ਪੰਨਾ:Saakar.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਰੇ ਗ਼ਦਰੀ ਆਗੂਆਂ ਦੇ ਵਤਨ ਨੂੰ ਕੂਚ ਕਰਨ ਮਗਰੋਂ ਸਾਨਫ਼ਰਾਂਸਿਸਕੋ ਦਾ ਯੁਗਾਂਤਰ ਆਸ਼ਰਮ ਸੁੰਞਾ ਪਿਆ ਸੀ। ਪਸ਼ੌਰੋਂ ਗਏ ਕਿਸੇ ਰਾਮ ਚੰਦ ਨੇ ਉਥੇ ਜਾ ਡੇਰੇ ਲਾਏ। (ਪੂਰੇ ਤਿੰਨ ਸਾਲ ਮਗਰੋਂ ਗ਼ਦਰੀ ਰਾਮ ਸਿੰਘ ਨੇ ਇਹਨੂੰ ਗ਼ੱਦਾਰੀ ਬਦਲੇ ਕਤਲ ਕਰ ਦਿੱਤਾ।) ਕਿਸੇ ਨੂੰ ਨਹੀਂ ਪਤਾ ਕਿ ਸ਼ੁਕੀਨ ਕਵੀ ਹਰੀ ਸਿੰਘ ਫ਼ਕੀਰ ਉਰਫ਼ ਉਸਮਾਨ ਆਸ਼ਰਮ ਚ ਕਿਵੇਂ ਪੁੱਜਾ ਸੀ। ਉਹਨੇ ਅਪਣੀਆਂ ਯਾਦਾਂ (1991) ਚ "ਮੈਨੂੰ ਗ਼ਦਰ ਪਾਰਟੀ ਨੇ ਸੱਦ ਲਿਆ" ਲਿਖਿਆ ਹੈ। ਲਾਲੇ ਹਰਦਿਆਲ ਰਾਹੀਂ ਗ਼ਦਰ ਪਾਰਟੀ ਨੂੰ ਜਰਮਨ ਸਰਕਾਰ ਤੋਂ ਪੈਸੇ ਮਿਲਦੇ ਸੀ ਤੇ ਇਹ ਸਿਲਸਿਲਾ ਹਿਟਲਰ ਦੇ ਵੇਲੇ ਤਕ ਚਲਦਾ ਰਿਹਾ। ਜਰਮਨਾਂ ਦੇ ਆਖੇ ਆਪ-ਸਜੇ ਆਗੂ ਰਾਮ ਚੰਦ ਨੇ ਮੈਵਰਿਕ ਨਾਂ ਦਾ ਜਹਾਜ਼ ਹਥਿਆਰਾਂ ਨਾਲ ਭਰ ਕੇ ਪੰਜ ਹਿੰਦੀਆਂ ਸਣੇ 22 ਅਪ੍ਰੈਲ 1915 ਨੂੰ ਕਲਕੱਤੇ ਨੂੰ ਤੋਰਿਆ। ਈਰਾਨੀ ਖਲਾਸੀਆਂ ਦੇ ਭੇਸ ਵਾਲੇ ਇਹ ਪੰਜ ਜਣੇ ਸੀ: ਹਰੀ ਸਿੰਘ ਫ਼ਕੀਰ (ਉਸਮਾਨ), ਹਰਨਾਮ ਚੰਦ, ਮੰਗੂ ਰਾਮ, ਹਰਚਰਨ ਦਾਸ ਪਿੰਡ ਰਾਏਪੁਰ ਫਰਾਲਾ ਤੇ ਸੁਲਤਾਨਪੁਰ ਯੂਪੀ ਦਾ ਗੰਭੀਰ ਸਿੰਘ। (ਉਸਮਾਨ ਨੇ ਹਰਚਰਨ ਦਾਸ ਨੂੰ ਕਿਸ਼ਨ ਚੰਦ ਤੇ ਗੰਭੀਰ ਸਿੰਘ ਨੂੰ ਰਘਬੀਰ ਦੱਸਿਆ ਹੈ ਤੇ ਜਹਾਜ਼ ਦੇ ਚੱਲਣ ਦੀ ਤਾਰੀਖ 15 ਅਪ੍ਰੈਲ ਦੱਸੀ ਹੈ। ਜਗਜੀਤ ਸਿੰਘ ਦੀ ਲਿਖਤ ਗ਼ਦਰ ਪਾਰਟੀ ਲਹਿਰ (1955) ਵਿਚ ਦਰਜ ਹੈ ਕਿ ਇਸ ਜਹਾਜ਼ ਵਿਚ ‘‘ਤੀਹ ਹਜ਼ਾਰ ਰਾਈਫ਼ਲਾਂ, ਹਰ ਇਕ ਰਾਈਫ਼ਲ ਪ੍ਰਤੀ ਪੰਜ ਸੌ ਗੋਲੀਆਂ ਤੇ ਦੋ ਲੱਖ ਰੁੱਪਯਾ ਆਉਣਾ ਸੀ।" ਸੈਂਸਰੇ ਦੀ ਲਿਖਤ ਵਾਸਤੇ ਲਿਖੇ ਹਰੀ ਸਿੰਘ ਉਸਮਾਨ ਦੇ ਬਿਆਨ ਮੁਜਬ "ਹਥਿਆਰਾਂ ਦੇ ਗਿਆਰਾਂ ਗੱਡੇ (ਪੰਦਰਾਂ ਹਜ਼ਾਰ ਰਫ਼ਲਾਂ ਤੇ ਪਿਸਤੌਲ) ਸੀ।" ਦੋਹਵਾਂ ਹਵਾਲਿਆਂ ਦੀ ਅੱਤਕਥਨੀ ਪ੍ਰਤੱਖ ਹੈ।

ਜਹਾਜ਼ ਸਮੁੰਦਰ ਚ - ਸੈਂਸਰੇ ਦੇ ਲਿਖਣ ਵਾਂਕ - "ਅਵਾਰਾਗਰਦੀ ਕਰਦਾ ਤਿੰਨ ਮਹੀਨੇ ਬਤਾਵੀਆ (ਜਕਾਰਤਾ) ਖੜ੍ਹਾ ਰਿਹਾ। ਹਰਚਰਨ ਦਾਸ ਤੇ ਹਰਨਾਮ ਚੰਦ ਉਤਰ ਕੇ ਸਿਆਮ (ਥਾਈਲੈਂਡ) ਚਲੇ ਗਏ; ਉਥੇ ਇਹ ਪੁਲਸ ਦੇ ਕਾਬੂ ਆ ਗਏ। ਅੰਗਰੇਜ਼ ਹਾਕਮ ਹਰਚਰਨ ਦਾਸ ਨੂੰ ਸਾਫ਼ਰਾਂਸਿਸਕੋ ਲੈ ਗਏ, ਤੇ ਹਰਨਾਮ ਚੰਦ ਨੂੰ ਲਹੌਰ। ਹਰਚਰਨ ਦਾਸ ਗ਼ਦਰੀਆਂ ਦੇ ਖਿਲਾਫ਼ ਚਲਾਏ ਸਾਜ਼ਿਸ਼ ਕੇਸ ਚ ਵਾਅਦਾ ਮੁਆਫ਼ ਗਵਾਹ ਬਣਿਆ ਤੇ ਹਰਨਾਮ ਚੰਦ ਤੀਸਰੇ ਲਹੌਰ ਸਾਜ਼ਿਸ਼ ਕੇਸ ਵਿਚ ਫਾਂਸੀ ਲੱਗਾ। ਸ਼ੁਕੀਨ ਸ਼ਾਇਰ ਜਾਵਾ ਟਾਪੂ ਵਿਚ ਛਪਨ ਹੋ ਗਿਆ ਤੇ ਉਥੇ ਮੁਸਲਮਾਨ ਦੇ ਭੇਸ ਚ ਘਰ ਵਸਾ ਕੇ ਤੀਹ ਸਾਲ ਰਿਹਾ; ਦੇਸ਼ ਆਜ਼ਾਦ ਹੋਣ 'ਤੇ ਅਪਣੇ ਘਰ ਬੱਦੋਵਾਲ ਲੁਧਿਆਣੇ ਆ ਗਿਆ। ਇਹਦੀ ਪਾਈ ਬਾਤ ਦਾ ਸੰਤ ਸਿੰਘ ਸੇਖੋਂ ਨੇ ਨਾਵਲ ਬਣਾਇਆ - ਬਾਬਾ ਆਸਮਾਨ। ਮੰਗੂ ਰਾਮ ਜਹਾਜ਼ੋਂ ਉਤਰ ਸਿੰਘਾਪੁਰ ਗਿਆ, ਤਾਂ ਉਥੇ ਫੜਿਆ ਗਿਆ। ਫ਼ਰਾਰ ਹੋ ਕੇ ਦਸ ਸਾਲ ਭਟਕਦਾ ਅਪਣੇ ਪਿੰਡ ਮੁਗੋਵਾਲ ਪੁੱਜਾ; ਫੇਰ ‘ਆਦਿਧਰਮੀਆਂ' ਦੀ ਲਹਿਰ ਚਲਾਈ ਤੇ ਸੰਨ 1944 ਵਿਚ ਅਪਣੇ ਸੱਤ ਬੰਦਿਆਂ ਸਣੇ ਪੰਜਾਬ ਅਸੰਬਲੀ ਦਾ ਮੈਂਬਰ ਬਣਿਆ। ਇਸ ਸਾਰੇ ਡਰਾਮੇ ਚ ਮਗਰੋਂ ਜਾ ਕੇ ਲੇਨਿਨ ਦੇ ਬਣੇ ਸਾਥੀ ਐੱਮ. ਐੱਨ. ਰਾਏ ਦਾ ਨਾਂ ਵੀ ਬੋਲਦਾ ਹੈ। ਉਹ ਦੱਸਦਾ ਹੈ ਕਿ ਜਹਾਜ਼ ਵਾਲੇ ਹਥਿਆਰ ਪੰਜਾਬੀ ਗ਼ਦਰੀਆਂ ਵਾਸਤੇ ਕਤੱਈ ਨਹੀਂ ਸਨ। ਓਦੋਂ ਪੰਜਾਬ ਵਿਚ ਇਨ੍ਹਾਂ ਹਥਿਆਰਾਂ ਨੂੰ ਕੋਈ ਚਲਾਉਣ ਵਾਲਾ ਤਾਂ ਕੀ, ਕੋਈ ਸਾਂਭਣ ਵਾਲਾ ਵੀ ਨਹੀਂ ਸੀ ਬਚਿਆ।

38