ਸਮੱਗਰੀ 'ਤੇ ਜਾਓ

ਬੋਲੀਆਂ ਦਾ ਪਾਵਾਂ ਬੰਗਲਾ/ਮੁੱਢਲੇ ਸ਼ਬਦ

ਵਿਕੀਸਰੋਤ ਤੋਂ
52520ਬੋਲੀਆਂ ਦਾ ਪਾਵਾਂ ਬੰਗਲਾ2009ਸੁਖਦੇਵ ਮਾਦਪੁਰੀ

________________

ਮੁੱਢਲੇ ਸ਼ਬਦ ਲੋਕ ਗੀਤ ਕਿਸੇ ਵਿਸ਼ੇਸ਼ ਖਿੱਤੇ ਵਿਚ ਵਸਦੇ ਲੋਕਾਂ ਦੇ ਹਾਵਾਂ-ਭਾਵਾਂ, ਉਦਗਾਰਾਂ, ਆਸ਼ਾਵਾਂ, ਗ਼ਮੀਆਂ ਅਤੇ ਖ਼ੁਸ਼ੀਆਂ ਦਾ ਪ੍ਰਗਟਾਵਾ ਹੀ ਨਹੀਂ ਕਰਦੇ ਬਲਕਿ ਉਹਨਾਂ ਦੇ ਸਮਾਜਿਕ ਅਤੇ ਸਭਿਆਚਾਰਕ ਜੀਵਨ ਦੀ ਆਕਾਸ਼ੀ ਵੀ ਕਰਦੇ ਹਨ । ਇਹਨਾਂ ਵਿਚ ਕਿਸੇ ਜਨ ਸਮੂਹ ਅਥਵਾ ਜਾਤੀ ਦੇ ਪਰੰਪਰਾਗਤ, ਸਾਂਸਕ੍ਰਿਤਕ ਅਤੇ ਸਭਿਆਚਾਰਕ ਤੱਤ ਸਮੋਏ ਹੁੰਦੇ ਹਨ। ਪੰਜਾਬ ਦੇ ਲੋਕ ਗੀਤ ਪੰਜਾਬੀ ਲੋਕ ਜੀਵਨ ਦਾ ਦਰਪਨ ਹਨ ਜਿਨ੍ਹਾਂ ਵਿਚ ਪਜਾਬ ਦੀ ਨੱਚਦੀ-ਗਾਉਂਦੀ ਸੰਸਕ੍ਰਿਤੀ ਸਾਫ ਦਿਸ ਆਉਂਦੀ ਹੈ । ਗਿੱਧੇ ਦੀਆਂ ਬੋਲੀਆਂ, ਲੋਕ ਦੋਹੇ, ਮਾਹੀਆ, ਢੋਲੇ, ਲੰਬੇ ਗੌਣ, ਲੋਰੀਆਂ, ਹਰੇ, ਸਿੱਠਣੀਆਂ, ਸੁਹਾਗ, ਘੋੜੀਆਂ, ਵਧਾਵੇ ਅਤੇ ਅਲਾਹੁਣੀਆਂ ਪੰਜਾਬੀ ਲੋਕ ਗੀਤਾਂ ਦੇ ਵੱਖਰੇ ਵੱਖਰੇ ਗੀਤ-ਰੂਪ ਹਨ । ਗਿੱਧੇ ਦਾ ਨਾਂ ਸੁਣਦਿਆਂ ਹੀ ਪੰਜਾਬੀ ਗੁਲਾਬ ਦੇ ਫੁੱਲ ਵਾਂਗ ਖਿੜ ਜਾਂਦੇ ਹਨ ਤੇ ਸਰੀਰ ਵਿਚ ਮਸਤੀ ਦੀ ਲਹਿਰ ਦੌੜ ਜਾਂਦੀ ਹੈ । ਸ਼ਾਇਦ ਹੀ ਕੋਈ ਅਜਿਹਾ ਪੰਜਾਬੀ ਹੋਵੇਗਾ ਜਿਸ ਨੇ ਗਿੱਧੇ ਦਾ ਰੰਗ ਨਾ ਮਾਣਿਆਂ ਹੋਵੇ । ਗਿੱਧਾ ਪੰਜਾਬੀਆਂ ਵਿਸ਼ੇਸ਼ ਕਰਕੇ ਪੰਜਾਬੀ ਮੁਟਿਆਰਾਂ ਦਾ ਹਰਮਨ ਪਿਆਰਾ ਲੋਕ ਨਾਚ ਹੈ ਜੋ ਕਿਸੇ ਵੀ ਖ਼ੁਸ਼ੀ ਦੇ ਅਵਸਰ ਤੇ ਨੱਚਿਆ (ਪਾਇਆ) ਜਾ ਸਕਦਾ ਹੈ। ਲੋਹੜੀ, ਮੰਗਣੀ ਅਤੇ ਵਿਆਹ ਸ਼ਾਦੀ ਦੇ ਸਮਾਗਮਾਂ ਤੇ ਗਿੱਧਾ ਵਿਸ਼ੇਸ਼ ਤੌਰ ਤੇ ਪਾਇਆ ਜਾਂਦਾ ਹੈ । ਸਾਉਣ ਦੇ ਮਹੀਨੇ ਵਿਚ ਪੰਜਾਬ ਦੀਆਂ ਮੁਟਿਆਰਾਂ ਇਸ ਨੂੰ ਇਕ ਤਿਉਹਾਰ ਦੇ ਰੂਪ ਵਿਚ ਮਨਾਉਂਦੀਆਂ ਹਨ ਜਿਸ ਨੂੰ ਤੀਆਂ ਦਾ ਤਿਉਹਾਰ ਆਖਦੇ ਹਨ । ਗਿੱਧਾ ਪਾਉਣ ਸਮੇਂ ਕੇਵਲ ਨੱਚਿਆ ਹੀ ਨਹੀਂ ਜਾਂਦਾ ਬਲਕਿ ਮਨ ਦੇ ਹਾਵ ਭਾਵ ਪ੍ਰਗਟਾਉਣ ਵਾਲੀਆਂ ਬੋਲੀਆਂ ਵੀ ਨਾਲੋ ਨਾਲ ਪਾਈਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਗਿੱਧੇ ਦੀਆਂ ਬੋਲੀਆਂ ਆਖਿਆ ਜਾਂਦਾ ਹੈ । ਗਿੱਧਾ ਪੰਜਾਬਣਾਂ ਦਾ ਇਕ ਅਜਿਹਾ ਪਿੜ ਹੈ ਜਿਥੇ ਉਹ ਨਸੰਗ ਹੋ ਕੇ ਆਪਣੇ ਦਿਲਾਂ ਦੇ ਅਰਮਾਨ ਪਰੇ ਕਰਦੀਆਂ ਹਨ । ਬਿਨਾਂ ਕਿਸੇ ਡਰ ਅਤੇ ਝਿਜਕ ਤੋਂ ਨੱਚਦੀਆਂ ਹੋਈਆਂ ਮੁਟਿਆਰਾਂ ਆਪਣੀਆਂ ਅਤੇ ਕਾਮਨਾਵਾਂ ਦਾ ਪ੍ਰਗਟਾਵਾ ਗਿੱਧੇ ਦੀਆਂ ਬੋਲੀਆਂ ਪਾ ਕੇ ਕਰਦੀਆਂ ਹਨ । ਗਿੱਧਾ ਕੇਵਲ ਮੁਟਿਆਰਾਂ ਹੀ ਨਹੀਂ ਪਾਉਂਦੀਆਂ ਬਲਕਿ ਮਰਦ ਵੀ ਪਾਉਂਦੇ ਹਨ ਪਰੰਤੂ ਇਸ ਗਿੱਧੇ ਦਾ ਰੰਗ ਮੁਟਿਆਰਾਂ ਦੇ ਗਿੱਧੇ ਵਰਗਾ ਨਹੀਂ ਹੁੰਦਾ। ਕਾਟੋਆਂ, ਖੜਤਾਲਾਂ, ਛੈਣਿਆਂ ਅਤੇ ਬੁਦਕੂਆਂ ਆਦਿ ਲੋਕ ਸਾਜ਼ਾਂ ਦੇ ਤਾਲ ਵਿਚ ਬੋਲੀਆਂ ਪਾਉਂਦੇ ਗੱਭਰੂਆਂ ਦੀਆਂ ਟੋਲੀਆਂ ਬਿਦ ਬਿਦ ਕੇ ਬੋਲੀਆਂ ਪਾਉਂਦੀਆਂ ਹਨ । 9 -- ਬੋਲੀਆਂ ਦਾ ਪਾਵਾਂ ਬੰਗਲਾ ________________

ਗਿੱਧੇ ਦੀਆਂ ਬੋਲੀਆਂ ਪੰਜਾਬੀ ਲੋਕ-ਕਾਵਿ ਦਾ ਪ੍ਰਮੁੱਖ ਅੰਗ ਹਨ ਜੋ ਹਜ਼ਾਰਾਂ ਦੀ ਗਿਣਤੀ ਵਿਚ ਉਪਲਬਧ ਹਨ । ਇਹ ਦੋ ਪ੍ਰਕਾਰ ਦੀਆਂ ਹਨ ਲੰਬੀਆਂ ਤੇ ਇਕ ਲੜੀਆਂ। $ਇਕ ਲੜੀਆਂ ਬੋਲੀਆਂ ਨੂੰ ਮਲਵਈ ਟੱਪੇ ਵੀ ਆਖਦੇ ਹਨ । ਡਾ. ਆਤਮ ਹਮਰਾਹੀ ਅਨੁਸਾਰ ਸੰਸਾਰ ਕਾਵਿ ਵਿਚ ਛੋਟੀ ਅਨੂਪਮ ਤੇ ਸੰਪੂਰਨ ਕਵਿਤਾ ਦੇ ਪੰਜ ਰੂਪ ਹਨ -ਗਜ਼ਲ ਦਾ ਸ਼ਿਅਰ, ਅੰਗਰੇਜੀ ਦਾ ‘ਕਪਲਟ’, ਪਿੰਗਲ ਦਾ ਦੋਹਰਾ-ਸੋਰਠਾ, ਮਾਲਵੇ ਦੇ ਟੱਪੇ ਅਤੇ ਜਾਪਾਨੀ ‘ਹਾਇਕੂ ਕਵਿਤਾ।ਇਹ ਮਲਵਈ ਟੱਪੇ ਆਪਣੀ ਕਾਵਿ ਸਮੱਗਰੀ ਦੀ ਅਨੂਪਮਤਾ ਕਾਰਨ ਸੰਸਾਰ ਭਰ ਦੀ ਉਤਮ ਪੰਜਾਬੀ ਕਾਵਿ-ਪ੍ਰਾਪਤੀ ਹਨ । ਅਲੰਕਾਰਾਂ, ਉਪਮਾਵਾਂ ਅਤੇ ਨਾਜੁਕ ਖਿਆਲੀ ਨਾਲ ਗਲੇਫੀਆ ਗਿੱਧੇ ਦੀਆਂ ਇਹ ਬੋਲੀਆਂ ਪੰਜਾਬੀ ਲੋਕ-ਕਾਵਿ ਦਾ ਸਰਬੋਤਮ ਰੂਪ ਹਨ ਜਿਸ ਸਦਕਾ ਇਹਨਾਂ ਦਾ ਪੰਜਾਬੀ ਲੋਕ ਸਾਹਿਤ ਵਿਚ ਵਿਸ਼ੇਸ਼ ਤੇ ਮਹੱਤਵਪੂਰਨ ਸਥਾਨ ਹੈ। ਲੋਕ ਸਾਹਿਤ ਦੇ ਹੋਰਨਾਂ ਰੂਪਾਂ ਵਾਂਗ ਬੋਲੀਆਂ ਕਿਸੇ ਇਕ ਵਿਅਕਤੀ ਵਿਸ਼ੇਸ਼ ਦੀ ਰਚਨਾ ਨਹੀਂ ਹੁੰਦੀਆ ਬਲਕਿ ਸਮੂਹਕ ਰੂਪ ਵਿਚ ਪਾਈ ਸਾਂਝੀ ਮਿਹਨਤ ਦਾ ਸਿੱਟਾ ਹਨ ਜਿਸ ਕਰਕੇ ਇਹ ਐਨੀ ਸਰਲਤਾ ਭਰਪੂਰ ਰਚਨਾ ਬਣ ਗਈਆਂ ਹਨ ਤੇ ਸਦੀਆਂ ਦਾ ਪੈਂਡਾ ਤੈਅ ਕਰਕੇ ਮੂੰਹੋਂ ਮੁਹੀਂ ਸਾਡੇ ਤੀਕ ਪੁੱਜੀਆਂ ਹਨ । ਇਹਨਾਂ ਦੇ ਰਚਨਹਾਰਿਆਂ ਦੇ ਨਾਵਾਂ ਥਾਵਾਂ ਦਾ ਵੀ ਕੋਈ ਥਹੁ-ਟਿਕਾਣਾ ਨਹੀਂ। ਗਿੱਧੇ ਦੀਆਂ ਬੋਲੀਆਂ ਨੂੰ ਜੇਕਰ ਪੰਜਾਬੀਆਂ ਦੀ ਆਤਮਾ ਦਾ 'ਲੋਕ ਵੇਦ' ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਪੰਜਾਬ ਦੀ ਸਮਾਜਿਕ, ਰਾਜਨੀਤਕ, ਆਰਥਿਕ ਅਤੇ ਸਾਂਸਕ੍ਰਿਤਕ ਜਿੰਦਗੀ ਦਾ ਇਤਿਹਾਸ ਇਹਨਾਂ ਵਿਚ ਵਿਦਮਾਨ ਹੈ । ਸ਼ਾਇਦ ਹੀ ਜਿੰਦਗੀ ਦਾ ਕੋਈ ਅਜਿਹਾ ਪੱਖ ਜਾਂ ਵਿਸ਼ਾ ਹੋਵੇ ਜਿਸ ਬਾਰੇ ਗਿੱਧੇ ਦੀਆਂ ਬੋਲੀਆਂ ਦੀ ਰਚਨਾ ਨਾ ਕੀਤੀ ਗਈ ਹੋਵੇ। ਇਕ ਲੜੀਆਂ ਬੋਲੀਆਂ ਅਥਵਾ ਟਾਪੇ ਤਾਂ ਅਖਾਣਾਂ ਵਾਂਗ ਆਮ ਲੋਕਾਂ ਦੇ ਮੂੰਹ ਚੜ੍ਹੇ ਹੋਏ ਹਨ ਜਿਨ੍ਹਾਂ ਨੂੰ ਉਹ ਪਰਮਾਣ ਵਜੋਂ ਆਪਣੇ ਨਿਤ-ਵਿਹਾਰ ਤੇ ਬੋਲ ਚਾਲ ਵਿਚ ਵਰਤਦੇ ਹਨ । ਇਹ ਜੀਵਨ ਦੇ ਜੀਵਨ ਮੁੱਲਾਂ, ਸਰੋਕਾਰਾਂ, ਵਿਗੋਚਿਆਂ, ਸਾਕਾਦਾਰੀ ਸੰਬੰਧਾਂ ਅਤੇ ਮਾਨਵੀ ਰਿਸ਼ਤਿਆਂ ਦੇ ਪ੍ਰਮਾਣਿਕ ਵਾਹਨ ਹਨ। ਇਹਨਾਂ ਵਿਚ . ਜਨ-ਜੀਵਨ ਦੀ ਆਤਮਾ ਧੜਕਦੀ ਹੈ । ਇਹ ਸਦੀਆਂ ਪੁਰਾਣੇ ਪੰਜਾਬ ਦੇ ਸਾਂਸਕ੍ਰਿਤਕ ਅਤੇ ਸਮਾਜਿਕ ਇਤਿਹਾਸ ਨੂੰ ਆਪਣੀ ਬੁੱਕਲ ਵਿਚ ਲਕੋਈ ਬੈਠੀਆਂ ਹਨ ਜਿਨ੍ਹਾਂ ਦਾ ਅਧਿਐਨ ਕਰਕੇ ਤੁਸੀਂ ਪੰਜਾਬ ਦੇ ਸਭਿਆਚਾਰਕ ਵਿਰਸੇ ਤੋਂ ਜਾਣੂ ਹੋ ਸਕਦੇ ਹੋ। ਸੋ ਗਿੱਧੇ ਦੀਆਂ ਇਨ੍ਹਾਂ ਬੋਲੀਆਂ ਦਾ ਕੇਵਲ ਸਾਹਿਤਕ ਮਹੱਤਵ ਹੀ ਨਹੀਂ ਬਲਕਿ ਇਹਨਾਂ ਨੂੰ ਸਮਾਜਿਕ, ਸਭਿਆਚਾਰਕ ਅਤੇ ਲੋਕਧਾਰਾਈ ਦ੍ਰਿਸ਼ਟੀ ਤੋਂ ਵਾਚਣ ਅਤੇ ਅਧਿਐਨ ਕਰਨ ਦੀ ਲੋੜ ਹੈ। ਇਹ ਸਾਡੀ ਮੁਲਵਾਨ ਪੰਜਾਬੀ ਵਿਰਾਸਤ ਦੇ ਅਣਵਿਧ ਮੋਤੀ ਹਨ । ਇਸ ਸੰਗ੍ਰਹਿ ਵਿਚ ਨਰੋਲ ਗਿੱਧੇ ਦੀਆਂ ਦੋ ਹਜ਼ਾਰ ਦੇ ਲਗਭਗ ਬੋਲੀਆਂ ਨੂੰ ਸ਼ਾਮਲ ਕੀਤਾ ਗਿਆ ਹੈ । ਪਾਠਕਾਂ ਅਤੇ ਲੋਕਧਾਰਾ ਦੇ ਖੋਜਾਰਥੀਆਂ ਦੀ ਸੌਖ ਨੂੰ ਮੁਖ ਰਖਦਿਆਂ

  • “ਖੰਡ ਮਿਸ਼ਰੀ ਦੀਆਂ ਡਲੀਆਂ, ਪੰਨਾ: 15

10 - ਬੋਲੀਆਂ ਦਾ ਪਾਵਾਂ ਬੰਗਲਾ ਪੁਸਤਕ ਨੂੰ ਚਾਰ ਭਾਗਾਂ ਵਿਚ ਵੰਡਿਆ ਗਿਆ ਹੈ ਅਤੇ ਬੋਲੀਆਂ ਨੂੰ ਤਰਤੀਬ ਵਿਸ਼ੇ ਅਨੁਸਾਰ ਦਿੱਤੀ ਗਈ ਹੈ। ਪੰਜਾਬ ਦੇ ਸਮਾਜਿਕ ਅਤੇ ਆਰਥਕ ਸਰੋਕਾਰ ਆਏ ਦਿਨ ਤਬਦੀਲ ਹੋ ਰਹੇ ਹਨ । ਸਮਾਜਿਕ ਰਹੁ-ਰੀਤਾਂ ਵਿਚ ਆਏ ਬਦਲਾਵਾਂ ਕਾਰਨ ਗਿੱਧਾ ਪਾਉਣ ਦੀ ਪਰਿਕ ਪਰੰਪਰਾ ਸਮਾਪਤ ਹੋ ਰਹੀ ਹੈ। ਵਿਆਹ ਸ਼ਾਦੀਆਂ ਵਿਚ ਉਹ ਰੌਣਕਾਂ ਨਹੀਂ ਰਹੀਆਂ । ਨਾ ਕਿਧਰੇ ਨਾਨਕਾ ਮੇਲ ਗਿੱਧਾ ਪਾਉਂਦਾ ਹੈ ਨਾ ਫੜੁਹਾ। ਮੈਰਿਜ ਪੈਲੇਸਾਂ ਵਿਚ ਇੱਕੋ ਦਿਨ ਵਿਚ ਹੁੰਦੇ ਸ਼ੋਰ ਸ਼ਰਾਬੇ ਦੇ ਸੰਗੀਤ ਦੀਆਂ ਕੰਨ ਪਾੜਵੀਆਂ ਸੁਰਾਂ ਵਾਲੇ ਵਿਆਹ ਸਮਾਗਮਾਂ ਨੇ ਤਾਂ ਗਿੱਧੇ ਦੀ ਆਤਮਾ ਨੂੰ ਲੀਰੋ ਲੀਰ ਕਰਕੇ ਰੱਖ ਦਿੱਤਾ ਹੈ। ਲੋਕ ਮਾਨਸ ਦੇ ਚੇਤਿਆਂ ਚੋਂ ਇਹਨਾਂ ਬੋਲੀਆਂ ਦੇ ਮਾਣਕ ਮੋਤੀ ਕਿਰ ਰਹੇ ਹਨ । ‘‘ਬੋਲੀਆਂ ਦਾ ਪਾਵਾਂ ਬੰਗਲਾ’’ ਸੰਗ੍ਰਹਿ ਵਿਚ ਗਿੱਧੇ ਦੀਆਂ ਬੋਲੀਆਂ ਦੇ ਵਿਖਰੇ ਮੋਤੀਆਂ ਨੂੰ ਸਾਂਭਣ ਦਾ ਯਤਨ ਕੀਤਾ ਗਿਆ ਹੈ ਤਾਂ ਜੋ ਲੋਕ ਧਾਰਾ ਦੇ ਵਿਦਵਾਨ ਅਤੇ ਖੋਜਾਰਥੀ ਇਹਨਾਂ ਦਾ ਭਾਸ਼ਾ, ਸਾਹਿਤ, ਸਮਾਜ ਵਿਗਿਆਨ, ਮਾਨਵ ਵਿਗਿਆਨ ਅਤੇ ਸਭਿਆਚਾਰ ਵਿਗਿਆਨ ਦੀ ਦ੍ਰਿਸ਼ਟੀ ਤੋਂ ਅਧਿਐਨ ਕਰ ਸਕਣ ਅਤੇ ਆਮ ਪਾਠਕਾਂ ਨੂੰ ਆਪਣੀ ਮੁਲਵਾਨ ਵਿਰਾਸਤ ਦੇ ਮਾਖਿਓਂ ਨੂੰ ਚੱਖਣ ਦਾ ਅਵਸਰ ਪ੍ਰਾਪਤ ਹੋ ਸਕੇ । | ਪਾਓ ਬੋਲੀਆਂ ਕਰੋ ਚਿੱਤ ਰਾਜ਼ੀ ਮੰਚਦਿਆਂ ਨੂੰ ਮਚਣ ਦਿਓ ਜੂਨ 12, 2008 ਸੁਖਦੇਵ ਮਾਦਪੁਰੀ ਸਮਾਧੀ ਰੋਡ, ਖੰਨਾ ਜ਼ਿਲਾ ਲੁਧਿਆਣਾ-141401

11 - ਬੋਲੀਆਂ ਦਾ ਪਾਵਾਂ ਬੰਗਲਾ

ਬੋਲੀਆਂ ਦੇ ਮੈਂ ਖੂਹ ਭਰਦਾਂ
ਜਿੱਥੇ ਪਾਣੀ ਭਰਨ ਮੁਟਿਆਰਾਂ
ਬੋਲੀਆਂ ਦੀ ਮੈਂ ਸੜਕ ਭਰਾਂ
ਜਿੱਥੇ ਚਲਦੇ ਲੋਕ ਹਜ਼ਾਰਾਂ
ਮਨ ਆਈ ਤੂੰ ਕਰਲੀਂ ਮੇਰੇ ਨਾਲ
ਜੇ ਮੈਂ ਬੋਲਣੋਂ ਹਾਰਾਂ
ਗਿੱਧੇ ਵਿੱਚ ਨੱਚ ਕੁੜੀਏ
ਤੇਰੇ ਸਿਰ ਤੋਂ ਬੋਲੀਆਂ ਵਾਰਾਂ