ਸਮੱਗਰੀ 'ਤੇ ਜਾਓ

ਬਾਤਾਂ ਦੇਸ ਪੰਜਾਬ ਦੀਆਂ/ਚਲਾਕ ਗਿੱਦੜ ਦੀ ਮੌਤ

ਵਿਕੀਸਰੋਤ ਤੋਂ
49579ਬਾਤਾਂ ਦੇਸ ਪੰਜਾਬ ਦੀਆਂ — ਚਲਾਕ ਗਿੱਦੜ ਦੀ ਮੌਤਸੁਖਦੇਵ ਮਾਦਪੁਰੀ

ਚਲਾਕ ਗਿੱਦੜ ਦੀ ਮੌਤ

ਇੱਕ ਸੀ ਸ਼ੇਰ ਤੇ ਇੱਕ ਸੀ ਸ਼ੀਹਣੀ। ਉਹਨਾਂ ਦੇ ਦੋ ਬੱਚੇ ਸੀ। ਸ਼ੇਰ ਆਪਣੇ ਘੁਰਨੇ ਚੋਂ ਬਾਹਰ ਸ਼ਿਕਾਰ ਖੇਡਣ ਜਾਇਆ ਕਰੇ। ਸ਼ੇਰ ਦੇ ਮਗਰੋਂ ਇੱਕ ਗਿੱਦੜ ਆਇਆ ਕਰੇ ਤੇ ਸ਼ੇਰਨੀ ਨੂੰ ਆ ਕੇ ਡਰਾਉਣ ਲੱਗ ਜਾਵੇ ਤੇ ਆਖੋ, "ਕਿਉਂ ਨੀ ਬਾਪੂ ਦੇ ਪੈਸੇ ਨੀ ਦੇਣੈ।"

ਸ਼ੇਰਨੀ ਨੇ ਸ਼ੇਰ ਨੂੰ ਗਿੱਦੜ ਦੇ ਰੋਜ਼ ਆਉਣ ਤੇ ਡਰਾਉਣ ਬਾਰੇ ਦੱਸਿਆ ਬਈ ਉਹ ਰੋਜ਼ ਆ ਕੇ ਪੈਸੇ ਮੰਗਦੈ। ਸ਼ੇਰ ਨੇ ਇਹ ਸੁਣ ਕੇ ਆਖਿਆ, "ਤੈਨੂੰ ਮਖੌਲ ਕਰਦਾ ਹੋਣੈ।"

ਕਈ ਦਿਨਾਂ ਮਗਰੋਂ ਫੋਰ ਸ਼ੋਰ ਨੂੰ ਉਹੀ ਗੱਲ ਦੱਸੀ ਸ਼ੇਰਨੀ ਨੇ ਬਈ ਉਹ ਰੋਜ਼ ਆ ਕੇ ਪੈਸੇ ਮੰਗਦੈ। ਇਹ ਸੁਣ ਕੇ ਸ਼ੇਰ ਨੂੰ ਰੋਹ ਚੜ ਗਿਆ। ਦੋਹਾਂ ਸਲਾਹ ਕੀਤੀ ਜਦੋਂ ਗਿੱਦੜ ਆਵੇ ਤਾਂ ਸ਼ੇਰ ਨੂੰ ਉਹ ਪਤਾ ਦੇਵੇ। ਇੱਕ ਦਿਨ ਸ਼ੇਰ ਘਰ ਹੀ ਰਿਹਾ। ਉਸੇ ਵੇਲੇ ਗਿੱਦੜ ਆਇਆ ਤੇ ਪਹਿਲਾਂ ਵਾਂਗ ਹੀ ਬਲਿਆ, "ਕਿਉਂ ਨੀਂ ਬਾਪੂ ਦੇ ਪੈਸੇ ਨੀ ਦੇਣੈ।" ਇਹ ਸੁਣ ਸ਼ੇਰ ਇਕ ਦਮ ਬਾਹਰ ਨਿਕਲ ਆਇਆ। ਸ਼ੇਰ ਨੂੰ ਵੇਖਦਿਆਂ ਸਾਰ ਹੀ ਗਿੱਦੜ ਭੱਜ ਲਿਆ। ਗਿੱਦੜ ਅੱਗੇ-ਅੱਗੇ ਸ਼ੇਰ ਪਿੱਛੇ-ਪਿੱਛੇ। ਗਿੱਦੜ ਬਹੁਤ ਚਲਾਕ ਸੀ। ਨੱਸਦੇ-ਹੱਸਦੇ ਇੱਕ ਬੜੀ ਸਾਰੀ ਜੜ ਵਾਲਾ ਪਿੱਪਲ ਤੱਕ ਕੇ ਟਪੂਸੀ ਮਾਰ ਉੱਪਰ ਚੜ੍ਹ ਗਿਆ ਤੇ ਸ਼ੇਰ ਦਾ ਗਲ ਪਿੱਪਲ ਦੀ ਜੜ ਵਿੱਚ ਫਸ ਗਿਆ। ਪਿੱਪਲ ਦੇ ਨਜ਼ਦੀਕ ਹੀ ਹੱਡਾ ਰੋੜੀ ਸੀ। ਗਿੱਦੜ 'ਤੂਓ' 'ਤੂਓ' ਕਰਨ ਲੱਗ ਪਿਆ। ਹੱਡਾ ਰੋੜੀ ਤੋਂ ਕੁੱਤੇ ਆਏ ਤੇ ਉਹਨਾਂ ਨੇ ਸ਼ੇਰ ਨੂੰ ਫਸਿਆ ਤੱਕ ਕੇ ਬੁਰਕੀਆਂ ਵੱਢ ਕੇ ਖਾ ਲਿਆ।

ਸ਼ੇਰ ਨੂੰ ਮਰਵਾ ਗਿੱਦੜ ਫੇਰ ਸ਼ੇਰਨੀ ਕੋਲ ਆਇਆ। ਆਉਂਦਾ ਹੀ ਕੜਕ ਕੇ ਬੋਲਿਆ, "ਨੀ ਬਾਪੂ ਮਗਰ ਪਾਇਆ ਸੀ?"

ਸ਼ੇਰਨੀ ਬੋਲੀ, "ਮੈਂ ਕਾਹਨੂੰ ਤੇਰੇ ਮਗਰ ਪਾਇਆ ਸੀ ਉਹ ਤਾਂ ਆਪੇ ਹੀ ਭੱਜਿਆ ਸੀ ਤੇਰੇ ਮਗਰ।

ਗਿੱਦੜ ਬੋਲਿਆ, "ਚੰਗਾ ਗੱਲ ਹੋ ਗਈ ਆਈ ਗਈ, ਉਹ ਤਾਂ ਗਿਆ ਹੁਣ ਮਰ। ਤੂੰ ਹੁਣ ਮੇਰੇ ਉੱਪਰ ਚਾਦਰ ਪਾ ਲੈ ਨਹੀਂ ਤਾਂ ਤੈਨੂੰ ਵੀ ਮਾਰ ਦਊਂਗਾ।"

ਸ਼ੇਰਨੀ ਚਾਦਰ ਪਾਉਣੀ ਮੰਨ ਗਈ। ਗਿੱਦੜ ਨੇ ਆਪਣਾ ਭਾਈਚਾਰਾ ਕੱਠਾ ਕੀਤਾ ਤੇ ਚਾਦਰ ਪਾ ਲਈ।

ਇੱਕ ਦਿਨ ਸ਼ੇਰਨੀ ਬੋਲੀ, "ਆਪਾਂ ਨੇ ਮਾਸੀ ਦੀ ਕੁੜੀ ਦੇ ਵਿਆਹ ਜਾਣੈ, ਆਪਣੇ ਮੁੰਡਿਆਂ ਨੂੰ ਹੁਣ ਛਾਲਾਂ ਮਾਰਨੀਆਂ ਸਿਖਾ ਲਿਆ।" ਉਹ ਦੋਨਾਂ ਨੂੰ ਲੈ ਗਿਆ ਛਾਲਾਂ ਸਿਖਾਣ। ਗਿੱਦੜ ਇੱਕ ਕਦਮ ਛਾਲ ਮਾਰੇ ਉਹ ਕਈ ਕਦਮ ਲੰਬੀ ਛਾਲ ਮਾਰਨ।ਉਹ ਮੁੜ ਆਇਆ ਤੇ ਬੋਲਿਆ,'ਉਹ ਤਾਂ ਮੇਰੇ ਨਾਲੋਂ ਵੀ ਲੰਬੀਆਂ ਛਾਲਾਂ ਮਾਰ ਲੈਂਦੇ ਨੇ।

ਤੀਜੇ ਦਿਨ ਉਹ ਚਾਰੇ ਜਾਣੇ ਵਿਆਹ ਲਈ ਤੁਰ ਪਏ। ਰਸਤੇ ਵਿੱਚ ਇੱਕ ਨਦੀ ਆ ਗਈ। ਸ਼ੇਰਨੀ ਤੇ ਉਹਦੇ ਬੱਚੇ ਛਾਲਾਂ ਮਾਰ ਕੇ ਨਦੀ ਪਾਰ ਕਰ ਗਏ ਪਰ ਗਿੱਦੜ ਵਿੱਚ ਹੀ ਡਿੱਗ ਪਿਆ। ਸ਼ੇਰਨੀ ਨੇ ਬੱਚਿਆਂ ਨੂੰ ਘੱਲ ਕੇ ਉਹਨੂੰ ਬਾਹਰ ਕਢਵਾਇਆ ਪਰ ਚਲਾਕ ਗਿੱਦੜ ਆਉਂਦਾ ਹੀ ਬੋਲਿਆ, "ਮੈਂ ਤਾਂ ਪਾਣੀ ਮਿਲਣ ਗਿਆ ਸੀ ਬਈ ਕਿੰਨਾ ਕੁ ਐ।"

ਉਹ ਤਿੰਨੇ ਹੱਸ ਪਏ।

ਉਹ ਅਜੇ ਥੋੜ੍ਹੀ ਦੂਰ ਹੀ ਗਏ ਸੀਗੇ ਰਸਤੇ ਵਿੱਚ ਹੱਡਾ ਰੋੜੀ ਆ ਗਈ। ਕੁੱਤੇ ਇੱਕ ਮੁਰਦਾਰ ਨੂੰ ਖਾ ਰਹੇ ਸੀ। ਕੁੱਤਿਆਂ ਜਦ ਗਿੱਦੜ ਵੇਖਿਆ ਮੁਰਦਾਰ ਵਿੱਚ ਛੱਡ ਗਿੱਦੜ ਮਗਰ ਪੈ ਗਏ। ਗਿੱਦੜ ਅੱਗੇ-ਅੱਗੇ ਕੁੱਤੇ ਪਿੱਛੇ-ਪਿੱਛੇ। ਰਸਤੇ ਵਿੱਚ ਇੱਕ ਇੱਖ ਸੀ। ਗਿੱਦੜ ਗੰਨਿਆਂ ਦੇ ਮੁਡ਼ੇ ਵਿੱਚ ਲੁਕ ਗਿਆ ਤੇ ਕੁੱਤੇ ਅਗਾਂਹ ਲੰਘ ਗਏ। ਜਦ ਕੁੱਤੇ ਗਿੱਦੜ ਨੂੰ ਕਿਤੇ ਵੀ ਵਖਾਈ ਨਾ ਦਿੱਤੇ ਤਦ ਉਸ ਨੇ ਗੰਨਿਆਂ ਦੀ ਭਰੀ ਪੁੱਟੀ। ਭਰੀ ਸਿਰ ਤੇ ਰੱਖ ਕੇ ਉਹਨਾਂ ਕੋਲ ਆ ਗਿਆ ਤੇ ਆਉਂਦਾ ਹੀ ਬੋਲਿਆ, "ਉਹ ਤਾਂ ਮੇਰੇ ਲਿਹਾਜ਼ੀ ਹੀ ਨਿਕਲ ਆਏ ਸੀ। ਕੋਈ ਕਹੇ ਮੇਰੇ ਚਾਹ ਪੀ, ਕੋਈ ਕਹੇ ਮੇਰੇ ਚਾਹ ਪੀ।

ਉਹ ਤਿੰਨੇ ਚਾਰੇ ਫੇਰ ਤੁਰ ਪਏ। ਤੁਰਦੇ-ਤੁਰਦੇ ਸ਼ੇਰਨੀ ਦੀ ਮਾਸੀ ਦੇ ਘਰ ਚਲੇ ਗਏ। ਉਥੇ ਬਹੁਤ ਸਾਰੇ ਸ਼ੇਰ ਤੇ ਸ਼ੇਰਨੀਆਂ ਆਏ ਹੋਏ ਸੀ। ਜਦ ਉਹਨਾਂ ਸ਼ੇਰਨੀ ਦੇ ਘਰ ਵਾਲੇ ਸ਼ੇਰ ਦੀ ਥਾਂ ਗਿੱਦੜ ਤੱਕਿਆਂ ਤਾਂ ਬਹੁਤ ਹੈਰਾਨ ਹੋਏ। ਸ਼ੇਰਨੀ ਨੇ ਸਾਰੀ ਗੱਲ ਦੱਸੀ। ਦੱਸਣ ਦੀ ਢਿੱਲ ਸੀ ਸਾਰੇ ਹੀ ਗਿੱਦੜ ਉੱਤੇ ਟੁੱਟ ਕੇ ਪੈ ਗਏ ਤੇ ਉਸ ਨੂੰ ਬੇਟੀ ਬੋਟੀ ਕਰ ਕੇ ਖਾ ਲਿਆ।