ਸਮੱਗਰੀ 'ਤੇ ਜਾਓ

ਬਾਤਾਂ ਦੇਸ ਪੰਜਾਬ ਦੀਆਂ/ਮਚਲਾ ਜੱਟ

ਵਿਕੀਸਰੋਤ ਤੋਂ

ਮਚਲਾ ਜੱਟ


ਇੱਕ ਪਿੰਡ ਵਿੱਚ ਤਿੰਨ ਮਿੱਤਰ ਸੀ ਉਹਨਾਂ ਵਿਚੋਂ ਇੱਕ ਮੌਲਵੀ ਸੀ, ਦੂਜਾ ਬਰਾਹਮਣ ਤੇ ਤੀਜਾ ਜੱਟ। ਇੱਕ ਦਿਨ ਤਿੰਨਾਂ ਨੇ ਰਲ ਕੇ ਸਲਾਹ ਬਣਾਈ ਬਈ ਅੱਜ ਖੀਰ ਧਰੀ ਜਾਵੇ। ਤਿੰਨਾਂ ਜਣਿਆਂ ਨੇ ਰਲ ਕੇ ਖੀਰ ਬਣਾਈ, ਪਰ ਸਾਰਿਆਂ ਦੇ ਦਿਲ ਵਿੱਚ ਬੇਈਮਾਨੀ ਆਗੀ। ਹਰ ਕੋਈ ਇਹੀ ਚਾਹੁੰਦਾ ਸੀ ਬਈ ਖੀਰ ਨੂੰ ਓਹੋ ਕੱਲਾ ਹੀ ਖਾਵੇ।
ਇਹ ਕਿਵੇਂ ਹੋ ਸਕਦਾ ਸੀ। ਸੋ ਸਲਾਹ ਬਣੀ, ਬਈ ਸਾਰੇ ਹੀ ਸੌਂ ਜਾਓ। ਖੀਰ ਨੂੰ ਢੱਕ ਕੇ ਰੱਖ ਦਿਓ। ਸਵੇਰੇ ਉੱਠ ਕੇ ਜਿਹੜਾ ਸਾਰਿਆਂ ਨਾਲੋਂ ਸੁਆਦਲਾ ਸੁਪਨਾ ਸੁਣਾਊਗਾ, ਉਹੀ ਸਾਰੀ ਖੀਰ ਖਾਊਗਾ।
ਜੱਟ ਨੇ ਸਮਝਿਆ, ਸਾਰੇ ਆਪਣੀ ਹੀ ਗੱਲ ਕਰਦੇ ਨੇ। ਉਹ ਵੀ ਖੀਰ ਖਾਣੀ ਚਾਹੁੰਦਾ ਸੀ। ਉਸ ਨੂੰ ਇੱਕ ਤਰਕੀਬ ਸੁਝੀ। ਉਹ ਉਨਹਾਂ ਦੇ ਨਾਲ ਹੀ ਮਚਲਾ ਬਣ ਕੇ ਸੌਂ ਗਿਆ। ਜਦੋਂ ਜੱਟ ਨੇ ਵੇਖਿਆ ਬਈ ਦੋਨੋਂ ਜਣੇ ਘੂਕ ਸੌਂ ਗਏ ਨੇ, ਉਹ ਮਲਕੜੇ ਜਹੇ ਉਠ ਕੇ ਲੱਗਾ ਖੀਰ ਖਾਣ। ਨਾਲੇ ਖੀਰ ਖਾਈ ਜਾਵੇ, ਨਾਲੇ ਉਹਨਾਂ ਵੱਲ ਵੇਖੀ ਜਾਵੇ ਕਿਤੇ ਉਹ ਜਾਗ ਨਾ ਪੈਣ। ਜੱਟ ਨੇ ਖੀਰ ਖਾਧੀ ਤੇ ਭਾਂਡੇ ਨੂੰ ਐਨ ਚੱਟ ਕੇ, ਢੱਕ ਕੇ ਰੱਖ ਦਿੱਤਾ ਤੇ ਆਪ ਲੰਮੀਆਂ ਤਾਣ ਕੇ ਸੌਂ ਗਿਆ।
ਸਾਝਰੇ ਹੀ ਉਹ ਤਿੰਨੇ ਉੱਠੇ ਤੇ ਲੱਗੇ ਆਪਣੇ-ਆਪਣੇ ਸੁਪਨੇ ਸੁਨਾਉਣ ਦੀ ਤਿਆਰੀ ਕਰਨ। ਢੱਕਣ ਸਮੇਤ ਖੀਰ ਦਾ ਭਾਂਡਾ ਉਨ੍ਹਾਂ ਦੇ ਸਾਹਮਣੇ ਪਿਆ ਸੀ। ਸਭ ਤੋਂ ਪਿਹਲਾਂ, ਜੱਟ ਆਪਣਾ ਸੁਪਨਾ ਸੁਣਾਉਣ ਲੱਗਾ, "ਯਾਰੋ ਮੈਨੂੰ ਕਿਹੋ ਜਿਹਾ ਸੁਪਨਾ ਆਇਆ ਮੇਰੀਆਂ ਹੁਣ ਵੀ ਪਸਲੀਆਂ ਦੁਖਦੀਆਂ ਨੇ। ਸੁਪਨੇ ਚ ਕੀ ਵੇਖਦਾਂ ਬਈ ਬੜਾ ਸਾਰਾ ਦਿਓ ਮੇਰੇ ਆ ਦੁਆਲੇ ਹੋਇਆ ਤੇ ਮੈਨੂੰ ਕੰਨੋ ਫੜ ਕੇ ਖੜਾ ਕਰ ਲਿਆ। ਮੈਂ ਤੁਹਾਡੇ ਵੀ ਕਈ ਲੱਤਾਂ ਮਾਰੀਆਂ ਪਰ ਤੁਸੀਂ ਕੁਸਕੇ ਨਹੀਂ... ਮੇਰੀ ਤਾਂ ਡਰ ਨਾਲ ਜਾਨ ਨਿਕਲਦੀ ਜਾ ਰਹੀ ਸੀ। ਮੈਂ ਬਥੇਰਾ ਰੌਲਾ ਪਾਇਆ। ਦਿਓ ਦੀਆਂ ਮਿੰਨਤਾਂ ਕੀਤੀਆਂ ਬਈ ਮੈਨੂੰ ਛੱਡ ਦੇਵੇ-ਤੁਹਾਨੂੰ ਵੀ ਮੈਂ ਜਗਾਇਆ, ਪਰ ਤੁਸੀਂ ਜਾਗੇ ਨੀ। ਅਖੀਰ ਦਿਓ ਆਖਣ ਲੱਗਾ, "ਮੈਂ ਤੈਨੂੰ ਤਾਂ ਛੱਡ ਸਕਦਾਂ ਜੇ ਤੂੰ ਸਾਰੀ ਖੀਰ ਖਾਵੇਂ।" ਮੈਂ ਦਿਓ ਨੂੰ ਕਿਹਾ, "ਮੈਨੂੰ ਭੁੱਖ ਨਹੀਂ, ਨਾਲੇ ਇਹ ਖੀਰ ਸਾਡੇ ਤਿੰਨਾਂ ਦੀ ਸਾਂਝੀ ਐ। ਮੈਂ ਉਹਨਾਂ ਦਾ ਹਿੱਸਾ ਕਿਵੇਂ ਖਾ ਸਕਦਾ ਹਾਂ।" ਦਿਓ ਫੇਰ ਵੀ ਨਾ ਮੰਨਿਆ ਤੇ ਮੈਨੂੰ ਕੁੱਟਣ ਲੱਗਾ ਤੇ ਕੰਨ ਫੜ ਕੇ ਖੀਰ ਵਾਲੇ ਭਾਂਡੇ ਕੋਲ ਲੈ ਗਿਆ...... ਮੈਂ ਤੁਹਾਡੇ ਨਾਂ ਲੈ ਲੈ ਕੇ ਖੀਰ ਖਾਂਦਾ ਰਿਹਾ। ਸੱਚ ਜਾਣਿਓਂ, ਜਦੋਂ ਮੈਂ ਖੀਰ ਖਾ ਲਈ ਤਾਂ ਮੇਰਾ ਢਿੱਡ ਪਾਟਣ ਤੇ ਆ ਗਿਆ। ਦਿਓ ਫੇਰ ਵੀ ਨਾ ਛੱਡੇ, ਆਖੇ, ਦੇਖੀਂ ਮਾੜੀ ਮੋਟੀ ਵੀ ਨਾ ਬਚੇ-ਸਾਰਾ ਭਾਂਡਾ ਚੱਟਮ ਕਰ ਦੇ। ਹਾਲਾਂ ਮੈਂ ਭਾਂਡਾ ਚੱਟ ਕੇ ਰੱਖਿਆ ਹੀ ਸੀ ਕਿ ਦਿਓ ਓਥੋਂ ਅਲੋਪ ਹੋ ਗਿਆ ਤੇ ਮੈਨੂੰ ਨੀਂਦ ਆ ਗਈ।"
ਇਹ ਕਹਿ ਕੇ ਜੱਟ ਮਚਲਾ ਜਿਹਾ ਬਣ ਕੇ ਰਹਿ ਗਿਆ। ਅਜੇ ਜੱਟ ਨੇ ਆਪਣਾ ਸੁਪਨਾ ਸੁਣਾਇਆ ਹੀ ਸੀ ਮੌਲਵੀ ਅਤੇ ਪੰਡਤ ਨੇ ਕਾਹਲੀ ਨਾਲ ਖੀਰ ਵਾਲੇ ਭਾਂਡੇ ਦਾ ਢੱਕਣ ਚੁੱਕਿਆ, ਭਾਂਡੇ ਵਿੱਚੋਂ ਖੀਰ ਗਾਇਬ ਸੀ। ਦੋਵੇਂ ਇੱਕ ਦੂਜੇ ਦੇ ਮੂੰਹ ਵੱਲ ਵੇਖੀ ਜਾਣ ਤੇ ਆਖੀ ਜਾਣ, "ਵਾਹ ਓਏ ਮਚਲਿਆ ਜੱਟਾ, ਤੂੰ ਖੂਬ ਸੁਪਨਾ ਸੁਣਾਇਆ, ਨਾਲ ਖੀਰ ਖਾ ਗਿਐਂ, ਨਾਲੇ ਸੁਪਨਾ ਸੁਣਾ ਗਿਐਂ......।"