ਸਮੱਗਰੀ 'ਤੇ ਜਾਓ

ਮਹਿਕ ਪੰਜਾਬ ਦੀ/ਲੋਕ ਕਹਾਣੀਆਂ

ਵਿਕੀਸਰੋਤ ਤੋਂ

ਲੋਕ ਕਹਾਣੀਆਂ

ਲੋਕ ਕਹਾਣੀਆਂ ਪੰਜਾਬੀ ਲੋਕ ਸਾਹਿਤ ਦਾ ਵੱਡਮੁੱਲਾ ਸਰਮਾਇਆ ਹਨ। ਇਹ ਕਹਾਣੀਆਂ ਪੰਜਾਬੀ ਲੋਕ ਜੀਵਨ ਦਾ ਅਨਿਖੱੜਵਾਂ ਅੰਗ ਹਨ। ਪੁਰਾਤਨ ਕਾਲ ਤੋਂ ਹੀ ਇਹ ਮਨੋਰੰਜਨ ਦੇ ਮੁੱਖ ਸਾਧਨ ਰਹੀਆਂ ਹਨ। ਗਰਮੀ ਦੀ ਰੁੱਤੇ ਬਰੋਟਿਆਂ ਦੀ ਸੰਘਣੀ ਛਾਂ ਥੱਲੇ ਦੁਪਹਿਰਾਂ ਨੂੰ ਅਤੇ ਰਾਤ ਸਮੇਂ ਘਰਾਂ ਦੀਆਂ ਛੱਤਾਂ ਉੱਤੇ, ਸਰਦੀਆਂ ਵਿੱਚ ਆਪਣੇ ਆਪਣੇ ਮੰਜਿਆਂ ਉੱਤੇ ਰਜਾਈਆਂ ਦੀਆਂ ਬੁੱਕਲਾਂ ਮਾਰ, ਸਰੋਤੇ ਕਿਸੇ ਵਡਾਰੂ ਪਾਸੋਂ ਕੋਈ ਨਾ ਕੋਈ ਕਹਾਣੀ ਸੁਨਣ ਲਈ ਜੁੜ ਬੈਠਦੇ ਸਨ।ਇਹ ਕਹਾਣੀਆਂ ਬਜ਼ੁਰਗਾਂ ਰਾਹੀਂ ਪੀੜ੍ਹੀਓਂ ਪੀੜ੍ਹੀ ਅੱਗੇ ਟੁਰਦੀਆਂ ਜਾਂਦੀਆਂ ਸਨ। ਇਹਨਾਂ ਨੂੰ ਸੁਨਣ ਵਾਲੀਆਂ ਬਾਤਾਂ ਆਖਦੇ ਹਨ। ਬਾਤਾਂ ਪਾਉਣ ਦੀ ਇਹ ਪਰੰਪਰਾ ਹੁਣ ਸਮਾਪਤ ਹੋ ਰਹੀ ਹੈ।

ਲੋਕ ਕਹਾਣੀਆਂ ਕੇਵਲ ਸਾਡੇ ਮਨੋਰੰਜਨ ਦਾ ਸਾਧਨ ਹੀ ਨਹੀਂ, ਸਗੋਂ ਇਹ ਜੀਵਨ ਦੀ ਅਗਵਾਈ ਵੀ ਕਰਦੀਆਂ ਹਨ। ਹਰ ਲੋਕ ਕਹਾਣੀ ਵਿੱਚ ਕੋਈ ਨਾ ਕੋਈ ਸਿੱਖਿਆ ਦਿੱਤੀ ਜਾਂਦੀ ਹੈ।

ਖੇਤੀ ਬਾੜੀ ਦੇ ਧੰਦੇ ਨਾਲ ਸੰਬੰਧਿਤ ਅਤੇ ਜੱਟਾਂ ਦੇ ਸੁਭਾਅ ਤੇ ਕਿਰਦਾਰ ਨੂੰ ਪ੍ਰਗਟਾਉਣ ਵਾਲੀਆਂ ਕੁਝ ਕਹਾਣੀਆਂ ਅਗਲੇ ਪੰਨਿਆਂ ਤੇ ਪਾਠਕਾਂ ਦੀ ਦਿਲਚਸਪੀ ਲਈ ਪੇਸ਼ ਹਨ।

ਖਚਰਾ ਜੱਟ ਸੰਗੀਤਕਾਰ ਬਣਿਆਂ

ਪੁਰਾਣੇ ਸਮੇਂ ਦੀ ਗੱਲ ਹੈ ਇੱਕ ਰਾਜੇ ਨੂੰ ਸੰਗੀਤ ਦਾ ਬਹੁਤ ਸ਼ੌਕ ਸੀ। ਉਹ ਸੰਗੀਤਕਾਰਾਂ ਨੂੰ ਦਿਲ ਖੋਹਲ ਕੇ ਇਨਾਮ ਦਿਆ ਕਰਦਾ ਸੀ। ਇੱਕ ਸਿਆਣੇ ਵਜ਼ੀਰ ਨੇ ਰਾਜੇ ਨੂੰ ਸਲਾਹ ਦਿੱਤੀ ਬਈ ਇੱਕ ਦਿਨ ਰਾਜ ਦੇ ਸਾਰੇ ਸੰਗੀਤਕਾਰਾਂ ਨੂੰ ਰਾਜ ਦਰਬਾਰ ਵਿੱਚ ਸੱਦ ਕੇ ਸੰਗੀਤ ਦਰਬਾਰ ਕੀਤਾ ਜਾਵੇ ਅਤੇ ਸੱਭ ਤੋਂ ਵਧੀਆ ਸੰਗੀਤਕਾਰ ਨੂੰ ਮਾਣ ਦੇਈਏ। ਰਾਜੇ ਨੇ ਇਹ ਸਲਾਹ ਪਰਵਾਨ ਕਰ ਲਈ।

ਸੰਗੀਤ ਮੁਕਾਬਲੇ ਲਈ ਦਿਨ ਮਿਥਿਆ ਗਿਆ। ਸਾਰੇ ਰਾਜ ਵਿੱਚ ਢੰਡੋਰਾ ਪਿੱਟਿਆ ਗਿਆ। ਇੱਕ ਜੱਟ ਨੇ ਵੀ ਸੰਗੀਤ ਮੁਕਾਬਲੇ ਬਾਰੇ ਸੁਣਿਆਂ। ਉਸ ਨੇ ਵੀ ਇਸ ਮੁਕਾਬਲੇ ਵਿੱਚ ਸ਼ਾਮਲ ਹੋਣ ਦਾ ਮਨ ਬਣਾ ਲਿਆ।

ਮਿੱਥੇ ਸਮੇਂ ਤੇ ਰਾਜ ਭਰ ਤੋਂ ਸੰਗੀਤਕਾਰ ਆਪਣੇ-ਆਪਣੇ ਸਾਜ਼ ਲਈ ਰਾਜ ਦਰਬਾਰ ਵਿੱਚ ਆਉਣੇ ਸ਼ੁਰੂ ਹੋ ਗਏ।ਵੰਨ-ਸਵੰਨੇ ਲਬਾਸ ਪਾਈ ਸੰਗੀਤਕਾਰ ਗਲਾਂ ’ਚ ਬਾਜੇ ਲਟਕਾਈਂ ਆ ਰਹੇ ਸੀ। ਕਿਧਰੇ ਢੱਡ ਸਾਰੰਗੀਆਂ ਵਾਲੇ ਆ ਰਹੇ ਸੀ ਤੇ ਕਿਧਰੇ ਅਲਗੋਜ਼ਿਆਂ ਵਾਲੇ। ਗਲ ਕੀ ਭਾਂਤ-ਭਾਂਤ ਦੇ ਸੰਗੀਤ ਵਾਲੇ ਸਾਜ਼ ਲਈ ਦਰਬਾਰ ਵਿੱਚ ਨਜ਼ਰ ਆ ਰਹੇ ਸੀ। ਸਾਰੇ ਜਣੇ ਆਪਣੇ-ਆਪਣੇ ਥਾਂ ਬਰਾਜਮਾਨ ਹੋ ਗਏ। ਮੁਕਾਬਲਾ ਸ਼ੁਰੂ ਹੋਣ ਹੀ ਵਾਲਾ ਸੀ ਕਿ ਇੱਕ ਜੱਟ ਬਿਨਾਂ ਹਲਸ ਤੋਂ ਹਲ਼ ਦਾ ਮੁੰਨਾ ਮੋਢੇ ਤੇ ਰੱਖੀ ਤੇ ਹੱਥ ਵਿੱਚ ਪੰਜਾਲੀ ਦੀ ਅਰਲੀ ਲਈਂ ਦਰਬਾਰ ਵਿੱਚ ਹਾਜ਼ਰ ਹੋ ਗਿਆ। ਜੱਟ ਦੇ ਸਾਜ਼ ਨੂੰ ਵੇਖ ਕੇ ਸਾਰੇ ਹੈਰਾਨ ਹੋ ਗਏ।ਰਾਜਾ ਜੱਟ ਵੱਲ ਵੇਖ ਬਹੁਤ ਹੈਰਾਨ ਹੋਇਆ। ਜੱਟ ਵਰਗਾ ਸਾਜ਼ ਇਸ ਤੋਂ ਪਹਿਲੇ ਕਦੇ ਨਹੀਂ ਸੀ ਵੇਖਿਆ। ਸਾਰੇ ਸੰਗੀਤਕਾਰ ਜੱਟ ਵੱਲ ਬਿੱਟ-ਬਿੱਟ ਵੇਖ ਰਹੇ ਸੀ। ਏਧਰ ਮਚਲਾ ਜੱਟ ਉਨ੍ਹਾਂ ਵੱਲ ਵੇਖ-ਵੇਖ ਮੁਸਕੜੀਏਂ ਮੁਸਕਰਾ ਰਿਹਾ ਸੀ।

"ਜੱਟਾ, ਤੂੰ ਵੀ ਮੁਕਾਬਲੇ ਵਿੱਚ ਹਿੱਸਾ ਲੈਣ ਆਇਐਂ?" ਰਾਜੇ ਨੇ ਪੁੱਛਿਆ।
"ਹਾਂ ਹਜ਼ੂਰ।"
"ਤੇਰੇ ਇਸ ਸਾਜ਼ ਦਾ ਕੀ ਨਾਂ ਹੈ?"
"ਹਜ਼ੂਰ, ਸ਼ਾਮਲ ਬਾਜਾ।"
ਇਹ ਨਾਂ ਸੁਣਦੇ ਸਾਰ ਹੀ ਸਾਰਾ ਦਰਬਾਰ ਕਹਿਕਹਾ ਮਾਰ ਕੇ ਹੱਸ ਪਿਆ। ਰਾਜਾ ਸ਼ਾਮਲ ਬਾਜੇ ਨੂੰ ਬੜੀ ਨੀਝ ਨਾਲ ਵੇਖਣ ਲੱਗਾ। ਅਰਲੀ ਨੂੰ ਹੱਥ ਵਿੱਚ ਫੜ ਕੇ ਪੁੱਛਿਆ, "ਇਹ ਕੀ ਹੈ?"
"ਹਜ਼ੂਰ ਇਹ ਸ਼ਾਮਲ ਬਾਜੇ ਦਾ ਗਜ਼ ਹੈ।"
ਹਾਸਾ ਫੇਰ ਮੱਚ ਉੱਠਿਆ।
"ਅੱਛਾ ਬਈ ਤੂੰ ਆਪਣਾ ਸਾਜ਼ ਬਜਾ ਕੇ ਸੁਣਾ’’ ਰਾਜੇ ਨੇ ਜੱਟ ਨੂੰ ਆਪਣਾ ਸਾਜ਼

ਬਜਾਉਣ ਲਈ ਹੁਕਮ ਦੇ ਦਿੱਤਾ।

"ਹਜ਼ੂਰ ਮੇਰਾ ਸਾਜ਼ ਉੱਦੋਂ ਵੱਜਦਾ ਹੈ ਜਦੋਂ ਸਾਰੇ ਸਾਜ਼ ਕੱਠੇ ਵੱਜਦੇ ਨੇ-ਫੇਰ ਦੇਖਣਾ ਇਹ ਕੇਹੋ ਜਿਹੀਆਂ ਸੁਰਾਂ ਅਲਾਪਦੈ।"
ਰਾਜੇ ਨੇ ਦੂਜੇ ਸੰਗੀਤਕਾਰਾਂ ਨੂੰ ਆਪਣੇ-ਆਪਣੇ ਸਾਜ਼ ਬਜਾਉਣ ਦਾ ਇਸ਼ਾਰਾ ਕੀਤਾ। ਸਾਰੇ ਸਾਜ਼ ਇੱਕ ਦਮ ਗੂੰਜ ਉੱਠੇ। ਜੱਟ ਆਪਣੇ ਹਲ਼ ਦੇ ਮੁੰਨੇ ਤੇ ਅਰਲੀ ਦਾ ਗਜ਼ ਬਣਾ ਕੇ ਫੇਰਨ ਲੱਗਾ। ਵੰਨ ਸੁਵੰਨੇ ਸਾਜ਼ਾਂ ਦੀਆਂ ਰਲਵੀਆਂ ਮਿਲਵੀਆਂ ਅਵਾਜ਼ਾਂ ਦਾ ਸੰਗੀਤ ਰਾਜੇ ਨੂੰ ਭਾ ਗਿਆ....।
ਉਹ ਜੱਟ ਦੇ ਸੰਗੀਤ ਤੇ ਅਸ਼-ਅਸ਼ ਕਰ ਉੱਠਿਆ। ਰਾਜੇ ਨੇ ਜੱਟ ਨੂੰ ਦਿਲ ਖੋਹਲ ਕੇ ਇਨਾਮ ਦਿੱਤਾ। ਬਾਕੀ ਸੰਗੀਤਕਾਰ ਨਿਰਾਸ਼ ਹੋ ਕੇ ਆਪਣੇ-ਆਪਣੇ ਘਰਾਂ ਨੂੰ ਪਰਤ ਆਏ। ਏਧਰ ਮਚਲਾ ਜੱਟ ਕਲੀਆਂ ਲਾਉਂਦਾ ਹੋਇਆ ਆਪਣੇ ਘਰ ਨੂੰ ਤੁਰ ਪਿਆ....।

ਖਚਰਾ ਜੱਟ

ਇੱਕ ਵਾਰੀ ਦੀ ਗੱਲ ਹੈ ਕਿ ਇੱਕ ਪਿੰਡ ਵਿੱਚ ਇੱਕ ਜੱਟ ਦੀ ਖੇਤੀ ਦਾ ਕੰਮ ਬੜੇ ਸੁਚੱਜੇ ਢੰਗ ਨਾਲ ਚਲ ਰਿਹਾ ਸੀ। ਉਹਨਾਂ ਦੇ ਟਾਕਰੇ ਵਿੱਚ ਦੂਜੇ ਜੱਟਾਂ ਦੀਆਂ ਫ਼ਸਲਾਂ ਕੁਝ ਵੀ ਨਹੀਂ ਸਨ ਹੁੰਦੀਆਂ।

ਉਸ ਜੱਟ ਦੇ ਐਨ-ਗੁਆਂਢ ਵਿੱਚ ਇੱਕ ਜੁਲਾਹਿਆਂ ਦਾ ਟੱਬਰ ਆ ਕੇ ਰਹਿਣ ਲੱਗਾ। ਉਹਨਾਂ ਦਾ ਤਾਣੇ ਪੇਟੇ ਦਾ ਕੰਮ ਬੜਾ ਚੰਗਾ ਚਲ ਰਿਹਾ ਸੀ। ਆਪਣੇ ਗੁਆਂਢੀ ਜੱਟ ਦੀ ਚੰਗੀ ਆਮਦਨ ਵੇਖ ਕੇ ਉਹਨਾਂ ਨੇ ਵੀ ਖੇਤੀ ਦਾ ਧੰਦਾ ਕਰਨ ਲਈ ਆਪਣਾ ਮਨ ਬਣਾ ਲਿਆ। ਉਹਨਾਂ ਨੇ ਫੈਸਲਾ ਕੀਤਾ ਕਿ ਜਿਵੇਂ ਉਹਨਾਂ ਦਾ ਗੁਆਂਢੀ ਜੱਟ ਕਰੇਗਾ ਉਸੇ ਤਰ੍ਹਾਂ ਉਹ ਵੀ ਖੇਤੀ ਦਾ ਕੰਮ ਕਰਨਗੇ।

ਆਖਰ ਜੁਲਾਹਿਆਂ ਨੇ ਆਪਣਾ ਧੰਦਾ ਤਿਆਗ ਕੇ ਵਟਾਈ ਉੱਤੇ ਜ਼ਮੀਨ ਲੈ ਲਈ ਅਤੇ ਬਲਦਾਂ ਦੀ ਜੋੜੀ ਖ਼ਰੀਦ ਲਿਆਂਦੀ।
ਸਾਉਣੀ ਦੀ ਫਸਲ ਦੇ ਦਿਨ ਸਨ।
ਜੁਲਾਹਿਆਂ ਦਾ ਗੁਆਂਢੀ ਜੱਟ-ਟੱਬਰ ਦੂਜੀ ਭਲਕ ਕੀਤੇ ਜਾਣ ਵਾਲੇ ਕੰਮਾਂ ਬਾਰੇ ਰਾਤ ਸਮੇਂ ਸਲਾਹ ਕਰਿਆ ਕਰਦਾ ਸੀ। ਉਹਨਾਂ ਦਾ ਵਡਾਰੂ ਉਹਨਾਂ ਦੀ ਪੂਰੀ ਅਗਵਾਈ ਕਰਦਾ, "ਮੁੰਡਿਓ ਸਵੇਰੇ ਸਾਜਰੇ ਜਾ ਕੇ ਹਲ਼ ਜੋੜ ਲੈਣਾ: ਨਾਲੇ ਫਲਾਹੀ ਆਲੇ ਖੇਤ ਨੂੰ ਬੀਜ ਦੇਣਾ ਨਹੀਂ ਤਾਂ ਉਹਦੀ ਗੱਲ ਸੁੱਕ ਜਾਊਗੀ।"
ਜੁਲਾਹੇ ਜੱਟ ਦੀ ਕੰਧ ਨਾਲ ਕੰਨ ਲਾ ਕੇ ਭਲਕੇ ਕੀਤੇ ਜਾਣ ਵਾਲੇ ਕੰਮਾਂ ਬਾਰੇ ਸੁਣਦੇ ਅਤੇ ਜੱਟਾਂ ਤੋਂ ਪਹਿਲਾਂ ਉੱਠ ਕੇ ਹਲ ਆਦਿ ਜੋੜ ਲੈਂਦੇ। ਇਸ ਪਰਕਾਰ ਉਹ ਉਸ ਜੱਟ ਨਾਲੋਂ ਕੰਮ ਵਿੱਚ ਅੱਗੇ ਵੱਧ ਰਹੇ ਸਨ ਅਤੇ ਹਰ ਕੰਮ ਵਿੱਚ ਪਹਿਲ ਕਰ ਜਾਂਦੇ ਸਨ। ਸਾਉਣੀ ਦੀ ਬਿਜਾਈ ਉਹਨਾਂ ਨੇ ਜੱਟ ਨਾਲੋਂ ਅਗੇਤੀ ਕਰ ਲਈ ਤੇ ਲੱਗੇ ਜੱਟ ਨੂੰ ਟਿੱਚਰਾ ਕਰਨ।
"ਖੇਤੀ ਸੁਹਰੀ ਦਾ ਕੀ ਐ-ਕਿਹੜਾ ਵੇਦ ਪੜ੍ਹਨੇ ਨੇ, ਹਲ਼ ਵਾਹਿਆ, ਦਾਣੇ ਬੀਜੇ ਤੇ ਫਸਲ ਤਿਆਰ। ਜੱਟ ਐਵੇਂ ਸਦੀਆਂ ਤੋਂ ਇਹ ਕੰਮ ਕਰਦੇ ਆ ਰਹੇ ਨੇ.... ਅਸੀਂ ਸਜਰੀ ਖੇਤੀ ਕੀਤੀ ਐ ਤੇ ਸਾਰਿਆਂ ਨਾਲੋਂ ਅੱਗੇ ਲੰਘ ਗਏ ਆਂ। ਸਾਡੇ ਮੱਕੀ ਦੇ ਖੇਤਾਂ ਵਿੱਚ ਜਾ ਕੇ ਤਾਂ ਵੇਖੋ ਕਿਵੇਂ ਮੱਕੀ ਦੇ ਟਾਂਡੇ ਗਧੇ ਦੇ ਬੱਚੇ ਦੇ ਕੰਨਾਂ ਵਾਂਗ ਸੁਹਣੇ ਲੱਗਦੇ ਨੇ...।"
ਵਡਾਰੂ ਜੁਲਾਹੇ ਦੀਆਂ ਫੜ੍ਹਾਂ ਸੁਣ ਕੇ ਮੁਛਾਂ ’ਚ ਮੁਸਕਰਾਇਆ। ਉਹ ਇਹ ਜਾਣਦਾ ਸੀ ਕਿ ਜੁਲਾਹਿਆਂ ਨੂੰ ਖੇਤੀ ਬਾਰੇ ਪੂਰੀ ਜਾਣਕਾਰੀ ਨਹੀਂ। ਜੋ ਕੁਝ ਵੀ ਉਹਨਾਂ ਨੇ ਹੁਣ ਤੀਕ ਕੀਤਾ ਹੈ ਉਹ ਉਸ ਦੀ ਅਗਵਾਈ ਕਰਕੇ ਕੀਤਾ ਹੈ। ਜੱਟ ਖਚਰਾ ਵੀ ਬੜਾ ਹੁੰਦਾ ਹੈ। ਵਡਾਰੂ ਵਿਚਲਾ ਖਚਰਾ ਜੱਟ ਜਾਗ ਪਿਆ।



ਮੱਕੀ ਦੇ ਟਾਂਡੇ ਗੋਡੇ-ਗੋਡੇ ਹੋ ਚੁੱਕੇ ਸਨ।
ਇੱਕ ਆਥਣ ਨੂੰ ਵਡਾਰੂ ਨੇ ਆਪਣੇ ਪੁੱਤਰਾਂ ਨੂੰ ਉੱਚੀ ਦੇਣੀ ਕਿਹਾ, "ਮੁੰਡਿਓ, ਸਵੇਰੇ ਸਾਜਰੇ ਜਾ ਕੇ ਮੱਕੀ ਨੂੰ ਸੁਹਾਗਾ ਦੇ ਆਉਣਾ।"
ਉਹਨੇ ਇਹ ਗੱਲ ਐਨੀ ਉੱਚੀ ਕਹੀ ਕਿ ਜੁਲਾਹਿਆਂ ਨੇ ਵੀ ਸੁਣ ਲਈ।
ਜੁਲਾਹੇ ਤੜਕ ਸਾਰ ਉੱਠੇ ਤੇ ਲੱਗੇ ਆਪਣੇ ਮੱਕੀ ਦੇ ਖੇਤਾਂ ਨੂੰ ਸੁਹਾਗਾ ਦੇਣ।
ਸੁਹਾਗਾ ਦੇ ਕੇ ਉਹਨਾਂ ਨੇ ਸਾਰੀ ਮੱਕੀ ਦਾ ਮਲੀਆ ਮੇਟ ਕਰ ਦਿੱਤਾ।
ਜਦ ਜੁਲਾਹੇ ਮੱਕੀ ਦੇ ਖੇਤ ਨੂੰ ਸੁਹਾਗਾ ਦੇ ਕੇ ਵਾਪਸ ਆ ਰਹੇ ਸੀ, ਪਿੰਡ ਦੇ ਸਾਰੇ ਜੱਟ ਉਹਨਾਂ ਵੱਲ ਵੇਖ ਕੇ ਖਿੜ ਖਿੜਾ ਰਹੇ ਸਨ .....।

ਜੱਟ ਦੀ ਸਿਆਣਪ

ਇੱਕ ਵਾਰੀ ਦੀ ਗੱਲ ਹੈ ਇੱਕ ਜੱਟ ਨੂੰ ਰਾਜੇ ਦੇ ਦਰਸ਼ਨ ਕਰਨ ਦਾ ਸ਼ੌਕ ਜਾਗ ਪਿਆ। ਉਹਨੇ ਆਪਣੇ ਦਿਲ ਦੀ ਗੱਲ ਇੱਕ ਲਾਲੇ ਨੂੰ ਦੱਸੀ। ਲਾਲੇ ਨੇ ਜੱਟ ਨੂੰ ਟਿੱਚਰ ਕਰਕੇ ਕਿਹਾ, "ਕਿਸੇ ਗੰਜੇ ਦੇ ਸਿਰ ਵਿੱਚ ਚਾਰ ਜੁੱਤੀਆਂ ਮਾਰ ਦੇ, ਆਪੇ ਰਾਜੇ ਦੀ ਕਚਹਿਰੀ ਪਹੁੰਚ ਜਾਏਂਗਾ।"
ਜੱਟ ਨੇ, ਨਾ ਆ ਦੇਖਿਆ ਨਾ ਤਾ, ਉਸ ਨੇ ਲਾਲੇ ਦੇ ਸਿਰ ਵਿੱਚ ਜੁੱਤੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਰੌਲਾ ਸੁਣ ਕੇ ਦੋ ਸਿਪਾਹੀ ਉੱਥੇ ਆ ਗਏ ਤੇ ਉਹਨਾਂ ਦੋਹਾਂ, ਨੂੰ ਫੜ ਕੇ ਰਾਜੇ ਦੇ ਦਰਬਾਰ ਵਿੱਚ ਹਾਜ਼ਰ ਹੋ ਗਏ।
ਰਾਜੇ ਨੇ ਸੋਚਿਆ-ਲਾਲੇ ਨੇ ਜੱਟ ਨੂੰ ਜ਼ਰੂਰ ਕੋਈ ਟਿੱਚਰ ਕੀਤੀ ਹੋਣੀ ਐਂ। ਉਹਨੇ ਜੱਟ ਨੂੰ ਘੂਰ ਕੇ ਪੁੱਛਿਆ, "ਕਿਉਂ ਬਈ ਜੱਟਾ ਤੈਂ ਲਾਲੇ ਦੇ ਜੁੱਤੀਆਂ ਮਾਰੀਆਂ ਨੇ?" ਜੱਟ ਨੇ ਉੱਤਰ ਦਿੱਤਾ, "ਹਾਂ ਜਨਾਬ ਮਾਰੀਆਂ ਨੇ।" ਇਹ ਆਖ ਕੇ ਜੱਟ ਨੇ ਸਾਰੀ ਵਿਥਿਆ ਸੁਣਾ ਦਿੱਤੀ।
ਰਾਜੇ ਨੇ ਜੱਟ ਨੂੰ ਮੂਰਖ ਸਮਝ ਕੇ ਜਾਣ ਲਈ ਆਖ ਦਿੱਤਾ। ਜੱਟ ਉੱਥੋਂ ਤੁਰ ਪਿਆ।
ਜੱਟ ਦੇ ਤੁਰਨ ਮਗਰੋਂ ਰਾਜੇ ਨੇ ਸੋਚਿਆ, "ਜੱਟ ਮੇਰੇ ਦਰਸ਼ਨਾਂ ਲਈ ਆਇਆ ਸੀ। ਮੈਂ ਐਵੇਂ ਉਸ ਨੂੰ ਖ਼ਾਲੀ ਤੋਰਿਆ-ਉਸ ਨੂੰ ਜ਼ਰੂਰ ਕੋਈ ਇਨਾਮ ਦੇਣਾ ਚਾਹੀਦਾ ਸੀ।" ਰਾਜੇ ਦੇ ਕੋਲ ਹੀ ਕੰਜਰੀ ਬੈਠੀ ਸੀ, ਉਸ ਨੂੰ ਰਾਜੇ ਨੇ ਆਖਿਆ, "ਜਾਓ, ਜਾ ਕੇ ਜੱਟ ਨੂੰ ਸੱਦ ਲਿਆਓ।"
ਕੰਜਰੀ ਨੇ ਜੱਟ ਕੋਲ ਜਾ ਕੇ ਆਖਿਆ, "ਰਾਜਾ ਤੈਨੂੰ ਸੱਦਦਾ ਹੈ। ਉਹ ਜੋ ਇਨਾਮ ਤੈਨੂੰ ਦੇਊਗਾ ਉਹਦੇ ਵਿੱਚੋਂ ਅੱਧਾ ਇਨਾਮ ਮੇਰਾ ਰਿਹਾ।"
ਜੱਟ ਅੱਧਾ ਇਨਾਮ ਕੰਜਰੀ ਨੂੰ ਦੇਣਾ ਮੰਨ ਗਿਆ। ਅੱਗੋਂ ਪਹਿਰੇ ਵਾਲਾ ਕੋਤਵਾਲ ਆਖਣ ਲੱਗਾ, "ਮੈਂ ਤਾਂ ਅੰਦਰ ਜਾਣ ਦਿਊਂਗਾ ਜੇ ਤੂੰ ਅੱਧੇ ਇਨਾਮ ਵਿੱਚੋਂ ਅੱਧਾ ਮੈਨੂੰ ਦਏਂਗਾ।"
ਜੱਟ ਇਹ ਵੀ ਮੰਨ ਗਿਆ।
ਜੱਟ ਰਾਜੇ ਦੇ ਦਰਬਾਰ ਜਾ ਹਾਜ਼ਰ ਹੋਇਆ। ਰਾਜਾ ਆਖਣ ਲੱਗਾ, "ਜੱਟਾ ਤੂੰ ਮੇਰੇ ਦਰਸ਼ਨਾਂ ਲਈ ਆਇਆ ਸੀ: ਮੰਗ ਜੋ ਮੰਗਣੈ।"
"ਮਹਾਰਾਜ ਤੁਹਾਡੇ ਦਰਸ਼ਨ ਕਰਨੇ ਸੀ, ਹੋ ਗਏ-ਹੋਰ ਮੈਨੂੰ ਕਾਸੇ ਦੀ ਲੋੜ ਨਹੀਂ ਤੁਹਾਡਾ ਦਿੱਤਾ ਈ ਖਾਨੇ ਆਂ।"
ਰਾਜੇ ਨੇ ਫੇਰ ਆਖਿਆ। ਜੱਟ ਨੇ ਪਹਿਲਾ ਹੀ ਉੱਤਰ ਦੇ ਦਿੱਤਾ। ਆਖਰ ਤੀਜੀ ਵਾਰ ਰਾਜੇ ਨੇ ਫੇਰ ਆਖਿਆ, "ਤੀਜਾ ਬਚਨ ਐ, ਮੰਗ ਲੈ।"

ਜੱਟ ਨੇ ਕਿਹਾ, "ਮਹਾਰਾਜ, ਜੇ ਤੁਸੀਂ ਬਹੁਤਾ ਹੀ ਖਹਿੜੇ ਪੈਂਦੇ ਹੋ ਤਾਂ ਮੇਰੇ ਸਿਰ ਉੱਤੇ ਇੱਕ ਸੌ ਜੁੱਤੀਆਂ ਮਾਰੀਆਂ ਜਾਣ।"
ਰਾਜੇ ਨੇ ਸਪਾਹੀਆਂ ਨੂੰ ਹੁਕਮ ਦਿੱਤਾ ਕਿ ਜੱਟ ਦੇ ਸਿਰ ਉੱਤੇ ਸੌ ਜੁੱਤੀਆਂ ਮਾਰੀਆਂ ਜਾਣ।
ਜੱਟ ਦੇ ਸਿਰ ਤੇ ਤਾੜ-ਤਾੜ ਜੁੱਤੀਆਂ ਪੈਣ ਲੱਗੀਆਂ। ਜੱਟ ਵੀ ਹੇਠਾਂ ਉੱਚੀ-ਉੱਚੀ ਗਿਣਦਾ ਰਿਹਾ। ਜਦੋਂ ਪੱਚੀ ਹੋ ਗਈਆਂ ਤਾਂ ਬੋਲਿਆ, "ਮਹਾਰਾਜ ਠਹਿਰੋ-ਇਸ ਇਨਾਮ ਵਿੱਚ ਦੋ ਹੋਰ ਹਿੱਸੇਦਾਰ ਨੇ-ਜਿਨ੍ਹਾਂ ਵਿੱਚੋਂ ਇੱਕ ਤਾਂ ਥੋਡੀ ਕੰਜਰੀ ਹੈ, ਜੀਹਨੇ ਸਾਰੇ ਇਨਾਮ ਦਾ ਅੱਧ ਮੰਗਿਆ ਸੀ ਪਹਿਲਾਂ ਇਹਦੇ ਪੰਜਾਹ ਜੁੱਤੀਆਂ ਮਾਰੀਆਂ ਜਾਣ।ਜਦੋਂ"
ਕੰਜਰੀ ਦੇ ਪੰਜਾਹ ਜੁੱਤੀਆਂ ਲੱਗ ਗਈਆਂ ਤਾਂ ਜੱਟ ਬੋਲਿਆ, "ਮਹਾਰਾਜ, ਦੂਜਾ ਹਿੱਸੇਦਾਰ ਥੋਡਾ ਕੋਤਵਾਲ ਹੈ ਜੀਹਨੇ ਅੱਧ ਵਿੱਚੋਂ ਅੱਧ ਮੰਗਿਆ ਸੀ। ਉਸ ਦੇ ਪੱਚੀ ਜੁੱਤੀਆਂ ਮਾਰੀਆਂ ਜਾਣ।"
ਕੋਤਵਾਲ ਨੂੰ ਵੀ ਪੱਚੀ ਜੁੱਤੀਆਂ ਦਾ ਇਨਾਮ ਦਿੱਤਾ ਗਿਆ। ਰਾਜਾ ਜੱਟ ਦੀ ਸਿਆਣਪ ਤੇ ਬਹੁਤ ਖ਼ੁਸ਼ ਹੋਇਆ। ਉਹਨੇ ਜੱਟ ਨੂੰ ਬਹੁਤ ਸਾਰਾ ਇਨਾਮ ਦੇ ਕੇ ਤੋਰ ਦਿੱਤਾ।

ਮਚਲਾ ਜੱਟ

ਇੱਕ ਪਿੰਡ ਵਿੱਚ ਤਿੰਨ ਮਿੱਤਰ ਸੀ ਉਹਨਾਂ ਵਿੱਚੋਂ ਇੱਕ ਮੌਲਵੀ ਸੀ, ਦੂਜਾ ਬ੍ਰਾਹਮਣ ਤੇ ਤੀਜਾ ਜੱਟ। ਇੱਕ ਦਿਨ ਤਿੰਨਾਂ ਨੇ ਰਲ ਕੇ ਸਲਾਹ ਬਣਾਈ ਬਈ ਅੱਜ ਖੀਰ ਧਰੀ ਜਾਵੇ। ਤਿੰਨਾਂ ਜਣਿਆਂ ਨੇ ਰਲ ਕੇ ਖੀਰ ਬਣਾਈ, ਪਰ ਸਾਰਿਆਂ ਦੇ ਦਿਲ ਵਿੱਚ ਬੇਈਮਾਨੀ ਆਗੀ। ਹਰ ਕੋਈ ਇਹੀ ਚਾਹੁੰਦਾ ਸੀ ਬਈ ਖੀਰ ਨੂੰ ਓਹੋ ਕੱਲਾ ਹੀ ਖਾਵੇ।

ਇਹ ਕਿਵੇਂ ਹੋ ਸਕਦਾ ਸੀ। ਸੋ ਸਲਾਹ ਬਣੀ, ਬਈ ਸਾਰੇ ਹੀ ਸੌਂ ਜਾਓ। ਖੀਰ ਨੂੰ ਢੱਕ ਕੇ ਰੱਖ ਦਿਓ। ਸਵੇਰੇ ਉੱਠ ਕੇ ਜਿਹੜਾ ਸਾਰਿਆਂ ਨਾਲੋਂ ਸੁਆਦਲਾ ਸੁਪਨਾ ਸੁਣਾਉਗਾ, ਉਹੀ ਸਾਰੀ ਖੀਰ ਖਾਊਗਾ।

ਜੱਟ ਨੇ ਸਮਝਿਆ, ਸਾਰੇ ਆਪਣੀ ਹੀ ਗੱਲ ਕਰਦੇ ਨੇ। ਉਹ ਵੀ ਖੀਰ ਖਾਣੀ ਚਾਹੁੰਦਾ ਸੀ। ਉਸ ਨੂੰ ਇੱਕ ਤਰਕੀਬ ਸੁਝੀ।ਉਹ ਉਹਨਾਂ ਦੇ ਨਾਲ ਹੀ ਮਚਲਾ ਬਣ ਕੇ ਸੌਂ ਗਿਆ। ਜਦੋਂ ਜੱਟ ਨੇ ਵੇਖਿਆ ਬਈ ਦੋਨੋਂ ਜਣੇ ਘੂਕ ਸੌਂ ਗਏ ਨੇ, ਉਹ ਮਲਕੜੇ ਜਹੇ ਉੱਠ ਕੇ ਲੱਗਾ ਖੀਰ ਖਾਣ। ਨਾਲੇ ਖੀਰ ਖਾਈ ਜਾਵੇ, ਨਾਲੇ ਉਹਨਾਂ ਵੱਲ ਵੇਖੀ ਜਾਵੇ ਕਿਤੇ ਉਹ ਜਾਗ ਨਾ ਪੈਣ। ਜੱਟ ਨੇ ਖੀਰ ਖਾਧੀ ਤੇ ਭਾਂਡੇ ਨੂੰ ਐਨ ਚੱਟ ਕੇ, ਢੱਕ ਕੇ ਰੱਖ ਦਿੱਤਾ ਤੇ ਆਪ ਲੰਮੀਆਂ ਤਾਣ ਕੇ ਸੌਂ ਗਿਆ।

ਸਾਝਰੇ ਹੀ ਉਹ ਤਿੰਨੇ ਉੱਠੇ ਤੇ ਲੱਗੇ ਆਪਣੇ-ਆਪਣੇ ਸੁਪਨੇ ਸੁਨਾਉਣ ਦੀ ਤਿਆਰੀ ਕਰਨ। ਢੱਕਣ ਸਮੇਤ ਖੀਰ ਦਾ ਭਾਂਡਾ ਉਨ੍ਹਾਂ ਦੇ ਸਾਹਮਣੇ ਪਿਆ ਸੀ। ਸਭ ਤੋਂ ਪਿਹਲਾਂ, ਜੱਟ ਆਪਣਾ ਸੁਪਨਾ ਸੁਣਾਉਣ ਲੱਗਾ, "ਯਾਰੋ ਮੈਨੂੰ ਕਿਹੋ ਜਿਹਾ ਸੁਪਨਾ ਆਇਆ ਮੇਰੀਆਂ ਹੁਣ ਵੀ ਪੱਸਲੀਆਂ ਦੁਖਦੀਆਂ ਨੇ। ਸੁਪਨੇ 'ਚ ਕੀ ਵੇਖਦਾਂ ਬਈ ਬੜਾ ਸਾਰਾ ਦਿਓ ਮੇਰੇ ਆ ਦੁਆਲੇ ਹੋਇਆ ਤੇ ਮੈਨੂੰ ਕੰਨੋ ਫੜ ਕੇ ਖੜਾ ਕਰ ਲਿਆ। ਮੈਂ ਤੁਹਾਡੇ ਵੀ ਕਈ ਲੱਤਾਂ ਮਾਰੀਆਂ ਪਰ ਤੁਸੀਂ ਕੁਸਕੇ ਨਹੀਂ....ਮੇਰੀ ਤਾਂ ਡਰ ਨਾਲ ਜਾਨ ਨਿਕਲਦੀ ਜਾ ਰਹੀ ਸੀ। ਮੈਂ ਬਥੇਰਾ ਰੌਲਾ ਪਾਇਆ। ਦਿਓ ਦੀਆਂ ਮਿੰਨਤਾਂ ਕੀਤੀਆਂ ਬਈ ਮੈਨੂੰ ਛੱਡ ਦੇਵੇ-ਤੁਹਾਨੂੰ ਵੀ ਮੈਂ ਜਗਾਇਆ, ਪਰ ਤੁਸੀਂ ਜਾਗੇ ਨੀ। ਅਖੀਰ ਦਿਓ ਆਖਣ ਲੱਗਾ, "ਮੈਂ ਤੈਨੂੰ ਤਾਂ ਛੱਡ ਸਕਦਾ ਜੇ ਤੂੰ ਸਾਰੀ ਖੀਰ ਖਾਵੇਂ।" ਮੈਂ ਦਿਓ ਨੂੰ ਕਿਹਾ, "ਮੈਨੂੰ ਭੁੱਖ ਨਹੀਂ, ਨਾਲੇ ਇਹ ਖੀਰ ਸਾਡੇ ਤਿੰਨਾਂ ਦੀ ਸਾਂਝੀ ਐ। ਮੈਂ ਉਹਨਾਂ ਦਾ ਹਿੱਸਾ ਕਿਵੇਂ ਖਾ ਸਕਦਾ ਹਾਂ।" ਦਿਓ ਫੇਰ ਵੀ ਨਾ ਮੰਨਿਆ ਤੇ ਮੈਨੂੰ ਕੁੱਟਣ ਲੱਗਾ ਤੇ ਕੰਨ ਫੜ ਕੇ ਖੀਰ ਵਾਲੇ ਭਾਂਡੇ ਕੋਲ ਲੈ ਗਿਆ..... ਮੈਂ ਤੁਹਾਡੇ ਨਾਂ ਲੈ-ਲੈ ਕੇ ਖੀਰ ਖਾਂਦਾ ਰਿਹਾ। ਸੱਚ ਜਾਣਿਓ, ਜਦੋਂ ਮੈਂ ਖੀਰ ਖਾ ਲਈ ਤਾਂ ਮੇਰਾ ਢਿੱਡ ਪਾਟਣ ਤੇ ਆ ਗਿਆ। ਦਿਓ ਫੇਰ ਵੀ ਨਾ ਛੱਡੇ, ਆਖੇ, ਦੇਖੀਂ ਮਾੜੀ ਮੋਟੀ ਵੀ ਨਾ ਬਚੇ-ਸਾਰਾ ਭਾਂਡਾ ਚੱਟਮ ਕਰ ਦੇ। ਹਾਲਾਂ ਮੈਂ ਭਾਂਡਾ ਚੱਟ ਕੇ ਰੱਖਿਆ ਹੀ ਸੀ ਕਿ ਦਿਓ ਓਥੋਂ ਅਲੋਪ ਹੋ ਗਿਆ ਤੇ ਮੈਨੂੰ ਨੀਂਦ ਆ ਗਈ।"

ਇਹ ਕਹਿ ਕੇ ਜੱਟ ਮਚਲਾ ਜਿਹਾ ਬਣ ਕੇ ਬਹਿ ਗਿਆ। ਅਜੇ ਜੱਟ ਨੇ ਆਪਣਾ ਸੁਪਨਾ ਸੁਣਾਇਆ ਹੀ ਸੀ ਮੌਲਵੀ ਅਤੇ ਪੰਡਤ ਨੇ ਕਾਹਲੀ ਨਾਲ ਖੀਰ ਵਾਲੇ ਭਾਂਡੇ ਦਾ ਢੱਕਣ ਚੁੱਕਿਆ, ਭਾਂਡੇ ਵਿੱਚੋਂ ਖੀਰ ਗਾਇਬ ਸੀ। ਦੋਵੇਂ ਇੱਕ ਦੂਜੇ ਦੇ ਮੂੰਹ ਵੱਲ ਵੇਖੀ ਜਾਣ ਤੇ ਆਖੀ ਜਾਣ, "ਵਾਹ ਓਏ ਮਚਲਿਆ ਜੱਟਾ, ਤੂੰ ਖੂਬ ਸੁਪਨਾ ਸੁਣਾਇਆ, ਨਾਲੇ ਖੀਰ ਖਾ ਗਿਐਂ, ਨਾਲੇ ਸੁਪਨਾ ਸੁਣਾ ਗਿਐਂ .....।"

ਜੱਟ ਮਚਲਾ

ਇੱਕ ਵਾਰੀ ਦੀ ਗੱਲ ਹੈ ਕਿ ਇੱਕ ਜੱਟ ਫੌਜਦਾਰੀ ਦੇ ਮੁਕੱਦਮੇ ਵਿੱਚ ਫਸ ਗਿਆ। ਜੱਟ ਚਾਹੁੰਦਾ ਸੀ ਕਿ ਉਹ ਕਿਵੇਂ ਨਾ ਕਿਵੇਂ ਬਰੀ ਹੋ ਜਾਵੇ। ਜੱਟ ਦਾ ਵਕੀਲ ਵੀ ਬਹੁਤ ਹੁਸ਼ਿਆਰ ਸੀ। ਉਸ ਨੂੰ ਫੁਰਨਾ ਫੁਰਿਆ:ਕਿਉਂ ਨਾ ਜੱਟ ਨੂੰ ਪਾਗਲ ਸਿੱਧ ਕੀਤਾ ਜਾਵੇ। ਵਕੀਲ ਨੇ ਜੱਟ ਨੂੰ ਸਿੱਖਿਆ ਦੇ ਦਿੱਤੀ, “ਜੱਟਾ ਮਚਲਾ ਬਣ ਜਾ ਸਰਕਾਰੀ ਵਕੀਲ ਅਤੇ ਜੱਜ ਜਿਹੜੀ ਵੀ ਗੱਲ ਤੇਰੇ ਪਾਸੋਂ ਪੁੱਛਣ-ਤੂੰ ਉੱਤਰ ਵਿੱਚ 'ਉਰਰ' ਆਖ ਦਿਆ ਕਰੀਂ।"

ਮੁਕੱਦਮਾ ਅਦਾਲਤ ਸਾਹਮਣੇ ਪੇਸ਼ ਹੋਇਆ।
ਜੱਜ ਨੇ ਮੁਜਰਮ ਤੋਂ ਉਸ ਦਾ ਨਾਂ ਪੁੱਛਿਆ।
ਜੱਟ ਨੇ ਝੱਟ ਉੱਤਰ ਦਿੱਤਾ, “ਉਰਰ .....।"
ਸਰਕਾਰੀ ਵਕੀਲ ਤੇ ਜੱਜ ਜਿਹੜਾ ਵੀ ਪ੍ਰਸ਼ਨ-ਜੱਟ ਤੇ ਕਰਨ, ਜੱਟ ਉਸ ਦਾ ਉੱਤਰ-"ਉੱਰਰ" ਵਿੱਚ ਦੇਵੇ.....।
ਜੱਜ ਨੇ ਜੱਟ ਨੂੰ ਪਾਗਲ ਸਮਝ ਕੇ ਬਰੀ ਕਰ ਦਿੱਤਾ। ਜੱਟ ਤੇ ਉਸ ਦੇ ਵਕੀਲ ਨੂੰ ਖ਼ੁਸ਼ੀਆਂ ਚੜ੍ਹ ਗਈਆਂ।ਵਕੀਲ ਨੂੰ ਆਪਣੀ ਫੀਸ ਤੋਂ ਬਿਨਾਂ ਹੋਰ ਇਨਾਮ ਮਿਲਣ ਦੀ ਆਸ ਸੀ। ਵਕੀਲ ਨੇ ਜਦ ਜੱਟ ਪਾਸੋਂ ਆਪਣੀ ਫੀਸ ਮੰਗੀ ਤਾਂ ਅੱਗੋਂ ਮਚਲੇ ਜੱਟ ਨੇ “ਊਰਰ" ਆਖ ਦਿੱਤਾ।
ਵਕੀਲ ਜੱਟ ਦਾ ਮੂੰਹ ਵੇਖਦਾ ਰਹਿ ਗਿਆ।

ਚੁਸਤ ਜੱਟ

ਇੱਕ ਸੀ ਬ੍ਰਾਹਮਣ ਇੱਕ ਸੀ ਜੱਟ। ਬ੍ਰਾਹਮਣ ਨੂੰ ਜੱਟ ਕਹਿੰਦਾ, "ਮੇਰਾ ਵਿਆਹ ਕਦ ਹੋਊ।"
ਬ੍ਰਾਹਮਣ ਕਹਿੰਦਾ, "ਤੇਰਾ ਵਿਆਹ ਤਾਂ ਹੋਇਆ ਹੋਇਐ। ਕਿਸੇ ਪਿੰਡ ਤੇਰੀ ਬਹੂ ਦੇ ਗੋਦੀ ਮੁੰਡਾ ਖੇਡਦੈ। ਚੱਲ ਚੱਲੀਏ ਉਹਨੂੰ ਲੈਣ।"
ਉਹ ਦੋਨੋਂ ਤੁਰ ਪਏ-ਚਲੋ ਚਾਲ। ਇੱਕ ਖੂਹ ਉੱਤੇ ਇੱਕ ਤੀਵੀਂ ਪਾਣੀ ਭਰ ਰਹੀ ਸੀ। ਬ੍ਰਾਹਮਣ ਕਹਿੰਦਾ, "ਆਹ ਤੇਰੀ ਬਹੂ ਐ।"
ਜੱਟ ਕਹਿੰਦਾ, "ਗੱਲ ਤਾਂ ਤੇਰੀ ਸੱਚੀ ਐ।"
ਬ੍ਰਾਹਮਣ ਆਪ ਨੱਸ ਆਇਆ ਤੇ ਜੱਟ ਉੱਥੇ ਹੀ ਰਹਿ ਪਿਆ। ਤੀਵੀਂ ਪਾਣੀ ਦਾ ਘੜਾ ਭਰ ਕੇ ਤੁਰ ਪਈ ਜੱਟ ਉਹਦੇ ਗੈਲ-ਗੈਲ ਉਹਦੇ ਘਰ ਚਲਿਆ ਗਿਆ ਤੇ ਮੰਜੇ ਤੇ ਜਾ ਕੇ ਬੈਠ ਗਿਆ। ਬਾਹਰੋਂ ਤੀਵੀਂ ਦੇ ਘਰ ਵਾਲਾ ਆ ਗਿਆ। ਜੱਟ ਆ ਕੇ ਆਪਣੀ ਬਹੂ ਨੂੰ ਕੁੱਟਣ ਲੱਗ ਪਿਆ। ਪਰਾਹੁਣਾ ਬਣਿਆ ਜੱਟ ਉਸੇ ਜੱਟ ਨੂੰ ਕੁੱਟਣ ਲੱਗ ਪਿਆ। ਜਿਹੜਾ ਪਹਿਲਾਂ ਕੁੱਟਣ ਲੱਗਿਆ ਸੀ ਕਹਿੰਦਾ, "ਚਲ ਠਾਣੇ।"
ਦੂਜਾ ਕਹਿੰਦਾ, "ਚਲ ਠਾਣੇ।"
ਦੋਨੋਂ ਠਾਣੇ ਨੂੰ ਤੁਰ ਪਏ। ਪਹਿਲਾ ਜੱਟ ਕਹਿੰਦਾ, "ਠਾਣੇ ਤਾਂ ਆਪਾਂ ਜਾਣਾ ਈ ਐ ਪਹਿਲਾਂ ਸਿਰ ਨੂੰ ਤੇਲ ਲਾ ਲਈਏ।"
ਦੋਨੋਂ ਤੇਲੀ ਦੇ ਘਰ ਚਲੇ ਗਏ। ਪਰਾਹੁਣਾ ਜੱਟ ਜਾ ਕੇ ਕਹਿੰਦਾ, "ਆਨੇ ਦਾ ਤੇਲ ਦਈਂ।"
ਤੇਲੀ ਕਹਿੰਦਾ, "ਕਰ ਹੱਥ।"
ਜਦ ਉਹਨੇ ਹੱਥ ਕੀਤਾ ਤੇਲੀ ਤੋਂ ਤੇਲ ਥੱਲ੍ਹੇ ਡੁਲ੍ਹ ਗਿਆ। ਤੇਲੀ ਕਹਿੰਦਾ, "ਤੇਰੀ ਬਲਾ ਗਈ।"
ਜੱਟ ਕੋਲ ਸੀ ਸਲੰਘ। ਜੱਟ ਨੇ ਸਾਰੇ ਹੀ ਤੇਲੀ ਦੇ ਕੁੱਪੇ ਮਧਿਆ ਦਿੱਤੇ ਕਹਿੰਦਾ, "ਤੇਰੀ ਵੀ ਬਲਾ ਗਈ।"
ਜੱਟ ਕਹਿੰਦਾ, "ਤਿੰਨ ਅਸੀਂ ਆਂ ਚੌਥਾ ਤੂੰ, ਚਲ ਠਾਣੇ।"
ਚਾਰੇ ਤੁਰ ਪਏ। ਰਸਤੇ ਵਿੱਚ ਰੋਹੀ ਸੀ-ਉਸ ਵਿੱਚ ਇੱਕ ਬੁੜ੍ਹੀ ਬੈਠੀ ਚਰਖਾ ਕੱਤ ਰਹੀ ਸੀ। ਬੁੜ੍ਹੀ ਕਹਿੰਦੀ, "ਕਿੱਥੇ ਨੂੰ ਚੱਲੇ ਓ।"
ਜੱਟ ਕਹਿੰਦਾ, "ਲੈਂਕਾ ਨੂੰ।"
ਬੁੜ੍ਹੀ ਕਹਿੰਦੀ, "ਲੈਂਕਾ ਕਹੀ ਜਹੀ ਸੀ।"
ਜੱਟ ਨੇ ਝੁੱਗੀ ਦੇ ਉੱਤੇ ਚਰਖਾ ਰੱਖ ਕੇ ਸੀਖ ਲਾ ਦਿੱਤੀ। ਅੱਗ ਬਹੁਤ ਬਲਣ ਲੱਗ ਪਈ ਤੇ ਜੱਟ ਚਰਖਾ ਘੁਮਾਣ ਲੱਗ ਪਿਆ। ਜੱਟ ਕਹਿੰਦਾ, "ਮਾਈ ਐਕਣ ਲੈਂਕਾ

ਨੂੰ ਅੱਗ ਲੱਗੀ ਸੀ ਤੇ ਐਕਣ ਹਨੂਮਾਨ ਉੱਪਰ ਟੱਪਦਾ ਸੀ।

ਉਹ ਕਹਿੰਦੀ, "ਦਾਦੇ ਮਗੌਣਿਆਂ ਮੈਂ ਥਾਣੇ ਜਾਊਂ।"
ਜੱਟ ਬੋਲਿਆ, "ਚੱਲ ਮਾਈ ਚਾਰ ਅਸੀਂ ਆਂ ਪੰਜਵੀਂ ਤੂੰ ਵੀ ਚੱਲ ਪੈ।"
ਪੰਜ ਜਣੇ ਸ਼ਹਿਰ ਪੁੱਜ ਗਏ। ਜੱਟ ਨੇ ਇੱਕ ਹੱਟੀ ਤੋਂ ਦੋ ਪੈਸੇ ਦੀਆਂ ਰਿਓੜੀਆਂ ਲੈ ਲਈਆਂ। ਗਹਾਂ ਸਪਾਹੀ ਖੜਾ ਸੀ। ਸਪਾਹੀ ਬੋਲਿਆ, "ਮੇਰੀ ਵੀ ਮਾੜੀ ਜਹੀ ਅੱਖ ਚੋਭ ਦੀ।"
ਜੱਟ ਨੇ ਸਲੰਘ ਮਾਰਕੇ ਸਿਪਾਹੀ ਦੀ ਅੱਖ ਕਾਣੀ ਕਰ ਦਿੱਤੀ।
ਸਪਾਹੀ ਕਹਿੰਦਾ, "ਚਲ ਠਾਣੇ।"
ਜੱਟ ਕਹਿੰਦਾ, "ਪੰਜ ਅਸੀਂ ਛੇਵਾਂ ਤੇ ਚਲਿਆ ਚੱਲ।"
ਛੇਈ ਠਾਣੇ ਚਲੇ ਗਏ। ਪਹਿਲਾਂ ਸਪਾਹੀ ਸੱਦ ਲਿਆ। ਠਾਣੇਦਾਰ ਕਹਿੰਦਾ, "ਕੀ ਗੱਲ ਐ?"
ਜੱਟ ਕਹਿੰਦਾ, "ਸਪਾਹੀ ਨੇ ਮੈਨੂੰ ਕਿਹਾ ਕਿ ਮੇਰੀ ਵੀ ਮਾੜੀ ਜਹੀ ਅੱਖ ਚੋਭ ਦੀ, ਮੈਂ ਸਲੰਘ ਨਾਲ ਇਹਦੀ ਅੱਖ ਕਾਣੀ ਕਰ ਦਿੱਤੀ।"
ਜੱਟ ਉਹਦੇ 'ਚੋਂ ਬਰੀ ਹੋ ਗਿਆ।
ਠਾਣੇਦਾਰ ਨੇ ਫੇਰ ਬੁੜ੍ਹੀ ਸੱਦੀ। ਠਾਣੇਦਾਰ ਕਹਿੰਦਾ, "ਮਾਈ ਕੀ ਗੱਲ ਐ।"
ਉਹ ਕਹਿੰਦੀ, "ਇਹ ਤੁਰੇ ਜਾਂਦੇ ਤੇ ਮੈਂ ਇਹਨਾਂ ਨੂੰ ਕਿਹਾ ਤੁਸੀਂ ਕਿੱਥੇ ਨੂੰ ਜਾਂਦੇ ਓ, ਇਹ ਕਹਿੰਦਾ ਲੈਂਕਾ ਨੂੰ। ਮੈਂ ਕਿਹਾ ਲੈਂਕਾ ਕਿਹੋ ਜਹੀ ਸੀ। ਜੱਟ ਨੇ ਚਰਖਾ ਰੱਖ ਕੇ ਝੁੱਗੀ ਨੂੰ ਅੱਗ ਲਾ ਦਿੱਤੀ, ਜਦ ਜਲਗੀ, ਚਰਖਾ ਘੁਮਾਣ ਲੱਗਾ ਤੇ ਕਹਿੰਦਾ ਏਕਣ ਲੈਂਕਾ ਨੂੰ ਅੱਗ ਲੱਗੀ ਸੀ ਤੇ ਏਕਣ ਹਨੁਮਾਨ ਉੱਪਰ ਟੱਪਦਾ ਸੀ।"
ਜੱਟ ਉਹਦੇ ਵਿੱਚੋਂ ਵੀਂ ਬਰੀ ਹੋ ਗਿਆ।
ਫੇਰ ਤੇਲੀ ਸੱਦ ਲਿਆ। ਤੇਲੀ ਨੂੰ ਠਾਣੇਦਾਰ ਕਹਿੰਦਾ, "ਕੀ ਗੱਲ ਐ।"
ਤੇਲੀ ਕਹਿੰਦਾ, "ਇਹਨੇ ਮੈਥੋਂ ਆਨੇ ਦਾ ਤੇਲ ਮੰਗਿਆ ਸੀ, ਮੈਥੋਂ ਥੱਲ੍ਹੇ ਡੁਲ੍ਹ ਗਿਆ, ਮੈਂ ਕਿਹਾ ਤੇਰੀ ਬਲਾ ਗਈ। ਜੱਟ ਨੇ ਮੇਰੇ ਸਾਰੇ ਕੁੱਪੇ ਡੋਲ੍ਹ ਦਿੱਤੇ ਤੇ ਕਿਹਾ, "ਤੇਰੀ ਵੀ ਬਲਾ ਗਈ।"
ਜੱਟ ਇਹਦੇ 'ਚੋਂ ਵੀ ਬਰੀ ਕਰ ਦਿੱਤਾ। ਠਾਣੇਦਾਰ ਨੇ ਫੇਰ ਦੋਨੋਂ ਜੱਟ ਤੀਵੀਂ ਸੱਦ ਲਏ। ਦੋਹਾਂ ਨੇ ਤੀਵੀਂ ਤੇ ਆਪਣਾ ਹੱਕ ਜਤਾਇਆ। ਠਾਣੇਦਾਰ ਕਹਿੰਦਾ, "ਤੀਵੀਂ ਉਹਦੀ ਐ, ਜੀਹਦੇ ਕੋਲ ਮੁੰਡਾ ਜਾਵੇ।"
ਜੱਟ ਨੇ ਮੁੰਡੇ ਨੂੰ ਰਿਓੜੀਆਂ ਵਖਾ ਦਿੱਤੀਆਂ। ਮੁੰਡਾ ਲਾਲਚ ਨਾਲ ਜੱਟ ਕੋਲ ਚਲਿਆ ਗਿਆ। ਠਾਣੇਦਾਰ ਨੇ ਤੀਵੀਂ ਉਸ ਜੱਟ ਨੂੰ ਸੰਭਾਲ ਦਿੱਤੀ। ਜੱਟ ਤੀਵੀਂ ਤੇ ਮੁੰਡਾ ਲੈ ਕੇ ਆਪਣੇ ਘਰ ਨੂੰ ਆ ਗਿਆ।

ਮੂਰਖ ਜੁਲਾਹਾ ਜੱਟ ਬਣਿਆਂ

ਇੱਕ ਵਾਰ ਦੀ ਗੱਲ ਹੈ ਇੱਕ ਜੁਲਾਹੇ ਨੂੰ ਖੇਤੀ ਕਰਨ ਦਾ ਸ਼ੌਕ ਜਾਗਿਆ. ਉਹ ਆਪਣੇ ਗੁਆਂਢੀ ਜੱਟ ਨੂੰ ਜਾ ਕੇ ਆਖਣ ਲੱਗਾ, "ਸਰਦਾਰਾ ਸਿਆਂ ਐਤਕੀਂ ਤੂੰ ਕੋਈ ਸਾਂਝੀ ਨਾ ਰਲਾਈਂ। ਆਪਾਂ ਦੋਏ ਰਲ ਕੇ ਪੰਚਾਇਤ ਆਲੀ ਜ਼ਮੀਨ ਚਗੋਤੇ ਤੇ ਲੈ ਲੈਨੇ ਆਂ। ਆਪਣੀ ਸਾਂਝ ਪੱਕੀ ਰਹੀ।"
ਜੱਟ ਤੇ ਜੁਲਾਹੇ ਨੇ ਸਾਂਝੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਜੱਟ ਚਲਾਕ ਤੇ ਮਚਲਾ ਸੀ-ਉਹ ਆਪ ਤਾਂ ਤੁਰ ਫਿਰ ਛੱਡਦਾ ਤੇ ਜੁਲਾਹੇ ਨੂੰ ਔਖੇ ਕੰਮ ਤੇ ਲਾ ਛੱਡਦਾ। ਜੁਲਾਹਾ ਬੜੇ ਚਾਅ ਨਾਲ ਕੰਮ ਕਰਦਾ।
ਕਮਾਦ ਦੀ ਫਸਲ ਪੱਕ ਕੇ ਤਿਆਰ ਹੋ ਗਈ। ਜੱਟ ਨੇ ਜੁਲਾਹੇ ਨੂੰ ਕਿਹਾ, "ਦੱਸ ਬਈ ਤੂੰ ਕਿਹੜਾ ਹਿੱਸਾ ਲੈਣੈ। ਉਪਰਾਲਾ ਜਾਂ ਥੱਲੇ ਦਾ।"
ਜੁਲਾਹੇ ਨੇ ਕਮਾਦ ਦੇ ਲਹਿ ਲਹਾਂਦੇ ਖੇਤ ਵੱਲ ਨਿਗਾਹ ਮਾਰੀ। ਉਸ ਨੂੰ ਹਰੇ ਕਚੂਰ ਆਗ ਚੰਗੇ ਲੱਗੇ, ਉਹਨੇ ਆਪਣੇ ਮਨ ਨਾਲ ਸਲਾਹ ਕੀਤੀ, "ਮੈਂ ਲੱਕੜੀਆਂ ਵਰਗੇ ਗੰਨਿਆਂ ਨੂੰ ਕੀ ਕਰਨੈ, ਹਰੇ ਕਚੂਰ ਆਗ ਮੈਂ ਆਪਣੇ ਪਸ਼ੂਆਂ ਨੂੰ ਪਾਊਂਗਾ।" ਮਨੋ ਮਨ ਸੋਚਕੇ ਜੁਲਾਹਾ ਬੋਲਿਆ, "ਉਪਰਲਾ ਹਿੱਸਾ ਮੇਰਾ ਤੇ ਥੱਲੇ ਦਾ ਤੇਰਾ।"
ਜੱਟ ਨੇ ਕਮਾਦ ਦੇ ਆਗ ਵੱਢ ਕੇ ਜੁਲਾਹੇ ਨੂੰ ਦੇ ਦਿੱਤੇ ਤੇ ਗੰਨੇ ਆਪ ਲੈ ਗਿਆ। ਜਦ ਜੁਲਾਹਾ ਆਗਾਂ ਦਾ ਭਰਿਆ ਗੱਡਾ ਲੈ ਕੇ ਘਰ ਆਇਆ ਤਾਂ ਉਹਦੀ ਜੁਲਾਹੀ ਉਹਦੇ ਮਗਰ ਪੈ ਗਈ, "ਜੇ ਬੰਦੇ ਨੂੰ ਆਪ ਅਕਲ ਨਾ ਹੋਵੇ ਤਾਂ ਦੂਜੇ ਤੋਂ ਉਧਾਰੀ ਮੰਗ ਲਵੇ। ਅਸਲ ਚੀਜ ਤਾਂ ਜੱਟ ਨੂੰ ਦੇ ਆਇਐਂ। ਗੰਨਿਆਂ ਦਾ ਰਸ ਕਾੜ੍ਹ ਕੇ ਜੱਟ ਨੇ ਤਾਂ ਗੁੜ ਬਣਾ ਲੈਣੈਂ ਤੇ ਤੂੰ ਇਹਨਾਂ ਆਗਾਂ ਨੂੰ ਵੇਖਦਾ ਰਹੀਂ। ਜੁਲਾਹੀ ਕਾਫੀ ਸਮਾਂ ਫਿਟ ਲਾਅਣਤਾਂ ਪਾਉਂਦੀ ਰਹੀ। ਜੁਲਾਹੇ ਨੂੰ ਬੜਾ ਅਫਸੋਸ ਹੋਇਆ। ਉਹਨੇ ਸੋਚਿਆ ਬਈ ਜੱਟ ਨੇ ਤਾਂ ਉਹਨੂੰ ਬੁੱਧੂ ਬਣਾ ਕੇ ਰਗੜਾ ਲਾ ਦਿੱਤੈ। ਖੈਰ ਉਹਨੇ ਜੱਟ ਨਾਲ ਬਿਗੜਨਾ ਠੀਕ ਨਾ ਸਮਝਿਆ। ਦੋ ਕੁ ਮਹੀਨਿਆਂ ਨੂੰ ਕਣਕ ਦੀ ਫਸਲ ਪੱਕਣ ਆਲੀ ਸੀ।
ਕਣਕ ਪੱਕ ਗਈ। ਜੁਲਾਹਾ ਜੱਟ ਨੂੰ ਆਖਣ ਲੱਗਾ, "ਅੱਗੇ ਤੂੰ ਮੂਰਖ ਬਣਾ ਕੇ ਥੱਲੇ ਦਾ ਪਾਸਾ ਆਪ ਲੈ ਗਿਐਂ ਐਤਕੀਂ ਨੀ ਮੈਂ ਮੂਰਖ ਬਣਨਾ। ਐਤਕੀਂ ਮੈਂ ਥੱਲੇ ਦਾ ਪਾਸਾ ਲਊਂਗਾ। ਉਪਰਲਾ ਪਾਸਾ ਤੇਰਾ ਰਿਹਾ।"
ਜੱਟ ਮਚਲਾ ਬਣਿਆ ਰਿਹਾ, "ਬਈ ਜਿਵੇਂ ਤੇਰੀ ਮਰਜ਼ੀ, ਅਸੀਂ ਤੇਰੇ ਤੋਂ ਨਾਬਰ ਆਂ।"
ਜੱਟ ਨੇ ਕਣਕ ਦੀਆਂ ਬੱਲੀਆਂ ਸਾਂਭ ਲਈਆਂ ਤੇ ਜੁਲਾਹਾ ਕਣਕ ਦੀ ਨਾਲੀ ਦਾ ਭਰਿਆ ਹੋਇਆ ਗੱਡਾ ਲੈ ਕੇ ਘਰ ਆ ਗਿਆ ਤੇ ਖੁਸ਼ੀ-ਖੁਸ਼ੀ ਜੁਲਾਹੀ ਨੂੰ ਆਖਣ

ਲੱਗਾ, "ਐਤਕੀਂ ਮੈਂ ਜੱਟ ਨੂੰ ਉੱਲੂ ਬਣਾ ਕੇ ਹੇਠਲਾ ਹਿੱਸਾ ਆਪ ਲੈ ਆਇਆਂ, ਅੱਗੇ ਤੂੰ ਹੇਠਲਾ ਹਿੱਸਾ ਨਾ ਲੈਣ ਕਰਕੇ ਮੇਰੇ ਮਗਰ ਪੈ ਗਈ ਸੀ। ਹੁਣ ਤਾਂ ਖ਼ਸ਼ ਐਂ ਨਾ।"

"ਖ਼ਸ਼ ਆਂ ਜਣਦਿਆਂ ਦਾ ਸਿਰ: ਤੂੰ ਉੱਲੂ ਦਾ ਉੱਲੂ ਰਿਹਾ। ਅਸਲ ਚੀਜ਼ ਬੱਲੀਆਂ ਜਿਨ੍ਹਾਂ ਵਿੱਚ ਕਣਕ ਸੀ ਉਹ ਤਾਂ ਜੱਟ ਲੈ ਗਿਐ...."

ਜੁਲਾਹਾ ਨਿਮੋਝੂਣ ਹੋਇਆ ਜੁਲਾਹੀ ਦੀਆਂ ਪੱਤੀਆਂ-ਠੰਢੀਆਂ ਸੁਣਦਾ ਰਿਹਾ। ਆਖਰ ਜੁਲਾਹੀ ਬੜੀ ਦੁਖੀ ਆਵਾਜ਼ ਵਿੱਚ ਕਹਿਣ ਲੱਗੀ:

ਮੂਰਖਾ ਤੂੰ ਕੀ ਜਾਣੇ ਖੇਤੀ ਦਾ ਸਿਰ ਮੁਢ
ਤਾਣੇ ਪੇਟੇ ਤੋਂ ਬਿਨਾਂ ਤੈਨੂੰ ਹੋਰ ਨਾ ਕੋਈ ਸੁਧ।

ਜੁਲਾਹਾ ਨਾਲੀ ਦੇ ਗੱਡੇ ਕੋਲ ਖੜੋਤਾ ਪਿੱਟਣ ਲੱਗਾ:———

ਲੱਖ ਲਾਹਨਤ ਈ ਖੇਤੀਏ
ਤੇਰਾ ਐਵੇਂ ਸੁਣਿਆਂ ਵੱਜ
ਸ਼ਾਬਾ ਤਾਣੇ ਪੇਟਿਆ
ਤੂੰ ਤੇ ਖਵਾਵੇਂ ਰੱਜ।

ਅਣਜਾਣ ਸਾਂਝੀ

ਇੱਕ ਵਾਰੀ ਇੱਕ ਜੱਟ ਨੇ ਇੱਕ ਜੁਲਾਹੇ ਨੂੰ ਆਪਣਾ ਕਾਮਾ ਰੱਖ ਲਿਆ। ਕਾਮੇ ਨੂੰ ਖੇਤੀ ਬਾੜੀ ਦੇ ਕੰਮ ਦੀ ਬਹੁਤੀ ਜਾਚ ਨਹੀਂ ਸੀ।ਜੱਟ ਨੂੰ ਕੋਈ ਹੋਰ ਕਾਮਾ ਨਾ ਮਿਲ ਸਕਿਆ ਜਿਸ ਕਰਕੇ ਉਸ ਨੂੰ ਜੁਲਾਹੇ ਨੂੰ ਰੱਖਣਾ ਪੈ ਗਿਆ ਸੀ। ਆਖਰ ਕੰਮ ਤਾਂ ਸਾਰਨਾ ਸੀ। ਖੇਤੀ ਕੱਲੇ ਕਾਰੇ ਦੇ ਕਰਨ ਦੀ ਕਦੋਂ ਹੈ-ਖੇਤੀ ਵਿੱਚ ਤਾਂ ਜਿੰਨੇ ਕਾਮੇ ਬਹੁਤੇ ਉੱਨੇ ਹੀ ਥੋਹੜੇ ਹੁੰਦੇ ਨੇਂ। ਇੱਕ ਦਿਨ ਜੱਟ ਨੂੰ ਕਿਧਰੇ ਬਾਹਰ ਜਾਣਾ ਪੈ ਗਿਆ। ਉਸ ਨੇ ਜਾਣ ਤੋਂ ਪਹਿਲਾਂ ਆਪਣੇ ਸਾਂਝੀ ਨੂੰ ਕਰਨ ਵਾਲੇ ਕੰਮ ਗਿਣਾ ਕੇ ਆਖਿਆ, "ਘਮਨਿਆ ਧਿਆਨ ਨਾਲ ਗੱਲ ਸੁਣ। ਆਪਣਾ ਕਪਾਹ ਵਾਲਾ ਖੇਤ ਵੱਤ ਆਜੂਗਾ ਸਵੇਰੇ ਜਾਂ ਪਰਸੋਂ। ਤੂੰ ਉਸ ਨੂੰ ਗੁੱਡ ਆਵੀਂ ਬੇਸ਼ਕ ਆਪਣੇ ਬਾਪੂ ਅਤੇ ਭਰਾ ਨੂੰ ਨਾਲ ਲੈ ਲਈਂ। ਦਿਹਾੜੀ ਦੇ ਦਿਆਂਗੇ। ਜੇ ਵੱਤੋਂ ਖੁੰਝ ਗਏ ਤਾਂ ਗੱਲ ਨਹੀਂ ਬਨਣੀ। ਮੇਰੇ ਆਉਂਦੇ ਨੂੰ ਖੇਤ ਗੁੱਡਿਆ ਹੋਵੇ। ਮੈਂ ਪੰਜ ਚਾਰ ਦਿਨਾਂ ਤੀਕਰ ਆ ਜਾਉਂਗਾ। ਨਾਲੇ ਡੰਗਰਾਂ ਦਾ ਵੀ ਧਿਆਨ ਰੱਖੀਂ। ਵੇਲੇ ਸਿਰ ਕੱਖ ਕੰਡਾ ਪਾਉਂਦਾ ਰਹੀਂ ਨਾਲੇ ਪਾਣੀ ਵੀ ਵੇਲੇ ਸਿਰ ਪਿਲਾ ਛੱਡੀ।

"ਚੰਗਾ ਸਰਦਾਰਾ! ਤੂੰ ਬੇਫਿਕਰ ਰਹੀਂ।..."
ਜੱਟ ਸਾਂਝੀ ਦੇ ਆਸਰੇ ਤੇ ਕੰਮ ਛੱਡ ਕੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਚਲਿਆ ਗਿਆ।
ਸਾਂਝੀ ਆਪਣੇ ਭਰਾ ਅਤੇ ਬਾਪੂ ਨੂੰ ਲੈ ਕੇ ਕਪਾਹ ਦੇ ਖੇਤ ਵਿੱਚ ਪੁੱਜ ਗਿਆ। ਉਹਨਾਂ ਦੇ ਸਾਹਮਣੇ ਕਪਾਹ ਦਾ ਖੇਤ ਖੱਬਲ ਅਤੇ ਡੀਲਿਆਂ ਨਾਲ ਭਰਿਆ ਪਿਆ ਸੀ-ਕਪਾਹ ਦੇ ਬੂਟੇ ਖੱਬਲ ਤੇ ਮੋਥੇ ਨਾਲ ਲੁਕੇ ਪਏ ਸਨ।
ਤਿੰਨੇ ਕਿਆਰੇ ਦੇ ਮੁੱਢ ਵਿੱਚ ਬੈਠੇ ਸੋਚ ਰਹੇ ਸੀ ਕਿ ਉਹ ਕੀ ਕਰਨ। ਉਨ੍ਹਾਂ ਨੂੰ ਸਮਝ ਨਹੀਂ ਸੀ ਆ ਰਹੀ ਗੋਡੀ ਕਿਵੇਂ ਕਰਨ। ਆਖਰ ਘਮਨੇ ਦੇ ਬਾਪੂ ਨੇ ਆਖਿਆ———
ਖੱਬਲ ਪਾਲੇ ਟੱਬਰ
ਡੀਲਾ ਮੇਰਾ ਕਬੀਲਾ
ਇਹ ਟਮਟਮੀ ਬੂਟੀ ਕਾਸ ਨੂੰ ਆਈ
ਉਹ ਖੱਬਲ ਮੋਥੇ ਅਤੇ ਡੀਲੇ ਨੂੰ ਛੱਡ ਕੇ ਟਮਟਮੀ ਬੂਟੀ ਕਪਾਹ ਨੂੰ ਹੀ ਵੱਢਣ ਲੱਗ ਪਏ। ਉਹ ਇਹ ਨਹੀਂ ਸਨ ਜਾਣਦੇ ਕਿ ਗੋਡੀ ਕਿਵੇਂ ਕਰੀਦੀ ਹੈ। ਸ਼ਾਮ ਤੀਕ ਉਹਨਾਂ ਨੇ ਸਾਰੇ ਖੇਤ ਵਿੱਚੋਂ ਕਪਾਹ ਦੇ ਬੂਟੇ ਵੱਢ ਸੁੱਟੇ। ਖੇਤ ਵਿੱਚ ਸਵਾਏ ਖੱਬਲ ਅਤੇ ਮੋਥੇ ਦੇ ਕੁਝ ਵੀ ਵਖਾਈ ਨਹੀਂ ਸੀ ਦੇ ਰਿਹਾ। ਜੁਲਾਹੇ ਕਪਾਹ ਦੇ ਖੇਤ ਦੀ ਗੋਡੀ ਕਰ ਕੇ ਖ਼ੁਸ਼ੀਆਂ ਵਿੱਚ ਨਹੀਂ ਸੀ ਸਮਾ ਰਹੇ। ਇਸ ਪ੍ਰਕਾਰ ਗੋਡੀ ਕਰਨ ਮਗਰੋਂ ਘਰ ਜਾਂਦੇ ਸਮੇਂ ਘਮਨੇ ਨੇ ਆਪਣੇ ਬਾਪ ਨੂੰ ਆਖਿਆ, "ਬਾਪੂ ਸਰਦਾਰ ਆਪਣੇ ਕੰਮ ਤੋਂ ਖ਼ੁਸ਼

ਹੋਉਗਾ ਬਈ ਮੇਰੇ ਆਉਂਦੇ ਨੂੰ ਘਮਨੇ ਨੇ ਸਾਰੇ ਕੰਮ ਟਿਚਨ ਕਰ ਦਿੱਤੇ ਨੇ।"

"ਆਹੋ ਪੁੱਤ! ਤੇਰੇ ਵਰਗਾ ਲੈਕ ਸਾਂਝੀ ਉਹਨੂੰ ਕਿਤੋਂ ਲਭਣੈ!" ਜੁਲਾਹਾ ਆਪਣੇ ਪੁੱਤ ਤੇ ਮਾਣ ਨਾ ਕਰਦਾ ਤਾਂ ਭਲਾ ਹੋਰ ਕੌਣ ਕਰਦਾ।
ਕਈ ਦਿਨਾਂ ਮਗਰੋਂ ਜੱਟ ਆਪਣੀ ਰਿਸ਼ਤੇਦਾਰੀ ਤੋਂ ਮੁੜਿਆ। ਜਦ ਉਹ ਆਪਣੇ ਖੇਤ ਵੱਲ ਫੇਰਾ ਮਾਰਨ ਗਿਆ ਤਾਂ ਕਪਾਹ ਦੇ ਖੇਤ ਨੂੰ ਵੇਖ ਕੇ ਉਹਦੇ ਹੋਸ਼ ਉੱਡ ਗਏ। ਸਾਰੀ ਕਪਾਹ ਵੱਢ੍ਹੀ ਪਈ ਸੀ। ਉਸ ਨੂੰ ਆਪਣੇ ਸਾਂਝੀ ਤੇ ਬੜਾ ਗੁੱਸਾ ਆਇਆ ਨਾਲ ਹਾਸਾ ਵੀ ਆ ਗਿਆ। ਉਹਨੇ ਸਾਂਝੀ ਪਾਸੋਂ ਇਸ ਬਾਰੇ ਪੁੱਛਿਆ, "ਓਏ ਜੁਲਾਹਿਆ ਗੋਡੀ ਇਸ ਤਰ੍ਹਾਂ ਕਰੀਦੀ ਹੈ-ਜਿਹੜੀ ਚੀਜ਼ ਵੱਢ੍ਹਣੀ ਸੀ ਉਹ ਤੂੰ ਨਹੀਂ ਵੱਢ੍ਹੀ ਤੂੰ ਤਾਂ ਸਾਰੀ ਫਸਲ ਤਬਾਹ ਕਰਕੇ ਰੱਖ ਦਿੱਤੀ ਐ....ਤੈਨੂੰ ਇਹ ਕਹੀਨੇ ਮੱਤ ਦਿੱਤੀ ਸੀ.....।"
ਸੱਚ ਹੈ ਖੇਤੀ ਅਣਜਾਣ ਬੰਦਿਆਂ ਦੇ ਕਰਨ ਦੀ ਨਹੀਂ।

ਚੁਗਲਖੋਰ

ਇੱਕ ਜੱਟ ਨੂੰ ਇੱਕ ਕਾਮੇ ਦੇ ਲੋੜ ਸੀ। ਲਭਦਿਆਂ-ਲਭਦਿਆਂ ਉਸ ਨੂੰ ਇੱਕ ਹੱਡਾਂ ਪੈਰਾਂ ਦਾ ਨਰੋਆ ਕਾਮਾ ਲੱਭ ਗਿਆ।
ਜੱਟ ਨੇ ਕਾਮੇ ਦੀ ਤਨਖਾਹ ਪੁੱਛੀ।
"ਬਸ ਸਰਦਾਰਾ ਰੋਟੀ ਕਪੜਾ ਅਤੇ ਛੇ ਮਹੀਨੇ ਮਗਰੋਂ ਇੱਕ ਅੱਧ ਚੁਗ਼ਲੀ।" ਕਾਮੇ ਨੇ ਆਪਣੀ ਨੌਕਰੀ ਦੀ ਸ਼ਰਤ ਪੇਸ਼ ਕਰ ਦਿੱਤੀ।
"ਮੈਨੂੰ ਮਨਜ਼ੂਰ ਹੈ।" ਜੱਟ ਨੇ ਕਾਮੇ ਦੀ ਸ਼ਰਤ ਪਰਵਾਨ ਕਰ ਲਈ। ਰੋਟੀ ਕਪੜੇ ਤੇ ਜੱਟ ਨੂੰ ਕਾਮਾ ਮਿਲਦਾ ਸੀ-ਉਸ ਨੂੰ ਭਲਾ ਹੋਰ ਕੀ ਚਾਹੀਦਾ ਸੀ। ਚੁਗਲੀ ਦੀ ਜੱਟ ਨੇ ਕੋਈ ਪਰਵਾਹ ਨਾ ਕੀਤੀ।
ਕਾਮਾ ਬੜੇ ਚਾਵਾਂ ਨਾਲ ਜੱਟ ਨਾਲ ਕੰਮ ਕਰਦਾ ਰਿਹਾ। ਇਸ ਪ੍ਰਕਾਰ ਛੇ ਮਹੀਨੇ ਬਤੀਤ ਹੋ ਗਏ। ਕੋਈ ਘਟਨਾ ਨਾ ਵਾਪਰੀ।
ਆਖਰ ਇੱਕ ਦਿਨ ਕਾਮੇ ਨੇ ਜੱਟੀ ਨੂੰ ਆਖਿਆ, "ਤੇਰੇ ਘਰ ਵਾਲਾ ਤਾਂ ਕੋਹੜੀ ਹੋ ਗਿਐ।"
"ਹੈਂ ਦਾਦੇ ਮਗੌਣਾ ਕਿਹੜੀਆਂ ਗੱਲਾਂ ਕਰਦੈ, ਤੇਰਾ ਕਿਧਰੇ ਡਮਾਕ ਤਾਂ ਨੀ ਫਿਰ ਗਿਆ?" ਜੱਟੀ ਨੇ ਅੱਗੋਂ ਮੋੜਵਾਂ ਉੱਤਰ ਦਿੱਤਾ।
ਕਾਮੇ ਨੇ ਹਿੱਕ ਥਾਪੜ ਕੇ ਆਖਿਆ, "ਮੇਰੇ ਸਿਰ ਸੌ ਛਿੱਤਰ ਮਾਰੀਂ ਜੇ ਮੇਰੀ ਗੱਲ 'ਚ ਝੂਠ ਹੋਵੇ। ਜਿਹੜਾ ਆਦਮੀ ਕੋਹੜੀ ਹੋ ਜਾਵੇ ਉਸ ਦਾ ਸਾਰਾ ਸਰੀਰ ਸਲੂਣਾ ਸਲੂਣਾ ਹੋ ਜਾਂਦੈ, ਬੇਸ਼ਕ ਚੱਟ ਕੇ ਵੇਖ ਲਈਂ ਸਵੇਰੇ।"
"ਮੈਂ ਇਸ ਗੱਲ ਦਾ ਜ਼ਰੂਰ ਪਰਤਿਆਵਾ ਲਊਂਗੀ ਸਵੇਰੇ ਰੋਟੀ ਦੇਣ ਆਈਂ" ਜੱਟੀ ਜਾਣੋ ਸੱਚ ਮੰਨ ਗਈ।
ਦੂਜੇ ਬੰਨੇ ਚੁਗਲਖੋਰ ਕਾਮਾ ਜੱਟ ਪਾਸ ਜਾ ਕੇ ਕਹਿਣ ਲੱਗਾ, "ਸਰਦਾਰਾ ਤੂੰ ਤਾਂ ਆਪਣੇ ਕੰਮ ਜੁਟਿਆ ਫਿਰਦੈ ਓਧਰ ਤੇਰੇ ਘਰ ਵਾਲੀ ਹਲਕੀ ਫਿਰਦੀ ਐ ... ਜਣੇ ਖਣੇ ਨੂੰ ਵੱਢਣ ਨੂੰ ਪੈਂਦੀ ਐ।"
ਜੱਟ ਸੁਣ ਕੇ ਚੁੱਪ ਕਰ ਰਿਹਾ ਪਰ ਉਹਦੇ ਮਨ ਵਿੱਚ ਆਪਣੀ ਜੱਟੀ ਪ੍ਰਤੀ ਸ਼ੰਕੇ ਪੈਦਾ ਹੋ ਗਏ-ਖੌਰੇ ਸਚਮੁਚ ਹੀ ਹਲਕ ਗਈ ਹੋਵੇ।
ਮਾਲਕ ਤੀਵੀਂ ਦੋਹਾਂ ਦੇ ਮਨਾਂ ਵਿੱਚ ਭਰਮ ਪਾ ਕੇ ਚੁਗਲਖੋਰ ਜੱਟੀ ਦੇ ਭਰਾਵਾਂ ਕੋਲ ਜਾ ਕੇ ਆਖਣ ਲੱਗਾ, "ਸਰਦਾਰੋ ਮੈਂ ਚਾਹੁੰਦਾ ਤਾਂ ਨਹੀਂ ਸੀ ਤੁਹਾਡੇ ਕੋਲ ਜਾ ਕੇ ਕੋਈ ਗੱਲ ਕਰਦਾ। ਮੈਂ ਆਪਣੇ ਮਾਲਕ ਦਾ ਨਮਕ ਖਾ ਕੇ ਹਰਾਮ ਨਹੀਂ ਕਰਨਾ ਚਾਹੁੰਦਾ। ਪਰ ਦਿਆ ਵੀ ਕੋਈ ਚੀਜ਼ ਐ... ਮੇਰੇ ਪਾਸੋਂ ਜਰ ਨਹੀਂ ਹੁੰਦਾ। ਤੁਹਾਡਾ ਭਣੋਈਆ ਤੁਹਾਡੀ ਭੈਣ ਨੂੰ ਹਰ ਰੋਜ਼ ਖੇਤਾਂ ਵਿੱਚ ਪਰੈਣੀਆਂ ਨਾਲ ਕੁੱਟਦੈ। ਬੇਸ਼ਕ

ਸਵੇਰੇ ਜਾ ਕੇ ਵੇਖ ਲੈਣਾ।"

ਉਨ੍ਹਾਂ ਨੂੰ ਕਾਮੇ ਦੀ ਗੱਲ ਤੇ ਪੂਰਾ ਯਕੀਨ ਆ ਗਿਆ, "ਅਸੀਂ ਸਾਰੇ ਸਵੇਰੇ ਆਵਾਂਗੇ ਤੇ ਵੇਖਾਂਗੇ ਕਿ ਸਾਡੀ ਭੈਣ ਨੂੰ ਕਿਵੇਂ ਕੁੱਟਦਾ ਹੈ।"
ਜੱਟੀ ਦੇ ਭਰਾਵਾਂ ਕੋਲੋਂ ਹੋ ਕੇ ਉਹ ਸਿੱਧਾ ਜੱਟ ਦੇ ਭਰਾਵਾਂ ਪਾਸ ਆਇਆ ਤੇ ਉਹਨਾਂ ਨੂੰ ਆਖਿਆ, "ਦੋ ਭਾਂਡੇ ਹੁੰਦੇ ਨੇ ਤੇ ਆਪਸ ਵਿੱਚ ਖੜਕਦੇ ਹੀ ਨੇ। ਤੁਸੀਂ ਭਰਾਵਾਂ ਨੇ ਤਾਂ ਭਲਾ ਲੜਨਾ ਝਗੜਨਾ ਹੋਇਆ। ਤੁਸੀਂ ਫੇਰ ਭਾਈਆਂ ਦੇ ਭਾਈ ਹੋ। ਇੱਕੋ ਮਾਂ ਦਾ ਸੀਰ ਚੁੰਘਿਆ ਹੈ ਪਰ ਕੋਈ ਦੂਜਾ ਤੁਹਾਡੇ ਭਾਈ ਨੂੰ ਕਿਵੇਂ ਦਬਾਵੇ? ਤੁਹਾਡੇ ਭਾਈ ਦੇ ਸਾਲੇ ਉਹਨੂੰ ਕੱਲਾ ਜਾਣ ਕੇ ਦੂਜੇ ਤੀਜੇ ਦਿਨ ਉਸ ਦੇ ਆ ਦੁਆਲੇ ਹੁੰਦੇ ਨੇ ਉਹਨੂੰ ਮਾਰਦੇ ਕੁੱਟਦੇ ਨੇ। ਜੇਕਰ ਤੁਸੀਂ ਮੇਰੇ ਤੇ ਇਤਬਾਰ ਨਹੀਂ ਕਰਦੇ ਤਾਂ ਬੇਸ਼ਕ ਭਲਕੇ ਆ ਕੇ ਆਪਣੀਆਂ ਅੱਖਾਂ ਨਾਲ ਵੇਖ ਲੈਣਾ...."
ਭਾਈ ਭਾਵੇਂ ਲੱਖ ਇੱਕ ਦੂਜੇ ਨਾਲ ਵੱਟੇ ਹੋਣ ਪਰ ਆਪਣੇ ਭਰਾ ਦੀ ਬੇਇਜ਼ਤੀ ਨਹੀਂ ਬਰਦਾਸ਼ਤ ਕਰ ਸਕਦੇ। ਉਹਨਾਂ ਦੇ ਮਨ ਵਿੱਚ ਆਪਣੇ ਭਰਾ ਲਈ ਹਮਦਰਦੀ ਜਾਗੀ। ਉਹਨਾਂ ਨੇ ਆਪਣੇ ਭਰਾ ਦੇ ਸਾਲਿਆਂ ਨੂੰ ਪੰਜ ਸੱਤ ਗਾਲ੍ਹਾਂ ਕੱਢ ਕੇ ਆਖਿਆ, "ਅਸੀਂ ਡਾਂਗਾਂ ਲੈ ਕੇ, ਖੇਤ ਵਿੱਚ ਕੱਲ੍ਹ ਨੂੰ ਜ਼ਰੂਰ ਆਵਾਂਗੇ। ਦੇਖਦੇ ਆਂ ਉਹਨੂੰ ਕਿਹੜਾ ਮਾਈ ਦਾ ਲਾਲ ਹੱਥ ਲਾਉਂਦੈ।"
ਦੂਜੀ ਭਲਕ ਜੱਟ ਸਵੇਰੇ ਸਾਜਰੇ ਹੀ ਆਪਣੇ ਕੰਮ ਵਿੱਚ ਰੁਝ ਗਿਆ। ਚੁਗਲਖੋਰ ਵੀ ਉਹਦੇ ਨਾਲ ਹੀ ਮਚਲਾ ਬਣ ਕੇ ਕੰਮ ਕਰਵਾਉਂਦਾ ਰਿਹਾ।
ਦਿਨ ਚੜ੍ਹੇ ਜੱਟੀ ਆਪਣੇ ਘਰ ਵਾਲੇ ਅਤੇ ਕਾਮੇ ਦੀ ਰੋਟੀ ਲੈ ਕੇ ਖੇਤ ਵਿੱਚ ਆਈ।
ਜੱਟੀ ਨੂੰ ਵੇਖ ਕੇ ਚੁਗਲਖੋਰ ਮਨੋ ਮਨੀ ਹੱਸਿਆ। ਜੱਟੀ ਲੱਸੀ ਦਾ ਝੱਕਰਾ ਅਤੇ ਰੋਟੀਆਂ ਦਾ ਛਿੱਕੂ ਉਹਨਾਂ ਦੇ ਵਿਚਕਾਰ ਰੱਖ ਕੇ ਬੈਠ ਗਈ। ਜੱਟ ਡਰਦਾ ਮਾਰਿਆ ਦੂਰ-ਦੂਰ ਜਾਵੇ ਤੇ ਜੱਟੀ ਪਰਤਾਵਾ ਲੈਣ ਦੀ ਮਾਰੀ ਨੇੜੇ-ਨੇੜੇ ਹੋਵੇ। ਜਦੋਂ ਜੱਟੀ ਨੇ ਲੱਸੀ ਦਾ ਭਰਿਆ ਛੰਨਾ ਆਪਣੇ ਜੱਟ ਵੱਲ ਵਧਾਇਆ ਤੇ ਅੱਗੋਂ ਜੱਟ ਆਪਣੇ ਹੱਥ ਵਧਾ ਕੇ ਛੰਨਾ ਫੜਨ ਲੱਗਾ ਤਾਂ ਜੱਟੀ ਨੇ ਝੱਟ ਰੋਟੀ ਵਿਚਾਲੇ ਛੱਡ ਕੇ ਉਹਦੀ ਨੰਗੀ ਬਾਂਹ ਵੱਲ ਮੂੰਹ ਵਧਾਇਆ ਤਾਂ ਜੋ ਉਸ ਨੂੰ ਚੱਖ ਕੇ ਵੇਖ ਸਕੇ।
ਜੱਟ ਇੱਕ ਦਮ ਤ੍ਰਬਕ ਗਿਆ, "ਇਹ ਤਾਂ ਸੱਚੀਓਂ ਹਕ ਗਈ ਐ" ਆਖਦਿਆਂ ਪਰਾਣੀ ਚੁੱਕ ਕੇ ਜੱਟੀ ਨੂੰ ਮਾਰਨਾ ਸ਼ੁਰੂ ਕਰ ਦਿੱਤਾ।
ਜੱਟੀ ਦੇ ਭਾਈ ਵੀ ਨੇੜੇ ਹੀ ਲੁਕੇ ਬੈਠੇ ਸੀ, ਝੱਟ ਡਾਂਗਾਂ ਲੈ ਕੇ ਜੱਟ ਦੇ ਆ ਦੁਆਲੇ ਹੋਏ। ਉਹ ਕੁੱਟ ਹੀ ਰਹੇ ਸਨ ਕਿ ਜੱਟ ਦੇ ਭਰਾਵਾਂ ਨੇ ਵੀ ਦੂਰੋਂ ਹੀ ਆ ਲਲਕਾਰਾ ਮਾਰਿਆ, "ਜਾਇਓ ਨਾ ਬਈ-ਅੱਜ ਨਹੀਂ ਜਿਊਂਦੇ ਜਾਣ ਦੇਂਦੇ ਤੁਹਾਨੂੰ। ਤੁਸੀਂ ਵੀ ਸਾਡੇ ਭਰਾ ਨੂੰ ਕੱਲਾ ਤਕਾਇਐ।"
ਬਸ ਫੇਰ ਕੀ ਸੀ।ਦੇ ਡਾਂਗ ਤੇ ਡਾਂਗ: ਸਾਰਿਆਂ ਦੀ ਜਦੋਂ ਬੱਸ ਹੋ ਗੀ। ਪੰਜ ਚਾਰ ਮੁਧੇ ਵੀ ਪੈ ਗਏ ਤਦ ਕਿਤੇ ਜਾ ਕੇ ਅਸਲੀ ਗੱਲ ਦਾ ਪਤਾ ਲੱਗਿਆ-ਇਹ ਤਾਂ ਚੁਗਲੀ ਦੇ ਕਾਰੇ ਹਨ-ਗੱਲ ਅਸਲ ਵਿੱਚ ਕੁੱਝ ਵੀ ਨਹੀਂ ਸੀ।

ਵਾਹੀ ਦੀ ਕਾਰ

ਇੱਕ ਵਾਰੀ ਦੀ ਗੱਲ ਹੈ ਕਿ ਇੱਕ ਜੱਟੀ ਆਪਣੇ ਜੱਟ ਦੀ ਰੋਟੀ ਲੈ ਕੇ ਦੇਰ ਨਾਲ ਖੇਤ ਵਿੱਚ ਪੁੱਜੀ। ਜੱਟ ਤੜਕੇ ਦਾ ਹੱਲ ਵਾਹ ਰਿਹਾ ਸੀ-ਭੁੱਖ ਦੇ ਕਾਰਨ ਉਸ ਦਾ ਬੁਰਾ ਹਾਲ ਹੋ ਰਿਹਾ ਸੀ। ਉਸ ਨੂੰ ਰੋਟੀ ਦੇਰ ਨਾਲ ਆਉਣ ਤੇ ਆਪਣੀ ਤੀਵੀਂ ਤੇ ਬੜਾ ਗੁੱਸਾ ਆਇਆ। ਉਹ ਉਸ ਨੂੰ ਝਾੜਨ ਲੱਗਾ। ਅੱਗੋਂ ਜੱਟੀ ਨੇ ਜੱਟ ਦਾ ਮਖੌਲ ਉਡਾਕੇ ਆਖਿਆ:
ਹਲੇ ਦਾ ਕੀ ਵਾਹੁਣ ਏ
ਤੇ ਪਿੱਛੇ-ਪਿੱਛੇ ਜਾਣ ਏ
ਘਾਹੇ ਦਾ ਕੀ ਕੱਪਣ ਏ
ਭਰ ਕਲਾਵੇ ਸੱਟਣ ਏ
ਔਖਾ ਪੀਹਣ ਪਕਾਣ ਏ
ਸੌਖਾ ਬਹਿਕੇ ਖਾਣ ਏ
ਜੱਟ ਇਹ ਗੱਲ ਸੁਣ ਕੇ ਹੱਸਣ ਲੱਗ ਪਿਆ ਤੇ ਆਪਣੀ ਘਰ ਵਾਲੀ ਨੂੰ ਕਹਿਣ ਲੱਗਾ, "ਭਾਗਵਾਨੇ ਕੱਲ੍ਹ ਨੂੰ ਤੂੰ ਹਲ ਵਾਹੀਂ, ਮੈਂ ਤੇਰੇ ਲਈ ਰੋਟਾ ਪਕਾ ਕੇ ਭੱਤਾ ਲੈਕੇ ਆਉਂਗਾ। ਫੇਰ ਤੈਨੂੰ ਪਤਾ ਲੱਗ ਜਾਵੇਗਾ ਕਿ ਕਿਹੜਾ ਕੰਮ ਸੌਖਾ ਏ ਤੇ ਕਿਹੜਾ ਔਖਾ।
ਉਹਦੀ ਤੀਵੀਂ ਨੇ ਇਹ ਗੱਲ ਮੰਨ ਲਈ।
ਦੂਜੀ ਭਲਕ ਜੱਟੀ ਹਲ਼ ਜੋੜਕੇ ਖੇਤ ਨੂੰ ਚਲੀ ਗਈ ਤੇ ਜੱਟ ਘਰ ਦਾ ਕੰਮ ਧੰਦਾ ਕਰਨ ਲੱਗਾ। ਆਟਾ ਗੁੰਨ੍ਹਣ ਲੱਗਿਆਂ ਜੱਟ ਨੇ ਇੱਕ ਫਟੇ ਕਮੀਜ਼ ਦੀਆਂ ਲੀਰਾਂ ਬਣਾਕੇ ਆਟੇ ਵਿੱਚ ਗੁੰਨ੍ਹ ਦਿੱਤੀਆਂ ਅਤੇ ਰੋਟੀ ਪਕਾਕੇ ਖੇਤ ਵੱਲ ਤੁਰ ਪਿਆ। ਰੋਟੀਆਂ ਵੀ ਅੱਧ ਕੱਚੀਆਂ ਅਤੇ ਲੂਹੀਆਂ ਪਈਆਂ ਸਨ। ਓਧਰ ਜੱਟੀ ਹਲ ਚਲਾਕੇ ਹਾਲੋਂ ਬੇਹਾਲ ਹੋਈ ਪਈ ਸੀ ਅਤੇ ਭੁੱਖ ਨਾਲ ਉਸ ਦਾ ਬੁਰਾ ਹਾਲ ਹੋ ਰਿਹਾ ਸੀ ਅਤੇ ਉਹ ਅੱਡੀਆਂ ਚੁੱਕ-ਚੁੱਕ ਰੋਟੀ ਦੀ ਉਡੀਕ ਕਰ ਰਹੀ ਸੀ।
ਜੱਟ ਨੇ ਸੜੀਆਂ ਲੂਹੀਆਂ ਰੋਟੀਆਂ ਜੱਟੀ ਦੇ ਅੱਗੇ ਰੱਖ ਦਿੱਤੀਆਂ।ਉਹ ਗੜੱਪ ਗੜੱਪ ਕਰਕੇ ਖਾ ਗਈ। ਉਸਨੂੰ ਇਹ ਵੀ ਪਤਾ ਨਾ ਲੱਗਾ ਕਿ ਰੋਟੀਆਂ ਵਿੱਚ ਲੀਰਾਂ ਪਾਈਆਂ ਹੋਈਆਂ ਹਨ। ਜਦੋਂ ਜੱਟੀ ਰੋਟੀ ਖਾ ਬੈਠੀ ਤਾਂ ਜੱਟ ਨੇ ਹੱਸ ਕੇ ਆਖਿਆ,
ਵਾਹ ਨੀ ਮੇਰੀਏ ਰਾਣੀਏਂ
ਡਾਹਢੀ ਭੁੱਖਣ ਭਾਣੀਏਂ
ਚੋਲੀ ਖਾਧੀ ਆ
ਸਣ ਤਾਣੀਏਂ

ਜੱਟੀ ਨੂੰ ਹੁਣ ਅਹਿਸਾਸ ਹੋ ਗਿਆ ਸੀ ਕਿ ਹਲ ਵਾਹੁਣ ਵਿੱਚ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਤੇ ਭੁੱਖ ਨਾਲ ਬੰਦੇ ਦੀ ਕੀ ਹਾਲਤ ਹੋ ਜਾਂਦੀ ਹੈ। ਵਾਹੀ ਕਿੰਨਾ ਔਖੇਰਾ ਕੰਮ ਹੈ। ਧੰਨ ਹਨ ਉਹ ਲੋਕ ਜਿਹੜੇ ਐਡੀ ਸਖਤ ਮਿਹਨਤ ਕਰਦੇ ਨੇ।

ਏਕਾ

ਪੁਰਾਣੀ ਗੱਲ ਹੈ। ਇੱਕ ਜੱਟ ਦੇ ਚਾਰ ਪੁੱਤ ਸਨ ਪਰ ਚਾਰੇ ਨਕੰਮੇ। ਹਰ ਸਮੇਂ ਆਪਸ ਵਿੱਚ ਅਤੇ ਲੋਕਾਂ ਨਾਲ ਲੜਦੇ ਝਗੜਦੇ ਰਹਿੰਦੇ। ਜੱਟ ਵਿਚਾਰਾ ਉਹਨਾਂ ਤੋਂ ਬਹੁਤ ਦੁਖੀ ਸੀ।ਉਹਨੇ ਉਨ੍ਹਾਂ ਨੂੰ ਬਥੇਰਾ ਸਮਝਾਇਆ, ਪਰ ਕਿਸੇ ਨੇ ਇੱਕ ਨਾ ਮੰਨੀ ਅਖ਼ੀਰ ਉਹ ਬੀਮਾਰ ਪੈ ਗਿਆ।
ਬੀਮਾਰੀ ਟੁੱਟਣ ’ਚ ਨਾ ਆਵੇ। ਉਹ ਨੂੰ ਆਪਣੇ ਇਲਤੀ ਅਤੇ ਨਾਲਾਇਕ ਮੁੰਡਿਆਂ ਦਾ ਝੋਰਾ ਲੱਗਿਆ ਹੋਇਆ ਸੀ। ਉਹ ਸੋਚਦਾ ਮੇਰੀ ਮੌਤ ਤੋਂ ਮਗਰੋਂ ਉਹ ਕਿਵੇਂ ਗੁਜਾਰਾ ਕਰਨਗੇ।
ਇੱਕ ਦਿਨ ਉਹਦਾ ਜੀ ਕੁਝ ਵਧੇਰੇ ਹੀ ਤੰਗ ਹੋ ਗਿਆ। ਸਾਹ ਵੀ ਕੁਝ ਖਿਚਵਾਂ ਹੋ ਗਿਆ। ਉਹਨੇ ਆਪਣੇ ਚੁਹਾਂ ਪੁੱਤਾਂ ਨੂੰ ਕੋਲ ਬੁਲਾਇਆ-ਖਬਰੇ ਆਖਰੀ ਸਮੇਂ ਦੀ ਆਖੀ ਹੋਈ ਗੱਲ ਇਹਨਾਂ ਦੀ ਮੱਤ ਟਕਾਣੇ ਲੈ ਆਵੇ। | ਚਾਰੇ ਪੁੱਤਰ, ਬੀਮਾਰ ਪਿਓ ਦੇ ਮੰਜੇ ਦੇ ਆਲੇ-ਦੁਆਲੇ ਆ ਕੇ ਬਹਿ ਗਏ। ਪਿਓ ਨੇ ਇੱਕ ਮੁੰਡੇ ਨੂੰ ਸੂਤ ਦੀ ਇੱਕ ਅੱਟੀ ਦੇ ਕੇ ਆਖਿਆ, "ਲੈ ਪੁੱਤਰ ਏਸ ਅੱਟੀ ਵਿੱਚੋਂ ਇੱਕ ਤੰਦ ਤੋੜ ਦੇ।"
ਮੁੰਡੇ ਨੇ ਅੱਟੀ ਫੜ, ਉਸ ਵਿੱਚੋਂ ਇੱਕ ਤੰਦ ਅੱਡ ਕੀਤੀ ਤੇ ਉਹਨੂੰ ਬੜੀ ਸੌਖ ਨਾਲ ਤੋੜ ਦਿੱਤਾ।
ਫੇਰ ਉਸ ਨੇ ਇਸੇ ਤਰ੍ਹਾਂ ਦੂਜੇ ਪੁੱਤਰਾਂ ਪਾਸੋਂ ਕਰਵਾਇਆ।
ਚੂਹਾਂ ਨੇ ਬੜੀ ਸੌਖ ਨਾਲ ਧਾਗੇ ਤੋੜ ਦਿੱਤੇ। ਚਾਰੇ ਪੁੱਤਰ ਆਪਣੇ ਬੁੱਢੇ ਬਾਪ ਦੇ ਇਸ ਕਰਤਵ ਨੂੰ ਬੜੀ ਉਤਸੁਕਤਾ ਨਾਲ ਵੇਖ ਰਹੇ ਸੀ।
ਇਸ ਮਗਰੋਂ ਬੁੱਢੇ ਨੇ ਫੇਰ ਪਹਿਲੇ ਮੁੰਡੇ ਨੂੰ ਅੱਟੀ ਫੜਾਈ ਤੇ ਆਖਿਆ, "ਤੂੰ ਇਸੇ ਪੁਰੀ ਅੱਟੀ ਨੂੰ ਵਿਚਾਲਿਓਂ ਤੋੜ ਕੇ ਵਿਖਾ।"
ਉਹਨੇ ਪੂਰਾ ਜ਼ੋਰ ਲਾਇਆ ਪਰ ਅੱਟੀ ਨਾ ਟੁੱਟ ਸਕੀ।
ਇਸੇ ਪ੍ਰਕਾਰ ਚਾਰੇ ਜ਼ੋਰ ਲਾ ਥੱਕੇ ਪਰ ਅੱਟੀ ਨੂੰ ਕੋਈ ਵੀ ਤੋੜ ਨਾ ਸਕਿਆ।
ਚਾਰੇ ਆਪਣਾ ਜ਼ੋਰ ਲਾ ਕੇ ਹੰਭ ਚੁੱਕੇ ਸੀ ਅਤੇ ਉਹਨਾਂ ਦੇ ਮੂੰਹ ਲਾਲ ਸੂਹੇ ਹੋ ਗਏ ਸੀ।
ਅੰਤ ਪਿਓ ਨੇ ਉਹਨਾਂ ਦੀ ਇਹ ਹਾਲਤ ਵੇਖ ਕੇ ਆਖਿਆ, "ਪੁੱਤਰੋ: ਇਹ ਸਾਰਾ ਕੁਝ ਕਰਵਾ ਕੇ ਦੱਸਣ ਦਾ ਮੇਰਾ ਬਸ ਇਹੋ ਮਤਲਬ ਏ ਬਈ ਏਕੇ ਵਿੱਚ ਕਿੰਨੀ ਤਾਕਤ ਹੁੰਦੀ ਐ। ਜੇ ਤੁਸੀਂ ਆਪੋ ਵਿੱਚ ਫਟੇ ਰਹੇ ਅਤੇ ਰਲ ਕੇ ਕੰਮ ਨਾ ਕੀਤਾ ਤਾਂ ਕੋਈ ਵੀ ਤੁਹਾਨੂੰ ਕੱਚੀ ਤੰਦ ਵਾਂਗ ਤੋੜ ਸਕਦੈ। ਜੇ ਇੱਕ ਹੋਕੇ ਰਹੇ ਤਾਂ ਅੱਟੀ ਵਾਂਗੂੰ ਤੁਹਾਨੂੰ ਕੋਈ ਵੀ ਤੋੜ ਨਹੀਂ ਸਕਦਾ।"
ਐਨੀ ਗੱਲ ਆਖਣ ਦੀ ਦੇਰ ਸੀ ਕਿ ਬੁੱਢੇ ਨੂੰ ਮੁੜ ਕੇ ਸਾਹ ਨਾ ਆਇਆ।

ਚੂਹਾਂ ਪੁੱਤਰਾਂ ਨੇ ਬੁੱਢੇ ਦੀ ਆਖੀ ਹੋਈ ਗੱਲ ਪੱਲੇ ਬੰਨ੍ਹ ਲਈ ਅਤੇ ਰਲ ਕੇ ਖੇਤੀ ਕਰਨ ਲੱਗੇ। ਉਹਨਾਂ ਦੇ ਮੁਕਾਬਲੇ ਦਾ ਹੁਣ ਪਿੰਡ ਵਿੱਚ ਦੂਜਾ ਲਾਣਾ ਨਹੀਂ ਸੀ।

ਦੱਬਿਆ ਖਜ਼ਾਨਾ

ਇੱਕ ਬੁੱਢਾ ਜੱਟ ਮਰਨ ਕੰਢੇ ਪੁੱਜਿਆ ਹੋਇਆ ਸੀ। ਉਸ ਦਾ ਦੰਮ ਨਹੀਂ ਸੀ ਨਿਕਲ ਰਿਹਾ। ਉਸ ਨੂੰ ਆਪਣੇ ਨਖੱਟੂ ਪੁੱਤਾਂ ਦਾ ਖੌ ਖਾਈ ਜਾ ਰਿਹਾ ਸੀ। ਉਸ ਦੇ ਪੁੱਤ ਐਨੇ ਆਲਸੀ ਸੀ ਨਾ ਤਾਂ ਉਹ ਸਮੇਂ ਸਿਰ ਵਾਹੀ ਕਰਦੇ ਸੀ ਨਾ ਸਮੇਂ ਸਿਰ ਫਸਲ ਬੀਜਦੇ ਸੀ। ਨਾ ਹੀ ਸਮੇਂ ਸਿਰ ਫਸਲ ਦੀ ਸਿੰਜਾਈ ਕਰਦੇ ਸੀ। ਬੁੱਢਾ ਹਰ ਸਮੇਂ ਉਨ੍ਹਾਂ ਦੇ ਮਗਰ ਪਿਆ ਰਹਿੰਦਾ ਤਦ ਕਿਤੇ ਜਾ ਕੇ ਕੱਖ ਭੰਨਕੇ ਦੁਹਰਾ ਕਰਦੇ।

ਬੁੱਢਾ ਸੋਚ ਰਿਹਾ ਸੀ-ਮੇਰੇ ਮਗਰੋਂ ਖੇਤੀ ਕਿਵੇਂ ਚੱਲੂਗੀ...ਮੇਰੇ ਪੋਤੇ-ਪੋਤੀਆਂ ਕਿਵੇਂ ਪਲਣਗੇ.....ਜੇ ਇਹਨਾਂ ਦਾ ਖੇਤੀ ਵਿੱਚ ਮੋਹ ਪੈ ਜਾਵੇ ਤਾਂ ਵਾਰੇ ਨਿਆਰੇ ਹੋ ਜਾਣ।

ਆਖਰ ਬੁੱਢੇ ਜੱਟ ਨੇ ਆਪਣੇ ਪੁੱਤਾਂ ਨੂੰ ਆਪਣੇ ਕੋਲ ਬੁਲਾਇਆ ਤੇ ਆਖਿਆ, "ਪੁੱਤਰੋ ਮੈਂ ਘੜੀ ਪਲ ਦਾ ਪਰਾਹੁਣਾ ਆਂ: ਥੋਨੂੰ ਪਤੈ ਮੈਂ ਕਿਵੇਂ ਹੱਡ ਭੰਨਵੀਂ ਕਾਰ ਕਰਦਾ ਰਿਹਾਂ। ਮੈਂ ਆਪਣੀ ਕਮਾਈ ਵਿੱਚੋਂ ਜੋ ਬਚਤ ਕੀਤੀ ਐ ਉਸ ਨੂੰ ਬੜਾ ਸਾਂਭ ਕੇ ਰੱਖਿਐ। ਆਪਣੇ ਟਾਹਲੀ ਆਲੇ ਖੇਤ ਵਿੱਚ ਮੇਰੇ ਹੱਥਾਂ ਦਾ ਦੱਬਿਆ ਹੋਇਆ ਇੱਕ ਖਜ਼ਾਨੈ। ਮੈਂ ਉਹ ਇਸ ਕਰਕੇ ਦੱਬਿਆ ਸੀ ਬਈ ਕਿਸੇ ਮੌਕੇ ਤੇ ਤੁਹਾਡੇ ਕੰਮ ਆਊ। ਪਤਾ ਨੀ ਮੇਰਾ ਅਗਲਾ ਸਾਹ ਆਊ ਨਾ ਆਊ। ਤੁਸੀਂ ਮੈਨੂੰ ਕਿਓਂਟ ਕੇ ਕੱਠਿਆਂ ਜਾ ਕੇ ਖਜ਼ਾਨਾ ਕੱਢ ਲੈਣਾ..."
ਇਹ ਆਖਦੇ ਸਾਰ ਹੀ ਬੁੱਢਾ ਅੱਖਾਂ ਮੀਚ ਗਿਆ।
ਬੁੱਢੇ ਪਿਓ ਦੇ ਮ੍ਰਿਤਕ ਸੰਸਕਾਰ ਦੀਆਂ ਸਾਰੀਆਂ ਰਸਮਾਂ ਪੂਰੀਆਂ ਕਰਨ ਮਗਰੋਂ ਉਹਨਾਂ ਨੇ ਦੱਬੇ ਹੋਏ ਖਜ਼ਾਨੇ ਨੂੰ ਪੁੱਟਣ ਦਾ ਫੈਸਲਾ ਕਰ ਲਿਆ।
ਇੱਕ ਦਿਨ ਚਾਰੇ ਭਰਾ ਕਹੀਆਂ ਤੇ ਕੁਦਾਲਾਂ ਲੈ ਕੇ ਟਾਹਲੀ ਆਲ਼ੇ ਖੇਤ ਵਿੱਚ ਪੁੱਜ ਗਏ। ਖੇਤ ਦਾ ਖੂੰਜਾ-ਖੂੰਜਾ ਉਹਨਾਂ ਨੇ ਪੁੱਟ ਸੁੱਟਿਆ ਪਰ ਖਜ਼ਾਨਾ ਕਿਤੋਂ ਨਾ ਲੱਭਿਆ। ਉਹਨਾਂ ਸਾਰੇ ਖੇਤ ਦੀ ਮਿੱਟੀ ਪੁੱਟ-ਪੁੱਟ ਕੇ ਪੋਲੀ ਕਰ ਦਿੱਤੀ। ਵਿਚਾਰੇ ਕਈ ਦਿਨ ਟੱਕਰਾਂ ਮਾਰਦੇ ਰਹੇ। ਲੋਕੀਂ ਉਹਨਾਂ ਨੂੰ ਵੇਖ-ਵੇਖ ਟਿਕਚਰਾਂ ਕਰਦੇ।
ਏਨੇ ਨੂੰ ਇੱਕ ਸਿਆਣਾ ਵਡਾਰੂ ਪਿੰਡ ਵੱਲੋਂ ਆਇਆ ਤੇ ਚਾਰੇ ਭਰਾਵਾਂ ਨੂੰ ਟਾਹਲੀ ਹੇਠ ਨਿਮੋਝੂਣ ਬੈਠਿਆਂ ਦੇਖ, ਕੋਲ ਆ ਕੇ ਗੱਲ ਪੁੱਛੀ। ਵਡਾਰੂ ਨੂੰ ਉਹਨਾਂ ਨੇ ਸਾਰੀ ਕਹਾਣੀ ਕਹਿ ਸੁਣਾਈ।
ਸਾਰੀ ਗੱਲ ਸੁਣ ਕੇ ਬਜ਼ੁਰਗ ਨੇ ਆਖਿਆ, "ਤੁਸੀਂ ਇਉਂ ਹੌਂਸਲਾ ਨਾ ਹਾਰੋ! ਚੁੱਪ ਕਰਕੇ ਕਣਕ ਬੀਜ ਦਿਓ। ਪਾਧਾ ਨਾ ਪੁੱਛੋ।"
ਆਖਰ ਚੌਹਾਂ ਭਰਾਵਾਂ ਨੇ ਖੇਤ ਵਿੱਚ ਕਣਕ ਬੀਜ ਦਿੱਤੀ।
ਸਮਾਂ ਪਾ ਕੇ ਫਸਲ ਉੱਗੀ। ਬੜੀ ਸੁਹਣੀ ਫਸਲ। ਸਾਰੇ ਪਿੰਡ ਨਾਲੋਂ ਇਹਨਾਂ ਦਾ

ਖੇਤ ਸਭ ਤੋਂ ਵੱਧ ਨਿੱਸਰਿਆ। ਕੰਧਾਂ ਵਰਗੀਆਂ ਪੈਲੀਆਂ ਹਵਾ ਵਿੱਚ ਝੂਮਦੀਆਂ ਸਨ। ਗਿੱਠ-ਗਿੱਠ ਲੰਮੀਆਂ ਗੁੰਦੀਆਂ ਹੋਈਆਂ ਬੱਲੀਆਂ ਵਿੱਚ ਬੇਰਾਂ ਵਰਗੇ ਮੋਟੇ-ਮੋਟੇ ਦਾਣੇ ਭਰੇ ਪਏ ਸਨ।ਵਾਢੀਆਂ ਪਈਆਂ ਤੇ ਜਦੋਂ ਬੋਹਲ ਚੁੱਕਿਆ ਤਾਂ ਸਾਰੇ ਪਿੰਡ ਨਾਲੋਂ ਇਹਨਾਂ ਦੀ ਪੈਲੀ ਦਾ ਵਧੇਰੇ ਝਾੜ ਸੀ। ਉੱਨੀ ਭੌਂ ਵਿੱਚ ਕਦੀ ਵੀ ਕਿਸੇ ਨੇ ਐਨੇ ਦਾਣੇ ਨਹੀਂ ਸੀ ਕੱਢੇ।

ਜਦੋਂ ਚਾਰੇ ਭਰਾ ਪਿੜ ਵਿੱਚ, ਬੋਹਲ ਦੇ ਕੋਲ ਖੁਸ਼-ਖ਼ੁਸ਼ ਬੈਠੇ ਹੋਏ ਸੀ ਤਾਂ ਉਹੀ ਵਡਾਰੂ ਜਿਸ ਨੇ ਖਜ਼ਾਨੇ ਦਾ ਖ਼ਿਆਲ ਛੱਡ ਕੇ ਕਣਕ ਬੀਜਣ ਦੀ ਸਲਾਹ ਦਿੱਤੀ ਸੀ ਉਹਨਾਂ ਪਾਸ ਆਇਆ। ਵਡਾਰੂ ਨੇ ਸਿਆਣਪ ਨਾਲ ਮੁਸਕਰਾ ਕੇ ਮੁੰਡਿਆਂ ਨੂੰ ਆਖਿਆ, "ਪੁੱਤਰੋ, ਤੁਹਾਡੇ ਪਿਓ ਨੇ ਝੂਠ ਨਹੀਂ ਸੀ ਆਖਿਆ ਉਹਦੀ ਗੱਲ ਸੱਚ ਹੈ।"

ਤੇ ਉਹਨੇ ਬੋਹਲ ਵੱਲ ਇਸ਼ਾਰਾ ਕਰਕੇ ਮੁੜ ਕਿਹਾ, "ਇਹੀ ਹੈ ਉਹ ਖਜ਼ਾਨਾ, ਜਿਸ ਬਾਰੇ ਉਹਨੇ ਆਖਿਆ ਸੀ। ਏਕਾ ਤੇ ਮਿਹਨਤ ਹੀ ਤਾਂ ਅਸਲੀ ਦੌਲਤ ਹੁੰਦੀ ਹੈ।"

ਉਸ ਦਿਨ ਤੋਂ ਚਾਰੇ ਭਰਾਵਾਂ ਦਾ ਇੱਕ ਹੋਕੇ ਮਿਹਨਤ ਕਰਨ ਵਿੱਚ ਭਰੋਸਾ ਪੱਕਾ ਹੋ ਗਿਆ। ਹੁਣ ਉਹ ਕਦੇ ਕੰਮ ਤੋਂ ਹੀ ਨਹੀਂ ਸੀ ਚੁਰਾਂਦੇ, ਸਗੋਂ ਹਰ ਕੰਮ ਨੱਠ ਕੇ ਕਰਦੇ ਸੀ।

ਉਦਮੀ ਤੇ ਆਲਸੀ ਦੀ ਸਾਂਝ

ਇੱਕ ਕਾਂ ਤੇ ਘੁੱਗੀ ਦੋਨੋਂ ਇੱਕੋ ਦਰਖੱਤ ਤੇ ਰਿਹਾ ਕਰਦੇ ਸੀ। ਇੱਕ ਦਿਨ ਘੁੱਗੀ ਨੇ ਕਾਂ ਨੂੰ ਆਖਿਆ, "ਕਾਵਾਂ, ਕਾਵਾਂ, ਚਲ ਆਪਾਂ ਸਾਂਝੀ ਖੇਤੀ ਕਰੀਏ।"
ਕਾਂ ਬੋਲਿਆ, "ਚੰਗਾ, ਮੈਂ ਤਿਆਰ ਹਾਂ।"
ਫਸਲ ਬੀਜਣ ਦਾ ਸਮਾਂ ਆ ਗਿਆ। ਘੁੱਗੀ ਨੇ ਕਾਂ ਨੂੰ ਆਖਿਆ, "ਚਲ ਕਾਵਾਂ ਆਪਾਂ ਖੇਤ ਵਾਹ ਆਈਏ।"
ਕਾਂ ਨੇ ਝੱਟ ਉੱਤਰ ਦਿੱਤਾ:———
ਚਲ ਮੈਂ ਆਇਆ
ਪੈਰੀਂ ਮੌਜੇ ਪਾਇਆ
ਸੋਨੇ ਚੁੰਝ ਮੜ੍ਹਾਇਆ
ਠੁਮ-ਠੁਮ ਕਰਦਾ ਆਇਆ।
ਘੁੱਗੀ ਖੇਤ ਵੀ ਵਾਹ ਆਈ।ਕਾਂ ਫੇਰ ਵੀ ਨਾ ਗਿਆ। ਘੁੱਗੀ ਖੇਤ ਵਾਹ ਕੇ ਕਾਂ ਨੂੰ ਬੋਲੀ, "ਚਲ ਆ ਬੀ ਬੀਜ ਆਈਏ।"
ਚਲਾਕ ਕਾਂ ਨੇ ਪਹਿਲਾਂ ਵਾਂਗ ਹੀ ਜਵਾਬ ਦੇ ਦਿੱਤਾ:———
ਚਲ ਮੈਂ ਆਇਆ
ਪੈਰੀਂ ਮੌਜੇ ਪਾਇਆ
ਸੋਨੇ ਚੁੰਝ ਮੜ੍ਹਾਇਆ
ਠੁਮ-ਠੁਮ ਕਰਦਾ ਆਇਆ
ਘੁੱਗੀ ਬੀਜ ਵੀ ਬੀਜ ਆਈ। ਕਾਂ ਨਾ ਅਪੜਿਆ। ਕੁਝ ਦਿਨਾਂ ਮਗਰੋਂ ਬੂਟੇ ਉੱਗ ਪਏ। ਬੂਟਿਆਂ ਨੂੰ ਪਾਣੀ ਦੇਣ ਦਾ ਸਮਾਂ ਸੀ। ਘੁੱਗੀ ਨੇ ਕਾਂ ਨੂੰ ਕਿਹਾ, "ਕਾਵਾਂ, ਕਾਵਾਂ ਚਲ ਆਪਾਂ ਬੂਟਿਆਂ ਨੂੰ ਸਿੰਜ ਆਈਏ।"
ਕਾਂ ਨੇ ਘੜਿਆ ਘੜਾਇਆ ਉੱਤਰ ਦੇ ਦਿੱਤਾ:
ਚਲ ਮੈਂ ਆਇਆ
ਪੈਰੀਂ ਮੌਜੇ ਪਾਇਆ
ਸੋਨੇ ਚੁੰਝ ਮੜ੍ਹਾਇਆ
ਠੁਮ-ਠੁਮ ਕਰਦਾ ਆਇਆ।
ਕਾਂ ਨਾ ਬਣ ਗਿਆ ਨਾ ਗੁੱਡਣ। ਘੁੱਗੀ ਵਿਚਾਰੀ ਕੱਲੀ ਹੀ ਸੇਂਜੀ ਕਰਕੇ ਗੁੱਡਦੀ ਰਹੀ।
ਦਿਨ ਪਾ ਕੇ ਕਣਕ ਪੱਕ ਗਈ। ਘੁੱਗੀ ਨੇ ਫਸਲ ਪੱਕੀ ਤੱਕ ਕੇ ਕਾਂ ਨੂੰ ਵਾਢੀ ਕਰਨ ਲਈ ਕਿਹਾ, "ਕਾਵਾਂ! ਕਾਵਾਂ! ਚਲ ਆਪਾਂ ਹਾੜ੍ਹੀ ਵੱਢ ਆਈਏ।"

ਮਚਲਾ ਕਾਂ ਬੋਲਿਆ:

ਚਲ ਮੈਂ ਆਇਆ
ਪੈਰੀਂ ਮੌਜੇ ਪਾਇਆ
ਸੋਨੇ ਚੁੰਝ ਮੜ੍ਹਾਇਆ
ਠੁਮ-ਠੁਮ ਕਰਦਾ ਆਇਆ।
ਘੁੱਗੀ ਹਾੜ੍ਹੀ ਵੀ ਵੱਢ ਆਈ। ਕਾਂ ਘਰੇ ਹੀ ਰਿਹਾ। ਵਿਚਾਰੀ ਕੱਲੀ ਘੁੱਗੀ ਨੇ ਖਲਵਾੜਾ ਲਾ ਦਿੱਤਾ। ਉਹ ਦੂਜੇ ਦਿਨ ਕਾਂ ਨੂੰ ਬੋਲੀ, "ਕਾਵਾਂ! ਕਾਵਾਂ! ਚਲ ਆਪਾਂ ਕਣਕ ਗਾਹ ਲਈਏ।"
ਕਾਂ ਨੇ ਪਹਿਲਾਂ ਵਾਲਾ ਹੀ ਉੱਤਰ ਕੱਢ ਮਾਰਿਆ:———
ਚਲ ਮੈਂ ਆਇਆ
ਪੈਰੀਂ ਮੌਜੇ ਪਾਇਆ
ਸੋਨੇ ਚੁੰਝ ਮੜਾਇਆ
ਠੁਮ-ਠੁਮ ਕਰਦਾ ਆਇਆ।
ਕਾਂ ਕਦੋਂ ਜਾਣ ਵਾਲਾ ਸੀ। ਉਹਨੂੰ ਕੱਲੀ ਨੂੰ ਹੀ ਸਾਰੀ ਕਣਕ ਗਾਹੁਣੀ ਪਈ। ਉਹਨੇ ਗਾਹੁਣ ਮਗਰੋਂ ਉਡਾਣ ਲਈ ਧੜ ਲਾ ਦਿੱਤੀ ਅਤੇ ਆ ਕੇ ਕਾਂ ਨੂੰ ਆਖਿਆ, ‘ਕਾਵਾਂ! ਕਾਵਾਂ! ਚਲ ਆਪਾਂ ਹੁਣ ਧੜ ਉਡਾ ਆਈਏ।"
ਪਰ ਕਾਂ ਨੇ ਪਹਿਲਾਂ ਵਾਂਗ ਹੀ ਬਹਾਨਾ ਲਾ ਦਿੱਤਾ:
ਚਲ ਮੈਂ ਆਇਆ
ਪੈਰੀਂ ਮੌਜੇ ਪਾਇਆ
ਸੋਨੇ ਚੁੰਝ ਮੜ੍ਹਾਇਆ
ਠੁਮ-ਠੁਮ ਕਰਦਾ ਆਇਆ।
ਕਾਂ ਹੁਣ ਵੀ ਨਾ ਗਿਆ। ਉਹ ਕੱਲੀ ਹੀ ਸਾਰੀ ਕਣਕ ਉਡਾ ਆਈ। ਤੂੜੀ ਇੱਕ ਪਾਸੇ ਹੋ ਗਈ ਅਤੇ ਕਣਕ ਦੇ ਦਾਣੇ ਇੱਕ ਪਾਸੇ ਕੱਠੇ ਕਰ ਦਿੱਤੇ। ਘੁੱਗੀ ਨੇ ਕਾਂ ਨੂੰ ਘਰ ਆ ਕੇ ਆਖਿਆ, "ਕਾਵਾਂ! ਕਾਵਾਂ! ਚਲ ਆਪਾਂ ਫਸਲ ਵੰਡ ਲਈਏ। ਤੂੰ ਆਪਣਾ ਹਿੱਸਾ ਸਾਂਭ ਲੈ।"
ਕਾਂ ਨੇ ਝੱਟ ਉੱਤਰ ਦਿੱਤਾ, "ਘੁੱਗੀਏ, ਉੱਥੇ ਜਾਣ ਦੀ ਕਿਹੜੀ ਲੋੜ ਏ।ਆਪਾਂ ਏਥੇ ਹੀ ਵੰਡ ਲੈਂਦੇ ਹਾਂ। ਬੜਾ ਸਾਰਾ ਢੇਰ ਮੇਰਾ, ਛੋਟਾ ਤੇਰਾ।
ਕਾਂ ਨੇ ਤੂੜੀ ਸਾਂਭ ਲਈ ਅਤੇ ਘੁੱਗੀ ਨੇ ਦਾਣੇ। ਘੁੱਗੀ ਆਪਣੇ ਦਾਣੇ ਆਪਣੇ ਘਰ ਚੁੱਕ ਲਿਆਈ ਤੇ ਕਾਂ ਤੂੜੀ ਦੇ ਢੇਰ ਕੋਲ ਖੜ੍ਹਾ ਆਲੇ-ਦੁਆਲੇ ਵੇਖਦਾ ਰਿਹਾ।