ਸਮੱਗਰੀ 'ਤੇ ਜਾਓ

ਬਾਤਾਂ ਦੇਸ ਪੰਜਾਬ ਦੀਆਂ/ਬੱਚੇ-ਖਾਣੀ

ਵਿਕੀਸਰੋਤ ਤੋਂ

ਬੱਚੇ-ਖਾਣੀ


ਇੱਕ ਸੀ ਮੁੰਡਾ। ਮੁੰਡਾ ਮੱਝਾਂ ਚਾਰ ਰਿਹਾ ਸੀ। ਬੁੜ੍ਹੀ ਗੋਹੇ ਚੁਗਦੀ ਫਿਰਦੀ ਸੀ। ਮੁੰਡਾ ਬੇਰੀ ਉੱਤੇ ਚੜ੍ਹਕੇ ਬੇਰ ਝਾੜਨ ਲੱਗਾ। ਬੁੜ੍ਹੀ ਬੇਰੀ ਥੱਲੇ ਆਕੇ ਕਹਿੰਦੀ, “ਪੁੱਤ ਮੈਨੂੰ ਇੱਕ ਬੇਰ ਸੁੱਟ ਦੇ।"
ਮੁੰਡਾ ਕਹਿੰਦਾ, “ਕਰ ਪੱਲਾ।"
ਬੁੜ੍ਹੀ ਕਹਿੰਦੀ, “ਪੱਲਾ ਪਾਟ ਜੂ।”
ਮੁੰਡਾ ਕਹਿੰਦਾ, “ਕਰ ਹੱਥ।"
ਬੁੜ੍ਹੀ ਫੇਰ ਕਹਿੰਦੀ, “ਹੱਥ ਟੁੱਟ ਜਾਣਗੇ, ਮੈਂ ਰੋਟੀ ਕਾਹਦੇ ਨਾਲ ਖਾਊਂਗੀ।"
ਮੁੰਡਾ ਕਹਿੰਦਾ, “ਝੋਨੇ ਦਾ ਲੜ ਕਰ।"
ਬੁੜ੍ਹੀ ਫੇਰ ਕਹਿੰਦੀ, “ਝੋਨਾ ਪਾੜ ਜੂਗਾ, ਤੂੰ ਆਪਣੇ ਸਾਫੇ ਦੇ ਲੜ੍ਹ ਬੰਨ੍ਹਕੇ ਫਰਾ ਦੇ।”
ਮੁੰਡੇ ਨੇ ਆਪਣੇ ਸਾਫੇ ਦੇ ਲੜ ਨਾਲ ਬੇਰ ਬੰਨ੍ਹਕੇ ਥੱਲੇ ਫਰਾ ਦਿੱਤੇ। ਬੁੜ੍ਹੀ ਨੇ ਝਟਕਾ ਮਾਰਕੇ ਮੁੰਡਾ ਥੱਲੇ ਸੁੱਟ ਲਿਆ ਤੇ ਉਸ ਨੂੰ ਫੜਕੇ ਝੋਲੀ ਵਿੱਚ ਪਾ ਲਿਆ ਤੇ ਆਪਣੇ ਘਰ ਨੂੰ ਮੁੜ ਪਈ।
ਰਾਹ ਵਿੱਚ ਹਲ ਵਾਹੁੰਦੇ ਹਾਲੀਆਂ ਕੋਲ ਜਾ ਕੇ ਬੁੜ੍ਹੀ ਨੇ ਝੋਲੀ ਰੱਖੀ ਤੇ ਪਾਣੀ ਪੀਣ ਚਲੀ ਗਈ। ਮਗਰੋਂ ਹਾਲੀਆਂ ਨੇ ਝੋਲੀ ਵਿੱਚੋਂ ਮੁੰਡਾ ਕੱਢ ਲਿਆ। ਮੁੰਡੇ ਨੇ ਝੋਲੀ ਵਿੱਚ ਇੱਟਾਂ-ਵੱਟੇ, ਸੂਲਾਂ ਭਰ ਦਿੱਤੀਆਂ।
ਬੁੜ੍ਹੀ ਝੋਲੀ ਚੁੱਕ ਕੇ ਘਰ ਨੂੰ ਤੁਰ ਪਈ। ਜਦ ਬੁੜ੍ਹੀ ਦੇ ਸੂਲਾਂ ਚੁੱਭਣ ਤੋਂ ਇੱਟਾਂ ਖੁਭਣ ਤਾਂ ਬੁੜ੍ਹੀ ਕਹੇ, "ਦਾਦੇ ਮਗੌਣਿਆਂ ਵੱਢ ਲੈ ਚੂੰਢੀਆਂ, ਮਾਰ ਲੈ ਗਡੇ ਘਰ ਜਾ ਕੇ ਖਾਊਂਗੀ।"
ਜਦ ਬੁੜ੍ਹੀ ਨੇ ਘਰ ਜਾ ਕੇ ਦੇਖਿਆ ਤਾਂ ਝੋਲੀ ਵਿੱਚੋਂ ਸੂਲਾਂ ਤੇ ਇੱਟਾ ਵੱਟੇ ਨਿਕਲੇ।
ਦੂਜੇ ਦਿਨ ਉਹ ਫੇਰ ਗਈ। ਮੁੰਡਾ ਬੇਰੀ ਤੇ ਚੜਿਆ ਬੇਰ ਝਾੜ ਰਿਹਾ ਸੀ। ਉਸੇ ਤਰ੍ਹਾਂ ਫੇਰ ਕਹਿੰਦੀ। ਮੁੰਡਾ ਕਹਿੰਦਾ, “ਓਹੀ ਐਂ ਜਿਹੜੀ ਕੱਲ ਆਈ ਸੀ।"
ਬੁੜੀ ਕਹਿੰਦੀ, “ਮੈਂ ਕਾਹਨੂੰ ਸੀ ਭਾਈ, ਮੇਰੇ ਵਰਗੀ ਹੋਰ ਹੋਣੀ ਏ।"
ਓਸੇ ਤਰ੍ਹਾਂ ਕਰਕੇ ਮੁੰਡੇ ਨੇ ਫੇਰ ਆਪਣੀ ਪੱਗ ਦੇ ਲੜ ਨਾਲ ਬੇਰ ਬੰਨ੍ਹਕੇ ਥੱਲੇ ਫਰਾ ਦਿੱਤੇ। ਬੁੜ੍ਹੀ ਨੇ ਝਟਕਾ ਮਾਰ ਕੇ ਮੁੰਡਾ ਥੱਲੇ ਸੁੱਟ ਲਿਆ ਤੇ ਉਹਨੂੰ ਫੜਕੇ ਝੋਲੀ ਵਿੱਚ ਪਾ ਲਿਆ ਤੇ ਸਿੱਧੀ ਆਪਣੇ ਘਰ ਆ ਗੀ। ਆ ਕੇ ਆਪਣੀ ਕੁੜੀ ਨੂੰ ਕਹਿੰਦੀ, “ਇਹਨੂੰ ਚੀਰ ਮੈਂ ਹੁਣੇ ਆਉਨੀ ਆਂ।”
ਬੁੜੀ ਆਪ ਕਿਸੇ ਹੋਰ ਕੰਮ ਚਲੀ ਗਈ। ਜਦ ਕੁੜੀ ਨੇ ਮੁੰਡੇ ਦਾ ਸਿਰ ਖੋਹਲਿਆ ਉਹਨੂੰ ਉਹਦੇ ਲੰਬੇ-ਲੰਬੇ ਵਾਲ ਬੜੇ ਚੰਗੇ ਲੱਗੇ। ਕੁੜੀ ਕਹਿੰਦੀ, “ਤੇਰੇ ਵਾਲ ਕਿਵੇਂ ਐਡੇ-ਐਡੇ ਹੋਏ ਨੇ?”
ਮੁੰਡਾ ਕਹਿੰਦਾ, “ਮੇਰੀ ਮਾਂ ਨੇ ਮੇਰੇ ਸਿਰ ਨੂੰ ਉਖਲੀ ਵਿੱਚ ਕੁੱਟ ਕੇ ਵਧਾਏ ਐ।”
ਕੁੜੀ ਕਹਿੰਦੀ, “ਮੇਰੇ ਵੀ ਵਧਾ ਦੇ।”
ਮੁੰਡੇ ਨੇ ਕੁੜੀ ਦਾ ਸਿਰ ਉਖਲੀ ਵਿੱਚ ਕੁੱਟ-ਕੁੱਟ ਕੇ ਫੇਹ ਦਿੱਤਾ। ਮਗਰੋਂ ਕੁੜੀ ਵਾਲੇ ਕਪੜੇ ਪਾ ਲਏ ਤੇ ਕੁੜੀ ਨੂੰ ਕੱਟ ਕੇ ਦਾਲ ਰਿੰਨ੍ਹ ਲਈ।
ਬੁੜੀ ਆਈ। ਕਹਿੰਦੀ, “ਬਣਾ ਲੀ ਪੁਤ ਸਬਜ਼ੀ।” ਮੁੰਡੇ ਨੂੰ ਕਹਿੰਦੀ, “ਤੂੰ ਕਪੜੇ ਧੋ ਲੈ।" ਆਪ ਸਬਜ਼ੀ ਖਾਣ ਲੱਗੀ।
ਮੁੰਡਾ ਕਹਿੰਦਾ, “ਇੱਕ ਬੁੜੀ ਧੀ ਖਾਣੀ।” “ਇੱਕ ਬੁੜੀ ਧੀ ਖਾਣੀ" ਆਖਦਾ-ਆਖਦਾ ਮੁੰਡਾ ਉਥੋਂ ਨੱਸ ਗਿਆ।