ਬਾਤਾਂ ਦੇਸ ਪੰਜਾਬ ਦੀਆਂ/ਦੋ ਟਕੀਆ

ਵਿਕੀਸਰੋਤ ਤੋਂ
Jump to navigation Jump to search

ਦੋ ਟਕੀਆ


ਇੱਕ ਵਾਰ ਦੀ ਗੱਲ ਐ ਇੱਕ ਪਿੰਡ ਵਿੱਚ ਇੱਕ ਆਦਮੀ ਰਹਿੰਦਾ ਸੀ। ਉਹ ਨੇੜੇ ਦੇ ਸ਼ਹਿਰ ਵਿੱਚ ਨੌਕਰੀ ਕਰਦਾ ਸੀ। ਉਸ ਦੀ ਮਹੀਨੇ ਦੀ ਤਨਖਾਹ ਦੋ ਟਕੇ ਸੀ। ਉਸ ਦੀ ਤਨਖਾਹ ਕਰਕੇ ਹੀ ਉਹਦਾ ਨਾਂ ਲੋਕਾਂ ਨੇ ਦੋ ਟਕੀਆ ਪਾ ਲਿਆ ਸੀ। ਉਹ ਬਹੁਤ ਕੰਜੂਸ ਸੀ ਪਰ ਬਦਲਦੇ ਸਮੇਂ ਨੇ ਉਹਨੂੰ ਵੀ ਬਦਲ ਦਿੱਤਾ।
ਇੱਕ ਦਿਨ ਦੋ ਟਕੀਏ ਨੇ ਮੌਜ ਮਸਤੀ ਕਰਨ ਦਾ ਮਨ ਬਣਾ ਲਿਆ। ਉਹਨੇ ਜਿਹੜੇ ਥੋੜੇ ਜਿਹੇ ਪੈਸੇ ਆਪਣੀ ਨੌਕਰੀ ਵਿਚੋਂ ਬਚਾਏ ਸੀ ਉਹਨਾਂ ਪੈਸਿਆਂ ਦੇ ਇੱਕ ਦਿਨ ਉਹਨੇ ਬਾਜ਼ਾਰੋਂ ਕਰਾਏ ਤੇ ਕਪੜੇ ਲਏ, ਮੁਸ਼ਕਣਾਂ ਤੇਲ ਖਰੀਦਿਆ ਅਤੇ ਇੱਕ ਆਨੇ ਦੀਆਂ ਰਿਓੜੀਆਂ ਤੇ ਇੱਕ ਆਨੇ ਦੇ ਭੁੱਜੇ ਹੋਏ ਛੋਲੇ ਲੈ ਕੇ ਆਪਣੀਆਂ ਜੇਬਾਂ 'ਚ ਪਾਏ ਤੇ ਅਮੀਰਾਂ ਵਾਂਗ ਸੜਕ ਤੇ ਟਹਿਲਣ ਨਿਕਲ ਪਿਆ। ਉਹ ਝੂਮਦਾ ਹੋਇਆ ਸੜਕੋ ਸੜਕ ਜਾ ਰਿਹਾ ਸੀ। ਜਦੋਂ ਕੋਈ ਉਹਦਾ ਜਾਣੂ ਉਹਨੂੰ ਮਿਲਦਾ ਸੀ ਤਾਂ ਉਹ ਉਹਨੂੰ ਰਿਓੜੀਆਂ ਵਖਾ ਕੇ ਆਖਦਾ-ਲੈ ਰਿਓੜੀਆਂ ਖਾ ਲੈ ਬਹੁਤ ਸਾਰੇ ਜਾਨੂੰ ਮਿਲੇ ਹਰ ਕੋਈ ਨਾਂਹ ਵਿੱਚ ਸਿਰ ਹਲਾ ਦਿੰਦਾ। ਸਾਰੇ ਆਖਦੇ-"ਦੇਖੋ ਬਈ ਦੋ ਟਕੀਆਂ ਕਿੰਨਾ ਅਮੀਰ ਬਣ ਗਿਐ"- ਉਹ ਆਪਣੀ ਚੌੜ ਵਿੱਚ ਸਾਰਾ ਦਿਨ ਸੜਕਾਂ ਤੇ ਹੀ ਘੁੰਮਦਾ ਰਿਹਾ ਆਪਣੀ ਨੌਕਰੀ ਤੇ ਵੀ ਨਾ ਗਿਆ। ਹੁਣ ਜੋਬੋਂ ਖਾਲੀ ਸੀ।
ਆਥਣ ਨੂੰ ਉਹਨੇ ਕਰਾਏ ਤੋਂ ਲਿਆਂਦੇ ਕਪੜੇ ਵਾਪਸ ਮੋੜ ਦਿੱਤੇ ਤੇ ਲੱਗਾ ਵਿਚਾਰਾ ਹੱਥ ਮਲਣ। ਫੇਰ ਉਹਨੇ ਆਪਣੇ ਦਿਲ ਨਾਲ ਫੈਸਲਾ ਕੀਤਾ ਮੁੜਕੇ ਇਹ ਨੌਕਰੀ ਨੀ ਕਰਨੀ। ਨੌਕਰੀ ਛੱਡ ਕੇ ਉਹ ਵਿਹਲਾ ਫਿਰਨ ਲੱਗਾ।
ਕੁਝ ਦਿਨ ਲੰਘੇ। ਟੋ ਟਕੀਆਂ ਰਾਜੇ ਦੀ ਕਚਹਿਰੀ ਵਿੱਚ ਜਾਇਆ ਕਰੇ ਬਿਨਾਂ ਕੋਈ ਗਲ ਬੋਲੇ ਵਾਪਸ ਆ ਜਾਇਆ ਕਰੇ। ਇੱਕ ਦਿਨ ਬਾਦਸ਼ਾਹ ਨੇ ਆਪਣੇ ਵਜ਼ੀਰ ਨੂੰ ਆਖਿਆ-"ਇਸ ਆਦਮੀ ਨੂੰ ਪੁੱਛੋ ਬਈ ਇਹ ਹਰ ਰੋਜ਼ ਕਚਹਿਰੀ ਆਉਂਦੈ ਤੇ ਮੁੜ ਜਾਂਦੈ-ਕੀ ਇਹ ਕੋਈ ਨੌਕਰੀ ਕਰਨੀ ਚਾਹੁੰਦੈ?"
ਵਜ਼ੀਰ ਨੇ ਦੋ ਟਕੀਏ ਕੋਲੋਂ ਪੁੱਛਿਆ, "ਕੀ ਤੂੰ ਨੌਕਰੀ ਕਰਨੀ ਚਾਹੁਨੈਂ?" ਤਾਂ ਦੋ ਟਕੀਏ ਨੇ ਜਵਾਬ ਦਿੱਤਾ, "ਕੀ ਨੌਕਰੀ?" ਵਜ਼ੀਰ ਨੇ ਕਿਹਾ, "ਰਾਤ ਨੂੰ ਨੰਗੀ ਕ੍ਰਿਪਾਨ ਦਾ ਪਹਿਰਾ ਬਾਦਸ਼ਾਹ ਦੇ ਪਲੰਘ ਕੋਲ।" ਫੇਰ ਦੋ ਟਕੀਆ ਕਹਿੰਦਾ, "ਤਨਖਾਹ ਕਿੰਨੀ ਹੋਉਗੀ। ਵਜ਼ੀਰ ਕਹਿੰਦਾ, "100 ਰੁਪਏ ਮਹੀਨਾ।" ਦੋ ਟਕੀਆ ਮੰਨ ਗਿਆ।
ਕਈ ਦਿਨ ਸੁਖ ਸਾਂਦ ਨਾਲ ਬੀਤ ਗਏ ਦੋ ਟਕੀਏ ਦੇ ਪਹਿਰਾ ਦਿੰਦਿਆਂ। ਇੱਕ ਦਿਨ ਐਸਾ ਆਇਆ-ਬਾਦਸ਼ਾਹੀ ਮਹਿਲ ਦੇ ਲਾਗੇ ਇੱਕ ਮੁਟਿਆਰ ਲੜਕੀ ਪਈ ਕੁਰਲਾਂਦੀ ਸੀ ਤਾਂ ਬਾਦਸ਼ਾਹ ਨੇ ਦੋ ਟਕੀਏ ਨੂੰ ਕਿਹਾ, "ਦੋ ਟਕੀਏ ਦੇਖ ਕੇ ਆਓ ਇਹ ਦੁਖਿਆਰੀ ਕੌਣ ਐ।"
ਦੋ ਟਕੀਆ ਓਸ ਲੜਕੀ ਕੋਲ ਗਿਆ ਤੇ ਪੁੱਛਣ ਲੱਗਾ, "ਭੈਣੇ ਕੀ ਗੱਲ ਐ।"
ਉਹ ਲੜਕੀ ਬੋਲੀ, "ਮੇਰਾ ਦੁੱਧ ਚੁੰਘਦਾ ਬੱਚਾ ਕੋਈ ਮਨੁੱਖ ਏਸ ਬ੍ਰਿਛ ਉੱਡੇ ਰੱਖ ਗਿਐ। ਮੈਂ ਓਸ ਨੂੰ ਲੈਣਾ ਚਾਹੁਨੀ ਆਂ। ਜੇਕਰ ਤੂੰ ਮੇਰੀ ਮਦਦ ਕਰੇਂ ਤਾਂ ਤੇਰਾ ਬਹੁਤ ਧੰਨਵਾਦ ਕਰੂੰਗੀ।"
ਦੋ ਟਕੀਆ ਕਹਿੰਦਾ, "ਮੈਂ ਤੇਰੀ ਕਿਵੇਂ ਮਦਦ ਕਰ ਸਕਦਾਂ। ਤਾਂ ਓਸ ਮੁਟਿਆਰ ਨੇ ਕਿਹਾ, "ਮੈਨੂੰ ਫੌਡੇ ਲਾ ਮੈਂ ਏਸ ਦਰੱਖਤ ਉੱਤੇ ਚੜ੍ਹਨ ਜੋਗੀ ਹੋ ਮੂੰਗੀ ਫੇਰ ਤੂੰ ਚਲਿਆ ਜਾਈਂ ਮੈਂ ਆਪੇ ਥੱਲੇ ਉਤਰ ਆਊਂਗੀ।"
ਦੋ ਟਕੀਏ ਨੇ ਉਹਨੂੰ ਫੌਡੇ ਲਾਏ ਤਾਂ ਉਹ ਦਰੱਖਤ ਉੱਤੇ ਚੜ੍ਹ ਗਈ। ਕੀ ਵੇਖਦੈ: ਓਸ ਲੜਕੀ ਨੇ ਨਿਆਣੇ ਨੂੰ ਇੱਕ ਵਾਰੀ ਮਰੋੜ ਕੇ ਮੁੰਹ ਵਿੱਚ ਪਾ ਲਿਐ। ਅਸਲ ਵਿੱਚ ਉਹ ਡੈਣ ਸੀ। ਦੋ ਟਕੀਏ ਨੂੰ ਬਹੁਤ ਗੁੱਸਾ ਆਇਆ ਇਸੇ ਲਈ ਉਹ ਦਰੱਖਤ ਹੇਠਾਂ ਈ ਖੜਾ ਰਿਹਾ ਤੇ ਕਹਿਣ ਲੱਗਾ, "ਜਦ ਹੋਠਾਂ ਉਤਰੇਂਗੀ ਤੇਰੇ ਵੱਢ ਕੇ ਟੋਟੇ ਕਰੂੰਗਾ।"
ਇਹ ਸੁਣ ਕੇ ਡੈਣ ਨੇ ਦਰੱਖਤ ਤੋਂ ਛਾਲ ਮਾਰੀ ਤਾਂ ਦੋ ਟਕੀਏ ਨੇ ਉਹਦੇ ਕ੍ਰਿਪਾਨ ਮਾਰੀ ਤੇ ਉਹਦੀ ਚੁੰਨੀ ਕੋਈ ਅੱਧਾ ਕੁ ਗਜ਼ ਵੱਢੀ ਗਈ। ਇਸ ਪਿੱਛੋਂ ਦੋ ਟਕੀਆਂ ਫੇਰ ਡੈਣ ਮਗਰ ਦੌੜਿਆ ਪਰ ਡੈਣ ਨੇ ਉਹਨੂੰ ਡਾਹ ਨਾ ਦਿੱਤੀ। ਫੇਰ ਉਹ ਨਿਰਾਸ਼ ਹੋ ਕੇ ਆਪਣੇ ਪਹਿਰੇ ਤੇ ਆ ਗਿਆ ਅਤੇ ਉਸ ਵੱਢੀ ਹੋਈ ਚੁੰਨੀ ਦੇ ਅੱਠ ਰੁਮਾਲ ਬਣਾ ਲਏ। ਉਹਨਾਂ ਅੱਠਾਂ ਵਿੱਚੋਂ ਇੱਕ ਉਹਨੇ ਆਪਣੇ ਕੋਲ ਰੱਖ ਲਿਆ ਬਾਕੀ ਸੱਤ ਰੁਮਾਲ ਵਜ਼ੀਰ ਨੂੰ ਦੇ ਦਿੱਤੇ। ਵਜ਼ੀਰ ਨੇ ਦੋ ਰੱਖ ਲਏ ਅਤੇ ਪੰਜ ਰਾਜੇ ਨੂੰ ਦੇ ਦਿੱਤੇ। ਫੇਰ ਰਾਜੇ ਨੇ ਇੱਕ ਆਪਣੇ ਕੋਲ ਰੱਖ ਲਿਆ ਬਾਕੀ ਚਾਰ ਆਪਣੀਆਂ ਚੌਹਾਂ ਰਾਣੀਆਂ ’ਚ ਵੰਡ ਦਿੱਤੇ। ਰੁਮਾਲਾਂ ਦਾ ਕਪੜਾ ਦੇਖ ਕੇ ਰਾਣੀਆਂ ਫੁੜਕ ਗਈਆਂ। ਸਾਰੀਆਂ ਨੇ ਰਾਏ ਕੀਤੀ ਕਿ ਆਪਾਂ ਇਹੋ ਜਹੇ ਕਪੜੇ ਦਾ ਇੱਕ ਇੱਕ ਸੂਟ ਸਮਾਈਏ। ਤਰਕਾਲਾਂ ਨੂੰ ਰਾਣੀਆਂ ਖਣਪੱਟੀਆਂ ਲੈ ਕੇ ਪੈ ਗਈਆਂ। ਜਦੋਂ ਰਾਜਾ ਬਲਾਵੇ ਬੋਲਣ ਨਾ। ਇਸ ਤੇ ਰਾਜੇ ਨੇ ਪੁੱਛਿਆ, "ਥੋਨੂੰ ਕੀ ਚਾਹੀਦੈ।" ਤਾਂ ਸਾਰੀਆਂ ਨੇ ਆਖਿਆ, "ਇਸ ਰੁਮਾਲ ਵਰਗਾ ਅਸੀਂ ਸਾਰੀਆਂ ਨੇ ਇੱਕ-ਇੱਕ ਸੂਟ ਸਮਾਉਣੈ ਨਹੀਂ ਅਸੀਂ ਮਰ ਜਾਵਾਂਗੀਆਂ।"
ਰਾਜਾ ਕਹਿੰਦਾ, "ਇਹ ਵੀ ਕੋਈ ਵੱਡੀ ਗੱਲ ਐ।"
ਦੂਜੇ ਦਿਨ ਰਾਜੇ ਨੇ ਵਜ਼ੀਰ ਨੂੰ ਹੁਕਮ ਦਿੱਤਾ, "ਇਹਨਾਂ ਰੁਮਾਲਾਂ ਵਰਗਾ ਚੌਹਾਂ ਰਾਣੀਆਂ ਨੂੰ ਇੱਕ-ਇੱਕ ਸੂਟ ਸਮਾਉਣੈ-ਇਹੋ ਜਿਹਾ ਕਿਤੋਂ ਲੈ ਕੇ ਆ ਕਪੜਾ, ਨਹੀਂ ਮੈਂ ਤੈਨੂੰ ਸਣ-ਬੱਚੇ ਕੌਹਲੂ ਪੀੜ ਦੂੰਗਾ।"
ਤਦ ਵਜ਼ੀਰ ਨੇ ਆਖਿਆ, "ਮਹਾਰਾਜ ਇਹ ਰੁਮਾਲ ਤਾਂ ਮੈਂ ਦੋ ਟਕੀਏ ਤੋਂ ਲਏ ਸੀ।
ਰਾਜਾ ਕਹਿੰਦਾ, "ਦੋ ਟਕੀਏ ਨੂੰ ਆਖ ਬਈ ਛੇ ਮਹੀਨੇ ਤੋਂ ਅੱਗੋਂ ਅੱਗੋਂ ਇਹੋ ਜਿਹਾ ਕਪੜਾ ਲੈ ਕੇ ਆਵੇ ਨਹੀਂ ਤਾਂ ਉਹਦੀ ਖ਼ੈਰ ਨੀ।"
ਇਹੀ ਗੱਲ ਵਜ਼ੀਰ ਨੇ ਦੋ ਟਕੀਏ ਨੂੰ ਜਾ ਆਖੀ। ਫਸ ਗਿਆ ਵਿਚਾਰਾ ਦੋ ਟਕੀਆਂ ਕੀ ਕਰਦਾ। ਆਖਰ ਇੱਕ ਘੋੜਾ ਅਤੇ ਛੇ ਮਹੀਨੇ ਦੀ ਨਕਦ ਤਨਖਾਹ ਲੈ ਕੇ ਦੋ ਟਕੀਆ

ਘੋੜੇ ਤੇ ਸਵਾਰ ਹੋਕੇ ਤੁਰ ਪਿਆ। ਤੁਰਦਾ-ਤੁਰਦਾ ਬਹੁਤ ਦੂਰ ਚਲਿਆ ਗਿਆ। ਆਥਣ ਵੇਲਾ ਹੋਇਆ ਹੋਇਆ ਸੀ ਮਾਰੋ ਮਾਰ ਇੱਕ ਪਿੰਡ ਵਿੱਚ ਚੀਕ ਚਿਹਾੜਾ ਪਿਆ ਹੋਇਆ ਸੀ। ਪਤਾ ਕਰਨ ਤੇ ਪਤਾ ਲੱਗਿਆ ਬਈ ਇੱਕ ਚੰਗੇ ਸ਼ਾਹੂਕਾਰ ਦਾ ਇਕਲੌਤਾ ਪੁੱਤਰ ਚਲ ਵਸਿਆ ਹੈ। ਤਦ ਦੋ ਟਕੀਆ ਵੀ ਆਪਣਾ ਘੋੜਾ ਸ਼ਾਹੂਕਾਰ ਦੇ ਘਰ ਲੈ ਗਿਆ। ਮੁਰਦੇ ਦੀ ਲਾਸ਼ ਮੜੀਆਂ ਤੇ ਲੈ ਜਾਣ ਨੂੰ ਤਕਰੀਬਨ ਅੱਧਾ ਘੰਟਾ ਪਹਿਲਾਂ ਚੁੱਕੀ ਗਈ ਸੀ। ਜਦੋਂ ਮੜੀਆਂ ਤੇ ਪੁੱਜੇ ਤਾਂ ਸੂਰਜ ਡੁੱਬ ਗਿਆ। ਜਦੋਂ ਨੌਜੁਆਨ ਦੀ ਮੜੀ ਨੂੰ ਅੱਗ ਲਾਉਣ ਲੱਗੇ ਤਾਂ ਇੱਕ ਪੰਡਿਤ ਨੇ ਉੱਠ ਕੇ ਆਖਿਆ, "ਸਾਹੁਕਾਰ ਜੀ ਲੜਕੇ ਦਾਗ ਨਾ ਲਾਓ, ਦਿਨ ਛਿਪਦੇ ਨਾਲ ਦਾਗ ਲਾਉਣਾ ਮਾੜਾ ਹੁੰਦੈ।"
ਸ਼ਾਹੂਕਾਰ ਬੋਲਿਆ, "ਪੰਡਤ ਜੀ ਵਹਿਮ ਨਾ ਕਰੋ। ਇੱਕ ਤੇਰੇ ਵਰਗਾ ਪੰਡਤ ਕਹਿੰਦਾ ਸੀ ਬਈ ਲੜਕੇ ਦੀ ਉਮਰ ਨੱਬੇ ਸਾਲ ਹੈ ਪਰ ਇਹ ਮਰਦਾ ਅਠਾਰਵੇਂ ਸਾਲ 'ਚ ਐ।"
ਇੱਕ ਹੋਰ ਪੰਡਤ ਨੇ ਉੱਠ ਕੇ ਆਖਿਆ, "ਸ਼ਾਹੂਕਾਰ ਜੀ ਠੀਕ ਲੜਕੇ ਦੀ ਉਮਰ ਨੱਬੇ ਸਾਲ ਦੀ ਹੋ ਸਕਦੀ ਐ ਤੇ ਹੈ ਵੀ।"
ਤਦ ਸ਼ਾਹੂਕਾਰ ਨੇ ਕਿਹਾ, "ਮੈਨੂੰ ਸਮਝ ਨੀ ਆਉਂਦੀ ਕਿਵੇਂ ਹੋ ਸਕਦੀ ਐਂ ਜਦੋਂ ਇਹ ਮਰ ਈ ਗਿਐ।"
ਤਦ ਪੰਡਤ ਨੇ ਆਖਿਆ, "ਅੱਜ ਰਾਤ ਤੁਹਾਤੋਂ ਅਤੇ ਤੁਹਾਡੇ ਰਿਸ਼ਤੇਦਾਰਾਂ ਤੋਂ ਬਿਨਾਂ ਕੋਈ ਹੋਰ ਆਦਮੀ ਇਸ ਲੜਕੇ ਦੀ ਰਾਖੀ ਏਥੇ ਹੀ ਰਾਤ ਨੂੰ ਕਰੇ ਤਾਂ ਇਹ ਜਿਊਂਦਾ ਹੋ ਸਕਦਾ ਹੈ।"
ਸਾਹੂਕਾਰ ਨੇ ਬਹੁਤ ਸਾਰੇ ਲੋਕਾਂ ਨੂੰ ਰਾਖੀ ਕਰਨ ਬਾਰੇ ਕਿਹਾ ਪਰ ਕੋਈ ਨਾ ਮੰਨੇ। ਅਖੀਰ ਦੋ ਟਕੀਏ ਨੇ ਸੋਚਿਆ ਛੇ ਮਹੀਨੇ ਨੂੰ ਮਰਿਆ ਜਾਂ ਅੱਜ ਕੀ ਫਰਕ ਐ-ਦੋ ਟਕੀਆ ਸ਼ਾਹੂਕਾਰ ਨੂੰ ਕਹਿੰਦਾ, "ਮੈਂ ਲੜਕੇ ਦੀ ਰਾਖੀ ਰਾਹੀਂ ਕਰੂੰਗਾ-ਮੇਰੇ ਘੋੜੇ ਨੂੰ ਰਜਵੇਂ ਕੱਖ-ਕਾਨੇ ਪਾ ਦੇਣੇ।"
ਐਨਾ ਆਖਣ ਦੀ ਦੇਰ ਸੀ ਪਿੰਡ ਦੇ ਸਾਰੇ ਲੋਕ ਡਰਦੇ ਮਾਰੇ ਆਪਣੇ ਆਪਣੇ ਘਰਾਂ ਨੂੰ ਵਾਪਸ ਮੁੜ ਪਏ।
ਪੋਹ-ਮਾਘ ਦਾ ਮਹੀਨਾ....ਸਾਂ-ਸਾਂ ਕਰਦੀ ਰਾਤ ਵਿੱਚ ਵਿਚਾਰਾ ਇਕੱਲਾ ਦੋ ਟਕੀਆ ਨੰਗੀ ਕ੍ਰਿਪਾਨ ਲਈ ਰਾਖੀ ਕਰ ਰਿਹਾ ਸੀ। ਤਕਰੀਬਨ ਅੱਧੀ ਕੁ ਰਾਤ ਬੀਤਣ ਤੇ ਓਹੀ ਡੈਣ ਆਈ ਤਾਂ ਉਹਨੇ ਮੁੰਡੇ ਦੇ ਸਰਾਣੇ ਵਲੋਂ ਇੱਕ ਮੁੱਠ ਮਿੱਟੀ ਦੀ ਚੁੱਕ ਕੇ ਪੈਰਾਂ ਵੱਲ ਰੱਖ ਦਿੱਤੀ ਅਤੇ ਪੈਰਾਂ ਵਲੋਂ ਚੁੱਕ ਕੇ ਸਰਾਣੇ ਅਤੇ ਚੁਟਕੀ ਮਾਰ ਕੇ ਆਖਿਆ, "ਉਠ ਦੋਸਤਾ।"
ਮੁੰਡਾ ਰਾਮ ਰਾਮ ਕਰਦਾ ਉਠ ਕੇ ਖੜਾ ਹੋ ਗਿਆ। ਤਦ ਉਹਨਾਂ ਕੁਝ ਚਿਰ ਗੱਲਾਂ ਕੀਤੀਆਂ ਅਤੇ ਡੈਣ ਮੁੰਡੇ ਨੂੰ ਕਹਿਣ ਲੱਗੀ, "ਲੈ ਮੈਂ ਹੁਣ ਤੈਨੂੰ ਮਾਰ ਕੇ ਖਾ ਜਾਣੈ ਤੇ ਜੀਹਨੂੰ ਯਾਦ ਕਰਨੈ ਕਰ ਲੈ।" ਮੁੰਡੇ ਨੇ ਦੋ ਵਾਰ ਰਾਮ ਰਾਮ ਕਿਹਾ ਤਦ ਡੈਣ ਨੇ ਫੇਰ ਸਰਾਣੇ ਤੋਂ ਮਿੱਟੀ ਦੀ ਮੁੱਠ ਪੈਰਾਂ ਵੱਲ ਅਤੇ ਪੈਰਾਂ ਵੱਲੋਂ ਸਰਾਣੇ ਵੱਲ ਕਰਕੇ ਮਾਰ ਦਿੱਤਾ। ਇਹ ਸਭ ਕੁਝ ਦੋ ਟਕੀਏ ਨੇ ਦੇਖ ਲਿਆ। ਜਦ ਡੈਣ ਮੁੰਡੇ ਨੂੰ ਖਾਣ ਲੱਗੀ ਤਾਂ ਦੋ ਟਕੀਏ ਨੇ ਗੜ੍ਹਕਵੀਂ ਆਵਾਜ਼ 'ਚ ਲਲਕਾਰਾ ਮਾਰਿਆ, "ਅੱਗੇ ਬਚ ਕੇ ਚਲੀ ਗਈ ਸੀ ਅੱਜ ਨੀ ਬੱਚ ਸਕਦੀ।"


ਜਦੋਂ ਡੈਣ ਨੇ ਓਹੀ ਦੋ ਟਕੀਆ ਦੇਖਿਆ ਤਾਂ ਡਰ ਕੇ ਭੱਜ ਗਈ। ਦੋ ਟਕੀਆ ਪਿੱਛਾ ਕਰਦਾ ਮੀਲ ਦੋ ਮੀਲ ਗਿਆ ਫੇਰ ਮੁੜ ਆਇਆ। ਫੇਰ ਉਹਨੇ ਵਾਪਸ ਆਕੇ ਨੌਜਵਾਨ ਨੂੰ ਜਿਵੇਂ ਡੈਣ ਨੇ ਕੀਤਾ ਸੀ ਤਿਵੇਂ ਹੀ ਕੀਤਾ ਤਾਂ ਮੁੰਡਾ ਫਿਰ ਉਠ ਬੈਠਾ ਹੋਇਆ ਤਾਂ ਜਿਵੇਂ ਡੈਣ ਨੇ ਮਾਰਿਆ ਸੀ ਉਵੇਂ ਹੀ ਮਾਰ ਦਿੱਤਾ। ਇੰਨੇ ਨੂੰ ਦਿਨ ਚੜ ਆਇਆ। ਪਿੰਡ ਦੇ ਲੋਕ ਕੱਠੇ ਹੋਗੇ। ਉਹ ਪੰਡਤ ਵੀ ਆ ਗਏ। ਮੁੰਡੇ ਦਾ ਬਾਪ ਵੀ ਆ ਗਿਆ ਤਦ ਮੁੰਡਾ ਉਵੇਂ ਈ ਪਿਆ ਸੀ। ਦੋ ਟਕੀਆ ਰਾਖੀ ਬੈਠਾ ਸੀ। ਇਸ ਤੋਂ ਸ਼ਾਹੂਕਾਰ ਨੇ ਪੰਡਤਾਂ ਨੂੰ ਪੁੱਛਿਆ, "ਇਹ ਤਾਂ ਜਿਉਂਦਾ ਨੀ ਹੋਇਆ। ਪੰਡਤ ਵਿਚਾਰੇ ਚੁੱਪ। ਏਨੇ ਨੂੰ ਦੇ ਕੀਏ ਨੇ ਆਖ ਦਿੱਤਾ, "ਮੈਂ ਇਸ ਨੂੰ ਜਿਊਂਦਾ ਕਰ ਸਕਦਾ ਹਾਂ।"
ਸ਼ਾਹੂਕਾਰ ਕਹਿੰਦਾ, "ਮੈਂ ਤੈਨੂੰ ਬਹੁਤ ਕੁਝ ਦੇਵਾਂਗਾ ਜੇ ਤੂੰ ਮੇਰੇ ਇਕਲੌਤੇ ਪੁੱਤ ਨੂੰ ਜਿਉਂਦਾ ਕਰ ਦਮੇਂ।"
ਦੋ ਟਕੀਏ ਨੇ ਪਹਿਲਾਂ ਬਹੁਤ ਦੂਜੇ ਟੂਣੇ ਟਾਮਣ ਕਰਾਏ ਫੇਰ ਦੋ ਘੰਟੇ ਮਗਰੋਂ ਉਸ ਨੇ ਜਿਉਂਦਾ ਕਰ ਦਿੱਤਾ। ਸ਼ਾਹੂਕਾਰ ਖ਼ੁਸ਼ੀ-ਖੁਸ਼ੀ ਟੋ ਟਕੀਏ ਅਤੇ ਪੁੱਤਰ ਸਮੇਤ ਘਰ ਪੁੱਜਾ। ਦੋ ਟਕੀਏ ਨੂੰ ਆਪਣੀ ਧੀ ਦਾ ਡੋਲਾ ਦੇ ਦਿੱਤਾ। ਵਿਆਹ ਤੋਂ ਮਗਰੋਂ ਦੋ ਟਕੀਏ ਨੇ ਆਪਣੀ ਘਰਵਾਲੀ ਨੂੰ ਰੁਮਾਲ ਦਾ ਕਪੜਾ ਦਿਖਾ ਕੇ ਪੁੱਛਿਆ ਤਾਂ ਉਹਦੀ ਘਰਵਾਲੀ ਨੇ ਕਿਹਾ, "ਇਹੋ ਜਿਹਾ ਕਪੜਾ ਤਾਂ ਮੇਰੇ ਦਾਦੇ ਨੇ ਵੀ ਨਹੀਂ ਦੇਖਿਆ ਹੋਣਾ-ਮੈਂ ਤਾਂ ਕੀ ਦੇਖਣਾ ਸੀ।’’
ਇਹ ਸੁਣ ਕੇ ਦੋ ਟਕੀਏ ਨੇ ਆਪਣੀ ਘਰਵਾਲੀ ਨੂੰ ਕਿਹਾ,"ਜਿੰਦਾ ਰਿਹਾ ਤਾਂ ਫੇਰ ਮਿਊਂਗਾ।" ਇਹ ਆਖ ਕੇ ਉਹ ਜੰਗਲ ਬੀਆਬਾਨ ਵਲ ਨੂੰ ਚਲਿਆ ਗਿਆ। ਰੋਹੀ ਵਿੱਚ ਉਸ ਨੂੰ ਰਾਤ ਪੈਗੀ। ਰਾਤ ਬਹੁਤ ਕੱਕਰੀ ਸੀ। ਉਹ ਇੱਕ ਬੋਹੜ ਹੇਠਾਂ ਬੈਠ ਗਿਆ ਅਤੇ ਘੋੜਾ ਵੀ ਬੰਨ੍ਹ ਦਿੱਤਾ। ਬੋਹੜ ਉਤੇ ਦੋ ਜਾਨਵਰ ਬੈਠੇ ਸੀ-ਇਕ ਚਕਵਾ ਤੇ ਚਕਵੀ। ਚਕਵਾ ਚਕਵੀ ਨੂੰ ਆਖਣ ਲੱਗਾ, "ਕੋਈ ਗੱਲ ਸੁਣਾ।"
ਚਕਵੀ ਕਹਿੰਦੀ, "ਆਪ ਬੀਤੀ, ਜੱਗ ਬੀਤੀ ਜਾਂ ਕੋਈ ਨੁਸਖਾ।"
ਚਕਵਾ ਕਹਿੰਦਾ, "ਕੋਈ ਨੁਸਖਾ ਦੱਸ।"
ਚਕਵੀ ਬੋਲੀ,"ਜੇ ਕੋਈ ਆਦਮੀ ਸੁਣਦਾ ਹੋਵੇ ਤਾਂ ਮੇਰੀ ਬਿੱਠ ਚੁੱਕ ਲਵੇ। ਜੇਕਰ ਕੋਈ ਆਦਮੀ ਅੰਨਾ ਹੋਵੇ ਤਾਂ ਮੇਰੀ ਬਿਠ ਨੂੰ ਲਬ ਨਾਲ ਘਸਾ ਕੇ ਅੱਖ ਵਿੱਚ ਪਾ ਲਵੇ ਉਹਦੀਆਂ ਅੱਖਾਂ ਐਨ ਠੀਕ ਹੋ ਜਾਣਗੀਆਂ। ਲੈ ਮੈਂ ਹੁਣ ਬਿੱਠ ਕਰਨ ਲੱਗੀ ਆਂ।"
ਜਦੋਂ ਬਿਠ ਗਿਰਨ ਦਾ ਖੜਕਾ ਹੋਇਆ ਤਾਂ ਦੋ ਟਕੀਏ ਨੇ ਉਸ ਦੀ ਬਿਠ ਚੁੱਕ ਕੇ ਰੁਮਾਲ ਦੇ ਲੜ ਬੰਨ੍ਹ ਲਈ। ਫੇਰ ਚਕਵੇ ਨੇ ਆਖਿਆ, "ਮੇਰੀ ਬਿੱਠ ਤੇਰੀ ਬਿੱਠ ਨਾਲੋਂ ਘੱਟ ਕੀਮਤ ਨਹੀਂ ਰੱਖਦੀ ਜੇ ਕੋਈ ਆਦਮੀ ਸੁਣਦਾ ਹੈ ਉਹ ਮੇਰੀ ਬਿੱਠ ਚੁੱਕ ਲਵੇ-ਜੇ ਕਿਸੇ ਆਦਮੀ ਨੂੰ ਗਠੀਏ ਦੀ ਬਿਮਾਰੀ ਹੋਵੇ ਤਾਂ ਮੇਰੀ ਬਿਠ ਨੂੰ ਉਬਲਦੇ ਪਾਣੀ ਦੇ ਕੜਾਹੇ ਵਿੱਚ ਸੁੱਟ ਦੇਵੇ। ਜਦੋਂ ਮੇਰੀ ਬਿੱਠ ਐਨ ਘੁਲ ਜਾਵੇ ਤਾਂ ਪਾਣੀ ਠੰਡਾ ਹੋਣ ਦਿਓ ਫੇਰ ਗਠੀਏ ਵਾਲੇ ਨੂੰ ਏਸ ਪਾਣੀ ਵਿੱਚ ਨਹਾ ਦਿਓ। ਇਸ ਤਰ੍ਹਾਂ ਕਰਨ ਨਾਲ ਗਠੀਆ ਹਟ ਜਾਊਗਾ। ਲੈ ਹੁਣ ਮੈਂ ਬਿੱਠ ਕਰਦਾਂ ਜੇ ਕੋਈ ਸੁਣਦਾ ਹੈ ਤਾਂ ਚੁੱਕ ਲਵੇ।" ਜਦੋਂ ਧਰਤੀ ਉੱਤੇ ਖੜਕਾ ਹੋਇਆ ਤਾਂ ਦੋ ਟਕੀਏ ਨੇ ਬਿੱਠ ਚੁੱਕ ਲਈ ਤੇ ਰੁਮਾਲ ਵਿੱਚ ਬੰਨ ਲਈ। ਐਨੇ ਵਿੱਚ ਦਿਨ ਚੜ੍ਹ ਗਿਆ। ਦੋ ਟਕੀਆ ਆਪਣਾ ਘੋੜਾ ਫੜਕੇ ਅੱਗੇ ਨੂੰ ਤੁਰ ਪਿਆ।


ਤੁਰਦੇ-ਤੁਰਦੇ ਦਿਨ ਫੇਰ ਛਿਪਣ ਲੱਗਿਆ ਤੇ ਹਨ੍ਹੇਰਾ ਹੋ ਗਿਆ। ਫੇਰ ਓਸ ਨੇ ਲਾਗੇ ਦੇ ਪਿੰਡ ਕੁੱਤਿਆਂ ਦਾ ਰੌਲਾ ਸੁਣਿਆਂ ਪਰ ਓਥੇ ਰੌਸ਼ਨੀ ਬਿਲਕੁਲ ਨਹੀਂ ਸੀ। ਦੋ ਟਕੀਆ ਕੁੱਤਿਆਂ ਦੀ ਆਵਾਜ਼ ਵਲ ਨੂੰ ਚਲਿਆ ਗਿਆ। ਉਸ ਆਪਣੇ ਆਪ ਨੂੰ ਆਖਿਆ ਏਥੇ ਪਿੰਡ ਜਰੂਰ ਐ-ਜਦੋਂ ਦੋ ਟਕੀਆ ਕੁੱਤਿਆਂ ਦੀ ਆਵਾਜ਼ ਦੇ ਐਨ ਲਵੇ ਚਲਿਆ ਗਿਆ ਤਦ ਉਹਨੇ ਲੋਕਾਂ ਦੀਆਂ ਗੱਲਾਂ ਵੀ ਸੁਣੀਆਂ। ਹੁਣ ਦੋਂ ਟਕੀਏ ਨੂੰ ਅਤੇ ਉਹਦੇ ਘੋੜੇ ਨੂੰ ਭੁੱਖ ਬਹੁਤ ਸਤਾ ਰਹੀ ਸੀ। ਉਹਨੇ ਇੱਕ ਆਦਮੀ ਨੂੰ ਕਿਹਾ, "ਬਈ ਦੋਸਤਾ ਮੈਨੂੰ ਰਾਤ ਕੱਟਣ ਲਈ ਮੰਜੀ, ਰੋਟੀ ਅਤੇ ਘੋੜੇ ਲਈ ਕੱਖ ਦੇ ਦੇ।"
ਭਲਾ ਆਦਮੀ ਮੰਨ ਗਿਆ। ਉਹਨੇ ਰੋਟੀ, ਮੰਜੀ, ਕੱਖ ਸਭ ਕੁਝ ਦੋ ਟਕੀਏ ਨੂੰ ਦੇ ਦਿੱਤਾ। ਰੋਟੀ ਖਾਕੇ ਦੋ ਟਕੀਏ ਨੇ ਓਸ ਆਦਮੀ ਕੋਲੋਂ ਪੁੱਛਿਆ, "ਦੋਸਤ ਦੀਵਾ ਸ਼ਹਿਰ ਵਿੱਚ ਕਿਸੇ ਨੇ ਵੀ ਨਹੀਂ ਬਾਲਿਆ।"
ਇਹ ਸੁਣ ਕੇ ਓਸ ਭਲੇ ਆਦਮੀ ਨੇ ਦੋ ਟਕੀਏ ਨਾਲ ਨਾਰਾਜ਼ਗੀ ਨਾਲ ਬੋਲਦਿਆਂ ਕਿਹਾ, "ਬਸ ਹੋਰ ਨਾ ਬੋਲ ਤੈਨੂੰ ਪਤਾ ਨੀ ਸਾਡੇ ਸ਼ਹਿਰ ਦਾ ਬਾਦਸ਼ਾਹ ਅੰਨ੍ਹਾ ਹੈ। ਉਹ ਕਹਿੰਦਾ ਹੈ ਜਦ ਮੈਂ ਸੁਜਾਖਾ ਨਹੀਂ, ਮੈਨੂੰ ਨਹੀਂ ਦਿੱਸਦਾ ਤੁਸੀਂ ਰਾਤ ਨੂੰ ਦੀਵਾ ਨਹੀਂ ਡੰਗ ਸਕਦੇ। ਇਸ ਲਈ ਇਹ ਹੁਕਮ ਸਖਤੀ ਨਾਲ ਮਨਵਾਇਆ ਗਿਐ।"
ਇਹ ਗਲ ਸੁਣ ਕੇ ਦੋ ਟਕੀਆ ਮਨੋ ਮਨੀ ਬਹੁਤ ਖੁਸ਼ ਹੋਇਆ ਤੇ ਦਿਲ ਵਿੱਚ ਆਖਣ ਲੱਗਾ ਸ਼ਾਇਦ ਮੇਰਾ ਮਨੋਰਥ ਏਥੇ ਪੂਰਾ ਹੋ ਜਾਵੇ। ਆਖਰ ਦੋ ਟਕੀਆ ਬੋਲਿਆ, "ਜੇ ਮੈਂ ਬਾਦਸ਼ਾਹ ਨੇ ਦਿਖਣ ਲਾ ਦਵਾਂ" ਤਾਂ ਅੱਗੋਂ ਓਸ ਆਦਮੀ ਨੇ ਸਖਤੀ ਨਾਲ ਆਖਿਆ,'ਅੱਗੇ ਤੇਰੇ ਵਰਗੇ ਲੋਟੂ ਪੀਰ ਬਥੇਰੇ ਆਏ ਨੇ।"
ਦੇ ਟਕੀਆ ਫੇਰ ਆਖਣ ਲੱਗਾ, "ਮੈਂ ਬਿਲਕੁਲ ਨੋ ਬਰ ਨੋ ਕਰੋ ਦੂੰਗਾ ਮੇਰੇ ਤੇ ਭਰੋਸਾ ਕਰ!" ਤਾਂ ਓਸ ਆਦਮੀ ਨੇ ਕਿਹਾ, "ਚੰਗਾ ਸਵੇਰੇ ਮੈਂ ਤੈਨੂੰ ਬਾਦਸ਼ਾਹ ਕੋਲ ਲੈ ਕੇ ਜਾਊਂਗਾ।"
ਉਹ ਰਾਤ ਨੂੰ ਪੈ ਗਏ। ਸਵੇਰ ਹੋਈ ਉਹ ਆਦਮੀ ਇਨਾਮ ਲੈਣ ਲਈ ਦੋ ਟਕੀਏ ਨੂੰ ਨਾਲ ਲੈਕੇ ਮਹਿਲਾਂ ਵਲ ਨੂੰ ਚਲਿਆ ਗਿਆ ਤੇ ਜਾਕੇ ਬਾਦਸ਼ਾਹ ਨੂੰ ਕਿਹਾ, "ਬਾਦਸ਼ਾਹ ਸਲਾਮਤ ਮੈਂ ਇੱਕ ਡਾਕਟਰ ਲੈ ਕੇ ਆਇਆਂ।"
ਬਾਦਸ਼ਾਹ ਅੱਗੋਂ ਬੋਲਿਆ, "ਚੰਗਾ-ਜੇਕਰ ਡਾਕਟਰ ਨੇ ਮੈਨੂੰ ਆਰਾਮ ਕਰ ਦਿੱਤਾ ਤਾਂ ਮੈਂ ਤੈਨੂੰ ਇੱਕ ਹਜ਼ਾਰ ਰੁਪਏ ਦਮਾਂਗਾ ਤੇ ਡਾਕਟਰ ਨੂੰ ਹੋਰ ਬਹੁਤ ਇਨਾਮ ਵਜੋਂ ਚਾਹੇ ਕੁਝ ਦੇ ਦਮਾਂ।"
ਫੇਰ ਦੇ ਟਕੀਏ ਨੇ ਚਕਵੀ ਦੀ ਬਿੱਠ ਰੁਮਾਲ ਵਿਚੋਂ ਕੱਢੀ ਤੇ ਆਪਣੇ ਹੱਥ ਤੇ ਲਵ ਨਾਲ ਘਸਾ ਕੇ ਰਾਜੇ ਦੀਆਂ ਅੱਖਾਂ ਵਿੱਚ ਇੱਕ ਇੱਕ ਸੁਰਮਚੂ ਪਾ ਦਿੱਤਾ ਤਾਂ ਰਾਜੇ ਦੀਆਂ ਅੱਖਾਂ ਚਰਾਗਾਂ ਵਾਂਗ ਖੁਲ ਗਈਆਂ। ਰਾਜਾ ਹੁਣ ਆਪਣੀ ਰਾਣੀ ਦਾ ਗੁਲਾਬੀ ਚਿਹਰਾ ਵੇਖ ਸਕਦਾ ਸੀ, ਆਪਣੀ ਜੁਆਨ ਧੀ ਨੂੰ ਵੇਖ ਸਕਦਾ ਸੀ। ਗੱਲ ਕੀ ਓਸ ਰਾਜੇ ਦੀ ਨਿਗਾਹ ਬਹੁਤ ਤੇਜ ਹੋਗੀ। ਹੁਣ ਰਾਜੇ ਨੇ ਉਸ ਆਦਮੀ ਨੂੰ ਤਾਂ ਇੱਕ ਹਜ਼ਾਰ ਰੁਪਏ ਦੇ ਕੇ ਤੋਰ ਦਿੱਤਾ ਤੇ ਦੋ ਟਕੀਏ ਨੂੰ ਆਪਣੀ ਮੁਟਿਆਰ ਧੀ ਦਾ ਡੋਲਾ ਦੇ ਦਿੱਤਾ। ਵਿਆਹ ਤੋਂ ਬਾਅਦ ਦੋ ਟਕੀਏ ਨੇ ਆਪਣੀ ਘਰ ਵਾਲੀ ਨੂੰ ਰੁਮਾਲ ਵਿਖਾ ਕੇ ਪੁੱਛਿਆ, "ਤੁਹਾਡੇ ਘਰ ਵਿੱਚ ਇਹੋ ਜਿਹਾ ਕਪੜਾ ਹੈਗਾ।"
ਲੜਕੀ ਨੇ ਕਿਹਾ, "ਮੇਰੇ ਤਾਂ ਦਾਦੇ ਨੇ ਵੀ ਇਹੋ ਜਿਹਾ ਕਪੜਾ ਨਹੀਂ ਦੇਖਿਆ ਹੋਣਾ। ਸਾਡੇ ਤਾਂ ਇਹੋ ਜਿਹਾ ਕਪੜਾ ਕਿੱਥੇ ਹੈ।"
ਇਹ ਸੁਣਕੇ ਦੋ ਟਕੀਏ ਨੇ ਆਪਣੀ ਘਰ ਵਾਲੀ ਨੂੰ ਕਿਹਾ, "ਜੇ ਜਿਉਂਦਾ ਰਿਹਾ ਤਾਂ ਫੇਰ ਮਿਲਾਂਗੇ-ਅੱਛਾ ਮੈਂ ਚਲਦਾ।"
ਏਨੀ ਗਲ ਆਖ ਕੇ ਦੋ ਟਕੀਆ ਓਥੋਂ ਤੁਰ ਪਿਆ। ਚਲੋ ਚਾਲ। ਤੁਰਦੇ-ਤੁਰਦੇ ਕਈ ਦਿਨ ਲੰਘ ਗਏ। ਉਹ ਕਿਸੇ ਹੋਰ ਰਾਜ ਵਿੱਚ ਚਲਿਆ ਗਿਆ। ਫੇਰ ਓਸ ਨੂੰ ਇੱਕ ਸ਼ਹਿਰ ਵਿੱਚ ਰਾਤ ਪੈ ਗਈ। ਤਾਂ ਫੇਰ ਦੋ ਟਕੀਏ ਨੇ ਇੱਕ ਸ਼ਹਿਰੀ ਭਲੇ ਲੋਕ ਨੂੰ ਆਖਿਆ, "ਦੋਸਤ ਮੈਨੂੰ ਰੋਟੀ, ਮੰਜੀ ਅਤੇ ਘੋੜਾ ਲਈ ਥੋੜਾ ਜਿਹਾ ਘਾ ਦੇ ਦੋ ਮੈਂ ਪ੍ਰਦੇਸੀ ਆਂ।"
ਉਹ ਭਲਾ ਲੋਕ ਦੋ ਟਕੀਏ ਨੂੰ ਇਹ ਸਭ ਕੁਝ ਦੇਣ ਲਈ ਰਾਜ਼ੀ ਹੋ ਗਿਆ। ਜਦ ਦੋ ਟਕੀਆ ਰੋਟੀ ਖਾਣ ਲੱਗਿਆ ਤਾਂ ਉਸ ਨੇ ਵੇਖਿਆ ਬਈ ਦਾਲ ਵਿੱਚ ਨਾ ਲੂਣ ਐ ਨਾ ਹੀਂ ਮਿਰਚਾਂ ਨੇ। ਦੋ ਟਕੀਏ ਨੂੰ ਦਾਲ ਸੁਆਦ ਨਾ ਲੱਗੀ ਤਦ ਦੋ ਟਕੀਏ ਨੇ ਉਸ ਆਦਮੀ ਨੂੰ ਆਖਿਆ, "ਦਾਲ ਵਿੱਚ ਨਾ ਲੂਣ ਐ ਨਾ ਮਿਰਚਾਂ ਨੇ।"
ਇਸ ਤੇ ਓਸ ਆਦਮੀ ਨੇ ਨਾਰਾਜ਼ਗੀ ਪ੍ਰਗਟ ਕਰਦੇ ਕਿਹਾ, "ਬਈ ਰੋਟੀ ਖਾਣੀ ਐਂ ਤਾਂ ਖਾ ਲੈ ਕਿਤੇ ਮੈਨੂੰ ਫਸਾ ਨਾ ਦਈਂ।" ਇਹ ਸੁਣ ਕੇ ਦੋ ਟਕੀਆ ਕਹਿੰਦਾ, "ਮੈਂ ਤੈਨੂੰ ਕਿਵੇਂ ਫਸਾਉਣਾ?"
ਆਦਮੀ ਕਹਿੰਦਾ, "ਵੀਰ ਮੇਰਿਆ ਸਾਡੇ ਦੇਸ ਦੇ ਬਾਦਸ਼ਾਹ ਨੂੰ ਗੱਠੀਏ ਦੀ ਬੀਮਾਰੀ ਐ ਏਸ ਲਈ ਓਹ ਲੂਣ ਮਿਰਚ ਨਹੀਂ ਖਾ ਸਕਦਾ। ਉਹਨੇ ਹੁਕਮ ਦਿੱਤਾ ਹੋਇਐ ਬਈ ਸਾਰੇ ਦੇਸ ਵਿੱਚ ਕੋਈ ਟੱਬਰ ਜਾਂ ਆਦਮੀ ਲੁਣ ਮਿਰਚਾਂ ਨਹੀਂ ਖਾ ਸਕਦਾ।"
ਇਹ ਸੁਣ ਕੇ ਦੋ ਟਕੀਆ ਬਹੁਤ ਖ਼ੁਸ਼ ਹੋਇਆ ਭਲੇ ਆਦਮੀ ਨੂੰ ਕਹਿਣ ਲੱਗਾ, "ਮੈਂ ਥੋਡੇ ਬਾਦਸ਼ਾਹ ਦਾ ਰੋਗ ਤੋੜ ਸਕਦਾਂ।"
ਆਦਮੀ ਦੋ ਟਕੀਏ ਦੀ ਗਲ ਦਾ ਮਜ਼ਾਕ ਉਡਾਉਂਦਾ ਹੋਇਆ ਬੋਲਿਆ, "ਅੱਗੇ ਤੇਰੇ ਵਰਗੇ ਏਥੇ ਲੱਖਾਂ ਲਹੂ ਪੀਰ ਆਏ ਨੇ ਪਰ ਕਿਸੇ ਕੋਲੋਂ ਆਰਾਮ ਨੀ ਆਇਆ।"
ਦੋ ਟਕੀਏ ਨੇ ਪੂਰੇ ਵਿਸ਼ਵਾਸ ਨਾਲ ਕਿਹਾ, "ਮੈਂ ਗਠੀਏ ਦਾ ਪੁਰਾ ਇਲਾਜ ਕਰ ਸਕਦਾਂ ਤੂੰ ਫਿਕਰ ਨਾ ਕਰ।"
ਉਸ ਤੇ ਵਿਸ਼ਵਾਸ ਕਰਦਿਆਂ ਆਦਮੀ ਕਹਿਣ ਲੱਗਾ, "ਚੰਗਾ ਸਵੇਰੇ ਤੈਨੂੰ ਮੈਂ ਬਾਦਸ਼ਾਹ ਕੋਲ ਲੈ ਜਾਊਂਗਾ।"
ਸਵੇਰ ਹੋਈ ਤਾਂ ਉਹ ਦੋਨੋਂ ਸ਼ਾਹੀ ਮਹਿਲਾਂ ਵੱਲ ਚਲੇ ਗਏ। ਉਸ ਆਦਮੀ ਨੇ ਬਾਦਸ਼ਾਹ ਨੂੰ ਕਿਹਾ, "ਬਾਦਸ਼ਾਹ ਸਲਾਮਤ ਮੈਂ ਇੱਕ ਡਾਕਟਰ ਥੋਡੇ ਇਲਾਜ ਵਾਸਤੇ ਲੈ ਕੇ ਆਇਆਂ।"
ਉਹਨੇ ਦੋ ਟਕੀਆ ਬਾਦਸ਼ਾਹ ਅੱਗੇ ਪੇਸ਼ ਕਰ ਦਿੱਤਾ।
ਬਾਦਸ਼ਾਹ ਕਹਿੰਦਾ, "ਜੇਕਰ ਮੈਨੂੰ ਆਰਾਮ ਹੋ ਗਿਆ ਤਾਂ ਮੈਂ ਤੈਨੂੰ ਦੋ ਹਜਾਰ ਰੁਪਏ ਦਮਾਂਗਾ ਤੇ ਡਾਕਟਰ ਨੂੰ ਬਹੁਤ ਸਾਰਾ ਇਨਾਮ।"
ਇਸ ਮਗਰੋਂ ਦੋ ਟਕੀਏ ਨੇ ਇੱਕ ਚੁਰ ਪੁਟਾਈ ਅਤੇ ਉਹਦੇ ਉੱਤੇ ਪਾਣੀ ਦਾ ਕੜਾਹਾ ਉਬਲਣਾ ਧਰ ਦਿੱਤਾ ਤੇ ਉਸ ਵਿੱਚ ਚਕਵੇ ਵਾਲੀ ਬਿੱਠ ਘੋਲ ਦਿੱਤੀ। ਜਦੋਂ ਬਿੱਠ ਐਨ ਘੁਲ ਗਈ ਤਾਂ ਕੜਾਹੇ ਨੂੰ ਠੰਡਾ ਹੋਣ ਦਿੱਤਾ। ਫੇਰ ਬਾਦਸ਼ਾਹ ਨੂੰ ਚੱਕ ਕੇ ਉਸ ਕੜਾਹੇ

ਵਿੱਚ ਨ੍ਹਾਊਣ ਲਈ ਵਾੜ ਦਿੱਤਾ। ਜਿਉਂ-ਜਿਉਂ ਬਾਦਸ਼ਾਹ ਨ੍ਹਾਵੈ ਤਿਉਂ-ਤਿਉਂ ਉਹਦਾ ਗੱਠੀਆ ਖੁਲ੍ਹਦਾ ਜਾਵੇ।
ਬਾਦਸ਼ਾਹ ਦੋ ਟਕੀਏ ਤੋਂ ਬਹੁਤ ਖ਼ੁਸ਼ ਹੋਇਆ। ਭਲੇ ਆਦਮੀ ਨੂੰ ਬਾਦਸ਼ਾਹ ਨੇ ਦੋ ਹਜ਼ਾਰ ਰੁਪਏ ਇਨਾਮ ਦੇ ਦਿੱਤੇ ਤੇ ਦੋ ਟਕੀਏ ਨੂੰ ਆਪਣੀ ਧੀ ਦਾ ਡੋਲਾ ਦੇ ਦਿੱਤਾ।
ਦੋ ਟਕੀਆ ਕਈ ਦਿਨ ਬਾਦਸ਼ਾਹ ਦੇ ਮਹਿਲਾਂ 'ਚ ਰਹਿਣ ਮਗਰੋਂ ਆਪਣੀ ਘਰਵਾਲੀ ਨੂੰ ਰੁਮਾਲ ਦਖਾ ਕੇ ਕਹਿਣ ਲੱਗਾ, "ਤੁਹਾਡੇ ਘਰ ਇਹੋ ਜਿਹਾ ਕਪੜਾ ਹੈਗਾ?" ਤਾਂ ਓਸ ਲੜਕੀ ਨੇ ਕਿਹਾ, "ਏਹੋ ਜਿਹਾ ਕਪੜਾ ਤਾਂ ਮੇਰੇ ਦਾਦੇ ਨੇ ਵੀ ਨਹੀਂ ਦੇਖਿਆ ਹੋਣਾ, ਮੈਂ ਤਾਂ ਕਿਥੋ ਦੇਖਣਾ ਸੀ।"
ਏਨੀ ਗੱਲ ਸੁਣ ਕੇ ਦੇ ਟਕੀਏ ਨੇ ਆਪਣੀ ਘਰ ਵਾਲੀ ਨੂੰ ਕਿਹਾ,ਚੰਗਾ ਮੈਂ ਤਾਂ ਚਲਦਾਂ ਹਾਂ ਜੇਕਰ ਜਿਉਂਦਾ ਰਿਹਾ ਫੇਰ ਮਿਲਾਂਗੇ।"
ਏਨੀ ਗੱਲ ਕਹਿਕੇ ਦੋ ਟਕੀਆ ਅੱਗੇ ਤੁਰ ਪਿਆ। ਰੋਹੀ ਵਿੱਚ ਉਹਨੇ ਇੱਕ ਕੁਟੀ ਦੇਖੀ। ਉਹਨੇ ਘੋੜਾ ਇੱਕ ਪਾਸੇ ਬੰਕੇ ਆਪ ਕੁਟੀ ਵਿੱਚ ਗਿਆ ਤਾਂ ਕੀ ਵੇਖਦੈ ਓਥੇ ਇੱਕ ਬਹੁਤ ਹੀ ਸੁੰਦਰ ਤੇ ਮੁਟਿਆਰ ਕੁੜੀ ਬੈਠੀ ਐ। ਉਹ ਕੁੜੀ ਦੋ ਟਕੀਏ ਨੂੰ ਵੇਖ ਕੇ ਪਹਿਲਾਂ ਹੱਸੀ ਫੇਰ ਰੋਈ। ਏਸ ਤੇ ਦੋ ਟਕੀਏ ਨੇ ਕੁੜੀ ਕੋਲੋਂ ਹੱਸਣ ਅਤੇ ਰੋਣ ਦਾ ਕਾਰਨ ਪੁੱਛਿਆ ਤਾਂ ਕੁੜੀ ਨੇ ਉੱਤਰ ਦਿੱਤਾ, "ਮੈਂ ਹੱਸੀ ਤਾਂ ਆਂ ਅੱਜ ਤੋਂ ਪਹਿਲਾਂ ਮਾਨਸ ਦੇਹ ਦੇਖੀ ਨਹੀਂ ਅਤੇ ਨਾ ਤੇਰੇ ਵਰਗਾ ਸੋਹਣਾ ਸੁਨੱਖਾ ਜੁਆਨ ਦੇਖਿਐ। ਰੋਈ ਤਾਂ ਆਂ ਮੇਰੀ ਮਾਂ ਡੈਣ ਐ ਜਦੋਂ ਆਉਗੀ ਉਹਨੇ ਤੈਨੂੰ ਖਾ ਜਾਣੈ। ਓਸ ਡੈਣ ਨੇ ਵੀਹ ਵੀਹ ਕੋਹ ਵਿੱਚ ਕੋਈ ਮਨੁੱਖ ਨੀ ਛੱਡਿਆ।"
ਦੋ ਟਕੀਏ ਨੇ ਕਿਹਾ,"ਇਸ ਦਾ ਕੋਈ ਇਲਾਜ ਨੀ ਤੇਰੇ ਕੋਲ।"
"ਅੱਜ ਤਾਂ ਮੈਂ ਤੈਨੂੰ ਬਚਾ ਸਕਦੀ ਆਂ।" ਡੈਣ ਦੀ ਕੁੜੀ ਨੇ ਭਰੋਸੇ ਨਾਲ ਆਖਿਆ।
ਡੈਣ ਦੀ ਕੁੜੀ ਵਲੋਂ ਭਰੋਸਾ ਮਿਲਣ ਤੋਂ ਦੋ ਟਕੀਆ ਬਹੁਤ ਖ਼ੁਸ਼ ਹੋਇਆ। ਦੋਹਾਂ ਨੇ ਸਾਰਾ ਦਿਨ ਮਿਲਕੇ ਪਿਆਰ ਮੁਹੱਬਤ ਦੀਆਂ ਗੱਲਾਂ ਕੀਤੀਆਂ। ਦੋ ਟਕੀਏ ਨੇ ਡੈਣ ਦੀ ਲੜਕੀ ਨੂੰ ਰਮਾਲ ਦਿਖਾਕੇ ਇਹ ਵੀ ਪੁੱਛਿਆ, "ਤੁਹਾਡੇ ਕੋਲ ਇਹੋ ਜਿਹਾ ਕਪੜਾ ਹੈ।"
ਲੜਕੀ ਕਹਿੰਦੀ, "ਹਾਂ ਹੈਗਾ ਬਹੁਤ ਸਾਰਾ ਨਾ ਮੁੱਕਣ ਵਾਲਾ।"
ਹਨੇਰਾ ਸੰਘਣਾ ਹੋਣ ਲੱਗਾ। ਡੈਣ ਦੀ ਲੜਕੀ ਨੇ ਦੋ ਟਕੀਏ ਨੂੰ ਮੱਖੀ ਬਣਾ ਕੇ ਕੰਧ ਦੇ ਕੌਲੇ ਨਾਲ ਲਾ ਦਿੱਤਾ। ਏਨੇ ਨੂੰ ਡੈਣ ਵੀ ‘ਆਦਮ ਬੋ’ ‘ਆਦਮ ਬੋ' ਕਰਦੀ ਆਈ ਤਾਂ ਡੈਣ ਦੀ ਲੜਕੀ ਨੇ ਕਿਹਾ, "ਏਥੇ ਆਦਮ ਕਿੱਥੇ ਛੱਡਿਐ ਤੈਂ।"
ਡੈਣ ਕਹਿੰਦੀ, "ਮੈਨੂੰ ਆਦਮੀ ਦਾ ਮੁਸ਼ਕ ਆਉਂਦੈ ਏਥੇ ਕਿਤੇ ਜ਼ਰੂਰ ਐ।"
ਉਹਦੀ ਲੜਕੀ ਨੇ ਬੜੀ ਵਾਜਬ ਦਲੀਲ ਦੇ ਕੇ ਆਖਿਆ, "ਜੋ ਅੱਜ ਤੂੰ ਖਾ ਕੇ ਆਈ ਮੈਂ ਤੇਰੇ ਮੰਹ ਚੋਂ ਉਹਦਾ ਈ ਮੁਸ਼ਕ ਆ ਰਿਹੈ।"
ਡੈਣ ਅਤੇ ਡੈਣ ਦੀ ਕੁੜੀ ਨੇ ਰਾਤ ਕੱਟੀ। ਦਿਨ ਚੜ੍ਹੇ ਡੈਣ ਫੇਰ ਆਪਣੇ ਖਾਜੇ ਨੂੰ ਚਲੀ ਗਈ। ਡੈਣ ਦੇ ਜਾਣ ਮਗਰੋਂ ਉਹਦੀ ਕੁੜੀ ਨੇ ਦੋ ਟਕੀਏ ਨੂੰ ਮੁੜਕੇ ਆਦਮੀ ਬਣਾ ਦਿੱਤਾ ਤੇ ਫੇਰ ਗੱਲਾਂ ਬਾਤਾਂ ਕਰਨ ਲੱਗੇ। ਦੋ ਟਕੀਏ ਨੇ ਡੈਣ ਦੀ ਲੜਕੀ ਨੂੰ ਕਿਹਾ, "ਮੈਂ ਤੈਨੂੰ ਬਹੁਤ ਚਾਹੁੰਦਾ ਆਂ, ਕੀ ਤੂੰ ਵੀ ਮੈਨੂੰ ਚਾਹੁੰਨੀ ਐਂ?"
ਡੈਣ ਦੀ ਲੜਕੀ ਨੇ ਕਿਹਾ, "ਮੈਂ ਤੈਨੂੰ ਚਾਹੁੰਦੀ ਤਾਂ ਹਾਂ ਪਰ ਜੇ ਮੈਂ ਏਸ ਕੁਟੀ ਤੋਂ

ਬਾਹਰ ਨਿਕਲਾਂ ਤਾਂ ਮੇਰੀ ਮਾਂ ਨੂੰ ਝੱਟ ਪਤਾ ਲੱਗ ਜਾਂਦੈ। ਉਹ ਫੇਰ ਆਜੂਗੀ-ਨਾਲੇ ਉਹਨੇ ਤੈਨੂੰ ਮਾਰ ਦੇਣੈ ਨਾਲੇ ਮੈਨੂੰ।"
ਦੋ ਟਕੀਆ ਕਹਿੰਦਾ, "ਕੋਈ ਨਾ ਫੇਰ ਅੱਜ ਘਰ ਆਉਣ ਦੇ ਮੈਂ ਕਰਦਾਂ ਏਸ ਦਾ ਇਲਾਜ।"
ਗੱਲਾਂ ਕਰਦਿਆਂ ਨੂੰ ਦਿਨ ਛਿੱਪਣ ਵਾਲਾ ਹੋ ਗਿਆ। ਡੈਣ ਦਾ ਆਉਣ ਦਾ ਸਮਾਂ ਨੇੜੇ ਆ ਰਿਹਾ ਸੀ ਕੁੜੀ ਨੇ ਦੋ ਟਕੀਏ ਨੂੰ ਕਿਹਾ, "ਤੂੰ ਡੈਣ ਤੋਂ ਇੱਕ ਪਲੰਘ ਜਿਸ ਤੇ ਉਹ ਪੈਂਦੀ ਐ, ਇੱਕ ਜਾਦੂ ਦੀ ਡੱਬੀ ਅਤੇ ਇੱਕ ਪਊਏ ਜਿਹੜਾ ਉਹਦੇ ਪੈਰਾਂ ਵਿੱਚ ਪਾਏ ਹੋਏ ਨੇ ਮੰਗ ਲਈਂ।"
ਡੈਣ ਵਾਪਸ ਆ ਗੀ ਆਦਮ ਬੋ-ਆਦਮ ਬੋ ਕਰਦੀ। ਦੋ ਟਕੀਏ ਨੇ ਆਪਣੀ ਕ੍ਰਿਪਾਨ ਧੂ ਲਈ। ਡੈਣ ਦੇ ਮਗਰ ਦੌੜਿਆ। ਡੈਣ ਨੇ ਦੇਖਿਆ ਇਹ ਤਾਂ ਓਹੀ ਆਦਮੀ ਹੈ ਜੀਹਨੇ ਉਹਨੂੰ ਦਰਖੱਤ ਹੇਠੋਂ ਭਜਾਇਆ ਸੀ। ਡੈਣ ਡਰਕੇ ਮੂਹਰੇ ਨੱਠ ਲਈ ਦੋ ਟਕੀਆ ਉਹਦੇ ਪਿੱਛੇ ਪਿੱਛੇ। ਥੋੜੀ ਦੂਰ ਜਾਕੇ ਦੋ ਟਕੀਏ ਨੇ ਡੈਣ ਫੜ ਲਈ। ਜਦੋਂ ਦੋ ਟਕੀਆ ਡੈਣ ਨੂੰ ਮਾਰਨ ਲੱਗਿਆਂ ਤਾਂ ਡੈਣ ਨੇ ਕਿਹਾ, "ਤੂੰ ਮੈਥੋਂ ਕੁਝ ਮੰਗ ਲੈ ਪਰ ਮੈਨੂੰ ਮਾਰ ਨਾ।"
ਦੋ ਟਕੀਏ ਨੇ ਕਿਹਾ, "ਚੰਗਾ, ਇੱਕ ਤਾਂ ਮੈਨੂੰ ਆਪਣੀ ਧੀ ਦਾ ਡੋਲਾ ਦੇ ਦੇ, ਦੂਜਾ ਪਲੰਘ ਜਿਸ ਉੱਤੇ ਤੂੰ ਪੈਂਦੀ ਐਂ ਤੀਜੇ ਪਊਏ ਤੇ ਚੌਥੀ ਡੱਬੀ ਜਾਦੂ ਵਾਲੀ।"
ਮਜਬੂਰ ਹੋ ਕੇ ਭੈਣ ਨੂੰ ਇਹ ਸਭ ਕੁਝ ਦੋ ਟਕੀਏ ਨੂੰ ਦੇਣਾ ਪਿਆ।
ਦੇ ਟਕੀਏ ਅਤੇ ਡੈਣ ਦੀ ਕੁੜੀ ਨੇ ਓਥੋਂ ਜਾਣ ਲੱਗੀ ਨੇ ਸੱਭ ਕੁਝ ਪਲੰਘ ਤੇ ਰੱਖ ਦਿੱਤਾ, ਆਪ ਵੀ ਦੋਨੋਂ ਪਲੰਘ ਤੇ ਬਹਿ ਗਏ ਤੇ ਆਖਿਆ, "ਚਲ ਪਲੰਘ ਗਠੀਏ ਵਾਲੇ ਰਾਜੇ ਦੇ ਘਰ।" ਥੋੜੇ ਚਿਰ ਵਿੱਚ ਈ ਉਹ ਓਸੇ ਰਾਜੇ ਦੇ ਘਰ ਅਪੜ ਗਏ ਫੇਰ ਓਥੋਂ ਉਸ ਰਾਜੇ ਦੀ ਲੜਕੀ ਨੂੰ ਨਾਲ ਲੈ ਕੇ ਅੰਨੇ ਰਾਜੇ ਦੇ ਘਰ ਨੂੰ ਜਾਣ ਲਈ ਪਲੰਘ ਨੂੰ ਆਖਿਆ ਗਿਆ। ਥੋੜਾ ਚਿਰ ਵਿੱਚ ਉਹ ਓਥੇ ਪਹੁੰਚ ਗਏ ਫੇਰ ਓਥੋਂ ਸ਼ਾਹੂਕਾਰ ਦੇ ਘਰ ਨੂੰ ਜਾਣ ਲਈ ਪਲੰਘ ਨੂੰ ਕਿਹਾ ਗਿਆ-ਓਥੋਂ ਓਹ ਫੇਰ ਦੋ ਟਕੀਆਂ ਆਪਣੀਆਂ ਵਹੁਟੀਆਂ ਸਮੇਤ ਆਪਣੇ ਸ਼ਹਿਰ ਆ ਗਿਆ। ਇਹ ਸਾਰਾ ਕੁਝ ਉਹਨੇ ਐਨ ਸਮੇਂ ਦੇ ਵਿੱਚ ਵਿੱਚ ਹੀ ਕਰ ਲਿਆ। ਫੇਰ ਵਜ਼ੀਰ ਨੇ ਦੋ ਟਕੀਏ ਨੂੰ ਪੁੱਛਿਆ, "ਕਿਉਂ ਬਈ ਕਪੜਾ ਲੈ ਆਂਦਾ।" ਤਾਂ ਦੇ ਟਕੀਏ ਨੇ ਕਿਹਾ, "ਜੀ ਹਾਂ।"
ਫੇਰ ਓਸ ਨੇ ਕਿਹਾ, "ਸਾਰੇ ਸ਼ਹਿਰ ਵਿੱਚ ਆਖਦੇ ਬਈ ਸੱਭੇ ਹੀ ਕਪੜਾ ਮੁਫਤ ਲੈ ਜਾਣ।"
ਏਸ ਤੇ ਵਜ਼ੀਰ ਘੁਰ ਗਿਆ ਅਤੇ ਦਿਲ ਵਿੱਚ ਸੋਚਣ ਲੱਗਾ, "ਹੁਣ ਦੋ ਟਕੂਏ ਦੀ ਤਾਕਤ ਮੈਥੋਂ ਵਧਜੁ ਗੀ। ਇਸ ਲਈ ਮੈਨੂੰ ਚਾਹੀਦੈ ਬਈ ਮੈਂ ਏਸ ਨੂੰ ਬਾਦਸ਼ਾਹ ਕੋਲੋਂ ਮਰਵਾ ਦਿਆਂ।"
ਕਪੜਾ ਸਾਰੇ ਸ਼ਹਿਰ ਵਿੱਚ ਵੰਡਿਆ ਗਿਆ ਪਰ ਵਜ਼ੀਰ ਨਾ ਲੈ ਕੇ ਗਿਆ। ਜਦੋਂ ਸਾਰਾ ਕਪੜਾ ਵੰਡਿਆ ਗਿਆ ਤਾਂ ਰੋਅਬ ਜਮਾਉਣ ਲਈ ਵਜੀਰ ਫੇਰ ਕਪੜਾ ਲੈਣ ਗਿਆ ਤਾਂ ਦੋ ਟਕੀਏ ਨੇ ਆਪਣੀਆਂ ਚਾਰੇ ਘਰ ਵਾਲੀਆਂ ਨੂੰ ਕਿਹਾ ਕਿ ਇਸ ਦੇ ਸਿਰ ਵਿੱਚ ਸੱਤ-ਸੱਤ ਜੁੱਤੀਆਂ ਮਾਰੋ। ਉਹਨਾਂ ਨੇ ਇਵੇਂ ਹੀ ਕੀਤਾ। ਏਸ ਤੇ ਵਜੀਰ ਨੂੰ ਹੋਰ ਵੀ ਗੁੱਸਾ ਚੜ੍ਹ ਗਿਆ। ਸੋਚ-ਸੋਚ ਕੇ ਵਜ਼ੀਰ ਨੇ ਇੱਕ ਦਿਨ ਬਾਦਸ਼ਾਹ ਨੂੰ ਕਿਹਾ, "ਬਾਦਸ਼ਾਹ

ਸਲਾਮਤ ਮੈਂ ਰਾਹੀਂ ਇੱਕ ਸੁਫਨੇ ਵਿੱਚ ਅਜ਼ੀਬ ਜਾਨਵਰ ਦੌਖਿਆ ਹੈ-ਐਨਾ ਸੋਹਣਾ ਜੀਹਦਾ ਕੋਈ ਅੰਤ ਹੀ ਨਹੀਂ-ਬਿਆਨੋਂ ਬਾਹਰ।"
ਜਾਨਵਰ ਦੀ ਸਿਫਤ ਸੁਣ ਕੇ ਬਾਦਸ਼ਾਹ ਕਹਿੰਦੇ, "ਚੰਗਾ, ਮੈਨੂੰ ਵੀ ਵਖਾਓ।"
ਵਜੀਰ ਨੇ ਆਖਿਆ, "ਦੋ ਟਕੀਆ ਬੜਾ ਅਕਲਮੰਦ ਐ ਉਹ ਜ਼ਰੂਰ ਕਿਤੋਂ ਨਾ ਕਿਤੋਂ ਲੈ ਕੇ ਹੀ ਆਉਗਾ।"
ਬਾਦਸ਼ਾਹ ਨੇ ਦੋ ਟਕੀਏ ਨੂੰ ਅਜੀਬ ਜਾਨਵਰ ਲਿਆਉਣ ਲਈ ਕਿਹਾ-ਮੋਹਲਤ ਦਿੱਤੀ ਗਈ।
ਦੋ ਟਕੀਆ ਮਸੋਸਿਆ ਜਿਹਾ ਮੁੰਹ ਲੈ ਕੇ ਆਪਣੇ ਘਰ ਆ ਗਿਆ-ਉਹ ਸਮਝ ਗਿਆ ਇਹ ਸਾਰੀ ਕਾਰਸਤਾਨੀ ਵਜ਼ੀਰ ਦੀ ਐ। ਉਹਦਾ ਬੁਝਿਆ ਹੋਇਆ ਚਿਹਰਾ ਵੇਖ ਕੇ ਡੈਣ ਦੀ ਲੜਕੀ ਨੇ ਪੁੱਛਿਆ, "ਅੱਜ ਤੁਸੀਂ ਕਾਤੋਂ ਨਰਾਜ਼ ਦਿਖਦੇ ਹੋ।"
ਦੋ ਟਕੀਏ ਨੇ ਸਾਰੀ ਕਹਾਣੀ ਦੱਸੀ ਤਾਂ ਡੈਣ ਦੀ ਲੜਕੀ ਨੇ ਕਿਹਾ, "ਇਹ ਕੋਈ ਬੜੀ ਗੱਲ ਐ। ਇਹ ਤਾਂ ਮੇਰਾ ਦੋ ਦਿਨਾਂ ਦਾ ਕੰਮ ਐ।"
ਦੋ ਟਕੀਆ ਅਤੇ ਉਸ ਦੇ ਘਰ ਵਾਲੀਆਂ ਰੋਜ਼ ਘੁੱਗੀਆਂ, ਕਾਵਾਂ, ਗੁਟਾਰਾਂ, ਗੈੜ-ਫੰਗ, ਚਿੜੀਆਂ ਮੋਰ ਅਤੇ ਹੋਰ ਬਹੁਤ ਸਾਰੇ ਜਨੌਰਾਂ ਦੇ ਖੰਭ ਚੁਗ ਕੇ ਲੈ ਆਇਆ ਕਰਨ। ਉਹਨੇ ਫਿਰ ਦੋ ਟੋਏ ਪੁੱਟ ਲਏ। ਇੱਕ ਵਿੱਚ ਖੰਭ ਸੁੱਟ-ਸੁੱਟ ਭਰ ਲਿਆ ਦੂਜਾ ਲੁੱਕ ਨਾਲ ਭਰ ਲਿਆ। ਫੇਰ ਵਜ਼ੀਰ ਨੂੰ ਦੋ ਟਕੀਏ ਨੇ ਰੋਟੀ ਵਰਜੀ। ਜਦੋਂ ਵਜ਼ੀਰ ਘਰ ਵੜਿਆ ਤਾਂ ਉਹਨਾਂ ਧੱਕਾ ਦੇ ਕੇ ਉਹਨੂੰ ਲੁੱਕ ਦੇ ਟੋਏ ਵਿੱਚ ਸੁੱਟ ਦਿੱਤਾ। ਵਜ਼ੀਰ ਸਾਰਾ ਈ ਲੁੱਕ ਨਾਲ ਲਿੱਬੜ ਗਿਆ ਫੇਰ ਓਸ ਨੂੰ ਉਹਨਾਂ ਨੇ ਖੰਭਾਂ ਵਾਲੇ ਟੋਏ ਵਿੱਚ ਸੁੱਟ ਦਿੱਤਾ ਤੇ ਉਸ ਨੂੰ ਖੰਭ ਚਮੇੜ ਦਿੱਤੇ। ਵਜ਼ੀਰ ਬਿਲਕੁਲ ਈ ਪਛਾਣ ਚ ਨਾ ਆਵੇ। ਫੇਰ ਦੋ ਟਕੀਆ ਵਜ਼ੀਰ ਨੂੰ ਅਜੀਬ ਜਾਨਵਰ ਬਣਾ ਕੇ ਸ਼ਾਹੀ ਮਹਿਲ ਵਿੱਚ ਲੈ ਗਿਆ ਤਾਂ ਬਾਦਸ਼ਾਹ ਦੋ ਟਕੀਏ ਤੇ ਬਹੁਤ ਖ਼ੁਸ਼ ਹੋਇਆ। ਉਹਨੂੰ ਬਹੁਤ ਸਾਰਾ ਇਨਾਮ ਦਿੱਤਾ ਬਾਦਸ਼ਾਹ ਨੇ।
ਬਾਦਸ਼ਾਹ ਦੇ ਮਹਿਲ ਵਿਚੋਂ ਆਕੇ ਦੋ ਟਕੀਏ ਨੇ ਅਜ਼ੀਬ ਜਾਨਵਰ ਨੂੰ ਛੱਡ ਦਿੱਤਾ। ਵਜ਼ੀਰ ਨਾਤਾ ਧੋਤਾ। ਹੁਣ ਉਹ ਦੋ ਟਕੀਏ ਤੇ ਪੂਰੀ ਤਰ੍ਹਾਂ ਖਿੱਝਿਆ ਹੋਇਆ ਸੀ। ਬਦਲੇ ਦੀ ਅੱਗ ਨਾਲ ਮਚਿਆ ਪਿਆ ਸੀ।
ਦੂਜੀ ਭਲਕ ਵਜ਼ੀਰ ਨੇ ਫੇਰ ਰਾਜੇ ਦੇ ਦਰਬਾਰ ਵਿੱਚ ਜਾਕੇ ਕਿਹਾ, "ਬਾਦਸ਼ਾਹ ਸਲਾਮਤ ਰਾਤੀਂ ਮੈਨੂੰ ਸੁਫਨਾ ਆਇਐ-ਥੋਡੇ ਵੱਡੇ ਵਡੇਰਿਆਂ ਦਾ ਹਾਲ ਬਹੁਤ ਮਾੜੈ ਉਹਨਾਂ ਨੂੰ ਕਿਸੇ ਆਦਮੀ ਦੀ ਲੋੜ ਐ ਜੇ ਹੋ ਸਕੇ ਤਾਂ ਦੋ ਟਕੀਏ ਨੂੰ ਅੱਗ ਵਿੱਚ ਸਾੜ ਕੇ ਆਪਾਂ ਉਹਨਾਂ ਦੀ ਖ਼ਬਰ ਸਾਰ ਮੰਗਾ ਲਈਏ। ਦੋ ਟਕੀਆ ਬਹੁਤ ਸ਼ੈਤਾਨ ਐ ਉਹ ਆਪਾਂ ਨੂੰ ਏਸ ਗੱਲ ਦਾ ਪਤਾ ਜ਼ਰੂਰ ਦੇਉਗਾ।"
ਬਾਦਸ਼ਾਹ ਵਜ਼ੀਰ ਦੀ ਗੱਲ ਨੂੰ ਮੰਨ ਗਿਆ। ਬਾਦਸ਼ਾਹ ਨੇ ਦੋ ਟਕੀਏ ਨੂੰ ਬੁਲਾ ਕੇ ਕਿਹਾ, "ਬਈ ਤੂੰ ਜੋ ਕੁਝ ਖਾਣਾ ਖਾ ਲੈ, ਜੀਹਨੂੰ ਮਿਲਣੈ ਮਿਲ ਲੈ ਅੱਜ ਤੈਨੂੰ ਚਿਖਾ ਵਿੱਚ ਸਾੜ ਦੇਣੈ।"
"ਮੈਨੂੰ ਘਰ ਮਿਲ ਲੈਣ ਦੇਵੋ।" ਦੋ ਟਕੀਏ ਨੇ ਕਿਹਾ। ਵਿਚਾਰਾ ਦੋ ਟਕੀਆ ਅਫਸੋਸ ਦਾ ਮਾਰਿਆ ਘਰ ਆ ਗਿਆ ਤਾਂ ਡੈਣ ਦੀ ਲੜਕੀ ਨੇ ਪੁੱਛਿਆ, "ਅੱਜ ਤੁਸੀਂ ਕਾਤੋਂ ਨਰਾਸ਼ ਦਿਸਦੇ ਹੋ।" ਤਾਂ ਦੋ ਟਕੀਏ ਨੇ ਸਾਰੀ ਕਹਾਣੀ ਦੱਸੀ। ਤਾਂ ਡੈਣ ਦੀ ਲੜਕੀ ਨੇ

ਕਿਹਾ, "ਕੋਈ ਫਿਕਰ ਨਾ ਕਰੋ ਸਭ ਠੀਕ ਹੋ ਜੂ।" ਫੇਰ ਦੋ ਟਕੀਏ ਨੂੰ ਸਮਝਾ ਕੇ ਕਹਿੰਦੀ, "ਜਦੋਂ ਤੈਨੂੰ ਚਿਖਾ ਵਿੱਚ ਚਿਨਣ ਤਾਂ ਤੂੰ ਆਖੀਂ ਬਈ ਮੈਂ ਆਪਣੇ ਪਲੰਘ ਤੇ ਪਉਂਗਾ-ਪਊਏ ਮੇਰੇ ਪੈਰਾਂ 'ਚ ਹੀ ਰਹਿਣ। ਫੇਰ ਤੂੰ ਆਖੀਂ ਬਈ ਲਓ ਹੁਣ ਚਿਖਾ ਚਿਣ ਲਓ। ਜਦੋਂ ਚਿਖਾ ਨੂੰ ਅੱਗ ਲਾਉਣ ਲੱਗਣ ਤਾਂ ਤੂੰ ਪਲੰਘ ਨੂੰ ਆਖੀਂ-‘ਚੱਲ ਮੇਰੇ ਪਲੰਘ ਅਸਮਾਨ ਵਿੱਚ ਤਾਂ ਤੂੰ ਅਸਮਾਨ ਵਿੱਚ ਚਲਿਆ ਜਾਏਂਗਾ ਪਰ ਤੂੰ ਡਰੀਂ ਨਾ। ਆਥਣ ਨੂੰ ਪਲੰਘ ਨੂੰ ਆਖੀਂ ‘ਚਲ ਮੇਰੇ ਪਲੰਘ ਘਰ’ ਤਾਂ ਫੇਰ ਤੂੰ ਘਰ ਆਜੇਂਗਾ।"
ਦੋ ਟਕੀਆ ਤਿਆਰ ਹੋਕੇ ਸ਼ਾਹੀ ਦਰਬਾਰ ਵਿੱਚ ਚਲਿਆ ਗਿਆ ਨਾਲ ਆਪਣੇ ਪਲੰਘ ਤੇ ਪਊਏ ਵੀ ਲੈ ਗਿਆ। ਫੇਰ ਦੋ ਟਕੀਏ ਨੇ ਕਿਹਾ, "ਮੇਰਾ ਪਲੰਘ ਪਊਏ ਚਿਖਾ ਵਿੱਚ ਹੀ ਚਿਣ ਦਿੱਤੇ ਜਾਣ ਮੈਂ ਤਿਆਰ ਹਾਂ।"
ਇਸੇ ਤਰ੍ਹਾਂ ਕੀਤਾ ਗਿਆ। ਜਦ ਚਿਖਾ ਨੂੰ ਅੱਗ ਲਾਣ ਲੱਗੇ ਤਾਂ ਦੋ ਟਕੀਏ ਨੇ ਕਿਹਾ, "ਚਲ ਮੇਰੇ ਪਲੰਘ ਅਸਮਾਨ ਵਿੱਚ" ਤਾਂ ਦੋ ਟਕੀਆ ਤੇ ਉਸਦਾ ਪਲੰਘ ਅਸਮਾਨ ਵਿੱਚ ਜਾ ਪਹੁੰਚੇ। ਚਿਖਾ ਜਲ ਰਹੀ ਸੀ। ਵਜ਼ੀਰ ਹੁਣ ਬਹੁਤ ਖੁਸ਼ ਸੀ ਅਤੇ ਦੋ ਟਕੀਏ ਦੀਆਂ ਇਸਤਰੀਆਂ ਨੂੰ ਆਪਣੇ ਘਰ ਜਾਣ ਲਈ ਸੋਚਣ ਲੱਗ ਪਿਆ ਸੀ।
ਜਦੋਂ ਆਥਣ ਹੋਈ ਤਾਂ ਦੋ ਟਕੀਏ ਨੇ ਆਖਿਆ, "ਚਲ ਮੇਰੇ ਪਲੰਘ ਘਰ " ਤਾਂ ਦੋ ਟਕੀਆ ਸਹੀ ਸਲਾਮਤ ਆਪਣੇ ਘਰ ਪਹੁੰਚ ਗਿਆ। ਸਾਰੇ ਸ਼ਹਿਰ ਵਿੱਚ ਇਹ ਗੱਲ ਅੱਗ ਵਾਂਗੂ ਫੈਲ ਗਈ ਬਈ ਦੋ ਟਕੀਆ ਸਵਰਗ ਲੋਕ ਵਿੱਚੋਂ ਹੋਕੇ ਵਾਪਸ ਆ ਗਿਆ ਹੈ।
ਬਾਦਸ਼ਾਹ ਨੇ ਦੋ ਟਕੀਏ ਨੂੰ ਬੁਲਾਇਆ ਅਤੇ ਪੁੱਛਿਆ, "ਤੂੰ ਐਨੀ ਜਲਦੀ ਵਾਪਸ ਕਿਉਂ ਆ ਗਿਐਂ?"
ਦੋ ਟਕੀਏ ਨੇ ਤੁਰੰਤ ਜਵਾਬ ਦੇ ਕੇ ਕਿਹਾ, "ਹਜ਼ੂਰ ਮੈਨੂੰ ਤੁਹਾਡੇ ਵਡੇਰਿਆਂ ਨੇ ਕਿਹੈ ਬਈ ਸਾਨੂੰ ਤੇਰੀ ਕੋਈ ਲੋੜ ਨੀ ਤੂੰ ਜਾ ਕੇ ਬਾਦਸ਼ਾਹ ਨੂੰ ਕਹੀਂ ਬਈ ਸਾਡੇ ਕੋਲ ਕੋਈ ਚੱਜ ਦਾ ਵਜ਼ੀਰ ਨਹੀਂ ਹੈ ਤੇ ਨਾ ਹੀ ਕੋਈ ਨਾਈ ਐ। ਇਹਨਾਂ ਦੋਹਾਂ ਆਦਮੀਆਂ ਨੂੰ ਅੱਜ ਈ ਭੇਜ ਦੇਵੋ। ਐਨ ਤਾੜਕੇ ਕਿਹੈ ਉਹਨਾਂ ਨੇ।"
ਦੋ ਟਕੀਏ ਦਾ ਤੁੱਕਾ ਚੱਲ ਗਿਆ।
ਬਾਦਸ਼ਾਹ ਨੇ ਉਸ ਕੋਲੋਂ ਰਾਏ ਲਈ, "ਆਪਾਂ ਕਿਹੜਾ ਵਜ਼ੀਰ ਘੱਲੀਏ ਤੇ ਕਿਹੜਾ ਨਾਈ ਘੱਲੀਏ।" ਤਾਂ ਦੋ ਟਕੀਏ ਨੇ ਕਿਹਾ, "ਬਾਦਸ਼ਾਹੋ ਆਪਣਾ ਵਜ਼ੀਰ ਬੜਾ ਲਾਇਕ ਐ-ਨਾਲੇ ਨਾਈ ਵੀ ਐ-ਕੱਲਾ ਈ ਦੋਏ ਕੰਮ ਸਾਰਦੁ।"
ਬਾਦਸ਼ਾਹ ਦੇ ਮਨ ਇਹ ਗਲ ਪੁੜ ਗਈ। ਉਹਨੇ ਵਜ਼ੀਰ ਨੂੰ ਚਿਖਾ ਵਿੱਚ ਚਿਨਣ ਦਾ ਹੁਕਮ ਦੇ ਦਿੱਤਾ। ਵਜ਼ੀਰ ਨੂੰ ਚਿਖਾ ਵਿੱਚ ਚਿਨਣ ਦੀ ਤਿਆਰੀ ਕੀਤੀ ਗਈ। ਵਜ਼ੀਰ ਨੂੰ ਚਿਖਾ ਵਿੱਚ ਚਿਣ ਕੇ ਅੱਗ ਲਾਈ ਗਈ। ਫੇਰ ਕੀ ਸੀ ਵਜ਼ੀਰ ਅੱਗ ਵਿੱਚ ਸੜਕੇ ਸੁਆਹ ਹੋ ਗਿਆ। ਦੋ ਟਕੀਏ ਨੂੰ ਮਾਰਦਾ ਮਾਰਦਾ ਵਜ਼ੀਰ ਆਪਣੀ ਜਾਨ ਗੁਆ ਬੈਠਾ। ਵਜ਼ੀਰ ਦੇ ਘਰ ਦੇ ਤੇ ਰਿਸ਼ਤੇਦਾਰ ਰੋਣ ਪਿੱਟਣ ਲੱਗੇ।
ਬਾਦਸ਼ਾਹ ਨੇ ਦੋ ਟਕੀਏ ਨੂੰ ਆਪਣਾ ਵਜ਼ੀਰ ਬਣਾ ਲਿਆ। ਉਹ ਆਰਾਮ ਨਾਲ ਆਪਣਾ ਕੰਮ ਕਰਨ ਲੱਗਾ।