਹਨ - ਚਿੱਠੀਆਂ, ਡਾਇਰੀ, ਫੁਟਕਲ ਵਾਰਤਕ ਤੇ ਕਿਤੇ ਕਿਤੇ ਕਵਿਤਾਵਾਂ ਵਿਚ। ਇਹ ਆਪ ਆਖਦਾ ਹੈ ਕਿ ਇਹਦੀ ਕਵਿਤਾ ਦਾ ਵੱਡਾ ਸੋਮਾ ‘ਭਾਵਨਾ ਦੀ ਤੀਖਣਤਾ' ਹੈ, ਜਿਸ ਪਿੱਛੇ ਦਰੜੇ ਜਾ ਰਹੇ ਇਨਸਾਨ ਦੀ ਗਾਥਾ ਵੀ ਹੈ; ਪਰ ਫ਼ਰਕ ਰੋਹ ਭਰੇ ਆਵੇਗ ਦੇ ਬਲ ਦਾ ਹੈ। ਇਹ ਆਵੇਗ ਸਾਰੇ ਕਵੀਆਂ ਚ ਇੱਕੋ ਜਿਹਾ ਨਹੀਂ। ਕਿਸੇ ਨੇ ਦਿਲ ਦੀ ਕਵਿਤਾ ਦੇ ਸੁਰ ਨੂੰ ਸਮੁੱਚੀ ਨਕਸਲੀ ਕਵਿਤਾ ਦੀ ਮੁੱਖ ਭਾਵਨਾ ਦਾ ਨਾਂਹਪੱਖੀ ਰੂਪ ਆਖਿਆ ਸੀ। ਇਸ ਲਿਹਾਜ਼ ਨਾਲ਼ ਦਿਲ ਦੀ ਕਵਿਤਾ ਨੂੰ ਜੁਝਾਰ ਕਵਿਤਾ ਕਹਿਣ ਬਾਰੇ ਮੁੜ ਤੋਂ ਸੋਚਣਾ ਪਏਗਾ। ਪਾਸ਼ ਵਾਲ਼ਾ ਰੋਹ ਬਾਕੀ ਕਵੀਆਂ ਦੀ ਕਵਿਤਾ ਚ ਨਹੀਂ ਹੈ। ਇਨ੍ਹਾਂ ਨੇ ਅਪਣੇ ਤੋਂ ਪਹਿਲਾਂ ਦੀ ਕਵਿਤਾ ਦਾ ਧੀਰਜ ਤੇ ਸੰਜਮ ਕਾਫ਼ੀ ਹੱਦ ਤਕ ਅਪਣਾਈ ਰੱਖਿਆ।