ਬਾਤਾਂ ਦੇਸ ਪੰਜਾਬ ਦੀਆਂ/ਚੁਸਤ ਜੱਟ
"'ਚੁਸਤ ਜੱਟ"'
ਇੱਕ ਸੀ ਬਾਹਮਣ ਇੱਕ ਸੀ ਜੱਟ। ਬਾਹਮਣ ਨੂੰ ਜੱਟ ਕਹਿੰਦਾ, "ਮੇਰਾ ਵਿਆਹ ਕਦ ਹੋਊ।
ਬਾਹਮਣ ਕਹਿੰਦਾ, "ਤੇਰਾ ਵਿਆਹ ਤਾਂ ਹੋਇਆ ਹੋਇਐ। ਕਿਸੇ ਪਿੰਡ ਤੇਰੀ ਬਹ ਦੇ ਗੋਦੀ ਮੁੰਡਾ ਖੇਡਦੈ। ਚੱਲ ਚੱਲੀਏ ਉਹਨੂੰ ਲੈਣ।"
ਉਹ ਦੋਨੋਂ ਤੁਰ ਪਏ-ਚਲੋ ਚਾਲ। ਇੱਕ ਖੂਹ ਉੱਤੇ ਇੱਕ ਤੀਵੀਂ ਪਾਣੀ ਭਰ ਰਹੀ ਸੀ। ਬਾਹਮਣ ਕਹਿੰਦਾ, "ਆਹ ਤੇਰੀ ਬਹੂ ਐ।"
ਜੱਟ ਕਹਿੰਦਾ, "ਗੱਲ ਤਾਂ ਤੇਰੀ ਸੱਚੀ ਐ।"
ਬਾਹਮਣ ਆਪ ਨੱਸ ਆਇਆ ਤੇ ਜੱਟ ਓਥੇ ਹੀ ਰਹਿ ਪਿਆ। ਤੀਵੀਂ ਪਾਣੀ ਦਾ ਘੜਾ ਭਰ ਕੇ ਤੁਰ ਪਈ ਜੱਟ ਉਹਦੇ ਗੈਲ-ਗੈਲ ਉਹਦੇ ਘਰ ਚਲਿਆ ਗਿਆ ਤੇ ਮੰਜੇ ਤੇ ਜਾ ਕੇ ਬੈਠ ਗਿਆ। ਬਾਹਰੋਂ ਤੀਵੀਂ ਦੇ ਘਰ ਵਾਲਾ ਆ ਗਿਆ। ਜੱਟ ਆ ਕੇ ਆਪਣੀ ਬਹੂ ਨੂੰ ਕੁੱਟਣ ਲੱਗ ਪਿਆ। ਪਰਾਹੁਣਾ ਬਣਿਆ ਜੱਟ ਉਸੇ ਜੱਟ ਨੂੰ ਕੁੱਟਣ ਲੱਗ ਪਿਆ। ਜਿਹੜਾ ਪਹਿਲਾਂ ਕੁੱਟਣ ਲੱਗਿਆ ਸੀ ਕਹਿੰਦਾ, "ਚਲ ਠਾਣੇ।
ਦੂਜਾ ਕਹਿੰਦਾ, "ਚਲ ਠਾਣੇ।"
ਦੋਨੋਂ ਠਾਣੇ ਨੂੰ ਤੁਰ ਪਏ। ਪਹਿਲਾ ਜੱਟ ਕਹਿੰਦਾ, "ਠਾਣੇ ਤਾਂ ਆਪਾਂ ਜਾਣਾ ਈ ਐ ਪਹਿਲਾਂ ਸਿਰ ਨੂੰ ਤੇਲ ਲਾ ਲਈਏ।"
ਦੋਨੋਂ ਤੇਲੀ ਦੇ ਘਰ ਚਲੇ ਗਏ। ਪਰਾਹੁਣਾ ਜੱਟ ਜਾ ਕੇ ਕਹਿੰਦਾ, "ਆਨੇ ਦਾ ਤੇਲ ਦਈਂ।"
ਤੇਲੀ ਕਹਿੰਦਾ, "ਕਰ ਹੱਥ।"
ਜਦ ਉਹਨੇ ਹੱਥ ਕੀਤਾ ਤੇਲੀ ਤੋਂ ਤੇਲ ਥੱਲ੍ਹੇ ਡੁਲ੍ਹ ਗਿਆ। ਤੇਲੀ ਕਹਿੰਦਾ, "ਤੇਰੀ ਬਲਾ ਗਈ।"
ਜੱਟ ਕੋਲ ਸੀ ਸਲੰਘ। ਜੱਟ ਨੇ ਸਾਰੇ ਹੀ ਤੇਲੀ ਦੇ ਕੁੱਪੇ ਮਧਿਆ ਦਿੱਤੇ ਕਹਿੰਦਾ, "ਤੇਰੀ ਵੀ ਬਲਾ ਗਈ।"
ਜੱਟ ਕਹਿੰਦਾ, "ਤਿੰਨ ਅਸੀਂ ਆਂ ਚੌਥਾ ਤੂੰ, ਚਲ ਠਾਣੇ।"
ਚਾਰੇ ਤੁਰ ਪਏ। ਰਸਤੇ ਵਿੱਚ ਰੋਹੀ ਸੀ-ਓਸ ਵਿੱਚ ਇੱਕ ਬੁੜੀ ਬੈਠੀ ਚਰਖਾ ਕੱਤ ਰਹੀ ਸੀ। ਬੁੜੀ ਕਹਿੰਦੀ, "ਕਿੱਥੇ ਨੂੰ ਚੱਲਓ।"
ਜੱਟ ਕਹਿੰਦਾ, "ਲੈਂਕਾ ਨੂੰ।"
ਬੁੜੀ ਕਹਿੰਦੀ, "ਲੈਂਕਾ ਕਹੀ ਜਹੀ ਸੀ। ਜੱਟ ਨੇ ਝੁੱਘੀ ਦੇ ਉੱਤੇ ਚਰਖਾ ਰੱਖ ਕੇ ਸੀਖ ਲਾ ਦਿੱਤੀ। ਅੱਗ ਬਹੁਤ ਬਲਣ ਲੱਗ ਪਈ ਤੇ ਜੱਟ ਚਰਖਾ ਘੁਮਾਣ ਲੱਗ ਪਿਆ। ਜੱਟ ਕਹਿੰਦਾ, "ਮਾਈ ਐਕਣ ਲੈਂਕਾ ਨੂੰ ਅੱਗ ਲੱਗੀ ਸੀ ਤੇ ਐਕਣ ਹਨੁਮਾਨ ਉੱਪਰ ਟੱਪਦਾ ਸੀ।"
ਉਹ ਕਹਿੰਦੀ, "ਦਾਦੇ ਮਗੌਣਿਆਂ ਮੈਂ ਥਾਣੇ ਜਾਊਂ।"
ਜੱਟ ਬੋਲਿਆ, "ਚੱਲ ਮਾਈ ਚਾਰ ਅਸੀਂ ਆਂ ਪੰਜਵੀਂ ਤੂੰ ਵੀ ਚੱਲ ਪੈ।"
ਪੰਜੇ ਜਣੇ ਸ਼ਹਿਰ ਪੁੱਜ ਗਏ। ਜੱਟ ਨੇ ਇੱਕ ਹੱਟੀ ਤੋਂ ਦੋ ਪੈਸੇ ਦੀਆਂ ਰਿਓੜੀਆਂ ਲੈ ਲਈਆਂ। ਗਹਾਂ ਸਪਾਹੀ ਖੜਾ ਸੀ। ਸਪਾਹੀ ਬੋਲਿਆ, "ਮੇਰੀ ਵੀ ਮਾੜੀ ਜਹੀ ਅੱਖ ਚੋਭ ਦੀਂ।"
ਜੱਟ ਨੇ ਸਲੰਘ ਮਾਰਕੇ ਸਿਪਾਹੀ ਦੀ ਅੱਖ ਕਾਣੀ ਕਰ ਦਿੱਤੀ।
ਸਪਾਹੀ ਕਹਿੰਦਾ, "ਚਲ ਠਾਣੇ।"
ਜੱਟ ਕਹਿੰਦਾ, "ਪੰਜ ਅਸੀਂ ਛੇਵਾਂ ਤੂੰ ਚਲਿਆ ਚੱਲ।"
ਛੇਈ ਠਾਣੇ ਚਲੇ ਗਏ। ਪਹਿਲਾਂ ਸਪਾਹੀ ਸੱਦ ਲਿਆ। ਠਾਣੇਦਾਰ ਕਹਿੰਦਾ, "ਕੀ ਗੱਲ ਐ?"
ਜੱਟ ਕਹਿੰਦਾ, "ਸਪਾਹੀ ਨੇ ਮੈਨੂੰ ਕਿਹਾ ਕਿ ਮੇਰੀ ਵੀ ਮਾੜੀ ਜਹੀ ਅੱਖ ਚੋਭ ਦੀਂ, ਮੈਂ ਸਲੰਘ ਨਾਲ ਇਹਦੀ ਅੱਖ ਕਾਣੀ ਕਰ ਦਿੱਤੀ।"
ਜੱਟ ਉਹਦੇ 'ਚੋਂ ਬਰੀ ਹੋ ਗਿਆ।
ਠਾਣੇਦਾਰ ਨੇ ਫੇਰ ਬੁੜ੍ਹੀ ਸੱਦੀ। ਠਾਣੇਦਾਰ ਕਹਿੰਦਾ, "ਮਾਈ ਕੀ ਗੱਲ ਐ।"
ਉਹ ਕਹਿੰਦੀ, "ਇਹ ਤੁਰੇ ਜਾਂਦੇ ਤੇ ਮੈਂ ਇਹਨਾਂ ਨੂੰ ਕਿਹਾ ਤੁਸੀਂ ਕਿੱਥੇ ਨੂੰ ਜਾਂਦੇ ਓ, ਇਹ ਕਹਿੰਦਾ ਲੈਂਕਾ ਨੂੰ। ਮੈਂ ਕਿਹਾ ਲੈਂਕਾ ਕਿਹੋ ਜਹੀ ਸੀ। ਜੱਟ ਨੇ ਚਰਖਾ ਰੱਖ ਕੇ ਝੁੱਗੀ ਨੂੰ ਅੱਗ ਲਾ ਦਿੱਤੀ, ਜਦ ਜਲਗੀ, ਚਰਖਾ ਘੁਮਾਣ ਲੱਗਾ ਤੇ ਕਹਿੰਦਾ ਏਕਣ ਲੈਂਕਾ ਨੂੰ ਅੱਗ ਲੱਗੀ ਸੀ ਤੇ ਏਕਣ ਹਨੁਮਾਨ ਉੱਪਰ ਟੱਪਦਾ ਸੀ।"
ਜੱਟ ਉਹਦੇ ਵਿੱਚੋਂ ਵੀ ਬਰੀ ਹੋ ਗਿਆ।
ਫੇਰ ਤੇਲੀ ਸੱਦ ਲਿਆ। ਤੇਲੀ ਨੂੰ ਠਾਣੇਦਾਰ ਕਹਿੰਦਾ, "ਕੀ ਗੱਲ ਐ।"
ਤੇਲੀ ਕਹਿੰਦਾ, "ਇਹਨੇ ਮੈਥੋਂ ਆਨੇ ਦਾ ਤੇਲ ਮੰਗਿਆ ਸੀ, ਮੈਥੋਂ ਥੱਲ੍ਹੇ ਡੁਲ੍ਹ ਗਿਆ, ਮੈਂ ਕਿਹਾ ਤੇਰੀ ਬਲਾ ਗਈ। ਜੱਟ ਨੇ ਮੇਰੇ ਸਾਰੇ ਕੁੱਪੇ ਡੱਲ੍ਹ ਦਿੱਤੇ ਤੇ ਕਿਹਾ, "ਤੇਰੀ ਵੀ ਬਲਾ ਗਈ।"
ਜੱਟ ਇਹਦੇ 'ਚੋਂ ਵੀ ਬਰੀ ਕਰ ਦਿੱਤਾ। ਠਾਣੇਦਾਰ ਨੇ ਫੇਰ ਦੋਨੋਂ ਜੱਟ ਤੀਵੀਂ ਸੱਦ ਲਏ। ਦੋਹਾਂ ਨੇ ਤੀਵੀਂ ਤੇ ਆਪਣਾ ਹੱਕ ਜਤਾਇਆ। ਠਾਣੇਦਾਰ ਕਹਿੰਦਾ, "ਤੀਵੀਂ ਉਹਦੀ ਐ, ਜੀਹਦੇ ਕੋਲ ਮੁੰਡਾ ਜਾਵੇ।"
ਜੱਟ ਨੇ ਮੁੰਡੇ ਨੂੰ ਰਿਓੜੀਆਂ ਵਖਾ ਦਿੱਤੀਆਂ। ਮੁੰਡਾ ਲਾਲਚ ਨਾਲ ਜੱਟ ਕੋਲ ਚਲਿਆ ਗਿਆ। ਠਾਣੇਦਾਰ ਨੇ ਤੀਵੀਂ ਓਸ ਜੱਟ ਨੂੰ ਸੰਭਾਲ ਦਿੱਤੀ। ਜੱਟ ਤੀਵੀਂ ਤੋਂ ਮੁੰਡਾ ਲੈ ਕੇ ਆਪਣੇ ਘਰ ਨੂੰ ਆ ਗਿਆ।