ਬਾਤਾਂ ਦੇਸ ਪੰਜਾਬ ਦੀਆਂ/ਉਦਮੀ ਤੇ ਆਲਸੀ ਦੀ ਸਾਂਝ

ਵਿਕੀਸਰੋਤ ਤੋਂ


ਉਦਮੀ ਤੇ ਆਲਸੀ ਦੀ ਸਾਂਝ

ਇੱਕ ਕਾਂ ਤੇ ਘੁੱਗੀ ਦੋਨੋਂ ਇੱਕੇ ਦਰਖੱਤ ਤੇ ਰਿਹਾ ਕਰਦੇ ਸੀ। ਇੱਕ ਦਿਨ ਘੁੱਗੀ ਨੇ ਕਾਂ ਨੂੰ ਆਖਿਆ, “ਕਾਵਾਂ, ਕਾਵਾਂ, ਚਲ ਆਪਾਂ ਸਾਂਝੀ ਖੇਤੀ ਕਰੀਏ।"
ਕਾਂ ਬੋਲਿਆ, “ਚੰਗਾ, ਮੈਂ ਤਿਆਰ ਹਾਂ।"
ਫਸਲ ਬੀਜਣ ਦਾ ਸਮਾਂ ਆ ਗਿਆ। ਘੁੱਗੀ ਨੇ ਕਾਂ ਨੂੰ ਆਖਿਆ, “ਚਲ ਕਾਵਾਂ ਆਪਾਂ ਕਣਕ ਬੀਜਣ ਨੂੰ ਰੌਣੀ ਕਰ ਆਈਏ।"
ਕਾਂ ਨੇ ਉੱਤਰ ਦਿੱਤਾ :
ਚਲ ਮੈਂ ਆਇਆ
ਪੈਰੀ ਮੌਜੇ ਪਾਇਆ
ਸੋਨੇ ਚੁੰਝ ਮੜਾ੍ਇਆ
ਠੁਮ ਰੁਮ ਕਰਦਾ ਆਇਆ।
ਵਿਚਾਰੀ ਘੁੱਗੀ ਕੱਲੀ ਹੀ ਰੌਣੀ ਕਰ ਆਈ। ਆਲਸੀ ਕਾਂ ਨਾ ਗਿਆ। ਖੇਤ ਬੱਤਰ ਆ ਗਿਆ। ਘੁੱਗੀ ਨੇ ਕਾਂ ਨੂੰ ਖੇਤ ਦੀ ਵਾਹੀ ਕਰਨ ਲਈ ਆਖਿਆ, “ਚਲ ਆਪਾਂ ਖੇਤ ਵਾਹ ਆਈਏ।"
ਕਾਂ ਨੇ ਝੱਟ ਉੱਤਰ ਦਿੱਤਾ :
ਚਲ ਮੈਂ ਆਇਆ
ਪੈਰੀਂ ਮੋਜੇ ਪਾਇਆ
ਸੋਨੇ ਚੁੰਝ ਮੜਾ੍ਇਆ
ਠੁਮ ਠੁਮ ਕਰਦਾ ਆਇਆ।
ਘੱਗੀ ਖੇਤ ਵੀ ਵਾਹ ਆਈ। ਕਾਂ ਫੇਰ ਵੀ ਨਾ ਗਿਆ। ਘੁੱਗੀ ਖੇਤ ਵਾਹ ਕੇ ਕਾਂ ਨੂੰ ਬੋਲੀ, “ਚਲ ਆਪਾਂ ਬੀ ਬੀਜ ਆਈਏ।"
ਚਲਾਕ ਕਾਂ ਨੇ ਪਹਿਲਾਂ ਵਾਂਗ ਹੀ ਜਵਾਬ ਦੇ ਦਿੱਤਾ :
ਚਲ ਮੈਂ ਆਇਆ
ਪੈਰੀਂ ਮੋਜੇ ਪਾਇਆ
ਸੋਨੇ ਚੁੰਝ ਮੜਾ੍ਇਆ
ਠੁਮ ਠੁਮ ਕਰਦਾ ਆਇਆ । ਘੁੱਗੀ ਬੀਜ ਵੀ ਬੀਜ ਆਈ। ਕਾਂ ਨਾ ਅਪੜਿਆ। ਕੁਝ ਦਿਨਾਂ ਮਗਰੋਂ ਬੂਟੇ ਉੱਗ ਪਏ। ਬੂਟਿਆਂ ਨੂੰ ਪਾਣੀ ਦੇਣ ਦਾ ਸਮਾਂ ਸੀ। ਘੁੱਗੀ ਨੇ ਕਾਂ ਨੂੰ ਕਿਹਾ, "ਕਾਵਾਂ, ਕਾਵਾਂ ਚਲ ਆਪਾਂ ਬੂਟਿਆਂ ਨੂੰ ਸਿੰਜ ਆਈਏ।"
ਕਾਂ ਨੇ ਘੜਿਆ ਘੜਾਇਆ ਉੱਤਰ ਦੇ ਦਿੱਤਾ:
ਚਲ ਮੈਂ ਆਇਆ
ਪੈਰੀਂ ਮੋਜੇ ਪਾਇਆ
ਸੋਨੇ ਚੁੰਝ ਮੜ੍ਹਾਇਆ
ਠੁਮ ਠੁਮ ਕਰਦਾ ਆਇਆ।
ਕਾਂ ਗੁੱਡਣ ਨਾ ਗਿਆ। ਘੁੱਗੀ ਵਿਚਾਰੀ ਕੱਲੀ ਹੀ ਗੁੱਡਦੀ ਰਹੀ। ਦਿਨ ਪਾ ਕੇ ਕਣਕ ਪੱਕ ਗਈ। ਘੁੱਗੀ ਨੇ ਫਸਲ ਪੱਕੀ ਤੱਕ ਕੇ ਕਾਂ ਨੂੰ ਵਾਢੀ ਕਰਨ ਲਈ ਕਿਹਾ, "ਕਾਵਾਂ! ਕਾਵਾਂ! ਚਲ ਆਪਾਂ ਹਾੜੀ ਵੱਢ ਆਈਏ। ਮਚਲਾ ਕਾਂ ਬੋਲਿਆ:
ਚਲ ਮੈਂ ਆਇਆ
ਪੈਰੀਂ ਮੋਜੇ ਪਾਇਆ
ਸੋਨੇ ਚੁੰਝ ਮੜ੍ਹਾਇਆ
ਠੁਮ ਠੁਮ ਕਰਦਾ ਆਇਆ।
ਘੁੱਗੀ ਹਾੜੀ ਵੀ ਵੱਢ ਆਈ। ਕਾਂ ਘਰੇ ਹੀ ਰਿਹਾ। ਵਿਚਾਰੀ ਕੱਲੀ ਘੁੱਗੀ ਨੇ ਖਲਵਾੜਾ ਲਾ ਦਿੱਤਾ। ਉਹ ਦੂਜੇ ਦਿਨ ਕਾਂ ਨੂੰ ਬੋਲੀ, "ਕਾਵਾਂ! ਕਾਵਾਂ! ਚਲ ਆਪਾਂ ਕਣਕ ਗਾਹ ਲਈਏ।
ਕਾਂ ਨੇ ਪਹਿਲਾਂ ਵਾਲਾ ਹੀ ਉੱਤਰ ਕੱਢ ਮਾਰਿਆ:
ਚਲ ਮੈਂ ਆਇਆ
ਪੈਰੀ ਮੌਜੇ ਪਾਇਆ
ਸੋਨੇ ਚੁੰਝ ਮੜ੍ਹਾਇਆ
ਠੁਮ ਠੁਮ ਕਰਦਾ ਆਇਆ।
ਕਾਂ ਕਦੋਂ ਜਾਣ ਵਾਲਾ ਸੀ। ਉਹਨੂੰ ਕੱਲੀ ਨੂੰ ਹੀ ਸਾਰੀ ਕਣਕ ਗਾਹੁਣੀ ਪਈ। ਉਹਨੇ ਗਾਹੁਣ ਮਗਰੋਂ ਉਡਾਣ ਲਈ ਧੜ ਲਾ ਦਿੱਤੀ ਅਤੇ ਆ ਕੇ ਕਾਂ ਨੂੰ ਆਖਿਆ, "ਕਾਵਾਂ! ਕਾਵਾਂ! ਚਲ ਆਪਾਂ ਹੁਣ ਧੜ ਉਡਾ ਆਈਏ।
ਪਰ ਕਾਂ ਨੇ ਪਹਿਲਾਂ ਵਾਂਗ ਹੀ ਬਹਾਨਾ ਲਾ ਦਿੱਤਾ:
ਚਲ ਮੈਂ ਆਇਆ
ਪੈਰੀਂ ਮੋਜੇ ਪਾਇਆ
ਸੋਨੇ ਚੁੰਝ ਮੜ੍ਹਾਇਆ
ਠੁਮ ਠੁਮ ਕਰਦਾ ਆਇਆ।
ਕਾਂ ਹੁਣ ਵੀ ਨਾ ਗਿਆ। ਉਹ ਕੱਲੀ ਹੀ ਸਾਰੀ ਕਣਕ ਉਡਾ ਆਈ। ਤੂੜੀ ਇੱਕ ਪਾਸੇ ਹੋ ਗਈ ਅਤੇ ਕਣਕ ਦੇ ਦਾਣੇ ਇੱਕ ਪਾਸੇ ਕੱਠੇ ਕਰ ਦਿੱਤੇ ਘੁੱਗੀ ਨੇ ਕਾਂ ਨੂੰ ਘਰ ਆ ਕੇ ਆਖਿਆ, "ਕਾਵਾਂ! ਕਾਵਾਂ! ਚਲ ਆਪਾਂ ਫਸਲ ਵੰਡ ਲਈਏ। ਤੂੰ ਆਪਣਾ ਹਿੱਸਾ ਸਾਂਭ ਲੈ।"
ਕਾਂ ਨੇ ਝੱਟ ਉੱਤਰ ਦਿੱਤਾ, "ਘੁੱਗੀਏ, ਉਥੇ ਜਾਣ ਦੀ ਕਿਹੜੀ ਲੋੜ ਏ। ਆਪਾਂ ਏਥੇ ਹੀ ਵੰਡ ਲੈਂਦੇ ਹਾਂ। ਬੜਾ ਸਾਰਾ ਢੇਰ ਮੇਰਾ, ਛੋਟਾ ਤੇਰਾ।
ਕਾਂ ਨੇ ਤੂੜੀ ਸਾਂਭ ਲਈ ਅਤੇ ਘੁੱਗੀ ਨੇ ਦਾਣੇ। ਘੁੱਗੀ ਆਪਣੇ ਦਾਣੇ ਆਪਣੇ ਘਰ ਚੁੱਕ ਲਿਆਈ ਤੇ ਕਾਂ ਤੂੜੀ ਦੇ ਢੇਰ ਕੋਲ ਖੜਾ ਆਲੇ-ਦੁਆਲੇ ਵੇਖਦਾ ਰਿਹਾ।