ਪੰਨਾ:Sariran de vatandre.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਰਮਚੀ ਜਹੇ ਰੰਗ ਦਾ ਪੌਡਰ ਪਾ ਕੇ ਤੇ ਗਲਾਸ ਨੂੰ ਹਲਾ ਕੇ ਚੰਗੀ ਤਰ੍ਹਾਂ ਘੋਲ ਕੇ ਮੈਨੂੰ ਪੀਣ ਲਈ ਫੜਾ ਦਿਤਾ ਅਤੇ ਆਪ ਵੀ ਇਕ ਡਬਲ ਪੈਗ ਵਿਸਕੀ ਤੇ ਉਸ ਵਿਚ ਚਿੱਟੇ ਰੰਗ ਦਾ ਪੋਡਰ ਘੋਲ ਕੇ ਪੀ ਲੀਤਾ। ਉਸ ਵੇਲੇ ਮੈਂ ਸੋਚਿਆ ਕਿ ਡਾਕਟਰ ਨੇ ਸ਼ਾਇਦ ਮੈਨੂੰ ਮੇਰਾ ਰੋਗ ਹਟਾਉਣ ਲਈ ਦਵਾਈ ਦਿਤੀ ਹੋਣੀ ਹੈ । ਇਸ ਲਈ ਮੈਂ ਛੇਤੀ ਨਾਲ ਪੀ ਗਿਆ। ਏਸ ਦੇ ਪੀਣ ਨਾਲ ਐਦਾਂ ਜਾਪਿਆ ਜਿਦਾਂ ਕਿ ਜਿਥੋਂ ਦੀ ਉਹ ਅੰਦਰ ਗਈ ਸੀ। ਚੀਰਦੀ ਤੇ ਸਾੜਦੀ ਹੀ ਗਈ ਸੀ ਪਰ ਕੁਝ ਚਿਰ ਬਾਅਦ ਇਸ ਦੇ ਪੀਣ ਨਾਲ ਮੈਨੂੰ ਨੀਂਦ ਜਿਹੀ ਆਉਣ ਲਗ ਪਈ ਅਤੇ ਮੈਨੂੰ ਕੋਈ ਪਤਾ ਹੀ ਨਹੀਂ ਰਿਹਾ ਸੀ ਕਿ ਕਦੋਂ ਸਾਰੇ ਪ੍ਰਾਹਣੇ ਉਥੋਂ ਚਲੇ ਗਏ ਸਨ। ਹਾਂ ਏਨੀ ਕੁ ਯਾਦ ਜ਼ਰੂਰ ਰਹੀ ਸੀ ਕਿ ਆਪਣੇ ਘਰ ਸੌਣ ਦੀ ਥਾਂ ਮੈਂ ਡਾਕਟਰ ਹੁਸ਼ਿਆਰ ਸਿੰਘ ਦੇ ਘਰ ਹੀ ਰਾਤ ਰਿਹਾ ਸਾਂ ਅਤੇ ਐਉਂ ਜਾਪ ਰਿਹਾ ਸੀ ਕਿ ਮੈਂ ਇਕੱਲਾ ਹੀ ਡਾਕਟਰ ਦੀ ਕੋਠੀ ਵਿਚ ਸਾਂ। ਅਤੇ ਕੋਠੀ ਦੇ ਕਮਰਿਆਂ ਦੀ ਬਣਤਰ ਦਾ ਜਾਣ ਹੋਣ ਕਰਕੇ ਜਾਗੋ ਮੀਟੀ ਜਿਹੇ ਹੀ ਡਾਕਟਰ ਦੀ ਬੈਠਕ ਵਿਚ ਪੁਜ ਗਿਆ ਸਾਂ। ਉਥੇ ਪੁਜ ਕੇ ਮੈਨੂੰ ਚੇਤੇ ਆਇਆ ਕਿ ਮੈਂ ਤਾਂ ਆਪਣੇ ਘਰ ਨੂੰ ਜਾਣਾ ਹੈ ਪਰ ਥਕਿਆਂ ਜਿਹਾ ਹੋਣ ਕਰਕੇ ਮੈਂ ਇਕ ਆਰਾਮ ਕੁਰਸੀ ਤੇ ਬਹਿ ਗਿਆ ਸਾਂ। ਫੇਰ ਮੈਨੂੰ ਨੀਂਦ ਦੀ ਘੂਕੀ ਜਿਹੀ ਆ ਗਈ ਅਤੇ ਮੇਰਾ ਅੰਗ ਅੰਗ ਦੁਖਣ ਲਗ ਪਿਆ । ਐਉਂ ਜਾਪ ਰਿਹਾ ਸੀ ਕਿ ਮੈਂ ਕੋਈ ਬਹੁਤ ਹੀ ਪੁਰਾਣਾ ਰੋਗੀ ਹਾਂ । ਜੀਅ ਵੀ ਕੱਚਾ ਕਚਾ ਜਿਹਾ ਹੋਕੇ ਵੋਮੀ ਆਉਣ ਨੂੰ ਕਰਦੀ ਸੀ। ਬੈਠਕ ਦੇ ਕਮਰੇ ਦੇ ਬਾਹਰ ਲੋਕਾਂ ਦੇ ਉਚੀ ਉਚੀ ਬੋਲਣ ਤੇ ਗਲਾਂ ਕਰਨ ਤੇ ਤੁਰਨ ਫਿਰਨ ਦਾ ਖੜਾਕ ਆ ਰਿਹਾ ਸੀ। ਮੈਂ ਸੋਚਿਆ ਕਿ ਸ਼ਾਇਦ ਨੌਕਰ ਚਾਕਰ ਬਚੀ ਬਚਾਈ ਰੋਟੀ ਤੇ ਭਾਂਡੇ ਟੀਂਡੇ ਸਾਂਭ ਰਹੇ ਹੋਣਗੇ ।


੬੪