ਬੋਲੀਆਂ ਦਾ ਪਾਵਾਂ ਬੰਗਲਾ/ਪਿੰਡਾਂ ਵਿਚੋਂ ਪਿੰਡ ਛਾਂਟਿਆ

ਵਿਕੀਸਰੋਤ ਤੋਂ

ਪਿੰਡਾਂ ਵਿਚੋਂ ਪਿੰਡ ਛਾਂਟਿਆ

ਆਲ਼ੇ
ਪਿੰਡਾਂ ਵਿਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਆਲ਼ੇ
ਭਾਈਆਂ ਬਾਝ ਨਾ ਸੋਹਣ ਮਜਲਸਾਂ
ਸੋਂਹਦੇ ਭਾਈਆਂ ਵਾਲ਼ੇ
ਹੋਣ ਉਹਨਾ ਦੀਆਂ ਸੌ ਸੌ ਬਾਹਾਂ
ਭਾਈ ਜਿਨ੍ਹਾਂ ਦੇ ਬਾਹਲੇ
ਬਾਝ ਭਰਾਵਾਂ ਦੇ-
ਮੈਨੂੰ ਘੂਰਦੇ ਸ਼ਰੀਕੇ ਵਾਲ਼ੇ

ਸਾਹਨੀ

ਪਿੰਡਾਂ ਵਿਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਸਾਹਨੀ
ਓਥੇ ਦਾ ਇਕ ਗੱਭਰੂ ਸੁਣੀਂਦਾ
ਗਲ਼ ਵਿਚ ਉਹਦੇ ਗਾਨੀ
ਹਰਾ ਮੂੰਗੀਆ ਬੰਨ੍ਹਦਾ ਸਾਫਾ
ਤੋਰ ਤੁਰੇ ਮਸਤਾਨੀ
ਭਾੜੇ ਦੀ ਹੱਟ ਬਹਿਕੇ ਬੰਦਿਆ
ਬਣਿਆਂ ਫਿਰਦਾ ਜਾਨੀ
ਕਾਲ਼ਿਆਂ ਦੇ ਵਿਚ ਆ ਗੇ ਧੌਲ਼ੇ
ਦਿਸਦੀ ਮੌਤ ਨਿਸ਼ਾਨੀ
ਬਦੀਆਂ ਨਾ ਕਰ ਵੇ-
ਕੈ ਦਿਨ ਦੀ ਜਿੰਦਗਾਨੀ

ਸੁਖਾਨੰਦ

ਸੁਖਾਨੰਦ ਦੇ ਦੋ ਮੁੰਡੇ ਸੁਣੀਂਦੇ
ਬਹੁਤੀ ਪੀਂਦੇ ਦਾਰੂ
ਘੋੜੀ ਮਗਰ ਬਛੇਰੀ ਸੋਂਹਦੀ
ਬੋਤੀ ਮਗਰ ਬਤਾਰੂ
ਕਣਕਾਂ ਰੋਜ਼ ਦੀਆਂ

ਛੋਲੇ ਬੀਜ ਲੈ ਮਾਰੂ
ਏਸ ਪਟ੍ਹੋਲੇ ਨੂੰ-
ਕੀ ਮੁਕਲਾਵਾ ਤਾਰੂ

ਸੇਖਾ

ਕਾਲ਼ੀ ਕਾਲ਼ੀ ਬੱਦਲੀ ਤਾਂ
ਬੱਦਲਾਂ ਚੋਂ ਨਿਕਲੀ
ਬੱਦਲਾਂ ਚੋਂ ਨਿਕਲੀ
ਵਰਸੀ ਜਾ ਕੇ ਸੇਖੇ
ਵੇ ਨਾ ਮਾਰ ਜ਼ਾਲਮਾ-
ਗੁਆਂਢਣ ਖੜੀ ਦੇਖੇ

ਸੰਗਰੂਰ

ਤਾਵੇ ਤਾਵੇ ਤਾਵੇ
ਰਾਹ ਸੰਗਰੂਰਾਂ ਦੇ
ਕੱਚੀ ਮਲਮਲ ਉਡਦੀ ਜਾਵੇ
ਉਡਦਾ ਰੁਮਾਲ ਦਿਸਦਾ
ਗੱਡੀ ਚੜ੍ਹਦਾ ਨਜ਼ਰ ਨਾ ਆਵੇ
ਗੱਡੀ ਵਿਚੋਂ ਲਤ ਲਮਕੇ
ਕੋਈ ਭੌਰ ਚਲਿਆ ਮੁਕਲਾਵੇ
ਟੁੱਟਗੀ ਦਾ ਦਰਦ ਬੁਰਾ
ਜਿੰਦ ਜਾਊ ਮਿੱਤਰਾਂ ਦੇ ਹਾਵੇ
ਗੱਡੀ ਵਿਚ ਤੂੰ ਰੋਏਂਗੀ
ਯਾਰ ਰੋਣ ਕਿੱਕਰਾਂ ਦੀ ਛਾਮੇਂ
ਰੋ ਰੋ ਵਿਛੜੇਂਗੀ
ਕ੍ਹਾਨੂੰ ਗੂੜ੍ਹੀਆਂ ਮੁਹੱਬਤਾਂ ਪਾਮੇਂ
ਨਮਿਆਂ ਦੇ ਲੜ ਲਗ ਕੇ-
ਭੁਲਗੀ ਯਾਰ ਪੁਰਾਣੇ

ਹਿੰਮਤਪੁਰਾ

ਹਿੰਮਤਪੁਰੇ ਦੇ ਮੁੰਡੇ ਬੰਬਲੇ
ਸੱਤਾਂ ਪਤਣਾਂ ਦੇ ਤਾਰੂ

ਸੂਇਆਂ ਕੱਸੀਆਂ ਤੇ ਕਣਕਾਂ ਬੀਜਦੇ
ਛੋਲੇ ਬੀਜਦੇ ਮਾਰੂ
ਇਕ ਮੁੰਡਾ ਤਾਂ ਫਤਹ ਮੁਹੰਮਦ
ਦੂਜਾ ਹੈ ਸਰਦਾਰੂ
ਗਾਮਾ ਬਰਕਤ ਸੌਣ ਨਿਹਾਲਾ
ਸਭ ਦੇ ਉੱਤੋਂ ਬਾਰੂ
ਸਾਰੇ ਮਿਲਕੇ ਮੇਲੇ ਜਾਂਦੇ
ਨਾਲ਼ੇ ਜਾਂਦਾ ਨਾਹਰੂ
ਬਸੰਤੀ ਰੀਝਾਂ ਨੂੰ-
ਗਿੱਧੇ ਦਾ ਚਾਓ ਉਤਾਰੂ

ਕੋਟਕਪੂਰਾ

ਜੱਟੀ ਕੋਟ ਕਪੂਰੇ ਦੀ ਨੂੰਹ
ਬਾਮਣ ਅੰਬਰਸਰ ਦਾ
ਜੱਟੀ ਦੇ ਘਰ ਲੇਫ ਤਲਾਈ
ਪਲੰਘ ਬਾਹਮਣ ਦੇ ਘਰ ਦਾ
ਜੱਟੀ ਬੈਠੀ ਪੇੜੇ ਕਰਦੀ
ਬਾਹਮਣ ਮੰਡੇ ਘੜਦਾ
ਬਾਹਰੋਂ ਫਿਰਦਾ ਦਿਓਰ ਜੋ ਆਇਆ
ਸਲੰਘ ਗੰਡਾਸਾ ਫੜਦਾ
ਨਾ ਵੇ ਦਿਓਰਾ ਮਾਰ ਗੁਆਈਂ
ਬਾਹਮਣ ਆਪਣੇ ਘਰ ਦਾ
ਕਪਲਾ ਗਊ ਦੀ ਪੂਛ ਫੜਾ ਲੈ
ਮੁੜ ਵਿਹੜੇ ਨਹੀਂ ਬੜਦਾ
ਕੱਚੀਆਂ ਕੈਲਾਂ ਨੂੰ-
ਜੀ ਸਭਨਾਂ ਦਾ ਕਰਦਾ

ਖਾਰੀ

ਪਿੰਡਾਂ ਵਿਚੋਂ ਪਿੰਡ ਸੁਣੀਂਂਦਾ
ਪਿੰਡ ਸੁਣੀਦਾ ਖਾਰੀ
ਖਾਰੀ ਦੀਆਂ ਦੋ ਮੁਟਿਆਰਾਂ ਸੁਣੀਂਂਦੀਆਂ
ਇਕ ਪਤਲੀ ਇਕ ਭਾਰੀ

ਪਤਲੀ ਉੱਤੇ ਲਾਲ ਡੋਰੀਆ
ਭਾਰੀ ਸਿਰ ਫੁਲਕਾਰੀ
ਪਤਲੀ ਅੱਖ-ਮੱਟਕੇ ਲਾਉਂਦੀ
ਭਾਰੀ ਲਾਉਂਦੀ ਯਾਰੀ
ਆਪੇ ਲੈ ਜਾਣਗੇ-
ਲੱਗੂ ਜਿਨ੍ਹਾਂ ਨੂੰ ਪਿਆਰੀ

ਪਿੰਡਾਂ ਵਿਚੋਂ ਪਿੰਡ ਛਾਂਟਿਆ

ਪਿੰਡ ਛਾਂਟਿਆ ਖਾਰੀ
ਖਾਰੀ ਦੀਆਂ ਦੋ ਕੁੜੀਆਂ ਛਾਂਟੀਆਂ
ਇਕ ਪਤਲੀ ਇਕ ਭਾਰੀ
ਪਤਲੀ ਤੇ ਤਾਂ ਖੱਟਾ ਡੋਰੀਆ
ਭਾਰੀ ਤੇ ਫੁਲਕਾਰੀ
ਮੱਥਾ ਦੋਹਾਂ ਦਾ ਬਾਲੇ ਚੰਦ ਦਾ
ਅੱਖਾਂ ਦੀ ਜੋਤ ਨਿਆਰੀ
ਪਤਲੀ ਤਾਂ ਮੰਗ ਜਿਊਣ ਸਿੰਘ ਦੀ
ਭਾਰੀ ਅਜੇ ਕੁਆਰੀ
ਮੰਗ ਉਹਦੀ ਅੱਡ ਮੰਗਤੀ-
ਜੀਉਣਾ ਦੱਸੀਦਾ ਸੂਰਮਾ ਭਾਰੀ

ਘੁਲਾਲ

ਬੱਲੇ ਬੱਲੇ
ਬਈ ਦੁਨੀਆਂ ਧੰਦ ਪਿਟਦੀ
ਮੌਜਾਂ ਲੁਟਦੀ ਘੁਲਾਲ ਵਾਲ਼ੀ ਉੱਤਮੀ
ਬਈ ਦੁਨੀਆਂ ਧੰਦ ਪਿਟਦੀ

ਚੱਠੇ

ਚੱਠੇ ਚੱਠੇ ਚੱਠੇ
ਚੱਠੇ ਦੇ ਨੌਂ ਦਰਵਾਜ਼ੇ
ਨੌਂ ਦਰਵਾਜ਼ੇ ਪੱਕੇ
ਇਕ ਦਰਵਾਜ਼ੇ ਰਹਿੰਦੀ ਬਾਹਮਣੀ
ਲੱਪ ਲੱਪ ਸੁਰਮਾ ਘੱਤੇ

ਗੱਭਰੂਆਂ ਨੂੰ ਮਾਰੇ ਅੱਖਾਂ
ਬੁੜ੍ਹਿਆਂ ਨੂੰ ਦਿੰਦੀ ਧੱਕੇ
ਇਕ ਬੁੜ੍ਹੇ ਨੂੰ ਚੜ੍ਹੀ ਕਚੀਚੀ
ਲੈ ਬੜਿਆ ਕਲਕੱਤੇ
ਝੂਠ ਨਾ ਬੋਲੀਂ ਨੀ-
ਸੂਰਜ ਲਗਦਾ ਮੱਥੇ

ਛਾਪਾ

ਪਿੰਡਾ ਵਿਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਛਾਪਾ
ਛਾਪੇ ਦੀ ਇਕ ਨਾਰ ਸੁਣੀਂਦੀ
ਕੁੱਛੜ ਉਹਦੇ ਕਾਕਾ
ਗਲ਼ੀਆਂ ਦੇ ਵਿਚ ਰੋਂਦਾ ਫਿਰਦਾ
ਕਰਦਾ ਚਾਚਾ ਚਾਚਾ
ਜੋੜੀਆਂ ਬਨਾਉਣ ਵਾਲ਼ਿਆ-
ਤੇਰਾ ਹੋਊ ਸਵਰਗ ਵਿਚ ਵਾਸਾ

ਡੱਲਾ

ਡੱਲੇ ਦੀਆਂ ਦੋ ਕੁੜੀਆਂ ਸੁਣੀਂਂਦੀਆਂ
ਇਕ ਪਤਲੀ ਇਕ ਭਾਰੀ
ਭਾਰੀ ਨੇ ਤਾਂ ਵਿਆਹ ਕਰਵਾ ਲਿਆ
ਪਤਲੀ ਰਹਿਗੀ ਕੁਆਰੀ
ਨਿਮ ਨਾਲ਼ ਝੂਟਦੀਏ-
ਲਾ ਮਿੱਤਰਾਂ ਨਾਲ ਯਾਰੀ

ਦਵਾਲਾ

ਸੁਣ ਵੇ ਵੀਰਾ ਮੇਰਿਆ
ਦਵਾਲਾ ਥੋਨੂੰ ਪਿੰਡ ਦਸਦਾਂ
ਜਿਹੜਾ ਨਗਰ ਸੁਣੀਂਦਾ ਭਾਰੀ
ਸੋਹਣੇ ਓਥੇ ਬਾਗ ਬਗੀਚੇ
ਸੁੰਦਰ ਬੜੀ ਅਟਾਰੀ
ਰਾਮ ਸਿੰਘ ਜੋ ਗੁਰੂ ਹਮਾਰਾ

ਜੋ ਜਾਂਦੇ ਨੇ ਤਾਰੀ
ਚਰਨੀਂ ਉਹਨਾਂ ਦੇ-
ਮੈਂ ਝੁਕ ਜਾਂ ਲਖ ਵਾਰੀ

ਦੌਲਤਪੁਰਾ

ਦੌਲਤਪੁਰਾ ਨਿਹਾਲੇ ਵਾਲ਼ਾ
ਹੋਰ ਪਿੰਡ ਵੀ ਵੇਖੇ
ਤੇਰੀ ਵੇ ਸੰਧੂਰੀ ਪੱਗ ਦੇ
ਮੈਨੂੰ ਮੱਸਿਆ ’ਚ ਪੈਣ ਭੁਲੇਖੇ
ਨਿੱਕੀ ਨਿੱਕੀ ਕਣੀਂ ਦਾ ਮੀਂਹ ਵਰਸੇਂਦਾ
ਗੋਡੇ ਗੋਡੇ ਘਾਹ ਕੁੜੇ-
ਤੇਰਾ ਕਦ ਮੁਕਲਾਵਾ ਭਾਗ ਕੁਰੇ

ਧਰਮਕੋਟ

ਧਰਮ ਕੋਟ ਦੀ ਧਰਮੋ ਜੱਟੀ
ਬਾਹਮਣ ਅੰਬਰਸਰ ਦਾ
ਲੇਫ ਤਲਾਈ ਬਾਹਮਣ ਦੀ
ਪਲੰਘ ਜੱਟੀ ਦੇ ਘਰ ਦਾ
ਬਾਹਰੋਂ ਆਇਆ ਦਿਓਰ ਜੱਟੀ ਦਾ
ਸਲੰਘ ਗੰਡਾਸਾ ਫੜਦਾ
ਇਕ ਦੋ ਲੱਗੀਆਂ ਸਲੰਘਾਂ ਬਾਹਮਣ ਦੇ
ਨਠਕੇ ਪੌੜੀਏਂ ਚੜ੍ਹਦਾ
ਮਾਰੀਂ ਨਾ ਦਿਓਰਾ-
ਬਾਹਮਣ ਆਪਣੇ ਘਰ ਦਾ

ਨਾਨੋਵਾਲ-ਕਕਰਾਲਾ

ਜੇ ਜੱਟੀਏ ਮੇਰਾ ਪਿੰਡ ਨੀ ਜਾਣਦੀ
ਪਿੰਡ ਨਾਨੋਵਾਲ ਕਕਰਾਲਾ
ਜੇ ਜੱਟੀਏ ਮੇਰਾ ਘਰ ਨੀ ਜਾਣਦੀ
ਖੂਹ ਤੇ ਦਿਸੇ ਚੁਬਾਰਾ
ਜੇ ਜੱਟੀਏ ਮੇਰਾ ਖੂਹ ਨੀ ਜਾਣਦੀ
ਖੂਹ ਆ ਤੂਤੀਆਂ ਵਾਲ਼ਾ
ਜੇ ਜੱਟੀਏ ਮੇਰਾ ਨਾਉਂ ਨੀ ਜਾਣਦੀ

ਨਾਉਂ ਮੇਰਾ ਕਰਤਾਰਾ
ਦਾਰੂ ਪੀਂਦੇ ਦਾ-
ਸੁਣ ਜੱਟੀਏ ਲਲਕਾਰਾ

ਨਾਭਾ

ਨਾਭੇ ਕੰਨੀ ਤੋਂ ਆਗੀ ਬਦਲੀ
ਚਾਰ ਕੁ ਸਿੱਟਗੀ ਕਣੀਆਂ
ਕੁੜਤੀ ਭਿੱਜ ਕੇ ਲਗਗੀ ਕਾਲਜੇ
ਸੁਰਮਾਂ ਹੋ ਗਿਆ ਡਲ਼ੀਆਂ
ਰਾਤ ਕਟਾ ਮਿੱਤਰਾ-
ਅੱਜ ਜਿੰਦੜੀ ਨੂੰ ਬਣੀਆਂ

ਪਟਿਆਲਾ

ਪਟਿਆਲੇ ਦੇ ਵਿਚ ਦੋ ਮੁੰਡੇ ਸੁਣੀਂਦੇ
ਇਕ ਗੋਰਾ ਇਕ ਕਾਲ਼ਾ
ਕਾਲ਼ੇ ਦੀ ਮੈਂ ਸੁਆਵਾਂ ਸੁੱਥਣ
ਗੋਰੇ ਦਾ ਮੈਂ ਪਾਵਾਂ ਨਾਲ਼ਾ
ਕੋਠੇ ਚੜ੍ਹਦੀ ਨੂੰ-
ਦੇ ਮਿੱਤਰਾ ਚਮਕਾਰਾ

ਬੀਕਾਨੇਰ

ਬੀਕਾਨੇਰ ਤੋਂ ਲਿਆਂਦੀ ਬੋਤੀ
ਖਰਚੇ ਨਕਦ ਪਚਾਸੀ
ਜਗਰਾਵਾਂ ਦੀ ਝਾਂਜਰ ਲਿਆਂਦੀ
ਬਾਗੜ ਦੇਸ ਦੀ ਕਾਠੀ
ਉੱਤੇ ਚੜ੍ਹ ਜਾ ਬਿਨ ਮੁਕਲਾਈਏ
ਮੰਨ ਲੈ ਭੌਰ ਦੀ ਆਖੀ
ਆਸ਼ਕ ਲੋਕਾਂ ਦੀ-
ਕੌਣ ਕਰੂਗਾ ਰਾਖੀ

ਤਾਵੇ ਤਾਵੇ ਤਾਵੇ

ਗੱਡੀ ਅਸੀਂ ਉਹ ਚੜ੍ਹਨੀਂ

ਜਿਹੜੀ ਬੀਕਾਨੇਰ ਨੂੰ ਜਾਵੇ
ਬੀਕਾਨੇਰ ਕੀ ਵਿਕਦਾ
ਉਥੇ ਖੁਲ੍ਹੀਆਂ ਵਿਕਣ ਜ਼ਮੀਨਾਂ
ਤੂੰ ਮਨ ਮੋਹ ਲਿਆ ਵੇ-
ਕੈਂਠੇ ਦਿਆ ਸ਼ੁਕੀਨਾ

ਬੰਗਾ

ਪਿੰਡਾਂ ਵਿਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਬੰਗੇ
ਮੋੜ ਦੇ ਉਤੇ ਇਕ ਲਲਾਰੀ
ਕਪੜੇ ਰੰਗੇ ਚੰਗੇ
ਮੁਟਿਆਰਾਂ ਨਾਲ਼ ਗੱਲਾਂ ਕਰਦਾ
ਬੁੱਢੀਆਂ ਕੋਲ਼ੋਂ ਸੰਗੇ
ਚਲੋ ਨੀ ਰੰਗਾਈਏ ਚੁੰਨੀਆਂ
ਪੈਸੇ ਮੂਲ ਨਾ ਮੰਗੇ
ਛੜਿਆ ਦੋਜਕੀਆ-
ਨਾ ਲੈ ਐਮੇਂ ਪੰਗੇ

ਪਿੰਡਾਂ ਵਿਚੋਂ ਪਿੰਡ ਸੁਣੀਂਦਾ

ਪਿੰਡ ਸੁਣੀਂਦਾ ਬੰਗੇ
ਉਥੋਂ ਦਾ ਇਕ ਲਲਾਰੀ ਸੁਣੀਂਦਾ
ਚੁੰਨੀਆਂ ਸੋਹਣੀਆਂ ਰੰਗੇ
ਪੱਗਾਂ ਦਾ ਲੈਂਦਾ ਸਵਾ ਰੁਪਿਆ
ਚੁੰਨੀਆਂ ਦਾ ਕੁਝ ਨਾ ਮੰਗੇ
ਚੁੰਨੀਆਂ ਰੰਗਾ ਲਓ ਨੀ-
ਮੁਫਤੋ ਮੁਫਤੀ ਰੰਗੇ

ਭਦੌੜ

ਪਿੰਡ ਭਦੌੜ ਦੇ ਮੁੰਡੇ ਸੋਹਣੇ
ਜੇਬਾਂ ਰਖਦੇ ਭਰੀਆਂ
ਮੇਲੇ ਜਾ ਕੇ ਪਾਉਣ ਬੋਲੀਆਂ
ਡਾਂਗਾਂ ਰੱਖਦੇ ਖੜੀਆਂ

ਮਾੜੀ ਕੁੜੀ ਨਾ ਕਦੇ ਵਿਆਹੁੰਦੇ
ਵਿਆਹੁੰਦੇ ਹੂਰਾਂ ਪਰੀਆਂ
ਵੇਲਾਂ ਧਰਮ ਦੀਆਂ-
ਵਿਚ ਦਰਗਾਹ ਦੇ ਹਰੀਆਂ

ਮਲੀਆਂ

ਪਿੰਡਾਂ ਵਿਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਮਲੀਆਂ
ਮਲੀਆਂ ਦੇ ਦੋ ਬੈਲ ਸੁਣੀਂਦੇ
ਗਲ਼ ਪਿੱਤਲ ਦੀਆਂ ਟੱਲੀਆਂ
ਮੇਲੇ ਮੁਕਤਸਰ ਦੇ-
ਦੋ ਮੁਟਿਆਰਾਂ ਚੱਲੀਆਂ

ਮੁੱਲਾਂ ਪੁਰ

ਮੁੱਲਾਂ ਪੁਰ ਦੇ ਵਿਚ ਜੰਮੀ ਜਾਈ
ਨੰਦ ਸਿੰਘ ਦੀ ਧੀ ਸੁਣੀਂਦੀ
ਉਜਾਗਰ ਦੀ ਭਰਜਾਈ
ਪੱਟੀਆਂ ਚਮਕ ਦੀਆਂ-
ਮੋਮ ਫੇਰ ਕੇ ਆਈ

ਮੋਗਾ

ਪਿੰਡਾਂ ਵਿਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਮੋਗਾ
ਉਰਲ਼ੇ ਪਾਸੇ ਢਾਬ ਸੁਣੀਂਦੀ
ਪਰਲੇ ਪਾਸੇ ਟੋਭਾ
ਟੋਭੇ ਤੇ ਇਕ ਸਾਧੂ ਰਹਿੰਦਾ
ਬਹੁਤ ਉਸ ਦੀ ਸੋਭਾ
ਆਉਂਦੀ ਜਾਂਦੀ ਨੂੰ ਘੜਾ ਚੁਕਾਉਂਦਾ
ਮਗਰੋਂ ਮਾਰਦਾ ਗੋਡਾ
ਲੱਕ ਮੇਰਾ ਪਤਲਾ ਜਿਹਾ
ਭਾਰ ਸਹਿਣ ਨਾ ਜੋਗਾ

ਪਿੰਡਾਂ ਵਿਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਮੋਗਾ
ਉਰਲੇ ਪਾਸੇ ਢਾਬ ਸੁਣੀਂਦੀ
ਪਰਲੇ ਪਾਸੇ ਟੋਭਾ
ਟੋਭੇ ਤੇ ਇਕ ਸਾਧੂ ਰਹਿੰਦਾ
ਸਿਰੋਂ ਸੁਣੀਦਾ ਰੋਡਾ
ਆਉਂਦੀ ਦੁਨੀਆਂ ਮੱਥੇ ਟੇਕਦੀ
ਬੜੀ ਸੁਣੀਂਦੀ ਸੋਭਾ
ਸਾਧ ਦੇ ਡੇਰੇ ਜਾਂਦੀਏ ਰੰਨੇ
ਮੁੰਡਾ ਜੰਮੇਂਗੀ ਰੋਡਾ
ਲੱਕ ਤੇਰਾ ਪਤਲਾ ਜਿਹਾ-
ਭਾਰ ਸਹਿਣ ਨਾ ਜੋਗਾ

ਮੌੜੀ

ਪਿੰਡਾਂ ਵਿਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਮੌੜੀ
ਮੌੜੀ ਦੀ ਇਕ ਨਾਰ ਸੁਣੀਂਦੀ
ਦੰਦ ਜਾੜ੍ਹ ਤੋਂ ਬੋੜੀ
ਛੜਿਆਂ ਨੂੰ ਉਹ ਧੱਕੇ ਦਿੰਦੀ
ਗੱਭਰੂਆਂ ਨੂੰ ਲੋਰੀ
ਪਿੰਡ ਦੇ ਚੋਬਰ ਪੱਟੇ ਸਾਰੇ
ਮੇਲ਼ ਮੇਲ਼ ਕੇ ਜੋੜੀ
ਹੌਲ਼ੀ ਹੌਲ਼ੀ ਚੜ੍ਹ ਮਿਤੱਰਾ-
ਮੈਂ ਪਤਲੇ ਬਾਂਸ ਦੀ ਪੋਰੀ

ਰਣੀਆਂ

ਪਿੰਡਾਂ ਵਿਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਰਣੀਆਂ
ਉਰਲੇ ਪਾਸੇ ਬੱਦਲ ਘੋਰੇ
ਪਰਲੇ ਪਾਸੇ ਕਣੀਆਂ
ਕੁੜਤੀ ਭਿਜਕੇ ਹਿੱਕ ਨਾਲ਼ ਲਗ ਗੀ
ਸੁਰਮਾਂ ਹੋ ਗਿਆ ਡਲ਼ੀਆਂ

ਰਾਤ ਕਟਾ ਮਿੱਤਰਾ-
ਹੁਣ ਜਿੰਦੜੀ ਨੂੰ ਬਣੀਆਂ

ਪਿੰਡਾਂ ਵਿਚੋਂ ਪਿੰਡ ਸੁਣੀਂਦਾ

ਪਿੰਡ ਸੁਣੀਂਦਾ ਰਣੀਆਂ
ਅੱਧੀ ਰਾਤ ਨੂੰ ਨ੍ਹੇਰੀ ਆਉਂਦੀ
ਪਿਛਲੀ ਰਾਤ ਨਾਲ਼ ਕਣੀਆਂ
ਬਾਹਰ ਨਿਕਲ ਕੇ ਦੇਖਣ ਲੱਗੀਆਂ
ਦੋ ਮੁਟਿਆਰਾਂ ਖੜ੍ਹੀਆਂ
ਨਿੱਕੀ ਹੁੰਦੀ ਮਰ ਨਾ ਗਈ-
ਹੁਣ ਜਿੰਦੜੀ ਨੂੰ ਬਣੀਆਂ

ਰੁੜਕਾ-ਦਾਖਾ

ਰੁੜਕਾ ਦਾਖਾ ਕੋਲ਼ੋ ਕੋਲ਼ੀ
ਆਗੜ ਕੋਲ਼ੇ ਦੀਨਾ
ਅਗਨ ਬੋਟ ਤਾਂ ਜਲ ਤੇ ਤਰਦੀ
ਘੋੜਿਆਂ ਉੱਤੇ ਖਣਕੀਨਾ
ਛਾਤੀ ਨਾਲ਼ੋਂ ਮੁਖੜਾ ਪਿਆਰਾ
ਚੰਦ ਨਾਲ਼ੋਂ ਜੋਤ ਸਵਾਈ
ਦੰਦ ਕੌਡੀਆਂ ਬੁਲ੍ਹ ਪਤਾਸੇ
ਗੱਲ੍ਹਾਂ ਸ਼ਕੱਰ ਪਾਰੇ
ਚਾਂਦੀ ਦੀ ਮੈਂ ਸੇਜ ਬਛਾਵਾਂ
ਸੋਨੇ ਦਾ ਸਰਾਹਣਾ ਲਾਵਾਂ
ਉਹ ਘਰ ਅਗਲੀ ਦਾ
ਜਿੱਥੇ ਸੱਦੇ ਬਾਝ ਨਾ ਜਾਵਾਂ
ਭਾਈ ਜੀ ਦੇ ਫੁਲਕੇ ਨੂੰ-
ਖੰਡ ਦਾ ਪਲੇਥਣ ਲਾਵਾਂ

ਰੂੜਾ

ਪਿੰਡਾਂ ਵਿਚੋਂ ਪਿੰਡ ਛਾਂਟਿਆ
ਪਿੰਡ ਛਾਂਟਿਆ ਰੂੜਾ
ਰੂੜੇ ਦੀਆਂ ਦੌ ਕੁੜੀਆਂ ਸੁਣੀਂਦੀਆਂ

ਕਰਦੀਆਂ ਗੋਹਾ ਕੂੜਾ
ਆਉਂਦੇ ਜਾਂਦੇ ਨੂੰ ਦੁੱਧ ਪਲਾਉਂਦੀਆਂ
ਹੇਠ ਬਛਾਉਂਦੀਆਂ ਭੂਰਾ
ਸਾਡੇ ਹਾਣ ਦੀਏ-
ਕਰਦੇ ਮਤਲਬ ਪੂਰਾ

ਪਿੰਡਾਂ ਵਿਚੋਂ ਪਿੰਡ ਛਾਂਟਿਆ

ਪਿੰਡ ਛਾਂਟਿਆ ਰੂੜਾ
ਰੂੜੇ ਦੀਆਂ ਦੋ ਕੁੜੀਆਂ ਸੁਣੀਂਦੀਆਂ
ਕਰਦੀਆਂ ਆਦਰ ਪੂਰਾ
ਆਉਂਦੇ ਜਾਂਦੇ ਦੀ ਸੇਵਾ ਕਰਦੀਆਂ
ਦਿੰਦੀਆਂ ਲਾਲ ਪੰਘੂੜਾ
ਹਾਰੇ ਵਿਚੋਂ ਦੁੱਧ ਕੱਢ ਲਿਆਉਂਦੀਆਂ
ਕੋਠੀ ਵਿਚੋਂ ਬੂਰਾ
ਇਕ ਘੁੱਟ ਭਰ ਮਿੱਤਰਾ-
ਕਰਲੈ ਹੌਸਲਾ ਪੂਰਾ

ਪਿੰਡਾਂ ਵਿਚੋਂ ਪਿੰਡ ਸੁਣੀਂਦਾ

ਪਿੰਡ ਸੁਣੀਦਾ ਰੂੜਾ
ਰੂੜੇ ਦੀਆਂ ਦੋ ਨਾਰਾਂ ਸੁਣੀਂਦੀਆਂ
ਕਰਦੀਆਂ ਗੋਹਾ ਕੂੜਾ
ਆਏ ਗਏ ਨਾਲ਼ ਹੱਸ ਹੱਸ ਬੋਲਣ
ਡਾਹੁੰਦੀਆਂ ਪੀੜ੍ਹੀ ਮੂੜ੍ਹਾ
ਆਲ਼ੇ ਵਿਚੋਂ ਦੁੱਧ ਕੱਢ ਲਿਆਉਂਦੀਆਂ
ਕੋਠੀ ਵਿਚੋਂ ਬੂਰਾ
ਮੇਰੇ ਹਾਣ ਦੀਏ-
ਕਰਦੇ ਮਤਲਬ ਪੂਰਾ

ਲੌਂਗੋਵਾਲ

ਲੌਂਗੋਵਾਲ ਦੇ ਦੋ ਦਰਵਾਜ਼ੇ
ਇਕ ਦਰਵਾਜ਼ੇ ਬਾਹਮਣੀ ਕੱਤੇ
ਬਾਹਮਣੀ ਮਣ ਮਣ ਸੁਰਮਾ ਮੱਥੇ
ਮੁੰਡਿਆਂ ਨਾਲ਼ ਲਾਉਂਦੀ ਅੱਖ-ਮਟੱਕੇ

ਬੜ੍ਹਿਆਂ ਨੂੰ ਮਾਰਦੀ ਧੱਕੇ
ਇਕ ਬੁੜ੍ਹੇ ਨੂੰ ਚੜ੍ਹੀ ਕਚੀਚੀ
ਲੈ ਬੜਿਆ ਕਲਕੱਤੇ
ਹੁਣ ਦਸ ਬਾਹਮਣੀਏਂ-
ਜਦ ਤਾਂ ਦਿੰਦੀ ਸੀ ਧੱਕੇ

ਦੁਆਬਾ ਤੇ ਜੰਗਲ

ਦੁਆਬੇ ਦੀ ਮੈਂ ਜੰਮੀ ਜਾਈ
ਜੰਗਲ ਵਿਚ ਵਿਆਹੀ
ਦੇਸ-ਵਿਛੁੰਨੀ ਕੂੰਜ ਮੈਂ ਭੈਣੋੋਂ
ਜੰਗ ਨੂੰ ਗਿਆ ਮੇਰਾ ਮਾਹੀ
ਹਰਦਮ ਨੀਰ ਵਗੇ ਨੈਣਾਂ ਚੋਂ
ਆਉਣ ਦੀ ਚਿੱਠੀ ਨਾ ਪਾਈ
ਮੁੜ ਪੈ ਸਪਾਹੀਆ ਵੇ-
ਮੈਂ ਜਿੰਦੜੀ ਘੋਲ ਘੁਮਾਈ

ਜੰਗਲ ਤੇ ਪੁਆਧ

ਜੰਗਲ ਦੀ ਮੈਂ ਜੰਮੀ ਜਾਈ
ਚੰਦਰੇ ਪੁਆਧ ਵਿਆਹੀ
ਹੱਥ ਵਿਚ ਖੁਰਪਾ ਮੋਢੇ ਚਾਦਰ
ਮੱਕੀ ਗੁੱਡਣ ਲਾਈ
ਗੁੱਡਦੀ ਗੁੱਡਦੀ ਦੇ ਪੈਗੇ ਛਾਲੇ
ਆਥਣ ਨੂੰ ਘਰ ਆਈ
ਆਉਂਦੀ ਨੂੰ ਸੱਸ ਦੇਵੇ ਗਾਲ਼ਾਂ
ਘਾਹ ਦੀ ਪੰਡ ਨਾ ਲਿਆਈ
ਵੱਛੇ ਕੱਟੇ ਵਗ ਰਲ਼ਾਵਾਂ
ਮਹਿੰ ਨੂੰ ਲੈਣ ਕਸਾਈ
ਪੰਜੇ ਬੁੱਢੀਏ ਤੇਰੇ ਪੁੱਤ ਮਰ ਜਾਣ
ਛੇਵਾਂ ਮਰੇ ਜੁਆਈ
ਗਾਲ੍ਹ ਭਰਾਵਾਂ ਦੀ
ਕੀਹਨੇ ਕੱਢਣ ਸਖਾਈ