ਬਾਤਾਂ ਦੇਸ ਪੰਜਾਬ ਦੀਆਂ/ਨੇਕੀ ਦਾ ਫਲ

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਨੇਕੀ ਦਾ ਫਲ

ਇੱਕ ਬਾਹਮਣ ਸੀ। ਉਹ ਘਰੇ ਰਹਿੰਦਾ ਸੀ। ਉਹਦੇ ਇੱਕ ਕੁੜੀਓ ਕੁੜੀ ਸੀ।ਉਹਦੀ ਘਰ ਵਾਲੀ ਉਹਨੂੰ ਕਹਿੰਦੀ, "ਤੂੰ ਕੰਮ ਕਰਿਆ ਕਰ। ਆਪਾਂ ਕੁੜੀ ਦਾ ਵਿਆਹ ਕਰਨੈ।
ਉਹ ਕਹਿੰਦਾ, "ਕੀ ਕੰਮ ਕਰਨੈ। ਇੱਕੋ ਦਿਨ ਕੋਈ ਕੰਮ ਕਰੂੰਗਾ।
ਬਾਹਮਣ ਫੇਰ ਇੱਕ ਸ਼ਾਹੂਕਾਰ ਦੇ ਘਰ ਜਾ ਰਿਹਾ ਤੇ ਜਾ ਕੇ ਅਲਖ ਜਗਾਈ। ਸ਼ਾਹੂਕਾਰ ਕਹਿੰਦਾ, "ਗੱਲ ਕੀ ਐ?"
ਉਹ ਕਹਿੰਦਾ, "ਗੱਲ ਕੀ ਐ ਘਰ ਲੜਕੀ ਮੁਟਿਆਰ ਬੈਠੀ ਐ ਵਿਆਹੁਣ ਵਾਲੀ।
ਬਾਹਮਣ ਨੂੰ ਉਹਨੇ ਪੰਜ ਸੌ ਰੁਪਯਾ ਦੇ ਦਿੱਤਾ। ਬਾਹਮਣੇ ਸਵੇਰੇ ਹੀ ਨਾਉਂਦੇ ਹੁੰਦੇ ਨੇ. ਉਹ ਰਸਤੇ ਵਿੱਚ ਇਕ ਟੋਭੇ ਉੱਤੇ ਨਾਉਣ ਲੱਗ ਪਿਆ। ਰੁਪਯਾ ਉਥੇ ਹੀ ਖਤਮ ਹੋ ਗਿਆ। ਮੁੜਕੇ ਉਹ ਉਸੇ ਸ਼ਾਹੂਕਾਰ ਦੇ ਘਰ ਚਲਿਆ ਗਿਆ।
ਸ਼ਾਹੂਕਾਰ ਕਹਿੰਦਾ, "ਜਿਹੜਾ ਪਹਿਲਾਂ ਦਿੱਤਾ ਸੀ।"
ਬਾਹਮਣ ਕਹਿੰਦਾ, "ਟੋਬੜੀ ਤੇ ਨਾਉਣ ਲੱਗਿਆ ਸੀ ਰੁਪਿਆ ਪਤਾ ਨੀ ਕਿੱਥੇ ਖਤਮ ਹੋ ਗਿਆ।"
ਸ਼ਾਹੂਕਾਰ ਨੇ ਰੁਪਯਾਂ ਦਾ ਘੋੜਾ ਲੱਦ ਲਿਆ ਤੇ ਆਪ ਨਾਲ ਤੁਰ ਪਿਆ। ਉਸੇ ਟੋਬੜੀ ਤੇ ਆ ਕੇ ਬਾਹਮਣ ਫੇਰ ਲਾਉਣ ਲੱਗਾ।
ਘੋੜਾ ਨਾ ਉਸ ਪਾਸੇ ਜਾਵੇ ਨਾ ਵਾਪਸ ਮੁੜੇ। ਸ਼ਾਹੂਕਾਰ ਬੋਲਿਆ, "ਤੂੰ ਕੀ ਚੀਜ਼ ਐਂ ਜਿਹੜੀ ਹਿੱਲਣ ਨੀਂ ਦਿੰਦੀ-ਅਗੇ ਵੀ ਏਥੇ ਈ ਪੰਜ ਸੌ ਰੁਪਯਾ ਖਤਮ ਹੋ ਗਿਆ ਸੀ।"
ਕਹਿੰਦੀ, "ਮੈਂ ਸਾੜਸਤੀ ਆਂ-ਬਾਹਮਣ ਉੱਤੇ ਬਾਰਾਂ ਸਾਲ ਵਾਸਤੇ ਆਈ ਹੋਈ ਆਂ।" ਸ਼ਾਹੂਕਾਰ ਕਹਿੰਦਾ, ਤੂੰ ਸਵਾ ਮਹੀਨੇ ਵਾਸਤੇ ਮੇਰੇ ਉੱਤੇ ਆ ਜਾ। ਬਾਹਮਣ ਦੀ ਲੜਕੀ ਦਾ ਵਿਆਹ ਹੋ ਜਾਣ ਦੇ।"
ਬਾਹਮਣ ਮਾਇਆ ਲੈ ਕੇ ਤੁਰ ਪਿਆ। ਸ਼ਾਹੂਕਾਰ ਘੋੜਾ ਲੈ ਕੇ ਕਿ ਪਿਛੇ ਨੂੰ ਮੁੜ ਪਿਆ।
ਸ਼ਾਹੂਕਾਰ ਨੂੰ ਰਸਤੇ ਵਿੱਚ ਹੀ ਰਾਤ ਪੈ ਗਈ। ਚੋਰਾਂ ਨੇ ਉਹਨੂੰ ਵਢਕੇ ਘੁਮਾਰਾਂ ਦੇ ਆਵੇ ਵਿੱਚ ਸੁੱਟ ਆਂਦਾ ਤੇ ਉਸ ਦਾ ਘੋੜਾ ਖੋਹ ਕੇ ਲੈ ਗਏ।
ਇੱਕ ਤੇਲੀ ਉਧਰੋਂ ਲੰਘਿਆ ਜਾ ਰਿਹਾ ਸੀ ਉਹਨੇ ਆਵੇ ਵਿੱਚੋਂ ਕਿਸੇ ਦੇ ਕਰਾਹੁਣ ਦੀ ਆਵਾਜ਼ ਸੁਣੀ। ਉਸ ਨੂੰ ਸ਼ਾਹੂਕਾਰ ਤੇ ਤਰਸ ਆ ਗਿਆ ਤੇ ਉਸ ਨੂੰ ਆਪਣੇ ਘਰ ਲੈ ਆਇਆ। ਤੇਲੀ ਰੋਟੀ ਦੇਵੇ-ਉਹ ਖਾਵੇ। ਕਹਿੰਦਾ, "ਮੈਂ ਹੱਕ ਦੀ ਕਮਾਈ ਖਾਣੀ ਐ ਬਿਨ ਹੱਕੀ ਨਹੀਂ। ਮੈਨੂੰ ਕੋਹਲੂ ਦੇ ਭਾਰ ਤੇ ਬਠਾ ਦਿਆ ਕਰ ਮੈਂ ਬਲਦ ਹੱਕੀ ਜਾਇਆ ਕਰੂੰਗਾ।" ਤੇਲੀ ਨੇ ਉਹਦਾ ਕਹਿਣਾ ਮੰਨ ਲਿਆ। ਦਿਨ ਬੀਤਣ ਲੱਗੇ।
ਉਸ ਸ਼ਹਿਰ ਵਿੱਚ ਰਾਜੇ ਦੀ ਲੜਕੀ ਵਿਆਹ ਨਹੀਂ ਸੀ ਕਰਾਉਂਦੀ। ਕਹਿੰਦੀ, “ਮੈਂ ਤਾਂ ਇਸੇ ਸ਼ਹਿਰ ਵਿੱਚ ਇੱਕ ਬੰਦਾ ਰਹਿੰਦੈ ਉਸ ਨਾਲ ਵਿਆਹ ਕਰਵਾਉਂਗੀ।
ਰਾਜੇ ਨੇ ਸ਼ਹਿਰ ਦੇ ਸਾਰੇ ਬੰਦੇ ਦਖਾ ਦਿੱਤੇ ਪਰ ਉਹਨੂੰ ਕੋਈ ਆਦਮੀ ਪਸੰਦ ਨਾਂ ਆਇਆ। ਫੇਰ ਕਹਿਣ ਲੱਗੇ ਤੇਲੀ ਦੇ ਘਰ ਇੱਕ ਪਿੰਗਲਾ ਪਿਐ ਓਸ ਨੂੰ ਨਹੀਂ ਦਖਾਇਆ ਓਸ ਨੂੰ ਦਖਾ ਦਿੰਦੇ ਆਂ। ਜਦ ਲੱਗੇ ਦਖਾਉਣ-ਰਾਜੇ ਦੀ ਬੇਟੀ ਨੇ ਹਾਰ ਉਸ ਦੇ ਗਲ ਵਿੱਚ ਸੁੱਟ ਦਿੱਤਾ।
ਬਾਪ ਦੇ ਗਸ਼ੀ ਪੈ ਗੀ। “ਮੈਂ ਐਡਾ ਰਾਜਾ ! ਕੀ ਕੀਤਾ ਮੇਰੀ ਧੀ ਨੇ। ਉਹ ਕਹਿੰਦੀ, “ਤੁਸੀਂ ਇਸ ਤਰ੍ਹਾਂ ਨਾ ਕਹੋ। ਮੈਨੂੰ ਵਖਰੇ ਦੋ ਖਣ ਦੇ ਦੇ। ਉਹਨਾਂ ਨੇ ਉਸ ਨੂੰ ਇੱਕ ਵੱਖਰਾ ਮਕਾਨ ਦੇ ਦਿੱਤਾ।
ਐਨੇ ਨੂੰ ਕੁੜੀ ਦੇ ਬਾਪ ਦੇ ਦਰਬਾਰ ਵਿੱਚ ਕਰਮ ਦਾ, ਧਰਮ ਦਾ, ਮਾਇਆ ਤੇ ਹੋਣੀ ਦਾ ਝਗੜਾ ਪੇਸ਼ ਹੋਇਆ। ਉਹਨੂੰ ਸਮਝ ਨਾ ਪਵੇ ਇਹ ਝਗੜਾ ਕਿਵੇਂ ਨਬੇੜੇ।
ਪਿੰਗਲਾ ਆਪਣੀ ਵਹੁਟੀ ਨੂੰ ਕਹਿੰਦਾ, “ਏਸ ਝਗੜੇ ਨੂੰ ਕੋਈ ਨਬੇੜ ਨਹੀਂ ਸਕਦਾ। ਆਪਣੇ ਬਾਪ ਨੂੰ ਕਹਿ ਬਈ ਪਿੰਗਲਾ ਏਸ ਨੂੰ ਨਜਿੱਠੂਗਾ?
ਰਾਜੇ ਨੇ ਆਪਣਾ ਜਮਾਈ ਸੱਦ ਲਿਆ। ਉਹਨੂੰ ਗੱਦੀ ਤੇ ਬਠਾਲ ਦਿੱਤਾ ਆਪ ਰਾਜਾ ਭੁੰਜੇ ਉਤਰ ਆਇਆ।
ਪਿੰਗਲੇ ਨੇ ਪਹਿਲਾਂ ਮਾਇਆ ਸੱਦੀ। ਮਾਇਆ ਕਹਿੰਦੀ, “ਮੈਂ ਸਭ ਤੇ ਬੜੀ ਆਂ।”
ਪਿੰਗਲਾ ਕਹਿੰਦਾ, “ਜੇ ਤੂੰ ਸਭ ਤੋਂ ਬੜੀ ਸੀ ਤਾਂ ਕਿਉਂ ਨਾ ਹਿੱਲੀ ਜਦੋਂ ਮੈਂ ਧਰਮ ਦੇ ਥਾਂ ਤੇ ਲਾਉਣ ਗਿਆ ਸੀ।
ਫੇਰ ਧਰਮ ਸੱਦਿਆ।
ਧਰਮ ਕਹਿੰਦਾ, ਮੈਂ ਸਭ ਤੋਂ ਬੜਾਂ।”
ਪਿੰਗਲਾ ਬੋਲਿਆ, “ਜੇ ਤੂੰ ਸਭ ਤੋਂ ਬੜਾ ਸੀ ਤਾਂ ਤੂੰ ਓਦੋਂ ਕਿੱਥੇ ਸੀ ਜਦ ਮੈਂ ਮਾਇਆ ਨੂੰ ਲੜਕੀ ਦੇ ਵਿਆਹ ਤੇ ਪੁੰਨ ਦੀ ਥਾਂ ਲਾਉਣ ਗਿਆ ਸੀ।
ਕਰਮ ਕਹਿੰਦਾ, “ਮੈਂ ਬੜਾਂ, ਇਹ ਸਭ ਝੂਠੇ ਨੇ।”
ਪਿੰਗਲਾ ਕੜਕ ਕੇ ਬੋਲਿਆ, “ਓਏ ਜੇ ਤੂੰ ਬੜਾ ਹੁੰਦਾ ਤਾਂ ਚੋਰ ਕਿਉਂ ਮੇਰੇ ਨੈਣ ਰੈਣ ਵੱਢਦੇ।
ਹੋਣੀ ਕਹਿੰਦੀ, “ਸਭ ਝੂਠੇ ਨੇ, ਮੈਂ ਸੱਚੀ ਆਂ।
“ਜੇ ਤੂੰ ਸਭ ਤੋਂ ਸੱਚੀ ਏਂ ਤਾਂ ਤੂੰ ਮੇਰੇ ਨੈਣ-ਪਰੈਣ ਲਾ ਦੇ।
ਹੋਣੀ ਨੇ ਇੱਕ ਦਮ ਉਹਦੇ ਨੈਣ-ਪਰਾਣ ਲਾ ਦਿੱਤੇ ਤੇ ਉਹ ਨੌ ਬਰ ਨੌਂ ਹੋ ਗਿਆ।
ਰਾਜੇ ਨੇ ਆਪਣਾ ਰਾਜ ਜਮਾਈ ਨੂੰ ਦੇ ਦਿੱਤਾ ਤੇ ਓਹ ਰੰਗੀ ਵਸਣ ਲੱਗੇ।