ਬਾਤਾਂ ਦੇਸ ਪੰਜਾਬ ਦੀਆਂ/ਸੁੰਦਰੀ ਮੁੰਦਰੀ

ਵਿਕੀਸਰੋਤ ਤੋਂ

ਸਦਰੀ ਮੁੰਦਰੀ


ਇੱਕ ਸੀ ਜੱਟ ਤੇ ਇੱਕ ਸੀ ਜੱਟੀ। ਜੱਟ ਦੇ ਦੋ ਧੀਆਂ ਸੀ। ਇੱਕ ਦਾ ਨਾਂ ਸੀ ਸੁੰਦਰੀ ਤੇ ਦੂਜੀ ਦਾ ਨਾਂ ਮੁੰਦਰੀ। ਇੱਕ ਦਿਨ ਜੱਟੀ ਆਪਣੇ ਮਾਲਕ ਨੂੰ ਬੋਲੀ, “ਮੈਂ ਅੱਜ ਤੋਂ ਅੱਠਵੇਂ ਨੂੰ ਮਰ ਜਾਣੈ ਤੇ ਮਗਰੋਂ ਮੇਰੀਆਂ ਧੀਆਂ ਦਾ ਬੁਰਾ ਹਾਲ ਹੋਊ।”"
ਬਾਜੀ, ਸੁਦੈਣ, ਮਰਨ ਦੀਆਂ ਗੱਲਾਂ ਕਰਦੀ ਐ।”
ਨਹੀਂ ਸੱਚ ਐ, ਮੈਂ ਅੱਠਵੇਂ ਨੂੰ ਮਰ ਜਾਣੈ।”
ਕੁਦਰਤ ਦਾ ਕਰਨਾ ਹੋਇਆ। ਜੱਟੀ ਠੀਕ ਅੱਠਵੇਂ ਦਿਨ ਪਰਲੋਕ ਸੁਧਾਰ ਗਈ।
ਜੱਟਾਂ ਨੇ ਕਹਿ ਕੂਹ ਕੇ ਉਸ ਜੱਟ ਦਾ ਦੂਜਾ ਵਿਆਹ ਕਰਵਾ ਦਿੱਤਾ।
ਦਿਨ ਪਾ ਕੇ ਜੱਟ ਦੀ ਦੂਜੀ ਘਰਵਾਲੀ ਦੇ ਇੱਕ ਕੁੜੀ ਜੰਮੀ।
ਪਹਿਲੀਆਂ ਕੁੜੀਆਂ ਦੀ ਮਾਂ ਦੀ ਮੜੀ ਤੇ ਬੇਰੀ ਜੰਮ ਆਈ। ਕੁੜੀਆਂ ਰੋਜ਼ ਜਾਇਆ ਕਰਨ ਤੇ ਬੇਰ ਖਾ ਆਇਆ ਕਰਨ। ਇੱਕ ਦਿਨ ਮਤ੍ਰੇਈ ਮਾਂ ਨੇ ਆਪਣੀ ਕੁੜੀ ਉਹਨਾਂ ਨਾਲ ਭੇਜ ਦਿੱਤੀ ਤੇ ਆਖਿਆ, “ਜਾ ਵੇਖ ਕੁੜੀਆਂ ਕੀ ਖਾਂਦੀਆਂ ਹਨ।" ਕੁੜੀ ਨਾਲ ਚਲੀ ਗਈ। ਛੋਟੀ ਨੇ ਆਖਿਆ, “ਬੀਬੀ ਦੇ ਦੇ ਇਹਨੂੰ ਵੀ ਬੇਰ। ਇਹ ਤਾਂ ਭਲਾ ਸਾਡੇ ਨਾਲ ਕਰਦੀਆਂ ਨੇ ਪਰ ਰੱਬ ਨੀ ਸਾਡੇ ਨਾਲ ਕਰਦਾ।"
ਕੁੜੀ ਨੇ ਬੇਰ ਲੜ੍ਹ, ਬੰਨ੍ਹ ਲਿਆ ਤੇ ਘਰ ਆ ਕੇ ਆਪਣੀ ਮਾਂ ਨੂੰ ਵਖਾ ਦਿੱਤਾ।
ਜੱਟੀ ਖਣਪੱਟੀ ਲੈ ਕੇ ਪੈ ਗਈ। ਸ਼ਾਮ ਨੂੰ ਜੱਟ ਆਇਆ।
“ਰਾਣੀ ਰਾਣੀ ਤੂੰ ਪਈ।
ਮੈਂ ਤਾਂ ਜਿਉਨੀ ਆਂ ਜੇ ਅੱਜ ਇਹਨਾਂ ਕੁੜੀਆਂ ਦੀ ਮਾਂ ਦੀ ਮੜੀ ਉਪਰੋਂ ਬੇਰੀ ਪੱਟਵਾਂ ਦੇਵੇਂ।"
“ਐਹ ਵੀ ਕੋਈ ਬੜੀ ਗੱਲ ਐ।”
ਜੱਟ ਨੇ ਉਸੇ ਵੇਲੇ ਬੇਰੀ ਪੁਟਵਾ ਦਿੱਤੀ। ਉਸੇ ਮੜੀ ਉਪਰ ਤਰਬੂਜ਼ਾਂ ਦੀ ਬੇਲ ਜੰਮ ਪਈ। ਉਹ ਰੋਜ਼ ਜਾਇਆ ਕਰਨ ਤੇ ਤਰਬੂਜ਼ ਖਾ ਆਇਆ ਕਰਨ। ਉਸੇ ਤਰ੍ਹਾਂ ਫੇਰ ਮਤ੍ਰੇਈ ਨੇ ਆਪਣੀ ਕੁੜੀ ਨਾਲ ਘੱਲੀ। ਕੁੜੀ ਨੇ ਤਰਬੂਜ਼ਾਂ ਦੀ ਬੇਲ ਬਾਰੇ ਦੱਸਿਆ।
ਮਤੇਈ ਮਾਂ ਨੇ ਫੇਰ ਉਸੇ ਤਰ੍ਹਾਂ ਬੇਲ ਵੀ ਪੁਟਵਾ ਦਿੱਤੀ। ਫੇਰ ਅਸਮਾਨ ਉਪਰੋਂ ਕੜਾਹ ਪੂੜੀਆਂ ਦੀਆਂ ਭਰੀਆਂ ਹੋਈਆਂ ਥਾਲੀਆਂ ਉਤਰਨ ਲੱਗ ਪਈਆਂ। ਉਹ ਬਾਹਰ ਜਾਇਆ ਕਰਨ ਤੇ ਕੜਾਹ ਖਾ ਆਇਆ ਕਰਨ। ਮਤ੍ਰੇਈ ਮਾਂ ਦੀ ਕੁੜੀ ਕੁੜੀਆਂ ਨਾਲ ਫੇਰ ਆਈ। ਉਹਨੇ ਕੜਾਹ ਦੀਆਂ ਥਾਲੀਆਂ ਬਾਰੇ ਆਪਣੀ ਮਾਂ ਨੂੰ ਦੱਸਿਆ।
ਉਹ ਖਣਪੱਟੀ ਲੈ ਕੇ ਫੇਰ ਪੈ ਗਈ।
"ਤਾਂ ਜਿਉਨੀ ਆਂ ਜੇ ਇਹਨਾਂ ਨੂੰ ਬਣਾਂਬਾਨ ਵਿੱਚ ਛੱਡ ਕੇ ਆਵੇਂ।”
ਉਹਨਾਂ ਦਾ ਪਿਓ ਦੋਹਾਂ ਕੁੜੀਆਂ ਨੂੰ ਨਾਲ ਲੈ ਕੇ ਤੁਰ ਪਿਆ, “ਚਲੋ ਕੁੜੇ ਥੋਨੂੰ ਮੈਂ ਤੁਹਾਡੇ ਮਾਮੇ ਹੋਰਾਂ ਨੂੰ ਮਲਾ ਲਿਆਵਾਂ।
ਰਸਤੇ ਵਿੱਚ ਜਦ ਬਹੁਤ ਸਾਰੇ ਬ੍ਰਿਛ ਆ ਗਏ ਤਾਂ ਉਹ ਪਖਾਨੇ ਦੇ ਬਹਾਨੇ ਪਿੱਛੇ ਨੂੰ ਮੁੜ ਆਇਆ। ਕੁੜੀਆਂ ਤੁਰ ਪਈਆਂ। ਛੋਟੀ ਭੈਣ ਬੋਲੀ, "ਕੋਈ ਦੀਵਾ ਮਚਦਾ ਵੇਖ, ਓਹ ਆਪਣਾ ਵੈਰੀ ਤੀ, ਜੈ ਬਾਪੂ ਹੁੰਦਾ ਤਾਂ ਇਸ ਤਰ੍ਹਾਂ ਨਾ ਕਰਦਾ।"
ਬੜੀ ਭੈਣ ਨੇ ਦਰੱਖਤ ਉੱਤੇ ਚੜਕੇ ਦੇਖਿਆ ਥੋੜੀ ਹੀ ਦੂਰ ਬਾਂਦਰ ਦੀ ਕੁਟੀਆ ਵਿੱਚ ਇੱਕ ਦੀਵਾ ਜਗ ਰਿਹਾ ਸੀ। ਉਹ ਕੁਟੀਆ ਵਿੱਚ ਗਈਆਂ ਤੇ ਬੋਲੀਆਂ, “ਬਾਬਾ ਰਾਤ ਕੱਟਣੀ ਐਂ ।”
"ਆ ਜੋ ਬੀਬੀ ਕਟ ਲੋ।"
ਰਾਤ ਪੈ ਗਈ।
ਦਿਨ ਚੜੇ ਬਾਂਦਰ ਬੋਲਿਆ, “ਭਾਈ ਮੈਨੂੰ ਤੱਤੇ ਪਾਣੀ ਨਾਲ ਨਲਾ ਦੇਵੋ।"
ਉਹਨਾਂ ਨੇ ਪਾਣੀ ਤੱਤਾ ਕੀਤਾ। ਪਾਣੀ ਇੰਨਾ ਤੱਤਾ ਸੀ ਕਿ ਬਾਂਦਰ ਜਲ ਹੀ ਗਿਆ ਓਸ ਪਾਣੀ ਨਾਲ ਤੇ ਵਿਚਾਰਾ ਮਰ ਗਿਆ।
ਬਾਂਦਰ ਕੋਲ ਬੱਕਰੀਆਂ ਤੇ ਗਊਆਂ ਰੱਖੀਆਂ ਹੋਈਆਂ ਸੀ। ਛੋਟੀ ਭੈਣ ਬੱਕਰੀਆਂ ਚਾਰਨ ਚਲੀ ਜਾਇਆ ਕਰੇ-ਸ਼ਾਮ ਨੂੰ ਆ ਕੇ ਆਖਿਆ ਕਰੇ, “ਉਠ ਭੈਣ ਸੁੰਦਰੀ ਮੁੰਦਰੀ ਬੱਕਰੀਆਂ ਬੰਨ੍ਹ।” ਉਹ ਬੰਨ੍ਹ ਦਿਆ ਕਰੇ। ਦਿਨ ਲੰਘਦੇ ਗਏ।
ਇੱਕ ਦਿਨ ਛੋਟੀ ਭੈਣ ਬੱਕਰੀਆਂ ਚਾਰਨ ਗਈ ਹੋਈ ਸੀ। ਕੁਝ ਸ਼ਿਕਾਰੀ ਸ਼ਿਕਾਰ ਖੇਡਦੇ-ਖੇਡਦੇ ਓਧਰ ਆ ਨਿਕਲੇ। ਉਹਨਾਂ ਨੂੰ ਬੜੀ ਕੁੜੀ ਪਸੰਦ ਆ ਗੀ।
ਉਹਨੂੰ ਕਹਿੰਦੇ, “ਨਹੀਂ ਘੋੜੇ ਤੇ ਚੜ੍ਹ ਨਹੀਂ ਕਰਪਾਨ ਨਾਲ ਤੇਰਾ ਸਿਰ ਵੱਢ ਲਵਾਂਗੇ। ਵਿਚਾਰੀ ਡਰਦੀ ਡਰਦੀ ਉਸ ਦੇ ਘੋੜੇ ਤੇ ਚੜ੍ਹ ਗਈ ਪਰ ਨਾਲ ਹੀ ਸਰਹੋਂ ਦਾ ਪੱਲਾ ਭਰਕੇ ਲੈ ਲਿਆ।
ਜਿੱਧਰ ਘੋੜਾ ਜਾਵੇ ਓਹ ਨਾਲੋਂ ਨਾਲ ਸਰਹੋਂ ਕੇਰੀ ਜਾਵੇ। ਕਰਨੀ ਰੱਬ ਦੀ ਸਰਹੋਂ ਵੀ ਨਾਲ ਨਾਲ ਉਗਦੀ ਗਈ।
ਛੋਟੀ ਭੈਣ ਆ ਕੇ ਬੋਲੀ, “ਉਠ ਭੈਣ ਸੁੰਦਰੀ ਮੁੰਦਰੀ ਬੱਕਰੀਆਂ ਬੰਨ੍ਹ।" ਉਹ ਉਠੀ ਕੋਈ ਨਾ।
ਰੋਣ ਲੱਗ ਪੀ। ਰੋਦੀ ਰਹੀ ਰੋਂਦੀ ਰਹੀ। ਸਰੋਂ ਉੱਗੀ ਵਿਖਾਈ ਦਿੱਤੀ। ਸਰੋਂ ਦੀ ਸੇਧ ਉਹ ਤੁਰ ਪਈ। ਰਸਤੇ ਵਿੱਚ ਇੱਕ ਥਾਂ ਤੀਆਂ ਪੈ ਰਹੀਆਂ ਸੀ। ਤੀਆਂ ਦੇ ਕੋਲ ਹੀ ਚਲੀ ਗਈ। ਤੀਆਂ ਵਿੱਚੋਂ ਇੱਕ ਕੁੜੀ ਬੋਲੀ, “ਭਾਈ ਤੂੰ ਵੀ ਕੋਈ ਬੋਲੀ ਪਾ ਕੇ ਸੁਣਾ।"
ਕੁੜੀ ਬੋਲੀ, “ਉੱਠ ਭੈਣ ਸੁੰਦਰੀ ਮੁੰਦਰੀ ਬੱਕਰੀਆਂ ਬੰਨ੍ਹ।" ਉਹਨਾਂ ਵਿੱਚ ਹੀ ਉਸ ਦੀ ਵੱਡੀ ਭੈਣ ਸੀ। ਦੋਨੋਂ ਮਿਲੀਆਂ। ਵਿਥਿਆ ਦੱਸੀ ਸੁਣੀ। ਉਸ ਦੀ ਵੱਡੀ ਭੈਣ ਨੂੰ ਓਥੋਂ ਦਾ ਰਾਜਾ ਲੈ ਆਇਆ ਸੀ। ਉਹ ਉਸ ਨੂੰ ਆਪਣੇ ਮਹਿਲਾਂ ਵਿੱਚ ਲੈ ਗਈ।
ਦੂਜੇ ਤੀਜੇ ਦਿਨ ਉਹਨਾਂ ਨੇ ਆਪਣੇ ਬਾਪ ਨੂੰ ਮਹਿਲੀਂ ਸਦਵਾ ਲਿਆ। ਉਹਨੂੰ ਕੀ ਪਤਾ ਸੀ ਉਹਦੀਆਂ ਕੁੜੀਆਂ ਮਹਿਲੀਂ ਰਹਿੰਦੀਆਂ ਨੇ। ਉਹਨੂੰ ਕੁੜੀਆਂ ਦੀ ਪਛਾਣ ਕਿਥੋਂ ਆਉਣੀ ਸੀ ਕਹਿੰਦਾ, "ਭਾਈ ਮੇਰੀਆਂ ਵੀ ਥੋਡੇ ਜਿੱਡੀਆਂ ਕੁੜੀਆਂ ਸੀ। ਦੋਏ ਖੋ ਗਈਆਂ। ਉਹਨਾਂ ਨੂੰ ਲੱਭਦਾ ਫਿਰਦਾ ਹਾਂ।"
ਕੁੜੀਆਂ ਨੇ ਦੱਸਿਆ, “ਅਸੀਂ ਹੀ ਆਂ ਤੇਰੀਆਂ ਧੀਆਂ।”
ਉਹਨਾਂ ਨੇ ਉਹਦੀ ਬੜੀ ਆਓ ਭਗਤ ਕੀਤੀ। ਸੱਪ, ਭਰਿੰਡਾਂ ਤੇ ਸਪੋਲੀਏ ਇੱਕ ਘੜੇ ਵਿੱਚ ਬੰਦ ਕਰਕੇ ਉਹ ਘੜਾ ਆਪਣੇ ਬਾਪ ਨੂੰ ਦੇ ਦਿੱਤਾ ਤੇ ਆਖਿਆ, “ਲੈ ਬਾਪੂ ਤੂੰ ਇਹਨਾਂ ਨੂੰ ਮਾਸੀ ਨੂੰ ਦਈਂ ਤੇ ਆਖੀਂ ਅੰਦਰ ਬਹਿਕੇ ਖਾਣ। ਇਹ ਲੱਡੂਆਂ ਦਾ ਝੱਕਰਾ ਆਪ ਖਾ ਲੀ।"
ਉਹ ਪਿੰਡ ਨੂੰ ਆ ਗਿਆ ਤੇ ਪਿੰਡ ਆ ਕੇ ਆਖਿਆ, “ਇਹ ਘੜਾ ਘੱਲਿਆ ਏ ਲੱਡੂਆਂ ਦਾ ਤੁਸੀਂ ਤੇ ਉਹਨਾਂ ਨਾਲ ਬਥੇਰੀਆਂ ਕੀਤੀਆਂ ਨੇ।"
ਉਹ ਘੜਾ ਭੰਨ ਕੇ ਖਾਣ ਲੱਗ ਪਈਆਂ ਤੇ ਸੱਪ ਸਪੋਲੀਏ ਉਹਨਾਂ ਦੇ ਲੜ ਗਏ ਤੇ ਦੋਨੋਂ ਵਿਸ ਨਾਲ ਮਰ ਗਈਆਂ।