ਬਾਤਾਂ ਦੇਸ ਪੰਜਾਬ ਦੀਆਂ/ਸਾਹਸੀ ਬੁੜ੍ਹੀ

ਵਿਕੀਸਰੋਤ ਤੋਂ
Jump to navigation Jump to search

ਸਾਹਸੀ ਬੁੜ੍ਹੀ


ਇੱਕ ਸੀ ਕਬੀਰ ਇੱਕ ਉਹਦੇ ਘਰ ਵਾਲੀ ਸੀ। ਉਹ ਇੱਕ ਦਿਨ ਚੁਬਾਰੇ ਵਿੱਚ ਬੈਠੇ ਸੀ। ਓਧਰੋਂ ਇੱਕ ਲਕੜਹਾਰਾ ਲੱਕੜਾਂ ਲਈ ਆਉਂਦਾ ਸੀ। ਉਹਨੂੰ ਵੇਖ ਕੇ ਕਬੀਰਨੀ ਕਹਿੰਦੀ, "ਇਹ ਕੰਮ ਤਾਂ ਤੀਵੀਆਂ ਦਾ ਹੁੰਦੈ। ਇਹਦੇ ਘਰ ਵਾਲੀ ਘਰ ਬੈਠੀ ਐ ਆਪ ਲੱਕੜਾਂ ਕੱਟਦੈ।"
ਕਬੀਰ ਕਹਿੰਦਾ, “ਘਰ ਦਾ ਕੰਮ ਕਾਰ ਤਾਂ ਆਦਮੀਓਂ ਤੋਰ ਸਕਦੈ ਤੀਵੀਂ ਨੀ ਤੌਰ ਸਕਦੀ।
“ਕਿਉਂ ਨੀ ਤੋਰ ਸਕਦੀ? ਕਬੀਰਨੀ ਕਹਿੰਦੀ।
ਕਬੀਰ ਕਹਿੰਦਾ, “ਤੂੰ ਲਕੜਹਾਰੇ ਦਾ ਕੰਮ ਤੋਰ ਕੇ ਦਿਖਾ-ਜਾਹ ਤੂੰ ਸਾਲ ਬਾਹਰ ਜਾ ਕੇ ਰਹਿ ਮਗਰੋਂ ਮੈਂ ਤੈਨੂੰ ਰਖਲੂੰ ਗਾ।”
ਉਹ ਕਹਿੰਦੀ, “ ਮਗਰੋਂ ਮੈਨੂੰ ਰੱਖਣਾ ਨੀਂ।
“ਜ਼ਰੂਰ ਰੱਖੂੰਗਾ। ਕਬੀਰ ਕਹਿੰਦਾ।
ਕਬੀਰਨੀ ਲਕੜਹਾਰੇ ਦੇ ਗੈਲ ਤੁਰ ਪਈ।ਲਕੜਹਾਰੇ ਦੇ ਮਗਰ ਹੀ ਉਹ ਉਹਦੇ ਘਰ ਜਾ ਵੜੀ। ਲਕੜਹਾਰੇ ਨੇ ਉਸ ਨੂੰ ਦੇਖਿਆ ਤੇ ਬੋਲਿਆ, “ਹੇ ਰਾਣੀ ਤੂੰ ਆਈ|"
ਕਬੀਰਨੀ ਕਹਿੰਦੀ, “ਤੂੰ ਰਾਣੀ ਨਾ ਕਹੀਂ, ਮੈਂ ਤੇਰੀ ਮਾਂ ਤੂੰ ਮੇਰਾ ਪੁੱਤ। ਮੈਂ ਤੇਰਾ ਗੁਜ਼ਾਰਾ ਤੋਰਨ ਆਈ ਆਂ।"
ਕਹਿੰਦਾ, “ਆ ਜਾ ਮਾਂ ਫੇਰ ਅੰਦਰ ਨੂੰ।"
ਉਹ ਲਕੜਹਾਰੇ ਦੇ ਅੰਦਰ ਚਲੀ ਗਈ। ਲਕੜਹਾਰਾ ਚਾਰ ਆਨੇ ਦੀਆਂ ਰੋਜ਼ ਲੱਕੜਾਂ ਲੈ ਕੇ ਆਉਂਦਾ ਸੀ। ਉਹ ਲੱਕੜਾ ਵੇਚ ਕੇ ਚਾਰ ਆਨੇ ਦੀਆਂ ਮਿਰਚਾਂ ਲੈ ਆਇਆ। ਰਾਣੀ ਨੇ ਆਪਣੇ ਗਲ ਦਾ ਲੌਕਟ ਲਕੜਹਾਰੇ ਨੂੰ ਦੇ ਦਿੱਤਾ, ਫੇਰ ਓਹ ਲੌਕਟ ਨੂੰ ਸੁਨਿਆਰੇ ਦੀ ਹੱਟੀ ਲੈ ਗਿਆ। ਸੁਨਿਆਰੇ ਨੇ ਉਸ ਨੂੰ ਦੋ ਸੌ ਰੁਪਏ ਦੇ ਦਿੱਤੇ। ਉਹਨੇ ਉਹ ਰੁਪਏ ਕਬੀਰਨੀ ਨੂੰ ਲਿਆ ਕੇ ਫੜਾ ਦਿੱਤੇ। ਲਕੜਹਾਰੇ ਦੇ ਘਰ ਵਿੱਚ ਦੋ ਰੁੜੀਆਂ ਲੱਗੀਆਂ ਹੋਈਆਂ ਸੀ। ਰਾਣੀ ਨੇ ਚਾਰ ਚਾਰ ਰੁਪਏ ਨੂੰ ਅੱਠ ਆਦਮੀ ਮੰਗਾਏ, ਚਾਰ ਨੇ ਦੋ ਰੂੜੀਆਂ ਚੁੱਕ ਦਿੱਤੀਆਂ, ਚਾਰ ਨੇ ਪੀਲੀ ਮਿੱਟੀ ਲਿਆ ਕੇ ਅੰਦਰ ਲਿੱਪਿਆ। ਫੇਰ ਕਬੀਰਨੀ ਨੇ ਲਕੜਹਾਰੇ ਨੂੰ ਸੌ ਰੁਪਿਆ ਦੇ ਦਿੱਤਾ। ਰੁਪਿਆ ਲੈ ਕੇ ਕਹਿੰਦਾ, “ਮਾਂ ਇਹ ਕਾਹਦੇ ਵਾਸਤੇ।"
ਉਹ ਕਹਿੰਦੀ, “ਸੌ ਗਜ਼ ਕਪੜਾ, ਸੌਏ ਭਾਂਤ ਦਾ ਹੋਵੇ, ਉਹ ਲਿਆ।"
ਲਕੜਹਾਰਾ ਸੌਏ ਗਜ਼ ਕਪੜਾ ਸੌਏ ਰੰਗਾਂ ਦਾ ਲਿਆਇਆ। ਕਬੀਰਨੀ ਨੇ ਦਰਜ਼ੀ ਘਰ ਬਹਾ ਲਿਆ ਕਹਿੰਦੀ, “ਇਹਦਾ ਬੜਾ ਸ਼ਾਰਾ ਚੋਗਾ ਬਣਾ ਦੇ।”
ਉਹਨੇ ਚੋਗਾ ਬਣਾ ਦਿੱਤਾ। ਕਬੀਰਨੀ ਲਕੜਹਾਰੇ ਨੂੰ ਕਹਿੰਦੀ, “ਰਾਜੇ ਦੀ ਕਚਹਿਰੀ ਵਿੱਚ ਇਹਨੂੰ ਲੈ ਜਾ, ਆਪ ਚੁੱਪ ਕਰ ਕੇ ਬਹਿਜੀਂ। ਜੇ ਕੋਈ ਪੁੱਛੁ ਇਹ ਕੀ ਐ ਤਾਂ ਦੱਸੀਂ ਨਾ ਜੇ ਕੋਈ ਖਹਿੜੇ ਪੈ ਜਾਵੇ ਤਾਂ ਦੱਸੀਂ ਬਈ ਇਹਦੇ ਵਿੱਚ ਖੁਦਾ ਨਜ਼ਰ ਆਉਂਦੈ।"
ਲਕੜਹਾਰਾ ਰਾਜੇ ਦੀ ਕਚਹਿਰੀ ਵਿੱਚ ਜਾ ਕੇ ਬੈਠ ਗਿਆ। ਕਚਿਹਰੀ ਜਦ ਮੁੱਕ ਗਈ ਤਾਂ ਰਾਜਾ ਕਹਿੰਦਾ, “ਉਸ ਭਲਾਮਾਣਸ ਨੂੰ ਫੜ ਕੇ ਮੇਰੇ ਕੋਲ ਲਿਆਓ।"
ਰਾਜੇ ਦਾ ਮੁੰਡਾ ਉਹਨੂੰ ਫੜ ਕੇ ਲਿਆਇਆ। ਰਾਜਾ ਕਹਿੰਦਾ, “ਇਹ ਕੀ ਐ ਤੇਰੇ ਕੋਲ, ਇਹਨੂੰ ਤੂੰ ਕਿੱਦਾਂ ਕੱਛ ਵਿੱਚ ਲਈਂ ਬੈਠੈ।"
ਲਕੜਹਾਰਾ ਕਹਿੰਦਾ, “ਇਹ ਚੌਗੈ ਇਹਦੇ ਚ ਖੁਦਾ ਨਜ਼ਰ ਆਉਂਦੈ।”
ਰਾਜਾ ਕਹਿੰਦਾ, “ਅਸੀਂ ਤਾਂ ਪਾ ਕੇ ਦੇਖਣੈ।”
ਉਹ ਕਹਿੰਦਾ, “ਜਿਹੜਾ ਆਪਣੇ ਮਾਂ ਪਿਓ ਦਾ ਅਸਲ ਦਾ ਹੋਵੇ ਉਹਨੂੰ ਦਿਖਦੈ, ਹਰੇਕ ਨੂੰ ਨੀ।"
ਰਾਜੇ ਦਾ ਬਜ਼ੀਰ ਕਹਿੰਦਾ, “ਪਹਿਲਾਂ ਮੈਂ ਪਾ ਕੇ ਦੇਖਣੈ।”
ਲਕੜਹਾਰੇ ਨੇ ਚੋਗੇ ਦੇ 500 ਰੁਪਏ ਧਰਾ ਲਏ ਤੇ ਬਜ਼ੀਰ ਨੇ ਪਾ ਲਿਆ-ਚੋਗੇ ਚੋਂ ਦਿਖਿਆ ਦੁਖਿਆ ਤਾਂ ਕੁਝ ਨਾ ਪਰ ਡਰਦਾ ਮਾਰਾ ਵਜ਼ੀਰ ਕਹਿੰਦਾ, “ਹਾਂ ਜੀ ਦੀਹਦੈ, ਇਸ਼ਨਾਨ ਕਰਦਾ|"
ਰਾਜੇ ਦਾ ਲੜਕਾ ਕਹਿੰਦਾ, “ਪਿਤਾ ਜੀ ਹੁਣ ਮੈਂ ਪਾਉਣੈ।"
800 ਰੁਪਏ ਉਹਨੇ ਰਾਜੇ ਦੇ ਲੜਕੇ ਤੋਂ ਲੈ ਲਏ। ਚੋਗਾ ਉਹਨੇ ਪਾ ਲਿਆ ਪਰ ਦਿਖੇ ਉਹਨੂੰ ਵੀ ਕੁਛ ਨਾ-ਉਹਨੇ ਆਪਣੇ ਬਾਪ ਤੋਂ ਡਰਦੇ ਨੇ ਕਿਹਾ, “ਹਾਂ ਜੀ ਸਾਫ ਦਿਖਦੈ, ਮਾਂ ਓਸ ਦੀ ਰੋਟੀ ਪਕਾ ਰਹੀ ਐ ਤੇ ਉਹ ਖਾ ਰਿਹੈ।"
ਫੇਰ ਰਾਜੇ ਨੇ ਇਕ ਹਜ਼ਾਰ ਰੁਪਏ ਦੇ ਕੇ ਚੋਗਾ ਪਾ ਲਿਆ। ਦਿਖੇ ਓਸ ਨੂੰ ਵੀ ਨੀ-ਰਾਜੇ ਨੇ ਕਿਹਾ, “ਹਾਂ ਦਿਖਦੈ-ਉਹਦੀ ਮਾਂ ਉਹਦੇ ਹੱਥ ਧੁਆ ਰਹੀ ਐ।"
ਲਕੜਹਾਰਾ ਆਪਣੇ ਪਿੰਡ ਨੂੰ ਆ ਗਿਆ। ਤਿੰਨਾਂ ਜਣਿਆਂ ਮਗਰੋਂ ਬਹਿਕੇ ਸਲਾਹ ਕੀਤੀ ਬਈ ਦੱਸੋ ਕੀਹਨੂੰ ਕੀਹਨੂੰ ਦਿਖਿਆ। ਬਜ਼ੀਰ ਅਰ ਰਾਜੇ ਦਾ ਲੜਕਾ ਕਹਿੰਦੇ, “ਸਾਨੂੰ ਤਾਂ ਜੀ ਦਿਖਿਆ।"
ਰਾਜਾ ਕਹਿੰਦਾ, “ਤੁਸੀਂ ਡਰਕੇ ਨਾ ਕਹੋ, ਦਿਖਿਆ ਤਾਂ ਮੈਨੂੰ ਵੀ ਨਹੀਂ, ਤੁਸੀਂ ਸੱਚ ਦੱਸੋ।"
ਉਹ ਕਹਿੰਦੇ, “ਦਿਖਿਆ ਨੀ ਕਿਸੇ ਨੂੰ ਵੀ।”
ਰਾਜਾ ਕਹਿੰਦਾ, “ਹੁਣ ਆਪਾਂ ਉਹਨੂੰ ਟੋਲੌ।"
ਬਜ਼ੀਰ ਕਹਿੰਦਾ, “ਮੇਰੀ ਬਾਰੀ ਹੈਗੀ ਅੱਧੀ ਰਾਤ ਥਾਣੀ।"
ਰਾਜੇ ਦਾ ਲੜਕਾ ਕਹਿੰਦਾ, “ਮੇਰੀ ਹੈਗੀ ਤੜਕੇ ਥਾਣੀ।"
ਰਾਜਾ ਕਹਿੰਦਾ, ਮੇਰੀ ਹੈਗੀ ਦਿਨ ਚੜ੍ਹਦੇ ਥਾਣੀ।"
ਓਦਨ ਉਹ ਲਭਦੇ ਰਹੇ ਪਰ ਕਿਤੇ ਨਾ ਲੱਭਿਆ ਫੇਰ ਉਹ ਟੋਲ ਕੇ ਆ ਗੇ ਫੇਰ ਕਹਿੰਦੇ, “ਦਸ ਬਜੇ ਤੋਂ ਟੋਲਾਂਗੇ।”
ਲਕੜਹਾਰਾ ਕਚਹਿਰੀ ਤੋਂ ਸਿੱਧਾ ਘਰ ਆ ਗਿਆ। ਕਬੀਰਨੀ ਲਕੜਹਾਰੇ ਨੂੰ ਕਹਿੰਦੀ, “ਤੁਸੀਂ ਮੰਗ ਕੇ ਰੋਟੀ ਖਾ ਲਿਓ, ਜਿੱਥੇ ਘਰ ਢਿਹਾ ਹੋਇਐ ਓਥੇ ਰਾਤ ਕੱਟ ਲਿਓ। ਓਹ ਸ਼ਹਿਰ ਚਲੇ ਗਏ ਤੇ ਇਕ ਢਹੇ ਹੋਏ ਘਰ 'ਚ ਜਾ ਰਹੇ।ਉਹਨਾਂ ਨੇ ਅੰਦਰੋਂ ਕੁੰਡਾ ਲਾ ਲਿਆ-ਆਪ ਫਟੇ ਪੁਰਾਣੇ ਕਪੜੇ ਪਾਕੇ ਕੱਤਣ ਲੱਗ ਪਈ।
ਬਜ਼ੀਰ ਦੀ ਹੁਣ ਵਾਰੀ ਸੀ। ਉਹ ਘੋੜੇ ਤੇ ਚੜਿਆ ਆ ਰਿਹਾ ਸੀ। ਕਬੀਰਨੀ ਵੇਖ ਕੇ ਕਹਿੰਦੀ, “ਮਹਾਰਾਜ ਜੀ ਤੁਸੀਂ ਅੱਜ ਬੜੇ ਗੇੜੇ ਲਾਉਨੇ ਓ।"
ਉਹ ਕਹਿੰਦਾ, “ਮਾਈ ਇੱਕ ਚੋਗੇ ਜਹੇ ਵਾਲਾ ਆਇਆ 500 ਮੈਥੋਂ 1000 ਰਾਜੇ ਤੋਂ 800 ਰਾਜੇ ਦੇ ਲੜਕੇ ਤੋਂ ਠੱਗ ਕੇ ਲੈ ਗਿਆ। ਅਸੀਂ ਉਹਨੂੰ ਟੋਲਦੇ ਫਿਰਦੇ ਆਂ। ਜੇ ਕਿਤੇ ਦੇਖਿਆ ਹੋਵੇ ਤਾਂ ਦੱਸ ਦੇ।" ਕਹਿੰਦੀ, “ਫੜਾ ਤਾਂ ਮੈਂ ਦਉਂ, ਪਰ ਤਿੰਨ ਹਜ਼ਾਰ ਰੁਪਿਆ ਲਊਂਗੀ। ਥੋਡਾ ਫੇਰ ਕਿਹੜੇ ਵੇਲੇ ਵਕਤ ਹੋਊਗਾ, ਤੁਸੀਂ ਕਦੋਂ ਆਵੋਂਗੇ।”
ਕਹਿੰਦਾ, “ਮੈਂ ਪੈਰੇ ਸੌਣ ਵੇਲੇ ਆਉਂਗਾ ਤੇ ਅੱਧੀ ਰਾਤ ਤੱਕ ਫਿਰੂੰਗਾ।"
ਕਹਿੰਦੀ, “ਕਾਲੇ ਚੋਗੇ ਵਾਲਾ ਵੀ ਅੱਧੀ ਰਾਤ ਈ ਆ ਕੇ ਪੈਂਦੈ, ਜਦੋਂ ਆਉਗਾ ਮੈਂ ਤੈਨੂੰ ਫੜਾ ਦਉਂਗੀ।"
ਬਜ਼ੀਰ ਚਲਿਆ ਗਿਆ। ਰਾਜੇ ਦੇ ਲੜਕੇ ਦੀ ਵਾਰੀ ਆ ਗਈ। ਕਬੀਰਨੀ ਰਾਜੇ ਦੇ ਲੜਕੇ ਨੂੰ ਕਹਿੰਦੀ, “ਕਾਕਾ ਅੱਜ ਤਾਂ ਬੜੇ ਗੇੜੇ ਮਾਰਦੈ।"
ਕਹਿੰਦਾ, “ਮਾਈ ਇਕ ਚੋਗੇ ਵਾਲਾ ਆਇਆ ਸੀ 800 ਰੁਪਏ ਮੈਥੋਂ ਲੈ ਗਿਆ ਉਹਨੂੰ ਫੜਨੈ।"
ਕਹਿੰਦੀ, “ਫੜਾ ਤਾਂ ਮੈਂ ਦਊਂ ਪਰ ਪੰਜ ਹਜ਼ਾਰ ਮੈਨੂੰ ਦਈਂ।"
ਕਹਿੰਦਾ, “ਮਾਈ ਕਿਹੜੇ ਵੇਲੇ ਫੜਾਏਂਗੀ।” ਕਹਿੰਦੀ, “ਭਾਈ ਤੜਕੇ ਨੂੰ ਫੜਾਉਂਗੀ।"
ਰਾਜੇ ਦੀ ਵਾਰੀ ਆ ਗਈ। ਕਬੀਰਨੀ ਕਹਿੰਦੀ, “ਅੱਜ ਤਾਂ ਰਾਜਾ ਜੀ ਬੜੇ ਗੇੜੇ ਲਾਏ ਨੇ ਤੁਸੀਂ|" ਕਹਿੰਦਾ, “ਮਾਈ ਇੱਕ ਚੋਗੇ ਵਾਲਾ 800 ਰੁਪਏ ਮੇਰੇ ਮੁੰਡੇ ਤੋਂ 1000 ਰੁਪਏ ਮੈਥੋਂ ਲੈ ਗਿਆ। ਉਹਨੂੰ ਲਭਦੇ ਆਂ।"
ਕਹਿੰਦੀ, “ਮੈਂ ਫੜਾ ਸਕਦੀ ਆਂ ਜੇ ਦਸ ਹਜ਼ਾਰ ਦੇ ਰਾਜਾ ਕਹਿੰਦਾ, “ਚੰਗਾ, ਕਦੋਂ ਫੜਾਵੇਗੀ।
“ਦਿਨ ਚੜ੍ਹੇ ਤੋ, ਉਸ ਆਖਿਆ, “ਜਦੋਂ ਤੜਕਾ ਲੰਘ ਜਾਊਗਾ।”
ਰਾਜਾ ਕਹਿੰਦਾ, ਚੰਗਾ ਮਾਈ ਜ਼ਰੂਰ ਫੜਾਈਂ। ਰਾਜਾ ਵੀ ਚਲਿਆ ਗਿਆ।
ਬਜ਼ੀਰ ਆਇਆ। ਉਹਨੇ ਤਿੰਨ ਹਜ਼ਾਰ ਰੁਪਏ ਕਬੀਰਨੀ ਨੂੰ ਫੜਾ ਦਿੱਤੇ। ਉਹਨੇ ਬਜ਼ੀਰ ਨੂੰ ਟਾਲੇ ਬੁੱਤੇ ਲਾ ਕੇ ਵਕਤ ਲੰਘਾ ਦਿੱਤਾ। ਏਨੇ ਨੂੰ ਰਾਜੇ ਦਾ ਲੜਕਾ ਆ ਗਿਆ। ਬੂਹੇ ਕੋਲ ਆ ਕੇ ਉਹਨੇ ਹਾਕ ਮਾਰੀ। ਬਜ਼ੀਰ ਕਹਿੰਦਾ, “ਮਾਈ ਮੈਨੂੰ ਕਿਤੇ ਲਕੋ ਦੇ, ਰਾਜੇ ਦੇ ਲੜਕੇ ਨੇ ਮੈਨੂੰ ਮਾਰ ਦੇਣੈ।" ਉਹਨੇ ਝੱਟ ਦੇਣੇ ਬਜ਼ੀਰ ਦੇ ਸਿਰ ਤੇ ਗੋਹਾ-ਮਿੱਟੀ ਮਲ ਕੇ ਮਿਆਲੀ ਬਣਾ ਦਿੱਤੀ ਉੱਤੇ ਦੀਵਾ ਰੱਖ ਦਿੱਤਾ। ਰਾਜੇ ਦਾ ਲੜਕਾ ਆ ਕੇ ਬਹਿ ਗਿਆ। ਰਾਜੇ ਦੇ ਲੜਕੇ ਨੇ ਪੰਜ ਹਜ਼ਾਰ ਰੁਪਏ ਕਬੀਰਨੀ ਨੂੰ ਦੇ ਦਿੱਤੇ। ਉਹ ਕੁਝ ਚਿਰ ਬੈਠੇ ਰਹੇ। ਬੁੜੀ ਪਹਿਲਾਂ ਹੀ ਛੋਲੇ ਪਾ ਕੇ ਚੱਕੀ ਕੋਲ ਰੱਖ ਆਈ। ਉਹਨੇ ਟਾਲੇ ਬੁੱਤੇ ਲਾ ਕੇ ਵਕਤ ਪਾ ਦਿੱਤਾ। ਏਨੇ ਨੂੰ ਰਾਜੇ ਦੀ ਬਾਰੀ ਆ ਗਈ। ਰਾਜੇ ਨੇ ਆ ਕੇ ਹਾਕ ਮਾਰੀ ਤੋਂ ਬੂਹੇ ਨੂੰ ਧੱਕਾ ਮਾਰਿਆ। ਰਾਜੇ ਦਾ ਲੜਕਾ ਕਹਿੰਦਾ, “ਮਾਈ ਮੈਨੂੰ ਲੁਕੋ ਦੇ, ਰਾਜੇ ਨੇ ਆ ਕੇ ਮੈਨੂੰ ਮਾਰ ਦੇਣੈ।”
ਕਹਿੰਦੀ, “ਤੂੰ ਲੱਗ ਜਾ ਪੀਹਣ।"
ਉਹ ਪੀਹਣ ਲੱਗ ਪਿਆ। ਰਾਜਾ ਬੈਠਾ ਰਿਹਾ। ਰਾਜੇ ਨੇ ਦਸ ਹਜ਼ਾਰ ਰੁਪਏ ਕਬੀਰਨੀ ਦੀ ਝੋਲੀ 'ਚ ਪਾ ਦਿੱਤੇ। ਪਹਿਲਾਂ ਬੁੜੀ ਨੇ ਰਾਜੇ ਨੂੰ ਛੋਲਿਆਂ ਤੇ ਮੋਠਾਂ ਦੀ ਮਿੱਸੀ ਰੋਟੀ ਬਣਾ ਕੇ ਦਿੱਤੀ। ਰਾਜਾ ਕਹੇ, "ਮਾਈ ਫੜਾ"
ਉਹ ਕਹਿੰਦੀ, “ਮਹਾਰਾਜ ਜੀ ਰੋਟੀ ਬਣਦੀ ਐ, ਪਕਾ ਕੇ ਫੜਾਉਂਗੀ।"
ਰਾਜੇ ਨੂੰ ਇੱਕ ਹੋਰ ਰੋਟੀ ਦੇ ਕੇ ਆਪ ਦਰ ਤੋਂ ਬਾਹਰ ਨਿਕਲ ਗਈ। ਰਾਜੇ ਦੇ ਗਲ ਬੁਰਕੀ ਲੱਗ ਗਈ। ਉਹ ਕਹੇ, “ਮਾਈ ਪਾਣੀ ਦਈਂ, ਪਾਣੀ ਦਈਂ।” ਪਰ ਉਹ ਦਬਾਦਬ ਪੀਹੀ ਜਾਵੇ। ਰਾਜੇ ਨੇ ਗੁੱਸੇ ਵਿੱਚ ਆ ਕੇ ਪੈਰੋਂ ਗੁਰਗਾਬੀ ਲਾਹੀ ਤੇ ਕੁੱਟਣ ਲੱਗ ਪਿਆ ਆਪਣੇ ਮੁੰਡੇ ਨੂੰ ਕਹਿੰਦਾ, “ਮੈਂ ਕੱਦਾ ਕਹਿਨਾਂ ਬਈ ਪਾਣੀ ਫੜਾ ਦੇ।”
ਬਜ਼ੀਰ ਕਹਿੰਦਾ, “ਤੁਸੀਂ ਤਾਂ ਆਪਣੇ ਈ ਲੜਕੇ ਨੂੰ ਕੁੱਟਣ ਲੱਗ ਪੇ।”
ਰਾਜਾ ਕਹਿੰਦਾ, “ਓਹ ਥੋਡੀ ਆਪਾਂ ਤਾਂ ਸਾਰੇ ਹੀ ਫਸਾ ਲਏ ਓਸ ਬੁੜ੍ਹੀ ਨੇ। ਫੇਰ ਓਸ ਨੇ ਬਜ਼ੀਰ ਦੇ ਸਿਰ ਤੋਂ ਗੋਹਾ ਮਿੱਟੀ ਲਾਹ ਦਿੱਤੀ। ਮੁੰਡਾ ਪੀਹਣ ਤੋਂ ਹਟ ਗਿਆ। ਤਿੰਨੇ ਆਪਣੇ ਘਰ ਵਲ ਨੂੰ ਤੁਰ ਪਏ।
ਏਨੇ ਨੂੰ ਲਕੜਹਾਰਾ ਵੀ ਆ ਗਿਆ। ਬੁੜੀ ਵੀ ਆ ਗਈ! ਹੁਣ ਤੱਕ ਕਬੀਰਨੀ ਦਾ ਸਾਲ ਪੂਰਾ ਹੋ ਗਿਆ ਸੀ। ਬੁੜੀ ਅਠਾਰਾਂ ਹਜ਼ਾਰ ਰੁਪਏ ਲਕੜਹਾਰੇ ਨੂੰ ਦੇ ਕੇ ਆਪਣੇ ਘਰ ਨੂੰ ਮੁੜ ਆਈ। ਜਾਕੇ ਕਬੀਰ ਨੂੰ ਕਹਿੰਦੀ, “ਤੀਵੀਂ ਕਿਕਣ ਨੀਂ ਤੋਰ ਸਕਦੀ ਗੁਜ਼ਾਰਾ।
ਕਬੀਰ ਇਹ ਸਭ ਕੁਝ ਮੰਨ ਗਿਆ।