ਸਮੱਗਰੀ 'ਤੇ ਜਾਓ

ਬਾਤਾਂ ਦੇਸ ਪੰਜਾਬ ਦੀਆਂ/ਅਣਜਾਣ ਸਾਂਝੀ

ਵਿਕੀਸਰੋਤ ਤੋਂ

ਅਣਜਾਣ ਸਾਂਝੀ

ਇੱਕ ਵਾਰੀ ਇੱਕ ਜੱਟ ਨੇ ਇੱਕ ਜੁਲਾਹੇ ਨੂੰ ਆਪਣਾ ਕਾਮਾ ਰੱਖ ਲਿਆ। ਕਾਮੇ ਨੂੰ ਖੇਤੀ ਬਾੜੀ ਦੇ ਕੰਮ ਦੀ ਬਹੁਤੀ ਜਾਂਚ ਨਹੀਂ ਸੀ। ਜੱਟ ਨੂੰ ਕੋਈ ਹੋਰ ਕਾਮਾ ਨਾ ਮਿਲ ਸਕਿਆ ਜਿਸ ਕਰ ਕੇ ਉਸ ਨੂੰ ਜੁਲਾਹੇ ਨੂੰ ਰੱਖਣਾ ਪੈ ਗਿਆ ਸੀ। ਆਖਰ ਕੰਮ ਤਾਂ ਸਾਰਨਾ ਸੀ। ਖੇਤੀ ਕੱਲੇ ਕਾਰੇ ਦੇ ਕਰਨ ਦੀ ਕਦੋਂ ਹੈ-ਖੇਤੀ ਵਿੱਚ ਤਾਂ ਜਿੰਨੇ ਕਾਮੇ ਬਹੁਤੇ ਉੱਨੇ ਹੀ ਥੋਹੜੇ ਹੁੰਦੇ ਨੇ।
ਇੱਕ ਦਿਨ ਜੱਟ ਨੂੰ ਕਿਧਰੇ ਬਾਹਰ ਜਾਣਾ ਪੈ ਗਿਆ। ਉਸ ਨੇ ਜਾਣ ਤੋਂ ਪਹਿਲਾਂ ਆਪਣੇ ਸਾਂਝੀ ਨੂੰ ਕਰਨ ਵਾਲੇ ਕੰਮ ਗਿਣਾ ਕੇ ਆਖਿਆ, "ਘਮਨਿਆ ਧਿਆਨ ਨਾਲ ਗੱਲ ਸੁਣ। ਆਪਣਾ ਕਪਾਹ ਵਾਲਾ ਖੇਤ ਵੱਤ ਆਜੂਗਾ ਸਵੇਰੇ ਜਾਂ ਪਰਸੋਂ। ਤੂੰ ਉਸ ਨੂੰ ਗੁੱਡ ਆਵੀਂ ਬੇਸ਼ਕ ਆਪਣੇ ਬਾਪੂ ਅਤੇ ਭਰਾ ਨੂੰ ਨਾਲ ਲੈ ਲਈਂ। ਦਿਹਾੜੀ ਦੇ ਦਿਆਂਗੇ। ਜੋ ਵੱਤੋਂ ਖੁੰਝ ਗਏ ਤਾਂ ਗੱਲ ਨਹੀਂ ਬਣੀ। ਮੇਰੇ ਆਉਂਦੇ ਨੂੰ ਖੇਤ ਗੁੱਡਿਆ ਹੋਵੇ।ਮੈਂ ਪੰਜ ਚਾਰ ਦਿਨਾਂ ਤੀਕਰ ਆ ਜਾਊਂਗਾ। ਨਾਲੇ ਡੰਗਰਾਂ ਦਾ ਵੀ ਧਿਆਨ ਰੱਖੀ। ਵੇਲੇ ਸਿਰ ਕੱਖ ਕੰਡਾ ਪਾਉਂਦਾ ਰਹੀਂ ਨਾਲੇ ਪਾਣੀ ਵੀ ਵੇਲੇ ਸਿਰ ਪਿਲਾ ਛੱਡੀ।"
"ਚੰਗਾ ਸਰਦਾਰਾ! ਤੂੰ ਬੇਫਿਕਰ ਰਹੀਂ...."
ਜੱਟ ਸਾਂਝੀ ਦੇ ਆਸਰੇ ਤੇ ਕੰਮ ਛੱਡ ਕੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਚਲਿਆ ਗਿਆ।
ਸਾਂਝੀ ਆਪਣੇ ਭਰਾ ਅਤੇ ਬਾਪੂ ਨੂੰ ਲੈ ਕੇ ਕਪਾਹ ਦੇ ਖੇਤ ਵਿੱਚ ਪੁੱਜ ਗਿਆ। ਉਹਨਾਂ ਦੇ ਸਾਹਮਣੇ ਕਪਾਹ ਦਾ ਖੇਤ ਖੱਬਲ ਅਤੇ ਡੀਲਿਆਂ ਨਾਲ ਭਰਿਆ ਪਿਆ ਸੀ-ਕਪਾਹ ਦੇ ਬੂਟੇ ਖੱਬਲ ਤੇ ਮੋਥੇ ਨਾਲ ਲੁਕੇ ਪਏ ਸਨ।
ਤਿੰਨੇ ਕਿਆਰੇ ਦੇ ਮੁੱਢ ਵਿੱਚ ਬੈਠੇ ਸੋਚ ਰਹੇ ਸੀ ਕਿ ਉਹ ਕੀ ਕਰਨ। ਉਨ੍ਹਾਂ ਨੂੰ ਸਮਝ ਨਹੀਂ ਸੀ ਆ ਰਹੀ ਗੋਡੀ ਕਿਵੇਂ ਕਰਨ। ਆਖਰ ਘਮਨੇ ਦੇ ਬਾਪੂ ਨੇ ਆਖਿਆ-
ਖੱਬਲ ਪਾਲੇ ਟੱਬਰ
ਡੀਲਾ ਮੇਰਾ ਕਬੀਲਾ
ਇਹ ਟਮਟਮੀ ਬੂਟੀ ਕਾਸ ਨੂੰ ਆਈ।
ਉਹ ਖੱਬਲ ਮੋਥੇ ਅਤੇ ਡੀਲੇ ਨੂੰ ਛੱਡ ਕੇ ਟਮਟਮੀ ਬੂਟੀ ਕਪਾਹ ਨੂੰ ਹੀ ਵੱਢਣ ਲੱਗ ਪਏ। ਉਹ ਇਹ ਨਹੀਂ ਸਨ ਜਾਣਦੇ ਕਿ ਗੋਡੀ ਕਿਵੇਂ ਕਰੀਦੀ ਹੈ। ਸ਼ਾਮ ਤੀਕ ਉਹਨਾਂ ਨੇ ਸਾਰੇ ਖੇਤ ਵਿੱਚੋਂ ਕਪਾਹ ਦੇ ਬੂਟੇ ਵੱਢ ਸੁੱਟੇ। ਖੇਤ ਵਿੱਚ ਸਵਾਏ ਖੱਬਲ ਅਤੇ ਮੋਥੇ ਦੇ ਕੁਝ ਵੀ ਵਿਖਾਈ ਨਹੀਂ ਸੀ ਦੇ ਰਿਹਾ। ਜੁਲਾਹੇ ਕਪਾਹ ਦੇ ਖੇਤ ਦੀ ਗੋਡੀ ਕਰ ਕੇ ਖ਼ੁਸ਼ੀਆਂ ਵਿੱਚ ਨਹੀਂ ਸੀ ਸਮਾ ਰਹੇ। ਇਸ ਪ੍ਰਕਾਰ ਗੋਡੀ ਕਰਨ ਮਗਰੋਂ ਘਰ ਜਾਂਦੇ ਸਮੇਂ ਘਮਨੇ ਨੇ ਆਪਣੇ ਬਾਪੂ ਨੂੰ ਆਖਿਆ, "ਬਾਪੂ ਸਰਦਾਰ ਆਪਣੇ ਕੰਮ ਤੋਂ ਖ਼ੁਸ਼ ਹੋਊਗਾ ਬਈ ਮੇਰੇ ਆਉਂਦੇ ਨੂੰ ਘਮਨੇ ਨੇ ਸਾਰੇ ਕੰਮ ਟਿਚਨ ਕਰ ਦਿੱਤੇ ਨੇ।"
"ਆਹੋ ਪੁੱਤ। ਤੇਰੇ ਵਰਗਾ ਲੈਕ ਸਾਂਝੀ ਉਹਨੂੰ ਕਿਤੋਂ ਲਭਣੈ!" ਜੁਲਾਹਾ ਆਪਣੇ ਪੁੱਤ ਤੇ ਮਾਣ ਨਾ ਕਰਦਾ ਤਾਂ ਭਲਾ ਹੋਰ ਕੌਣ ਕਰਦਾ।
ਕਈ ਦਿਨਾਂ ਮਗਰੋਂ ਜੱਟ ਆਪਣੀ ਰਿਸ਼ਤੇਦਾਰੀ ਤੋਂ ਮੁੜਿਆ। ਜਦ ਉਹ ਆਪਣੇ ਖੇਤ ਵੱਲ ਫੇਰਾ ਮਾਰਨ ਗਿਆ ਤਾਂ ਕਪਾਹ ਦੇ ਖੇਤ ਨੂੰ ਵੇਖ ਕੇ ਉਹਦੇ ਹੋਸ਼ ਉੱਡ ਗਏ। ਸਾਰੀ ਕਪਾਹ ਵੱਢੀ ਪਈ ਸੀ। ਉਸ ਨੂੰ ਆਪਣੇ ਸਾਂਝੀ ਤੇ ਬੜਾ ਗੁੱਸਾ ਆਇਆ ਨਾਲ ਹਾਸਾ ਵੀ ਆ ਗਿਆ। ਉਹਨੇ ਸਾਂਝੀ ਪਾਸੋਂ ਇਸ ਬਾਰੇ ਪੁੱਛਿਆ, "ਓਏ ਜੁਲਾਹਿਆ ਗੋਡੀ ਇਸ ਤਰ੍ਹਾਂ ਕਰੀਦੀ ਹੈ-ਜਿਹੜੀ ਚੀਜ਼ ਵੱਢਣੀ ਸੀ ਉਹ ਤੂੰ ਨਹੀਂ ਵੱਢੀ ਤੂੰ ਤਾਂ ਸਾਰੀ ਫਸਲ ਤਬਾਹ ਕਰ ਕੇ ਰੱਖ ਦਿੱਤੀ ਐ.....ਤੈਨੂੰ ਇਹ ਕਹੀਨੇ ਮੱਤ ਦਿੱਤੀ ਸੀ....।" .