ਬੋਲੀਆਂ ਦਾ ਪਾਵਾਂ ਬੰਗਲਾ/ਵੇ ਮੁੰਡਿਆ ਕੰਠੇ ਵਾਲਿਆ
ਵੇ ਮੁੰਡਿਆ ਕੰਠੇ ਵਾਲਿਆ
ਸੁਣ ਵੇ ਮੁੰਡਿਆ ਕੰਠੇ ਵਾਲ਼ਿਆ
ਕੰਠਾ ਤੇਰਾ ਅੱਗ ਵਾਂਗੂੰ ਦਗਦਾ
ਨੱਤੀਆਂ ਤੇਰੀਆਂ ਛੱਡਣ ਚੰਗਿਆੜੇ
ਇਕ ਦਿਲ ਕਹਿੰਦਾ ਲਾ ਲੈ ਕੁਸ਼ਤੀ
ਦੂਜਾ ਡਰ ਮਾਪਿਆਂ ਦਾ ਮਾਰੇ
ਕੱਚੀਆਂ ਕੈਲਾਂ ਤੇ-
ਡਿਗ ਡਿਗ ਪੈਣ ਕੰਵਾਰੇ
ਕੰਠਾ ਦਵੇ ਚਮਕਾਰੇ
ਮੈਂ ਤਾਂ ਤੈਨੂੰ ਖੜੀ ਬੁਲਾਵਾਂ
ਤੂੰ ਲੰਘ ਗਿਆ ਚੁੱਪ ਕੀਤਾ
ਜੋੜੀ ਨਾ ਮਿਲਦੀ-
ਪਾਪ ਜਿਨ੍ਹਾਂ ਨੇ ਕੀਤਾ
ਕੰਠਾ ਰੋਗਨ ਕੀਤਾ
ਮੈਂ ਤੈਨੂੰ ਖੜੀ ਬੁਲਾਵਾਂ
ਤੂੰ ਬੜ ਗਿਆ ਬਾਗ ਦੇ ਬਾੜੇ
ਜੋੜੀ ਨਾ ਮਿਲਦੀ-
ਕਰਮ ਜਿਨ੍ਹਾਂ ਦੇ ਮਾੜੇ
ਗਾਉਣ ਸੁਣਾ ਦੇ
ਕੌਣ ਵੇਲੇ ਦੀਆਂ ਖੜੀਆਂ
ਖੜੀਆਂ ਦੇ ਸਾਡੇ ਰਹਿ ਗਏ ਗੋਡੇ
ਪੈਰਾਂ ਦੀਆਂ ਰਹਿ ਗਈਆਂ ਤਲ਼ੀਆਂ
ਟਿਕਟਾਂ ਦੇ ਬਾਬੂ-
ਦੋ ਮੁਟਿਆਰਾਂ ਖੜੀਆਂ
ਜੇ ਮੁੰਡਿਆ ਤੈਨੂੰ ਪਾਲ਼ਾ ਲਗਦਾ
ਡੱਬਾ ਖੇਸ ਵਛਾਵਾਂ
ਜੇ ਮੁੰਡਿਆ ਤੈਨੂੰ ਆਵੇ ਗਰਮੀ
ਚੰਬਾ ਬਾਗ ਲਗਾਵਾਂ
ਚੰਬੇ ਬਾਗ ਵਿਚ ਕੋਲਾਂ ਕੂਕਣ
ਕਰਦੀਆਂ ਜੀਰੀ ਜੀਰੀ
ਭੁਲਿਆ ਵੇ ਕੰਤਾ-
ਨਾਰਾਂ ਬਾਝ ਫਕੀਰੀ
ਬਹਿ ਵੇ ਸਰ੍ਹੋਂ ਦਾ ਰਾਖਾ
ਆਉਂਦੀ ਜਾਂਦੀ ਨੂੰ ਹੱਥ ਨਾ ਪਾਵੀਂ
ਲੋਕ ਬਣਾਉਂਦੇ ਡਾਕਾ
ਕੱਚੀਆਂ ਕੈਲਾਂ ਦਾ-
ਬਹਿ ਕੇ ਲੈ ਲੀਏ ਝਾਕਾ
ਤੁਰਦਾ ਨੀਵੀਂ ਪਾ ਕੇ
ਨੀ ਬੜਾ ਮੋੜਿਆ
ਨਹੀਂ ਜੇ ਮੁੜਦਾ
ਦੇਖ ਲਿਆ ਸਮਝਾ ਕੇ
ਸਈਓ ਨੀ ਮੈਨੂੰ ਰਖਣਾ ਪਿਆ-
ਮੁੰਡਾ ਹਿੱਕ ਦਾ ਤਵੀਤ ਬਣਾ ਕੇ
ਰੁਲ਼ ਗਈ ਨੀ
ਤੇਰੇ ਚਿੱਟਿਆਂ ਦੰਦਾਂ ਤੇ
ਡੁਲ੍ਹ ਗਈ ਨੀ
ਕਦੇ ਜਾਣ ਨ੍ਹੇਰੀਆਂ
ਸਿੰਘਾ ਵਿਚ ਦਰਵਾਜ਼ੇ
ਗੱਲਾਂ ਹੋਣ ਤੇਰੀਆਂ
ਕੋਈ ਇਕ ਪਿਆਲਾ
ਕੋਈ ਦੋ ਪਿਆਲਾ
ਤੀਜਾ ਪਿਆਲਾ ਦਾਰੂ ਦਾ
ਗਲ਼ੀਆਂ ਵਿਚ ਫਿਰਨਾ ਛਡਦੇ
ਕੋਈ ਲੂਣ ਘੋਟਣਾ ਮਾਰੂਗਾ
ਲੈ ਦੇ ਰੇਸ਼ਮੀ ਦੁਪੱਟਾ
ਨਾਲ਼ੇ ਸੂਟ ਸਮਾ ਦੇ ਨਸਵਾਰੀ ਵੇ
ਲੱਕ ਪਤਲਾ ਚਰ੍ਹੀ ਦੀ ਪੰਡ ਭਾਰੀ ਵੇ
ਲੈ ਦੂੰ ਰੇਸ਼ਮੀ ਦੁਪੱਟਾ
ਨਾਲ਼ੇ ਸੂਟ ਸਮਾਦੂੰ ਨਸਵਾਰੀ ਨੀ
ਗੋਰੇ ਰੰਗ ਨੇ ਜੱਟਾਂ ਦੀ ਮੱਤ ਮਾਰੀ ਨੀ
ਤੂੰ ਸਾਧਾਂ ਦੇ ਡੇਰੇ
ਹੋਰਨਾਂ ਮੁੰਡਿਆਂ ਦੇ ਨਾਭੀ ਸਾਫੇ
ਕੱਚਾ ਗੁਲਾਬੀ ਤੇਰੇ
ਚੱਕ ਕੇ ਤੌੜਾ ਤੁਰਪੀ ਢਾਬ ਨੂੰ
ਨਜ਼ਰ ਨਾ ਆਵੇਂ ਮੇਰੇ
ਚਾਂਦੀ ਬਣ ਮਿੱਤਰਾ-
ਬੰਦ ਕਰਵਾਵਾਂ ਤੇਰੇ
ਹੋ ਜੀਂ ਬਾਗ ਦਾ ਮਾਲੀ
ਬੂਟੇ ਬੂਟੇ ਪਾਣੀ ਦੇਈਂ
ਕੋਈ ਨਾ ਛੱਡੀਂ ਖਾਲੀ
ਰੂਪ ਕੁਮਾਰੀ ਦਾ-
ਦਿਨ ਚੜ੍ਹਦੇ ਦੀ ਲਾਲੀ
ਕਣਕ ਵੰਨਾ ਤੇਰਾ ਰੰਗ ਵੇ ਚੋਬਰਾ
ਨਜ਼ਰ ਫਜ਼ਰ ਤੋਂ ਡਰਦੀ
ਇਕ ਚਿੱਤ ਕਰਦਾ ਤਬੀਤ ਬਣਾ ਦਿਆਂ
ਇਕ ਚਿੱਤ ਕਰਦਾ ਧਾਗਾ
ਬਿਨ ਮੁਕਲਾਈਆਂ ਨੇ-
ਢਾਹ ਸੁੱਟਿਆ ਦਰਵਾਜ਼ਾ
ਲਾਈਆਂ ਸੋਨੇ ਦੀਆਂ ਮੇਖਾਂ
ਵੇ ਬੈਠ ਦਰਵਾਜ਼ੇ
ਮੈਂ ਘੁੰਡ ਵਿਚੋਂ ਦੇਖਾਂ
ਜਾਨੈ ਪਹਿਰ ਦੇ ਤੜਕੇ
ਜੇ ਮੈਂ ਤੈਨੂੰ ਲਗਦੀ ਪਿਆਰੀ
ਲੈ ਜਾ ਬਾਹੋਂ ਫੜਕੇ
ਭਾਈਆਂ ਮੇਰਿਆਂ ਨੂੰ ਖ਼ਬਰਾਂ ਹੋ ਗਈਆਂ
ਆਉਣ ਗੰਡਾਸੇ ਫੜ ਕੇ
ਭੀੜੀ ਗਲ਼ੀ ਵਿਚ ਹੋਣ ਟਾਕਰੇ
ਡਾਂਗਾਂ ਦੇ ਪੈਣ ਜੜਾਕੇ
ਰੂਪ ਗੁਆ ਲਿਆ ਨੀ-
ਉਤਲੇ ਚੁਬਾਰੇ ਚੜ੍ਹਾਕੇ
ਛੈਲ ਛਬੀਲਿਆ ਸ਼ੇਰਾ
ਤੇਰੇ ਬਾਝੋਂ ਘਰ ਵਿਚ ਮੈਨੂੰ
ਦਿਸਦਾ ਘੁੱਪ ਹਨੇਰਾ
ਹੋਰ ਹਾਲ਼ੀ ਤਾਂ ਘਰ ਨੂੰ ਆ ਗੇ
ਤੈਂ ਵਲ ਲਿਆ ਕਿਉਂ ਘੇਰਾ
ਤੈਨੂੰ ਧੁੱਪ ਲੱਗਦੀ-
ਮੱਚੇ ਕਾਲਜਾ ਮੇਰਾ