ਪੰਨਾ:Saakar.pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਨ 'ਤੇ ਪਏ ਅਕਸ ਦਾ ਅਕਸ ਹੁੰਦੀ ਹੈ। ਇਹ ਪਹਿਲੀ ਵੇਰ ਇਨਬਿੰਨ ਦਾ ਹੁੰਦਾ ਹੈ। ਉਸ ਤੋਂ ਮਗਰੋਂ ਇਹਦੇ ਭਾਵ ਬਦਲਣੇ ਸ਼ੁਰੂ ਹੋ ਜਾਂਦੇ ਹਨ। ਤਸਵੀਰ ਵਿਚ ਕਮਾਇਆ ਕਰਮ ਹੋਵੇ, ਤਾਂ ਹੀ ਗੱਲ ਬਣਦੀ ਹੈ। ਇਸ ਕਰਮ ਨੂੰ ਜਾਦੂਹਾਰ ਪਲ ਵੀ ਆਖ ਲਈਦਾ ਹੈ। ਇਸ ਤਸਵੀਰ ਵਿਚ ਗਿਆਨੋ ਔਰਤ ਹੁੰਦਿਆਂ ਔਰਤ ਦੀ ਆਜ਼ਾਦੀ ਦੇ ਹਿਤ ਵਾਸਤੇ ਕਰਮ ਕਮਾ ਰਹੀ ਹੈ। ਇਹਦੇ ਸਾਰੇ ਹਵਾਲੇ ਤਵਾਰੀਖ਼ੀ ਹਨ। ਇਸ ਲਈ ਇਹ ਪੰਜਾਬ ਦੀ ਤਵਾਰੀਖ਼ੀ ਕੌਮੀ ਤਸਵੀਰ ਹੈ।

ਜੌਨ੍ਹ ਬਰਜਰ ਦੇ ਨਾਵਲ ਕਿੰਗ (1999) ਚ ਕੋਈ ਆਖਦਾ ਹੈ ਕਿ ਮਰਦ ਦੀਆਂ ਲੱਤਾਂ ਕਿਤੇ ਪਹੁੰਚਣ (ਅਰਾਈਵਲ) ਲਈ ਹੁੰਦੀਆਂ ਹਨ। ਇਹ ਪਹੁੰਚ ਦੀ ਝੰਜੋਹਟ ਨੂੰ ਜੀਰ ਲੈਣ ਲਈ ਹੁੰਦੀਆਂ ਹਨ। ਮਰਦ ਦੀਆਂ ਲੱਤਾਂ ਆਖਦੀਆਂ ਹਨ- ਅਸੀਂ ਪਹੁੰਚ ਗਈਆਂ, ਦੋਹਵੇਂ ਇਕੱਠੀਆਂ। ਔਰਤ ਦੀਆਂ ਲੱਤਾਂ ਕੋਈ ਥਾਂ ਛੱਡ ਕੇ ਜਾਣ (ਲੀਵਿੰਗ) ਲਈ ਹੁੰਦੀਆਂ ਹਨ। ਹਮੇਸ਼ਾਂ ਤੁਰਦੀਆਂ ਰਹਿੰਦੀਆਂ ਹਨ।- ਤੂੰ ਆ ਗਿਉਂ, ਤੇ ਹੁਣ ਆਪਾਂ ਕਿਥੇ ਜਾਵਾਂਗੇ? - ਗਿਆਨੋ ਦੀਆਂ ਲੱਤਾਂ ਬਿਖੜੇ ਰਸਤੇ ਦੀਆਂ ਪਾਂਧੀ ਹਨ, ਜਿਹੜਾ ਪ੍ਰੇਮ ਸੁਮਾਰਗ ਨਾਲ਼ ਜਾ ਰਲ਼ਦਾ ਹੈ। ਬਰਾਬਰੀ, ਭਰੱਪਣ ਤੇ ਸ਼ਾਂਤੀ ਦਾ ਮਾਰਗ ਅੰਤਹੀਨ ਹੈ। ਗਿਆਨੋ ਸਾਡੀ ਹਮਸਫ਼ਰ ਹੈ।

ਗਿਆਨੋ ਨੂੰ ਦੇਖ ਕੇ ਮੈਨੂੰ ਅਪਣੇ ਨਗਰ ਨਕੋਦਰ ਦੀ ਕਮਿਉਨਿਸਟ ਬੀਬੀ ਤੇਜਵੰਤੀ ਧੀਰ ਯਾਦ ਆ ਜਾਂਦੀ ਹੈ ਤੇ ਦੋਸਤ ਕੇਵਲ ਕੌਰ ਤੇ ਮਧੂ ਕਿਸ਼ਵਰ। ਗਿਆਨੋ ਦੀ ਡੀਲਡੌਲ ਇਨ੍ਹਾਂ ਨਾਲ਼ ਕਿੰਨੀ ਰਲ਼ਦੀ ਹੈ। ਇਕ ਗੱਲ ਹੋਰ- ਗਿਆਨੋ ਜਿਥੇ ਖੜ੍ਹੀ ਹੈ, ਉਹ ਥਾਂ ਮੇਰੀ ਦੇਖੀ ਹੋਈ ਹੈ; ਇਕੱਲਿਆਂ ਵੀ ਤੇ ਆਇਆਂ-ਗਿਆਂ ਨਾਲ਼ ਵੀ। ਮੈਂ ਇਹਦੀਆਂ ਪੈੜਾਂ 'ਤੇ ਪੈਰ ਟਿਕਾ-ਟਿਕਾ ਕੇ ਤੁਰਿਆ ਹਾਂ। ਗਿਆਨੋ ਦੇ ਪਿਛਾੜੀ ਰੁੱਖ ਦੇ ਪੱਤਿਆਂ ਨੂੰ ਮੈਂ ਛੂਹ ਕੇ ਵੇਖਿਆ ਸੀ। ਇਹ ਤਸਵੀਰ ਮੈਨੂੰ ਸੁੱਖ ਦਿੰਦੀ ਹੈ। ਮੇਰਾ ਦਿਲ ਰਖਦੀ ਹੈ ਕਿ ਕੋਈ ਆਖ਼ਿਰ ਨਹੀਂ ਆ ਗਈ। ਵਾਟ ਬੜੀ ਲੰਮੀ ਹੈ। ਉੱਠ। ਤੁਰ।

33