ਸਮੱਗਰੀ 'ਤੇ ਜਾਓ

ਬਾਤਾਂ ਦੇਸ ਪੰਜਾਬ ਦੀਆਂ/ਖ਼ਚਰਾ ਜੱਟ ਸੰਗੀਤਕਾਰ ਬਣਿਆਂ

ਵਿਕੀਸਰੋਤ ਤੋਂ

ਖ਼ਚਰਾ ਜੱਟ ਸੰਗੀਤਕਾਰ ਬਣਿਆਂ

ਪੁਰਾਣੇ ਸਮੇਂ ਦੀ ਗੱਲ ਹੈ ਇੱਕ ਰਾਜੇ ਨੂੰ ਸੰਗੀਤ ਦਾ ਬਹੁਤ ਸ਼ੌਕ ਸੀ। ਉਹ ਸੰਗੀਤਕਾਰਾਂ ਨੂੰ ਦਿਲ ਖੋਹਲ ਕੇ ਇਨਾਮ ਦਿਆ ਕਰਦਾ ਸੀ। ਇੱਕ ਸਿਆਣੇ ਵਜ਼ੀਰ ਨੇ ਰਾਜੇ ਨੂੰ ਸਲਾਹ ਦਿੱਤੀ ਬਈ ਇੱਕ ਦਿਨ ਰਾਜ ਦੇ ਸਾਰੇ ਸੰਗੀਤਕਾਰਾਂ ਵਿੱਚ ਸੱਦ ਕੇ ਸੰਗੀਤ ਦਰਬਾਰ ਕੀਤਾ ਜਾਵੇ ਅਤੇ ਸੱਭ ਤੋਂ ਵਧੀਆ ਸੰਗੀਤਕਾਰ ਨੂੰ ਮਾਣ ਦੇਈਏ। ਰਾਜੇ ਨੇ ਇਹ ਸਲਾਹ ਪਰਵਾਨ ਕਰ ਲਈ।
ਸੰਗੀਤ ਮੁਕਾਬਲੇ ਲਈ ਦਿਨ ਮਿਥਿਆ ਗਿਆ। ਸਾਰੇ ਰਾਜ ਵਿੱਚ ਢੰਡੋਰਾ ਪਿੱਟਿਆ ਗਿਆ। ਇੱਕ ਜੱਟ ਨੇ ਵੀ ਸੰਗੀਤ ਮੁਕਾਬਲੇ ਬਾਰੇ ਸੁਣਿਆਂ। ਉਸ ਨੇ ਵੀ ਇਸ ਮੁਕਾਬਲੇ ਵਿੱਚ ਸ਼ਾਮਿਲ ਹੋਣ ਦਾ ਮਨ ਬਣਾ ਲਿਆ।
ਮਿੱਥੇ ਸਮੇਂ ਤੇ ਰਾਜ ਭਰ ਤੋਂ ਸੰਗੀਤਕਾਰ ਆਪਣੇ-ਆਪਣੇ ਸਾਜ਼ ਲਈ ਰਾਜ ਦਰਬਾਰ ਵਿੱਚ ਆਉਣੇ ਸ਼ੁਰੂ ਹੋ ਗਏ। ਵੰਨ-ਸੁਵੰਨੇ ਲਬਾਸ ਪਾਈ ਸੰਗੀਤਕਾਰ ਗਲਾਂ 'ਚ ਬਾਜੇ ਲਟਕਾਈਂ ਆ ਰਹੇ ਸੀ। ਕਿਧਰੇ ਢੱਡ ਸਾਰੰਗੀਆਂ ਵਾਲੇ ਆ ਰਹੇ ਸੀ ਤੇ ਕਿਧਰੇ ਅਲਗੋਜ਼ਿਆਂ ਵਾਲੇ। ਗਲ ਕੀ ਭਾਂਤ ਭਾਂਤ ਦੇ ਸੰਗੀਤ ਵਾਲੇ ਸਾਜ਼ ਲਈ ਦਰਬਾਰ ਵਿੱਚ ਨਜ਼ਰ ਆ ਰਹੇ ਸੀ। ਸਾਰੇ ਜਣੇ ਆਪਣੇ-ਆਪਣੇ ਥਾਂ ਬਰਾਜਮਾਨ ਹੋ ਗਏ। ਮੁਕਾਬਲਾ ਸ਼ੁਰੂ ਹੋਣ ਹੀ ਵਾਲਾ ਸੀ ਕਿ ਇੱਕ ਜੱਟ ਬਿਨਾਂ ਹਲਸ ਤੋਂ ਹਲ ਦਾ ਮੁੰਨਾ ਮੋਢੇ ਤੇ ਰੱਖੀ ਤੇ ਹੱਥ ਵਿੱਚ ਪੰਜਾਲੀ ਦੀ ਅਰਲੀ ਲਈਂ ਦਰਬਾਰ ਵਿੱਚ ਹਾਜ਼ਰ ਹੋ ਗਿਆ। ਜੱਟ ਦੇ ਸਾਜ਼ ਨੂੰ ਵੇਖ ਕੇ ਸਾਰੇ ਹੈਰਾਨ ਹੋ ਗਏ। ਰਾਜਾ ਜੱਟ ਵੱਲ ਵੇਖ ਬਹੁਤ ਹੈਰਾਨ ਹੋਇਆ। ਜੱਟ ਵਰਗਾ ਸਾਜ਼ ਇਸ ਤੋਂ ਪਹਿਲੇ ਕਦੇ ਨਹੀਂ ਸੀ ਵੇਖਿਆ। ਸਾਰੇ ਸੰਗੀਤਕਾਰ ਜੱਟ ਵੱਲ ਬਿੱਟ-ਬਿੱਟ ਵੇਖ ਰਹੇ ਸੀ। ਏਧਰ ਮਚਲਾ ਜੱਟ ਉਨ੍ਹਾਂ ਵੱਲ ਵੇਖ-ਵੇਖ ਮੁਸਕੜੀਏਂ ਮੁਸਕਰਾ ਰਿਹਾ ਸੀ।
"ਜੱਟਾ, ਤੂੰ ਵੀ ਮੁਕਾਬਲੇ ਵਿੱਚ ਹਿੱਸਾ ਲੈਣ ਆਇਆ ਐਂ?" ਰਾਜੇ ਨੇ ਪੁੱਛਿਆ।
"ਹਾਂ ਹਜ਼ੂਰ।"
"ਤੇਰੇ ਇਸ ਸਾਜ਼ ਦਾ ਕੀ ਨਾਂ ਹੈ?"
"ਹਜ਼ੂਰ ਸ਼ਾਮਲ ਬਾਜਾ।"
ਇਹ ਨਾਂ ਸਣ ਦੇ ਸਾਰ ਹੀ ਸਾਰਾ ਦਰਬਾਰ ਕਹਿਕਹਾ ਮਾਰ ਕੇ ਹੱਸ ਪਿਆ। ਰਾਜਾ ਸ਼ਾਮਲ ਬਾਜੇ ਨੂੰ ਬੜੀ ਨੀਝ ਨਾਲ ਵੇਖਣ ਲੱਗਾ।ਅਰਲੀ ਨੂੰ ਹੱਥ ਵਿੱਚ ਫੜ ਕੇ ਪੁੱਛਿਆ, "ਇਹ ਕੀ ਹੈ?"
"ਹਜ਼ੂਰ ਇਹ ਸ਼ਾਮਲ ਬਾਜੇ ਦਾ ਗਜ ਹੈ।"
ਹਾਸਾ ਫੇਰ ਮੱਚ ਉੱਠਿਆ।
“ਅੱਛਾ ਬਈ ਤੂੰ ਆਪਣਾ ਸਾਜ਼ ਬਜਾ ਕੇ ਸੁਣਾ” ਰਾਜੇ ਨੇ ਜੱਟ ਨੂੰ ਆਪਣਾ ਸਾਜ਼ ਬਜਾਉਣ ਲਈ ਹੁਕਮ ਦੇ ਦਿੱਤਾ।
“ਹਜ਼ੂਰ ਮੇਰਾ ਸਾਜ਼ ਉਦੋਂ ਵੱਜਦਾ ਹੈ ਜਦੋਂ ਸਾਰੇ ਮਾਜ਼ ਕੱਠੇ ਵੱਜਦੇ ਨੇ-ਫੇਰ ਦੇਖਣਾ ਇਹ ਕੇਹੋ ਜਿਹੀਆਂ ਸੁਰਾਂ ਅਲਾਪਦੈ।”
ਰਾਜੇ ਨੇ ਦੂਜੇ ਸੰਗੀਤਕਾਰਾਂ ਨੂੰ ਆਪਣੇ-ਆਪਣੇ ਸਾਜ਼ ਬਜਾਉਣ ਦਾ ਇਸ਼ਾਰਾ ਕੀਤਾ। ਸਾਰੇ ਸਾਜ਼ ਇੱਕ ਦਮ ਗੂੰਜ ਉਠੇ। ਜੱਟ ਆਪਣੇ ਹਲ ਦੇ ਮੁੰਨੇ ਤੇ ਅਰਲੀ ਦਾ ਗਜ ਬਣਾ ਕੇ ਫੇਰਨ ਲੱਗਾ। ਵੰਨ ਸੁਵੰਨੇ ਸਾਜ਼ਾਂ ਦੀਆਂ ਰਲਵੀਆਂ ਮਿਲਵੀਆਂ ਅਵਾਜ਼ਾਂ ਦਾ ਸੰਗੀਤ ਰਾਜੇ ਨੂੰ ਭਾ ਗਿਆ....।
ਉਹ ਜੱਟ ਦੇ ਸੰਗੀਤ ਤੇ ਅਸ਼-ਅਸ਼ ਕਰ ਉੱਠਿਆ। ਰਾਜੇ ਨੇ ਜੱਟ ਨੂੰ ਦਿਲ ਖੋਹਲ ਕੇ ਇਨਾਮ ਦਿੱਤਾ। ਬਾਕੀ ਸੰਗੀਤਕਾਰ ਨਿਰਾਸ਼ ਹੋ ਕੇ ਆਪਣੇ-ਆਪਣੇ ਘਰਾਂ ਨੂੰ ਪਰਤ ਆਏ। ਏਧਰ ਖ਼ਚਰਾ ਜੱਟ ਕਲੀਆਂ ਲਾਉਂਦਾ ਹੋਇਆ ਆਪਣੇ ਘਰ ਨੂੰ ਤੁਰ ਪਿਆ....।