ਬਾਤਾਂ ਦੇਸ ਪੰਜਾਬ ਦੀਆਂ/ਖੱਚਰਾ ਜੱਟ

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਖੱਚਰਾ ਜੱਟ

ਇੱਕ ਵਾਰੀ ਦੀ ਗੱਲ ਹੈ ਕਿ ਇੱਕ ਪਿੰਡ ਵਿੱਚ ਇੱਕ ਜੱਟ ਦੀ ਖੇਤੀ ਦਾ ਕੰਮ ਬੜੇ ਸੁਚੱਜੇ ਢੰਗ ਨਾਲ ਚਲ ਰਿਹਾ ਸੀ। ਉਹਨਾਂ ਦੇ ਟਾਕਰੇ ਵਿੱਚ ਦੂਜੇ ਜੱਟਾਂ ਦੀਆਂ ਫ਼ਸਲਾਂ ਕੁਝ ਵੀ ਨਹੀਂ ਸਨ ਹੁੰਦੀਆਂ।
ਉਸ ਜੱਟ ਦੇ ਐਨ ਗੁਆਂਢ ਵਿੱਚ ਇੱਕ ਜੁਲਾਹਿਆਂ ਦਾ ਟੱਬਰ ਆ ਕੇ ਰਹਿਣ ਲੱਗਾ। ਉਹਨਾਂ ਦਾ ਤਾਣੇ ਪੇਟੇ ਦਾ ਕੰਮ ਬੜਾ ਚੰਗਾ ਚਲ ਰਿਹਾ ਸੀ। ਆਪਣੇ ਗੁਆਂਢੀ ਜੱਟ ਦੀ ਚੰਗੀ ਆਮਦਨ ਵੇਖ ਕੇ ਉਨ੍ਹਾਂ ਨੇ ਵੀ ਖੇਤੀ ਦਾ ਧੰਦਾ ਕਰਨ ਲਈ ਆਪਣਾ ਮਨ ਬਣਾ ਲਿਆ। ਉਹਨਾਂ ਨੇ ਫੈਸਲਾ ਕੀਤਾ ਕਿ ਜਿਵੇਂ ਉਹਨਾਂ ਦਾ ਗੁਆਂਢੀ ਜੱਟ ਕਰੇਗਾ ਉਸੇ ਤਰ੍ਹਾਂ ਉਹ ਵੀ ਖੇਤੀ ਦਾ ਕੰਮ ਕਰਨਗੇ।
ਆਖਰ ਜਲਾਹਿਆਂ ਨੇ ਆਪਣਾ ਧੰਦਾ ਤਿਆਗ ਕੇ ਵਟਾਈ ਉੱਤੇ ਜ਼ਮੀਨ ਲੈ ਲਈ ਅਤੇ ਬਲਦਾਂ ਦੀ ਜੋੜੀ ਖ਼ਰੀਦ ਲਿਆਂਦੀ।
ਸਾਉਣੀ ਦੀ ਫਸਲ ਦੇ ਦਿਨ ਸਨ।
ਜੁਲਾਹਿਆਂ ਦਾ ਗੁਆਂਢੀ ਜੱਟ-ਟੱਬਰ ਦੂਜੀ ਭਲਕੇ ਕੀਤੇ ਜਾਣ ਵਾਲੇ ਕੰਮਾਂ ਬਾਰੇ ਰਾਤ ਸਮੇਂ ਸਲਾਹ ਕਰਿਆ ਕਰਦਾ ਸੀ। ਉਨ੍ਹਾਂ ਦਾ ਵਡਾਰੂ ਉਨ੍ਹਾਂ ਦੀ ਪੂਰੀ ਅਗਵਾਈ ਕਰਦਾ, "ਮੁੰਡਿਓ ਸਵੇਰੇ ਸਾਜਰੇ ਜਾ ਕੇ ਹਲ ਜੋੜ ਲੈਣਾ: ਨਾਲੇ ਫਲਾਹੀ ਆਲ੍ਹੇ ਖੇਤ ਨੂੰ ਬੀਜ ਦੇਣਾ ਨਹੀਂ ਤਾਂ ਉਹਦੀ ਗਿੱਲ ਸੁੱਕ ਜਾਉਗੀ।"
ਜੁਲਾਹੇ ਜੱਟ ਦੀ ਕੰਧ ਨਾਲ ਕੰਨ ਲਾ ਕੇ ਭਲਕੇ ਕੀਤੇ ਜਾਣ ਵਾਲੇ ਕੰਮਾਂ ਬਾਰੇ ਸੁਣਦੇ ਅਤੇ ਜੱਟਾਂ ਤੋਂ ਪਹਿਲਾਂ ਉੱਠ ਕੇ ਹਲ ਆਦਿ ਜੋੜ ਲੈਂਦੇ। ਇਸ ਪਰਕਾਰ ਉਹ ਉਸ ਜੱਟ ਨਾਲੋਂ ਕੰਮ ਵਿੱਚ ਅੱਗੇ ਵੱਧ ਰਹੇ ਸਨ ਅਤੇ ਹਰ ਕੰਮ ਵਿੱਚ ਪਹਿਲ ਕਰ ਜਾਂਦੇ ਸਨ। ਸਾਉਣੀ ਦੀ ਬਿਜਾਈ ਉਹਨਾਂ ਨੇ ਜੱਟ ਨਾਲੋਂ ਅਗੇਤੀ ਕਰ ਲਈ ਤੇ ਲੱਗੇ ਜੱਟ ਨੂੰ ਟਿੱਚਰਾ ਕਰਨ।
"ਖੇਤੀ ਸੁਹਰੀ ਦਾ ਕੀ ਐ-ਕਿਹੜਾ ਵੇਦ ਪੜ੍ਹਨੇ ਨੇ, ਹਲ ਵਾਹਿਆ, ਦਾਣੇ ਬੀਜੇ ਤੇ ਫਸਲ ਤਿਆਰ। ਜੱਟ ਐਵੇਂ ਸਦੀਆਂ ਤੋਂ ਇਹ ਕੰਮ ਕਰਦੇ ਆ ਰਹੇ ਨੇ......ਅਸੀਂ ਸਜਰੀ ਖੇਤੀ ਕੀਤੀ ਐ ਤੇ ਸਾਰਿਆਂ ਨਾਲੋਂ ਅੱਗੇ ਲੰਘ ਗਏ ਆਂ। ਸਾਡੇ ਮੱਕੀ ਦੇ ਖੇਤਾਂ ਵਿੱਚ ਜਾ ਕੇ ਤਾਂ ਵੇਖੋ ਕਿਵੇਂ ਮੱਕੀ ਦੇ ਟਾਂਡੇ ਗਧੇ ਦੇ ਬੱਚੇ ਦੇ ਕੰਨਾਂ ਵਾਂਗ ਸੁਹਣੇ ਲੱਗਦੇ ਨੇ...।"
ਵਡਾਰੂ ਜੁਲਾਹੇ ਦੀਆਂ ਫੜਾਂ ਸੁਣ ਕੇ ਮੁਛਾਂ 'ਚ ਮੁਸਕਰਾਇਆ। ਉਹ ਇਹ ਜਾਣਦਾ ਸੀ ਕਿ ਜੁਲਾਹਿਆਂ ਦੀ ਖੇਤੀ ਬਾਰੇ ਪੂਰੀ ਜਾਣਕਾਰੀ ਨਹੀਂ। ਜੋ ਕੁਝ ਵੀ ਉਹਨਾਂ ਨੇ ਹੁਣ ਤੀਕ ਕੀਤਾ ਹੈ ਉਹ ਉਸ ਦੀ ਅਗਵਾਈ ਕਰਕੇ ਕੀਤਾ ਹੈ। ਜੱਟ ਖਚਰਾ ਵੀ ਬੜਾ ਹੁੰਦਾ ਹੈ। ਵਡਾਰੂ ਵਿਚਲਾ ਖਚਰਾ ਜੱਟ ਜਾਗ ਪਿਆ ।
ਮੱਕੀ ਦੇ ਟਾਂਡੇ ਗੋਡੇ ਗੋਡੇ ਹੋ ਚੁੱਕੇ ਸਨ।
ਇੱਕ ਆਥਣ ਨੂੰ ਵਡਾਰੂ ਨੇ ਆਪਣੇ ਪੁੱਤਰਾਂ ਨੂੰ ਉੱਚੀ ਦੇਣੀ ਕਿਹਾ, "ਮੁੰਡਿਓ, ਸਵੇਰੇ ਸਾਜਰੇ ਜਾ ਕੇ ਮੱਕੀ ਨੂੰ ਸੁਹਾਗਾ ਦੇ ਆਉਣਾ।"
ਉਹਨੇ ਇਹ ਗੱਲ ਐਨੀ ਉੱਚੀ ਕਹੀ ਕਿ ਜੁਲਾਹਿਆਂ ਨੇ ਵੀ ਸੁਣ ਲਈ।
ਜੁਲਾਹੇ ਤੜਕ ਸਾਰ ਉੱਠੇ ਤੇ ਲੱਗੇ ਆਪਣੇ ਮੱਕੀ ਦੇ ਖੇਤਾਂ ਨੂੰ ਸੁਹਾਗਾ ਦੇਣ।
ਸੁਹਾਗਾ ਦੇ ਕੇ ਉਹਨਾਂ ਨੇ ਸਾਰੀ ਮੱਕੀ ਦਾ ਮਲੀਆ ਮੇਟ ਕਰ ਦਿੱਤਾ।
ਜਦ ਜੁਲਾਹੇ ਮੱਕੀ ਦੇ ਖੇਤ ਨੂੰ ਸੁਹਾਗਾ ਦੇ ਕੇ ਵਾਪਸ ਆ ਰਹੇ ਸੀ, ਪਿੰਡ ਦੇ ਸਾਰੇ ਜੱਟ ਉਹਨਾਂ ਵੱਲ ਵੇਖ ਵੇਖ ਕੇ ਖਿੜ ਖਿੜਾ ਕੇ ਹੱਸ ਰਹੇ ਸਨ.....।