ਸਮੱਗਰੀ 'ਤੇ ਜਾਓ

ਬਾਤਾਂ ਦੇਸ ਪੰਜਾਬ ਦੀਆਂ/ਭੈਣ ਭਰਾ ਤੇ ਮਤੇਈ ਮਾਂ

ਵਿਕੀਸਰੋਤ ਤੋਂ
49495ਬਾਤਾਂ ਦੇਸ ਪੰਜਾਬ ਦੀਆਂ — ਭੈਣ ਭਰਾ ਤੇ ਮਤੇਈ ਮਾਂਸੁਖਦੇਵ ਮਾਦਪੁਰੀ

ਭੈਣ ਭਰਾ ਤੇ ਮਤੇਈ ਮਾਂ


ਇੱਕ ਸੀ ਰਾਜਾ ਇੱਕ ਸੀ ਰਾਣੀ ਦੋ ਉਹਨਾਂ ਦੇ ਬੱਚੇ ਸੀ ਮੁੰਡਾ ਤੇ ਕੁੜੀ। ਰਾਣੀ ਬੀਮਾਰ ਹੋਈ ਤੇ ਮਰਨ ਕੰਢੇ ਪੁਜ ਗਈ। ਇੱਕ ਦਿਨ ਰਾਜੇ ਨੂੰ ਕਹਿੰਦੀ, ਤੂੰ ਵਿਆਹ ਨਾ ਕਰਵਾਈਂ ਜਿਹੜੇ ਮੇਰੇ ਧੀ ਅਰ ਪੁੱਤ ਨੇ ਉਹਨਾਂ ਨੂੰ ਉਹ ਤੰਗ ਕਰੂਗੀ ।”
ਕਰਨੀ ਰੱਬ ਦੀ ਕੁਝ ਸਮੇਂ ਮਗਰੋਂ ਰਾਣੀ ਮਰ ਗਈ। ਲੋਕਾਂ ਨੇ ਕਹਿ ਕਹਾਕੇ ਰਾਜੇ ਦਾ ਦੂਜਾ ਵਿਆਹ ਕਰਵਾ ਦਿੱਤਾ।
ਕੁਝ ਸਮਾਂ ਬੀਤ ਗਿਆ। ਮਤਰੇਈ ਮਾਂ ਮੁੰਡੇ ਕੁੜੀ ਨੂੰ ਤੰਗ ਕਰਨ ਲੱਗ ਪਈ। ਉਹ ਚੱਜ ਨਾਲ ਰੋਟੀ ਨਾ ਸੀ ਦਿੰਦੀ ਜੌਆਂ ਦੀ ਰੋਟੀ ਪਕਾ ਕੇ ਦਿਆ ਕਰੇ। ਵਿਚਾਰੇ ਅੱਧ ਭੁੱਖੇ ਹੀ ਸੌਂ ਜਾਇਆ ਕਰਨ। ਇਕ ਦਿਨ ਦੋਨੋਂ ਭੈਣ ਭਾਈ ਆਪਣੀ ਮਾਂ ਦੀ ਮੜੀ ਤੇ ਜਾ ਕੇ ਰੋਣ ਲੱਗੇ। ਮੜੀ ਵਿੱਚੋਂ ਆਵਾਜ਼ ਆਈ, “ਔਹ ਸਾਹਮਣੇ ਬੇਰੀ ਆ, ਜਦ ਥੋਨੂੰ ਭੁੱਖ ਲੱਗੇ ਤੁਸੀਂ ਇਸ ਨੂੰ ਹਲੁਣ ਦਿਆ ਕਰੋਗੇ ਤਾਂ ਏਸ ਉਪਰੋਂ ਲੱਡੂ ਜਲੇਬੀ ਡਿੱਗਿਆ ਕਰਨਗੇ।"
ਉਹਨਾਂ ਨੇ ਇਸੇ ਤਰ੍ਹਾਂ ਕੀਤਾ। ਬੇਰੀ ਉਪਰੋਂ ਲੱਡੂ ਜਲੇਬੀ ਝੜ ਪਏ। ਉਹ ਰੋਜ਼ ਜਾਇਆ ਕਰਨ ਤੇ ਲੱਡੂ ਜਲੇਬੀ ਖਾ ਕੇ ਢਿੱਡ ਭਰ ਲਿਆ ਕਰਨ। ਉਹ ਦਿਨਾਂ ਵਿੱਚ ਹੀ ਤਕੜੇ ਹੋ ਗਏ।
ਇੱਕ ਦਿਨ ਉਹਨਾਂ ਦੀ ਮਤਰੇਈ ਮਾਂ ਨੇ ਆਪਣਾ ਮੁੰਡਾ ਉਹਨਾਂ ਦੇ ਨਾਲ ਭੇਜ ਦਿੱਤਾ। ਉਸ ਨੇ ਘਰ ਆ ਕੇ ਬੇਰੀ ਬਾਰੇ ਆਪਣੀ ਮਾਂ ਨੂੰ ਸਭ ਕੁਝ ਦਸ ਦਿੱਤਾ। ਉਹ ਰਾਜੇ ਦੇ ਆਉਂਦੇ ਨੂੰ ਖਣਪੱਟੀ ਲੈ ਕੇ ਪੈ ਗਈ। ਰਾਜਾ ਕਹਿੰਦਾ, “ਰਾਣੀ, ਰਾਣੀ ਤੂੰ ਪਈ।"
ਕਹਿੰਦੀ, “ਤਾਂ ਜਿਊਨੀਆਂ ਜੇ ਤੂੰ ਉਸ ਬੇਰੀ ਨੂੰ ਪੁਟਾਵੇਂ।"
ਰਾਜੇ ਨੇ ਬੇਰੀ ਪਾ ਦਿੱਤੀ। ਭੈਣ-ਭਾਈ ਫੇਰ ਭੁਖੇ ਮਰਨ ਲੱਗੇ-ਉਹ ਫੇਰ ਆਪਣੀ ਮਾਂ ਦੀ ਮੜੀ ਤੇ ਜਾ ਕੇ ਰੋਣ ਲੱਗੇ। ਮਾਂ ਦੀ ਮੜੀ 'ਚੋਂ ਵਾਂਜ ਆਈ, “ਓਸ ਟੋਭੇ ਚੋਂ ਗਾਰਾ ਕੱਢ ਲਿਆ ਕਰੋ। ਜਦ ਤੁਸੀਂ ਗਾਰੇ ਨੂੰ ਹੱਥ ਲਾਵੋਗੇ-ਉਹ ਕੜਾਹ ਬਣ ਜਾਇਆ ਕਰੂਗਾ।"
ਉਹ ਰੋਜ਼ ਟੋਭੇ ਤੇ ਚੋਰੀ ਜਾਇਆ ਕਰਨ-ਗਾਰਾ ਕੱਢਣ-ਹੱਥ ਲੱਗਣ ਸਾਰ ਹੀ ਗਾਰਾ ਸੱਚੀ ਮੁੱਚੀ ਕੜਾਹ ਬਣ ਜਾਇਆ ਕਰੇ ......ਇੱਕ ਦਿਨ ਫੇਰ ਮਤਰੇਈ ਮਾਂ ਦਾ ਮੁੰਡਾ ਉਹਨਾਂ ਦੇ ਗੈਲ ਆ ਗਿਆ-ਉਹਨੇ ਆਪਣੀ ਮਾਂ ਨੂੰ ਗਾਰੇ ਦਾ ਕੜਾਹ ਬਣਨ ਬਾਰੇ ਜਾ ਦੱਸਿਆ। ਰਾਜੇ ਦੇ ਆਉਂਦੇ ਨੂੰ ਉਹ ਫੇਰ ਖਣਪੱਟੀ ਲੈ ਕੇ ਪੈ ਗਈ। ਕਹਿੰਦੀ, “ਜੇ ਤੂੰ ਓਸ ਟੋਭੇ ਨੂੰ ਭਰਾਵੇਂ ਤਾਂ ਜਿਉਨੀ ਆਂ।"
ਰਾਜੇ ਨੇ ਟੋਭਾ ਵੀ ਭਰਵਾ ਦਿੱਤਾ।
ਮੁੰਡਾ-ਕੁੜੀ ਫੇਰ ਆਪਣੀ ਮਾਂ ਦੀ ਮੜੀ ਤੇ ਜਾ ਕੇ ਰੋਣ ਲੱਗੇ। ਮੜੀ ਤੇ ਲਾਗੇ ਹੀ ਇੱਕ ਗਊ ਫਿਰ ਰਹੀ ਸੀ। ਉਹਨਾਂ ਨੇ ਉਸ ਦਾ ਦੁੱਧ ਚੁੰਘਿਆ। ਉਹ ਰੋਜ ਓਥੇ ਜਾਇਆ ਕਰਨ ਗਊ ਦਾ ਦੁੱਧ ਚੁੰਘ ਆਇਆ ਕਰਨ। ਇੱਕ ਦਿਨ ਮਤਰੇਈ ਮਾਂ ਦੇ ਮੁੰਡੇ ਨੇ ਦੋਹਾਂ ਨੂੰ ਗਊ ਦਾ ਦੁੱਧ ਚੁੰਘਦਿਆਂ ਵੇਖ ਲਿਆ। ਉਹਨੇ ਆਪਣੀ ਮਾਂ ਨੂੰ ਗਊ ਦੇ ਦੁੱਧ ਚੁੰਘਾਉਣ ਬਾਰੇ ਦੱਸ ਦਿੱਤਾ। ਉਹ ਫੇਰ ਰਾਜੇ ਦੇ ਆਉਂਦੇ ਨੂੰ ਖਣਪੱਟੀ ਲੈ ਕੇ ਪੈ ਗਈ। ਕਹਿੰਦੀ, “ਤਾਂ ਜਿਊਨੀ ਆਂ ਜੇ ਏਸ ਗਊ ਨੂੰ ਮਰਵਾਵੇਂ।
ਰਾਜੇ ਨੇ ਗਊ ਤਾਂ ਨਾ ਮਰਵਾਈ। ਗਊ ਨੂੰ ਇੱਕ ਜ਼ਮੀਂਦਾਰ ਨੂੰ ਸੰਭਾਲ ਕੇ ਕਿਹਾ, “ਤੂੰ ਮੇਰੇ ਮੁੰਡੇ ਤੇ ਧੀ ਨੂੰ ਏਸ ਗਉ ਦਾ ਦੁੱਧ ਰੋਜ਼ ਚੁੰਘਾ ਦਿਆ ਕਰੀਂ ਤੇ ਮੈਥੋਂ ਪੱਠਿਆਂ ਦਾ ਮੁੱਲ ਲੈ ਲਿਆ ਕਰੀਂ।”
ਜ਼ਮੀਂਦਾਰ ਮੰਨ ਗਿਆ।
ਮੱਤਰੇਈ ਮਾਂ ਭੈਣਾਂ-ਭਰਾਵਾਂ ਨੂੰ ਵੇਖ ਕੇ ਸੁਖਾਂਦੀ ਨਾ ਸੀ। ਆਖਰ ਰਾਣੀ ਨੇ ਪਿੰਡ ਦੇ ਦਰਵਾਜ਼ੇ ਮੂਹਰੇ ਅਖਵਾਰ ਲਿਖ ਕੇ ਲਾ ਦਿੱਤਾ ਬਈ ਓਸ ਮੁੰਡਾ ਕੁੜੀ ਨੂੰ ਇਸ ਪਿੰਡ ਵਿੱਚ ਵੜਨ ਦਾ ਹੁਕਮ ਨੀ।
ਮੁੰਡਾ-ਕੁੜੀ ਅਖਬਾਰ ਪੜਕੇ ਪਿਛਾਂਹ ਹੀ ਮੁੜ ਗਏ। ਉਹ ਚਲੋ ਚਾਲ ਜਾਂਦੇ ਨੇ ਜੰਗਲ ਬੀਆਬਾਨ ਵਿੱਚ ਉਹਨਾਂ ਨੂੰ ਇੱਕ ਦਿਓ ਦੀ ਕੁਟੀਆ ਦਿਖੀ। ਉਹ ਕੁਟੀਆ ਵਿੱਚ ਚਲੇ ਗਏ। ਕੁਟੀਆ ਵਿੱਚ ਇੱਕ ਕੁੜੀ ਸੀ। ਉਹ ਉਹਨੂੰ ਕਹਿੰਦੇ, “ਭੈਣੇ ਭੈਣੇ ਸਾਨੂੰ ਏਥੇ ਰੱਖ ਲੈ।
ਕਹਿੰਦੀ, “ਭਾਈ ਥੋਨੂੰ ਮੈਂ ਰੱਖ ਤਾਂ ਲੈਂਦੀ ਆਂ ਪਰ ਮੇਰਾ ਬਾਪ ਦਿਓ ਐ ਉਹ ਥੋਨੂੰ ਆ ਕੇ ਖਾ ਲੂ।"
“ਭੈਣੇ ਅਸੀਂ ਤਾਂ ਤੇਰੇ ਈ ਰੱਖਣ ਦੇ ਆਂ-ਜਿਵੇਂ ਮਰਜ਼ੀ ਕਰ।" ਭੈਣ-ਭਾਈ ਨੇ ਆਖਿਆ।
ਉਹਨੇ ਉਹਨਾਂ ਨੂੰ ਮੱਖੀ ਬਣਾ ਕੇ ਕੌਲੇ ਨਾਲ ਲਾ ਲਿਆ।
ਬਾਹਰੋਂ ਦਿਓ ਆਇਆ ‘“ਆਦਮ ਬੋ, ਆਦਮ ਬੋ ਕਰਦਾ ਆਇਆ।
“ਮਨੁੱਖ ਦਾ ਮੁਸ਼ਕ ਆਉਂਦੈ...."
ਕੁੜੀ ਕਹਿੰਦੀ, “ਏਥੇ ਤਾਂ ਕੋਈ ਨੀ।"
ਦਿਓ ਟੋਲਦਾ ਰਿਹਾ। ਦਿਓ ਨੇ ਪਹੁੰਚੇ ਨਾਲ ਕੌਲੇ ਨਾਲੋਂ ਮੱਖੀ ਫੜ ਲਈ-ਦੋਨੋਂ ਮੁੰਡਾ ਕੁੜੀ ਬਣ ਗਏ। ਦਿਓ ਨੂੰ ਉਹਨਾਂ ਤੇ ਤਰਸ ਆ ਗਿਆ ਕਹਿੰਦਾ, “ਕਾਕਾ ਮੰਗ ਜੋ ਕੁਝ ਮੰਗਣੋਂ।"
ਮੁੰਡਾ ਕਹਿੰਦਾ, “ਮੈਂ ਤਾਂ ਤੇਰੀ ਕੁੜੀ ਨਾਲ ਵਿਆਹ ਕਰਾਉਣੈ।"

ਦਿਓ ਨੇ ਆਪਣੀ ਕੁੜੀ ਨਾਲ ਉਸ ਦਾ ਵਿਆਹ ਕਰ ਦਿੱਤਾ ਤੇ ਆਪ ਉਥੋਂ ਚੱਲਿਆ ਗਿਆ। ਤਿੰਨੇ ਉਸ ਕੁਟੀਆ ਵਿੱਚ ਰਹਿਣ ਲੱਗ ਪਏ।
ਮੁੰਡੇ-ਕੁੜੀ ਦਾ ਬਾਪ ਉਹਨਾਂ ਨੂੰ ਟੋਲਦਾ ਫਿਰਦਾ ਸੀ। ਓਹ ਉਸੇ ਕੁਟੀਆ ਵਿੱਚ ਆ ਗਿਆ। ਉਹ ਕਹਿੰਦੇ, “ਅਸੀਂ ਹੁਣ ਤੇਰੇ ਨਾਲ ਕੀ ਕਰਨ ਜਾਣੈ। ਏਥੇ ਹੁਣ ਮੌਜ ਨਾਲ ਰਹਿਨੇ ਆਂ।"
ਤੇ ਉਹ ਖਾਲੀ ਹੀ ਆਪਣੇ ਘਰ ਨੂੰ ਮੁੜ ਗਿਆ।