ਸਮੱਗਰੀ 'ਤੇ ਜਾਓ

ਮਹਿਕ ਪੰਜਾਬ ਦੀ/ਲੋਕ ਗੀਤ

ਵਿਕੀਸਰੋਤ ਤੋਂ

ਲੋਕ ਗੀਤ

ਲੋਕ ਗੀਤ ਪੰਜਾਬੀਆਂ ਦੇ ਲੋਕ ਜੀਵਨ ਵਿੱਚ ਮਿਸ਼ਰੀ ਵਾਂਗ ਘੁਲੇ ਹੋਏ ਹਨ। ਪੰਜਾਬ ਦਾ ਜਨ ਜੀਵਨ ਇਹਨਾਂ ਵਿੱਚ ਧੜਕਦਾ ਸਾਫ ਦਿਸ ਆਉਂਦਾ ਹੈ। ਇਹ ਪੰਜਾਬੀਆਂ ਦੇ ਅਰਮਾਨਾਂ ਦੀ ਤਰਜਮਾਨੀ ਕਰਦੇ ਹਨ। ਉਹਨਾਂ ਦੇ ਦੁਖ ਸੁੱਖ, ਭਾਵਨਾਵਾਂ, ਪਿਆਰ, ਵਿਛੋੜਾ-ਸੰਜੋਗ ਇਹਨਾਂ ਗੀਤਾਂ ਵਿੱਚ ਓਤ ਪੋਤ ਹਨ।

ਇਹਨਾਂ ਵਿੱਚ ਐਨੀ ਵੰਨ ਸਵੰਨਤਾ ਹੈ ਕਿ ਸ਼ਾਇਦ ਹੀ ਜ਼ਿੰਦਗੀ ਦਾ ਕੋਈ ਅਜਿਹਾ ਵਿਸ਼ਾ ਹੋਵੇ ਜਿਸ ਬਾਰੇ ਪੰਜਾਬੀ ਵਿੱਚ ਲੋਕ ਗੀਤ ਨਾ ਮਿਲਦਾ ਹੋਵੇ। ਇਹ ਹਜ਼ਾਰਾਂ ਦੀ ਗਿਣਤੀ ਵਿੱਚ ਉਪਲਬਧ ਹਨ। ਇਹਨਾਂ ਵਿੱਚ ਪੰਜਾਬੀ ਸੱਭਿਆਚਾਰ ਦੇ ਅੰਸ਼ ਸਮੋਏ ਹੋਏ ਹਨ।

ਕਿਸਾਨੀ ਜੀਵਨ ਨਾਲ ਸੰਬੰਧਿਤ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਗੀਤ ਪ੍ਰਾਪਤ ਹਨ ਜੋ ਉਹਨਾਂ ਦੀ ਹੱਡ ਭੰਨਵੀਂ ਜ਼ਿੰਦਗੀ ’ਚ ਨਿਤ ਨਵਾਂ ਰੰਗ ਭਰਦੇ ਹਨ। ਇਹ ਉਹਨਾਂ ਦੀ ਰੂਹ ਨੂੰ ਸ਼ਰਸ਼ਾਰ ਹੀ ਨਹੀਂ ਕਰਦੇ ਬਲਕਿ ਇਹ ਉਹਨਾਂ ਨੂੰ ਸਾਹਸ ਭਰਪੂਰ ਜੀਵਨ ਜੀਣ ਲਈ ਉਤਸ਼ਾਹਿਤ ਵੀ ਕਰਦੇ ਹਨ।

ਫ਼ਸਲਾਂ

1
ਕਣਕ

ਅਸੀਂ ਯਾਰ ਦੀ ਤ੍ਰੀਕੇ ਜਾਣਾ

ਕਣਕ ਦੇ ਲਾਹਦੇ ਫੁਲਕੇ

2

ਤੇਰੀ ਮੇਰੀ ਇਉਂ ਲੱਗ ਗੀ
ਜਿਉਂ ਲੱਗਿਆ ਕਣਕ ਦਾ ਦਾਣਾ

3

ਜਟ ਸ਼ਾਹਾਂ ਨੂੰ ਖੰਘੂਰੇ ਮਾਰੇ
ਕਣਕਾਂ ਨਿਸਰ ਦੀਆਂ

4

ਪਾਣੀ ਦੇਣਗੇ ਰੁਮਾਲਾਂ ਵਾਲ਼ੇ
ਬੱਲੀਏ ਕਣਕ ਦੀਏ

5

ਬੱਲੀਏ ਕਣਕ ਦੀਏ
ਤੈਨੂੰ ਖਾਣਗੇ ਨਸੀਬਾਂ ਵਾਲੇ

6

ਉੱਡਗੀ ਕਬੂਤਰ ਬਣ ਕੇ
ਹਰੀਆਂ ਕਣਕਾਂ ਚੋਂ

7

ਉੱਠ ਗਿਆ ਮਿਰਕਣ ਨੂੰ
ਕਣਕ ਵੇਚ ਕੇ ਸਾਰੀ

8

ਬੱਗੀ-ਬੱਗੀ ਕਣਕ ਦੇ

ਮੰਡੇ ਪਕਾਉਨੀ ਆਂ
ਛਾਵੇਂ ਬਹਿ ਕੇ ਖਾਵਾਂ ਗੇ
ਚਿਤ ਕਰੂ ਮੁਕਲਾਵੇ ਜਾਵਾਂਗੇ

ਮੱਕੀ

ਦਾਣੇ ਚੱਬ ਲੈ ਪਤੀਲੇ ਦਿਆ ਢੱਕਣਾ

ਰੋਟੀ ਮੇਰਾ ਯਾਰ ਖਾ ਗਿਆ

10

ਪੱਲਾ ਕੀਤਾ ਲੱਡੂਆਂ ਨੂੰ
ਪੱਟੂ ਸੁੱਟ ਗਿਆ ਮੱਕੀ ਦੇ ਦਾਣੇ

11

ਲੈ ਲੈ ਛੱਲੀਆਂ ਭੁਨਾ ਲੈ ਦਾਣੇ
ਘਰ ਤੇਰਾ ਦੂਰ ਮਿੱਤਰਾ

12

ਕਿਸੇ ਗਲ ਤੋਂ ਯਾਰ ਪਰਤਾਈਏ
ਛੱਲੀਆਂ ਤੇ ਰੂਸ ਨਾ ਬਹੀਏ

13

ਛੜੇ ਪੈਣਗੇ ਮੱਕੀ ਦੀ ਰਾਖੀ
ਰੰਨਾਂ ਵਾਲ਼ੇ ਘਰ ਪੈਣਗੇ

14

ਮੈਰਾ ਯਾਰ ਮੱਕੀ ਦਾ ਰਾਖਾ
ਡੱਬ ਵਿੱਚ ਲਿਆਵੇ ਛੱਲੀਆਂ

15

ਮੇਰੇ ਯਾਰ ਨੇ ਖਿੱਲਾਂ ਦੀ ਮੁਠ ਮਾਰੀ
ਚੁਗ ਲੌ ਨੀ ਕੁੜੀਓ

16

ਯਾਰੀ ਝਿਉਰਾਂ ਦੀ ਕੁੜੀ ਨਾਲ਼ ਲਾਈਏ
ਤੱਤੀ-ਤੱਤੀ ਖਿਲ ਚੱਬੀਏ

17

ਅਸੀਂ ਤੇਰੇ ਨਾ ਚੱਬਣੇ
ਖੁਸ਼ਕ ਮੱਕੀ ਦੇ ਦਾਣੇ

18

ਜੇ ਜੱਟੀਏ ਜੱਟ ਕੁਟਣਾ ਹੋਵੇ

ਸੁੱਤੇ ਪਏ ਨੂੰ ਕੁੱਟੀਏ
ਵੱਖੀ ’ਚ ਉਹਦੇ ਲੱਤ ਮਾਰ ਕੇ
ਹੇਠ ਮੰਜੇ ਤੋਂ ਸੁੱਟੀਏ
ਨੀ ਪਹਿਲਾਂ ਜੱਟ ਤੋਂ ਮੱਕੀ ਪਿਹਾਈਏ



ਫੇਰ ਪਿਹਾਈਏ ਛੋਲੇ
ਜੱਟੀਏ ਦੇਹ ਦਬਕਾ-

ਜੱਟ ਫੇਰ ਨਾ ਬਰਾਬਰ ਬੋਲੇ

19

ਕਪਾਹ

ਹਾੜ੍ਹੀ ਵਢ ਕੇ ਬੀਜਦੇ ਨਰਮਾ
ਚੁਗਣੇ ਨੂੰ ਮੈਂ ਤਕੜੀ

20

ਮਲਮਲ ਵੱਟ ਤੇ ਖੜੀ
ਚਿੱਟਾ ਚਾਦਰਾ ਕਪਾਹ ਨੂੰ ਗੋਡੀ ਦੇਵੇ

21

ਆਪੇ ਲਿਫ ਜਾ ਕਪਾਹ ਦੀਏ ਛਟੀਏ
ਪਤਲੋ ਦੀ ਬਾਂਹ ਥੱਕਗੀ

22

ਕੱਤੇ ਦੀ ਕਪਾਹ ਵੇਚ ਕੇ
ਮੇਰਾ ਮਾਮਲਾ ਨਾ ਹੋਇਆ ਪੂਰਾ

23

ਤਾਰੋ ਹਸਦੀ ਖੇਤ ਚੋਂ ਲੰਘਗੀ
ਜੱਟ ਦੀ ਕਪਾਹ ਖਿੜਗੀ

24

ਪਰੇ ਹਟ ਜਾ ਕਪਾਹ ਦੀਏ ਛਟੀਏ
ਪਤਲੋ ਨੂੰ ਲੰਘ ਜਾਣ ਦੇ

25

ਭਲਕੇ ਕਪਾਹ ਦੀ ਬਾਰੀ
ਵੱਟੋ ਵਟ ਆਜੀਂ ਮਿੱਤਰਾ

26

ਕਮਾਦ

ਗੰਨੇ ਚੂਪ ਲੈ ਜੱਟਾਂ ਦੇ ਪੋਲੇ
ਲੱਡੂ ਖਾ ਲੈ ਬਾਣੀਆਂ ਦੇ

27

ਕਾਲ਼ੀ ਤਿੱਤਰੀ ਕਮਾਦੋਂ ਨਿਕਲ਼ੀ

ਉਡਦੀ ਨੂੰ ਬਾਜ ਪੈ ਗਿਆ

28

ਛੋਲੇ

ਚੰਦਰੇ ਜੇਠ ਦੇ ਛੋਲੇ
ਕਦੀ ਨਾ ਧੀਏ ਜਾਈਂ ਸਾਗ ਨੂੰ

29

ਛੋਲਿਆਂ ਦੀ ਰੋਟੀ ਤੇ ਸਾਗ ਸੁਪੱਤੀ ਦਾ
ਤੋਰ ਦੇ ਮਾਏਂ ਨੀ ਰਾਂਝਾ ਪੁੱਤਰ ਕੁਪੱਤੀ ਦਾ

30

ਸਰ੍ਹੋਂ

ਕਿਹੜੀ ਐਂ ਨੀ ਸਾਗ ਤੋੜਦੀ
ਹੱਥ ਸੋਚ ਕੇ ਗੰਦਲ ਨੂੰ ਪਾਈਂ

31

ਕਾਹਨੂੰ ਮਾਰਦੈਂ ਜੱਟਾ ਲਲਕਾਰੇ
ਤੇਰੇ ਕਿਹੜੇ ਅੰਬ ਤੋੜ ਲੈ

32

ਸਰ੍ਹਵਾਂ ਫੁੱਲੀਆਂ ਤੋਂ
ਕਦੀ ਜੱਟ ਦੇ ਖੇਤ ਨਾ ਜਾਈਏ

33

ਯਾਰੀ ਪਿੰਡ ਦੀ ਕੁੜੀ ਨਾਲ਼ ਲਾਈਏ
ਸਰ੍ਹਵਾਂ ਫੁੱਲੀਆਂ ਤੋਂ

34

ਕੀ ਲੈਣੈ ਸ਼ਹਿਰਨ ਬਣਕੇ
ਸਾਗ ਨੂੰ ਤਰਸੇਂਗੀ

35

ਕਾਹਨੂੰ ਆ ਗਿਐਂ ਸਰ੍ਹੋਂ ਦਾ ਫੁੱਲ ਬਣਕੇ
ਮਾਪਿਆਂ ਨੇ ਤੋਰਨੀ ਨਹੀਂ

36

ਤੈਨੂੰ ਗੰਦਲਾਂ ਦਾ ਸਾਗ ਤੁੜਾਵਾਂ
ਸਰ੍ਹੋਂ ਵਾਲ਼ੇ ਆਜੀਂ ਖੇਤ ਨੂੰ

37

ਜਦੋਂ ਰੰਗ ਸੀ ਸਰ੍ਹੋਂ ਦੇ ਫੁੱਲ ਵਰਗਾ
ਉਦੋਂ ਕਿਉਂ ਨਾ ਆਇਆ ਮਿੱਤਰਾ

38

ਬਣਗੇ ਸਰਹੋਂ ਦੇ ਫੁੱਲ ਆਲੂ


ਜ਼ੋਰ ਮਸਾਲੇ ਦੇ ਜਿੰਦੀਏ
ਕੁੱਜੇ ’ਚੋਂ ਲਿਆ ਮਖਣੀ

ਗੱਡਾ ਜਿੰਦੀਏ

39

ਬਾਜਰਾ

ਮੀਂਹ ਪਾਦੇ ਲਾਦੇ ਝੜੀਆਂ
ਬੀਜ ਲਈਏ ਮੋਠ ਬਾਜਰਾ

40

ਰੁੱਤ ਗਿੱਧਾ ਪਾਉਣ ਦੀ ਆਈ
ਲੱਕ-ਲੱਕ ਹੋਗੇ ਬਾਜਰੇ

41

ਬਾਜਰਾ ਤਾਂ ਸਾਡਾ ਹੋ ਗਿਆ ਚਾਬੂ

ਮੂੰਗੀ ਆਉਂਦੀ ਫਲਦੀ
ਪਹਿਣ ਪਚਰ ਕੇ ਆ ਗਈ ਖੇਤ ਵਿੱਚ
ਠੁਮਕ-ਠੁਮਕ ਪੱਬ ਧਰਦੀ
ਸਿੱਟੇ ਡੂੰਗੇ, ਬੂਟੇ ਭੰਨੇ
ਦਿਓਰ ਤੋਂ ਮੂਲ ਨਾ ਡਰਦੀ
ਸਿਫਤਾਂ ਰਾਂਝੇ ਦੀਆਂ

ਮੈਂ ਬੈਠ ਮਨ੍ਹੇ ਤੇ ਕਰਦੀ

42

ਖੇਤ ਤੇ ਆਪਣਾ ਡਬਰਿਆਂ ਖਾ ਲਿਆ

ਮੇਰਾ ਕਾਲਜਾ ਧੜਕੇ
ਸਾਰੇ ਜ਼ੋਰ ਦਾ ਮਾਰਾਂ ਗੋਪੀਆ
ਹੇਠ ਤੂਤ ਦੇ ਖੜ੍ਹਕੇ
ਸੋਹਣੀਏ ਹੀਰੇ ਨੀ

ਦੇ-ਦੇ ਬਾਜਰਾ ਮਲ਼ ਕੇ

43

ਮਾਹੀ ਮੇਰੇ ਦਾ ਪੱਕਿਆ ਬਾਜਰਾ

ਤੁਰ ਪਈ ਗੋਪੀਆ ਫੜਕੇ
ਖੇਤ ਵਿੱਚ ਜਾਕੇ ਹੂਕਰ ਮਾਰੀ
ਸਿਖਰ ਮਨ੍ਹੇ ਤੇ ਚੜ੍ਹ ਕੇ
ਉੱਤਰਦੀ ਨੂੰ ਆਈਆਂ ਝਰੀਟਾਂ
ਚੁੰਨੀ ਪਾਟ ਗਈ ਫਸਕੇ

ਤੁਰ ਪਰਦੇਸ ਗਿਉਂ-

ਦਿਲ ਮੇਰੇ ਵਿੱਚ ਵਸ ਕੇ

44

ਤੇਰੇ ਬਾਜਰੇ ਦੀ ਰਾਖੀ ਦਿਓਰਾ

ਮੈਂ ਨਾ ਬਹਿੰਦੀ ਹੋ
ਜੇ ਮੈਂ ਤਾੜੀ ਮਾਰ ਉਡਾਵਾਂ
ਮੇਰੀ ਮਹਿੰਦੀ ਲਹਿੰਦੀ ਹੋ
ਤੇਰੇ ਬਾਜਰੇ ਦੀ ਰਾਖੀ ਦਿਓਰਾ
ਮੈਂ ਨਾ ਬਹਿੰਦੀ ਹੋ
ਜੇ ਮੈਂ ਸੀਟੀ ਮਾਰ ਉਡਾਵਾਂ
ਮੇਰੀ ਸੁਰਖੀ ਲਹਿੰਦੀ ਹੋ
ਤੇਰੇ ਬਾਜਰੇ ਦੀ ਰਾਖੀ ਦਿਓਰਾ
ਮੈਂ ਨਾ ਬਹਿੰਦੀ ਹੋ
ਜੈ ਮੈਂ ਅੱਡੀ ਮਾਰ ਉਡਾਵਾਂ
ਮੇਰੀ ਝਾਂਜਰ ਲਹਿੰਦੀ ਹੈ
ਤੇਰੇ ਬਾਜਰੇ ਦੀ ਰਾਖੀ

ਦਿਓਰਾ ਮੈਂ ਨਾ ਬਹਿੰਦੀ ਹੋ

45

ਸੌਣ ਮਹੀਨੇ ਬੱਦਲ ਪੈ ਗਿਆ

ਹਲ਼ ਜੋੜ ਕੇ ਜਾਈਂ
ਬਾਰਾਂ ਘੁਮਾ ਦਾ ਵਾਹਣ ਆਪਣਾ
ਬਾਜਰਾ ਬੀਜ ਕੇ ਆਈਂ
ਨੱਕਿਆਂ ਦਾ ਤੈਨੂੰ ਗ਼ਮ ਨਾ ਕੋਈ
ਨੱਕੇ ਛੱਡਾਂ ਮੈਂ ਤੜਕੇ
ਵੀਰ ਨੂੰ ਵੀਰ ਮਿਲੇ-

ਵੱਟ ਤੇ ਗੋਪੀਆ ਧਰਕੇ-

46

ਘਰ ਤਾਂ ਜਿਨ੍ਹਾਂ ਦੇ ਕੋਲ਼ੋ ਕੋਲ਼ੀ

ਖੇਤ ਜਿਨ੍ਹਾਂ ਦੇ ਨਿਆਈਆਂ
ਕੋਲ਼ੋ ਕੋਲ਼ੀ ਮੰਨ੍ਹੇ ਗਡਾ ਲੇ
ਗੱਲਾਂ ਕਰਨ ਪਰਾਈਆਂ
ਉੱਚੀਆਂ ਚਰ੍ਹੀਆਂ ਸੰਘਣੇ ਬਾਜਰੇ
ਖੇਡਣ ਲੁਕਣ ਮਚਾਈਆਂ

ਨੰਦਕੁਰ ਥਿਆ ਜਾਂਦੀ-

ਪੈਰੀਂ ਝਾਂਜਰਾਂ ਪਾਈਆਂ

47

ਚਰ੍ਹੀ

ਮੇਰੀ ਡਿਗਪੀ ਚਰ੍ਹੀ ਦੇ ਵਿੱਚ ਗਾਨੀ
ਚੱਕ ਲਿਆ ਮੋਰ ਬਣਕੇ

48

ਅੱਖ ਮਾਰਕੇ ਚਰ੍ਹੀ ਵਿੱਚ ਬੜਗੀ
ਐਡਾ ਕੀ ਜ਼ਰੂਰੀ ਕੰਮ ਸੀ।

49

ਕਾਲ਼ਾ ਨਾਗ ਨੀ ਚਰ੍ਹੀ ਵਿੱਚ ਮੇਲ਼੍ਹੇ
ਬਾਹਮਣੀ ਦੀ ਗੁੱਤ ਵਰਗਾ

50

ਅਲਸੀ

ਮੇਰੀ ਨਣਦ ਚੱਲੀ ਮੁਕਲਾਵੇ
ਅਲਸੀ ਦੇ ਫੁੱਲ ਵਰਗੀ

51

ਮੂੰਗੀ

ਉੱਚੇ ਟਿੱਬੇ ਇਕ ਮੂੰਗੀ ਦਾ ਬੂਟਾ

ਉਹਨੂੰ ਲੱਗੀਆਂ ਢਾਈ ਟਾਂਟਾਂ

ਕਰਾਦੇ ਨੀ ਮਾਏਂ ਜੜੁੱਤ ਬਾਂਕਾਂ

52

ਜੌੌਂ

ਉੱਚੇ ਟਿੱਬੇ ਇਕ ਜੌਆਂ ਦਾ ਬੂਟਾ

ਉਹਨੂੰ ਲੱਗੀਆਂ ਬੱਲੀਆਂ
ਬੱਲੀਆਂ ਨੂੰ ਲੱਗਾ ਕਸੀਰ
ਕੁੜਤੀ ਮਲ-ਮਲ ਦੀ

ਭਖ-ਭਖ ਉੱਠੇ ਸਰੀਰ

53

ਕਰੇਲੇ

ਗੰਢੇ ਤੇਰੇ ਕਰੇਲੇ ਮੇਰੇ

ਖੂਹ ਤੇ ਮੰਗਾ ਲੈ ਰੋਟੀਆਂ



54

ਗੰਢੇ ਤੇਰੇ ਕਰੇਲੇ ਮੇਰੇ
ਰਲਕੇ ਤੜਕਾਂਗੇ

55

ਕੱਦੂ

ਮੇਰੀ ਮੱਚਗੀ ਕੱਦੂ ਦੀ ਤਰਕਾਰੀ
ਆਇਆ ਨਾ ਪਰੇਟ ਕਰਕੇ

56

ਮੂੰਗਰੇ

ਮੈਂ ਮੂੰਗਰੇ ਤੜਕ ਕੇ ਲਿਆਈ
ਰੋਟੀ ਖਾ ਲੈ ਔਤ ਟੱਬਰਾ

57

ਖਰਬੂਜਾ

ਗੋਰੀ ਗਲ੍ਹ ਦਾ ਬਣੇ ਖਰਬੂਜਾ

ਡੰਡੀਆਂ ਦੀ ਵੇਲ ਬਣ ਜੇ

ਰੁੱਖ

58

ਪਿੱਪਲ

ਪਿੱਪਲ ਦਿਆ ਪੱਤਿਆ
ਕੇਹੀ ਖੜ-ਖੜ ਲਾਈ ਆ
ਪੱਤ ਝੜੇ ਪੁਰਾਣੇ

ਰੁੱਤ ਨਵਿਆਂ ਦੀ ਆਈ ਆ

59

ਪਿੱਪਲਾ ਦਸ ਦੇ ਵੇ
ਕਿਹੜਾ ਰਾਹ ਸੁਰਗਾਂ ਨੂੰ ਜਾਵੇ

60

ਪਿੱਪਲਾਂ ਉੱਤੇ ਆਈਆਂ ਬਹਾਰਾਂ

ਬੋਹੜਾਂ ਨੂੰ ਲੱਗੀਆਂ ਗੋਹਲਾਂ
ਜੰਗ ਨੂੰ ਨਾ ਜਾ ਵੇ

ਦਿਲ ਦੇ ਬੋਲ ਮੈਂ ਬੋਲਾਂ

61

ਥੜ੍ਹਿਆਂ ਬਾਝ ਨਾ ਸੋਂਹਦੇ ਪਿੱਪਲ

ਫੁੱਲਾਂ ਬਾਝ ਫੁਲਾਹੀਆਂ
ਹੰਸਾਂ ਨਾਲ਼ ਹਮੇਲਾਂ ਸੋਂਹਦੀਆਂ
ਬੰਦਾਂ ਨਾਲ਼ ਗਜਰਾਈਆਂ
'ਧੰਨ ਭਾਗ ਮੇਰਾ' ਆਖੇ ਪਿੱਪਲ
ਕੁੜੀਆਂ ਨੇ ਪੀਂਘਾਂ ਪਾਈਆਂ
ਸਾਉਣ ਵਿੱਚ ਕੁੜੀਆਂ ਨੇ

ਪੀਂਘਾਂ ਅਸਮਾਨ ਚੜ੍ਹਾਈਆਂ

62

ਸੁਣ ਪਿੱਪਲਾ ਵੇ ਮੇਰੇ ਪਿੰਡ ਦਿਆ

ਪੀਂਘਾਂ ਤੇਰੇ ਤੇ ਪਾਈਆਂ
ਦਿਨ ਤੀਆਂ ਦੇ ਆਗੇ ਨੇੜੇ
ਉੱਠ ਪੇਕਿਆਂ ਨੂੰ ਆਈਆਂ



ਹਾੜ੍ਹ ਮਹੀਨੇ ਬੈਠਣ ਛਾਵੇਂ
ਪਿੰਡ ਦੀਆਂ ਮੱਝਾਂ ਗਾਈਆਂ
ਪਿੱਪਲਾ ਸਹੁੰ ਤੇਰੀ-

ਝੱਲੀਆਂ ਨਾ ਜਾਣ ਜੁਦਾਈਆਂ

63

ਪਿੱਪਲਾ ਵੇ ਮੇਰੇ ਪੇਕੇ ਪਿੰਡ ਦਿਆ

ਤੇਰੀਆਂ ਠੰਢੀਆਂ ਛਾਵਾਂ
ਢਾਬ ਤੇਰੀ ਦਾ ਗੰਧਲਾ ਪਾਣੀ
ਉੱਤੋਂ ਬੂਰ ਹਟਾਵਾਂ
ਸੱਭੇ ਸਹੇਲੀਆਂ ਸੁਹਰੇ ਗਈਆਂ
ਕਿਸ ਨੂੰ ਹਾਲ ਸੁਣਾਵਾਂ
ਚਿੱਠੀਆਂ ਬਰੰਗ ਭੇਜਦਾ

ਕਿਹੜੀ ਛਾਉਣੀ ਲੁਆ ਲਿਆ ਨਾਵਾਂ

64

ਬੋਹੜ

ਹੇਠ ਬਰੋਟੇ ਦੇ
ਦਾਤਣ ਕਰੇ ਸੁਨਿਆਰੀ

65

ਕਿੱਕਰ

ਛੇਤੀ-ਛੇਤੀ ਵਧ ਕਿੱਕਰੇ
ਅਸੀਂ ਸੱਸ ਦਾ ਸੰਦੂਕ ਬਣਾਉਣਾ

66

ਚਰਖਾ ਮੇਰਾ ਲਾਲ ਕਿੱਕਰ ਦਾ

ਮਾਲ੍ਹਾਂ ਬਹੁਤੀਆਂ ਖਾਵੇ
ਚਰਖਾ ਬੂ ਚੰਦਰਾ-

ਸਾਡੀ ਅਸਰਾਂ ਦੀ ਨੀਂਦ ਗਵਾਵੇ

67

ਕਿੱਕਰ ਉੱਤੋਂ ਫੁੱਲ ਪਏ ਝੜਦੇ

ਲਗਦੇ ਬੋਲ ਪਿਆਰੇ
ਜਲ ਤੇ ਫੁੱਲ ਤਰਦਾ-

ਝੁਕ ਕੇ ਚੱਕ ਮੁਟਿਆਰੇ

68

ਕਿੱਕਰਾਂ ਵੀ ਲੰਘ ਆਈ

ਬੇਰੀਆਂ ਵੀ ਲੰਘ ਆਈ
ਲੰਘਣੋਂ ਰਹਿ ਗੇ ਕਰੀਰ
ਕੁੜਤੀ ਮਲਮਲ ਦੀ-

ਭਾਫਾਂ ਛੱਡੇ ਸਰੀਰ

69

ਤੈਨੂੰ ਕੀ ਲਗਦਾ ਮੁਟਿਆਰੇ
ਕਿੱਕਰਾਂ ਨੂੰ ਫੁੱਲ ਲਗਦੇ

70

ਮੁੰਡਾ ਰੌਹੀ ਦੀ ਕਿੱਕਰ ਦਾ ਜਾਤੁ
ਵਿਆਹ ਕੇ ਲੈ ਗਿਆ ਤੂਤ ਦੀ ਛਟੀ

71

ਮੁੰਡਾ ਰੋਹੀ ਦੀ ਕਿੱਕਰ ਤੋਂ ਕਾਲ਼ਾ
ਬਾਪੂ ਦੇ ਪਸੰਦ ਆ ਗਿਆ

72

ਤੇਰੀ ਥਾਂ ਮੈਂ ਮਿਣਦੀ
ਤੂੰ ਬੈਠ ਕਿੱਕਰਾਂ ਦੀ ਛਾਵੇਂ

73

ਉੱਥੇ ਕਿੱਕਰਾਂ ਨੂੰ ਲਗਦੇ ਮੋਤੀ
ਜਿੱਥੋਂ ਮੇਰਾ ਵੀਰ ਲੰਘਦਾ

74

ਤੈਨੂੰ ਸਖੀਆਂ ਮਿਲਣ ਨਾ ਆਈਆਂ
ਕਿੱਕਰਾਂ ਨੂੰ ਪਾ ਲੈ ਜੱਫੀਆਂ

75

ਬੇਰੀਆਂ

ਸਾਨੂੰ ਬੇਰੀਆਂ ਦੇ ਬੇਰ ਪਿਆਰੇ
ਨਿਉਂ-ਨਿਉਂ ਚੁਗ ਗੋਰੀਏ

76

ਮਿੱਠੇ ਬੇਰ ਫੇਰ ਨੀ ਥਿਆਉਣੇ
ਸਾਰਾ ਸਾਲ ਡੀਕਦੀ ਰਹੀਂ

77

ਬੇਰੀਏ ਨੀ ਤੈਨੂੰ ਬੇਰ ਬਥੇਰੇ

ਕਿੱਕਰੇ ਨੀ ਤੈਨੂੰ ਤੁੱਕੇ
ਰਾਂਝਾ ਦੂਰ ਖੜਾ

ਦੂਰ ਖੜਾ ਦੁੱਖ ਪੁੱਛੇ

78

ਚਿੱਤ ਬੱਕਰੀ ਲੈਣ ਨੂੰ ਕਰਦਾ
ਬੰਨੇ-ਬੰਨੇ ਲਾਦੇ ਬੇਰੀਆਂ

79

ਬੇਰੀਆਂ ਦੇ ਬੇਰ ਮੁਕਗੇ
ਦਸ ਕਿਹੜੇ ਮੈਂ ਬਹਾਨੇ ਆਵਾਂ

80

ਬੇਰੀਆਂ ਦੇ ਬੇਰ ਪੱਕਗੇ
ਰੁਤ ਯਾਰੀਆਂ ਲਾਉਣ ਦੀ ਆਈ

81

ਮਿੱਠੇ ਬੇਰ ਸੁਰਗ ਦਾ ਮੇਵਾ
ਕੋਲੋਂ ਕੋਲ ਬੇਰ ਚੁਗੀਏ

82

ਮਿੱਠੇ ਯਾਰ ਦੇ ਬਰੋਬਰ ਬਹਿਕੇ
ਮਿੱਠੇ-ਮਿੱਠੇ ਬੇਰ ਚੁਗੀਏ

83

ਮਿੱਠੇ ਬੇਰ ਬੇਰੀਏ ਤੇਰੇ
ਸੰਗਤਾਂ ਨੇ ਇੱਟ ਮਾਰਨੀ

84

ਭਾਬੀ ਤੇਰੀ ਗਲ੍ਹ ਵਰਗਾ
ਮੈਂ ਬੇਰੀਆਂ ਚੋਂ ਬੇਰ ਲਿਆਂਦਾ

85

ਬੇਰੀਆਂ ਦੇ ਬੇਰ ਖਾਣੀਏਂ
ਗੋਰੇ ਰੰਗ ਤੇ ਝਰੀਟਾਂ ਆਈਆਂ

86

ਬੇਰੀਆਂ ਨੂੰ ਬੇਰ ਲੱਗਗੇ
ਤੈਨੂੰ ਕੁਝ ਨਾ ਲੱਗਾ ਮੁਟਿਆਰੇ

87

ਬੇਰੀ ਤੋਂ ਬੇਰ ਲਿਆ

ਚੰਗੀ ਭਲੀ ਖੇਡਦੀ ਨੂੰ
ਕਿਸਮਤ ਨੇ ਘੇਰ ਲਿਆ।

88

ਤੂਤ

ਬੰਤੋ ਬਣ ਬੱਕਰੀ
ਜਟ ਬਣਦਾ ਤੂਤ ਦਾ ਟਾਹਲ਼ਾ

89

ਨੀ ਮੈਂ ਲਗਰ ਤੂਤ ਦੀ
ਲੜ ਮਧਰੇ ਦੇ ਲਾਈ

90

ਕਿੱਕਰਾਂ ਵੀ ਲੰਘ ਆਈ

ਬੇਰੀਆਂ ਵੀ ਲੰਘ ਆਈ
ਲੰਘਣੋਂ ਰਹਿ ਗੇ ਤੂਤ
ਜੇ ਮੇਰੀ ਸੱਸ ਮਰਜੇ-

ਦੂਰੋਂ ਮਾਰਾਂ ਕੂਕ

91

ਨਿੰਮ

ਕੌੜੀ ਨਿੰਮ ਨੂੰ ਪਤਾਸੇ ਲਗਦੇ
ਵਿਹੜੇ ਛੜਿਆਂ ਦੇ

92

ਨਿੰਮ ਦਾ ਕਰਾਦੇ ਘੋਟਣਾ
ਕਿਤੇ ਸੱਸ ਕੁਟਣੀ ਬਣ ਜਾਵੇ

93

ਤੇਰੀ ਸਿਖਰੋਂ ਪੀਂਘ ਟੁੱਟ ਜਾਵੇ
ਨਿੰਮ ਨਾਲ਼ ਝੂਟਦੀਏ

94

ਤੇਰੇ ਝੁਮਕੇ ਲੈਣ ਹੁਲਾਰੇ
ਨਿੰਮ ਨਾਲ਼ ਝੂਟਦੀਏ

95

ਤੋਤਾ ਪੀ ਗਿਆ ਗੁਲਾਬੀ ਰੰਗ ਤੇਰਾ
ਨਿੰਮ ਨਾਲ਼ ਝੂਟਦੀਏ

96

ਲੱਛੋ ਬੰਤੀ ਪੀਣ ਸ਼ਰਾਬਾਂ

ਨਾਲ਼ ਮੰਗਣ ਤਰਕਾਰੀ
ਲੱਛੋ ਨਾਲ਼ੋਂ ਚੜ੍ਹਗੀ ਬੰਤੋ

ਨੀਮ ਰਹੀ ਕਰਤਾਰੀ
ਭਾਨੋ ਨੈਣ ਦੀ ਗਿਰਪੀ ਝਾਂਜਰ
ਰਾਮ ਰੱਖੀ ਨੇ ਭਾਲੀ਼
ਪੰਜ ਸੱਤ ਕੁੜੀਆਂ ਭੱਜੀਆਂ ਘਰਾਂ ਨੂੰ
ਮੀਂਹ ਨੇ ਘੇਰੀਆਂ ਚਾਲ਼ੀ
ਨੀ ਨਿੰਮ ਨਾਲ਼ ਝੂਟਦੀਏ-

ਲਾ ਮਿੱਤਰਾਂ ਨਾਲ਼ ਯਾਰੀ

97

ਜੰਡ

ਮੈਨੂੰ ਕੱਲੀ ਨੂੰ ਚੁਬਾਰਾ ਪਾਦੇ
ਰੋਹੀ ਵਾਲ਼ਾ ਜੰਡ ਵਢਕੇ

98

ਮਰਗੀ ਨੂੰ ਰੁਖ ਰੋਣਗੇ
ਅੱਕ ਢਕ ਤੇ ਕਰੀਰ ਜੰਡ ਬੇਰੀਆਂ

99

ਜੰਡ ਸ੍ਰੀਂਹ ਨੂੰ ਦੱਸੇ
ਤੂਤ ਨਹੀਂਓ ਮੂੰਹੋ ਬੋਲਦਾ

100

ਕਰੀਰ

ਫੱਗਣ ਮਹੀਨੇ ਮੀਂਹ ਪੈ ਜਾਂਦਾ

ਲਗਦਾ ਕਰੀਰੀਂ ਬਾਟਾ
ਸਰਹੋਂ ਨੂੰ ਤਾਂ ਫੁੱਲ ਲਗ ਜਾਂਦੇ
ਛੋਲਿਆਂ ਨੂੰ ਪਏ ਪਟਾਕਾ
ਸ਼ੌਕ ਨਾਲ਼ ਜੱਟ ਗਿੱਧਾ ਪਾਉਂਦੇ
ਰੱਬ ਸਭਨਾਂ ਦਾ ਰਾਖਾ
ਬਸੰਤੀ ਫੁੱਲਾ ਵੇ-

ਆ ਕੇ ਦੇ ਜਾ ਝਾਕਾ

101

ਆਮ ਖਾਸ ਨੂੰ ਡੇਲੇ
ਮਿੱਤਰਾਂ ਨੂੰ ਖੰਡ ਦਾ ਕੜਾਹ

102

ਬੈਠੀ ਰੋਏਂਗੀ ਬਣਾਂ ਦੇ ਓਹਲੇ

ਪਿਆਰੇ ਗੱਡੀ ਚੜ੍ਹ ਜਾਣਗੇ

103
ਮਰ ਗਈ ਨੂੰ ਰੁੱਖ ਰੋ ਰਹੇ
ਅੱਕ ਢੱਕ ਤੇ ਕਰੀਰ ਜੰਡ ਬੇਰੀਆਂ
104
ਚੰਨਣ ਰੱਤਾ ਪਲੰਘ ਚੰਨਣ ਦੇ ਪਾਵੇ
ਤੋੜ-ਤੋੜ ਖਾਣ ਹੱਡੀਆਂ
105
ਮੁੰਡਾ ਸੁੱਕ ਗਿਆ ਚੰਨਣ ਦਾ ਬੂਟਾ
ਤੇਰੇ ਪਿੱਛੇ ਗੋਰੀਏ ਰੰਨੇ
106

ਟਾਹਲੀ


ਕੱਲੀ ਹੋਵੇ ਨਾ ਬਣਾਂ ਵਿੱਚ ਟਾਹਲੀ
ਕੱਲਾ ਨਾ ਹੋਵੇ ਪੁੱਤ ਜੱਟ ਦਾ
107
ਕੌਲ ਕੱਲਰ ਵਿੱਚ ਲਗਗੀ ਟਾਹਲੀ
ਵਧਗੀ ਸਰੂਆਂ ਸਰੂਆਂ
ਆਉਂਦਿਆ ਰਾਹੀਆ ਘੜਾ ਚੁਕਾ ਜਾ
ਕੌਣ ਵੇਲੇ ਦੀਆਂ ਖੜੀਆਂ
ਖੜੀਆਂ ਦੇ ਸਾਡੇ ਪੱਟ ਫੁਲ ਜਾਂਦੇ
ਹੋਣੋਂ ਮਚਦੀਆਂ ਤਲੀਆਂ
ਰੂਪ ਕੁਆਰੀ ਦਾ-
ਖੰਡ ਮਿਸ਼ਰੀ ਦੀਆਂ ਡਲੀਆਂ
108
ਉੱਚੇ ਟਿੱਬੇ ਮੈਂ ਆਟਾ ਗੁੰਨ੍ਹਾਂ
ਆਟੇ ਨੂੰ ਆ ਗਈ ਲਾਲੀ
ਵੀਰਾ ਨਾ ਵਢ ਵੇ
ਸ਼ਾਮਲਾਟ ਦੀ ਟਾਹਲੀ
109
ਹੀਰਿਆਂ ਹਰਨਾਂ ਬਾਗੀਂ ਚਰਨਾ
ਬਾਗਾਂ ਦੇ ਵਿੱਚ ਟਾਹਲੀ
ਸਾਡੇ ਭਾ ਦਾ ਰੱਬ ਰੁੱਸਿਆ
ਸਾਡੀ ਰੁਸਗੀ ਝਾਂਜਰਾਂ ਵਾਲੀ



110


ਅੰਬ


ਛੱਡਕੇ ਦੇਸ਼ ਦੁਆਬਾ
ਅੰਬੀਆਂ ਨੂੰ ਤਰਸੇਂ ਗੀ
111
ਕਿਹੜੇ ਯਾਰ ਦੇ ਬਾਗ ਚੋਂ ਨਿਕਲੀ
ਮੁੰਡਾ ਰੋਵੇ ਅੰਬੀਆਂ ਨੂੰ
112
ਕਿਤੇ ਬਾਗ ਨਜ਼ਰ ਨਾ ਆਵੇ
ਮੁੰਡਾ ਰੋਵੇ ਅੰਬੀਆਂ ਨੂੰ
113
ਕਾਹਨੂੰ ਮਾਰਦੈ ਜੱਟਾ ਲਲਕਾਰੇ
ਤੇਰੇ ਕਿਹੜੇ ਅੰਬ ਤੋੜ ਲੇ
114
ਅੰਬ ਕੋਲੇ ਇਮਲੀ
ਨੀ ਜੰਡ ਕੋਲੇ ਟਾਹਲੀ
ਅਕਲ ਬਿਨਾਂ ਨੀ
ਗੋਰਾ ਰੰਗ ਜਾਵੇ ਖਾਲੀ
115
ਵਿਹੜੇ ਦੇ ਵਿੱਚ ਅੰਬ ਸੁਣੀਂਦਾ
ਬਾਗਾਂ ਵਿੱਚ ਲਸੂੜਾ
ਕੋਠੇ ਚੜ੍ਹਕੇ ਦੇਖਣ ਲੱਗਿਆ
ਸੂਤ ਟੇਰਦੀ ਦੂਹਰਾ
ਯਾਰੀ ਲਾ ਕੇ ਦਗਾ ਕਮਾਗੀ
ਖਾ ਕੇ ਮਰੂ ਧਤੂਰਾ
ਕਾਹਨੂੰ ਪਾਇਆ ਸੀ-
ਪਿਆਰ ਵੈਰਨੇ ਗੂਹੜਾ
116
ਜੇਠ ਹਾੜ੍ਹ ਵਿੱਚ ਅੰਬ ਬਥੇਰੇ
ਸਾਉਣ ਜਾਮਣੂੰ ਪੀਲਾਂ
ਰਾਂਝਿਆ ਆ ਜਾ ਵੇ-
ਤੈਨੂੰ ਪਾ ਕੇ ਪਟਾਰੀ ਵਿੱਚ ਕੀਲਾਂ



117

ਨਿੰਬੂ

ਦੋ ਨਿੰਬੂ ਪੱਕੇ ਘਰ ਤੇਰੇ
ਛੁੱਟੀ ਲੈ ਕੇ ਆ ਜਾ ਨੌਕਰਾਂ

118

ਮੈਨੂੰ ਸਾਹਿਬ ਛੁੱਟੀ ਨਾ ਦੇਵੇ
ਨਿੰਬੂਆਂ ਨੂੰ ਬਾੜ ਕਰ ਲੈ

119

ਦੋ ਨਿੰਬੂਆਂ ਨੇ ਪਾੜੀ
ਕੁੜਤੀ ਮਲਮਲ ਦੀ

120

ਨਿੰਬੂ ਅੰਬ ਅਰ ਬਾਣੀਆਂ

ਗਲ ਘੁੱਟੇ ਰਸ ਦੇ

ਫੁੱਲ ਬੂਟੇ

121

ਮਹਿੰਦੀ

ਅੱਗੇ ਤਾਂ ਗੁੜ ਵਿਕੇ ਧੜੀਏਂ
ਹੁਣ ਕਿਉਂ ਦੇਣ ਘਟਾ ਕੇ
ਖੱਤਰੀ ਮਹਾਜਨ ਐਂ ਲੁੱਟ ਲੈਂਦੇ
ਦਿਨ ਤੀਆਂ ਦੇ ਆਗੇ
ਜਾਹ ਨੀ ਕੁੜੀਏ ਪੱਤਾ ਤੋੜ ਲਿਆ
ਹੱਥ ਨਾ ਪੱਤੇ ਨੂੰ ਜਾਵੇ
ਮਾਰ ਟਪੂਸੀ ਪੱਤਾ ਤੋੜ ਲਿਆ
ਬਹਿਗੀ ਟੰਗ ਤੁੜਾ ਕੇ
ਬਾਗ ਦਾ ਫੁੱਲ ਬਣਗੀ-
ਮਹਿੰਦੀ ਹੱਥਾਂ ਨੂੰ ਲਾ ਕੇ

122


ਗੁਲਾਬ ਦਾ ਫੁੱਲ


ਤਿੰਨ ਦਿਨਾਂ ਦੀ ਤਿੰਨ ਪਾ ਮਖਣੀ
ਖਾ ਗਿਆ ਟੁਕ ਤੇ ਧਰ ਕੇ
ਲੋਕੀ ਕਹਿੰਦੇ ਮਾੜਾ-ਮਾੜਾ
ਮੈਂ ਦੇਖਿਆ ਸੀ ਮਰ ਕੇ
ਫੁੱਲਾ ਵੇ ਗੁਲਾਬ ਦਿਆ-
ਆ ਜਾ ਨਦੀ ਵਿੱਚ ਤਰਕੇ

123


ਵੇਲ


ਕੁੜੀ ਪੱਟ ਦੀ ਤਾਰ ਦਾ ਬਾਟਾ
ਦੂਹਰੀ ਹੋਈ ਵੇਲ ਦਿਸੇ

124


ਤੈਨੂੰ ਯਾਰ ਰਖਣਾ ਨੀ ਆਇਆ
ਵਧਗੀ ਵੇਲ ਜਹੀ

ਪਸ਼ੂ-ਪੰਛੀ

125

ਬਲਦ

ਪਿੰਡਾਂ ਵਿੱਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਲੱਲੀਆਂ
ਓਥੋਂ ਦੇ ਦੋ ਬਲਦ ਸੁਣੀਂਦੇ
ਗਲ਼ ਉਨ੍ਹਾਂ ਦੇ ਟੱਲੀਆਂ
ਨਠ-ਨਠ ਕੇ ਉਹ ਮੱਕੀ ਬੀਜਦੇ
ਹੱਥ-ਹੱਥ ਲੱਗੀਆਂ ਛੱਲੀਆਂ
ਬੰਤੇ ਦੇ ਬੈਲਾਂ ਨੂੰ
ਪਾਵਾਂ ਗੁਆਰੇ ਦੀਆਂ ਫਲੀਆਂ

126


ਗੱਡੀ ਜੋੜਕੇ ਆ ਗੇ ਸੌਹਰੇ
ਆਣ ਖੜੇ ਦਰਵਾਜ਼ੇ
ਬੈਲਾਂ ਤੇਰਿਆਂ ਨੂੰ ਭੌਂ ਦੀ ਟੋਕਰੀ
ਤੈਨੂੰ ਦੋ ਪਰਛਾਦੇ
ਨੀਵੀਂ ਪਾ ਬਹਿੰਦਾ
ਪਾਲੇ ਭੌਰ ਨੇ ਦਾਬੇ

127


ਆ ਵੇ ਤੋਤਿਆ ਬਹਿ ਵੇ ਤੋਤਿਆ
ਘਰ ਦਾ ਹਾਲ ਸੁਣਾਵਾਂ
ਅੱਠੀਂ ਬੀਹੀਂ ਬੈਲ ਲਿਆਂਦਾ
ਸੌ ਕੋਹਲੂ ਤੇ ਲਾਇਆ
ਮੁਝ ਬੀਹਾਂ ਪੱਚੀਆਂ ਦਾ ਦਾਣਾ ਖਾਗੀ
ਸੇਰ ਬੰਦਾ ਨਾ ਆਇਆ
ਮਿੰਦਰੋ ਦੇ ਇਸ਼ਕਾਂ ਨੇ-
ਜੈਬੂ ਕੈਦ ਕਰਾਇਆ

128


ਪਿੰਡਾਂ ਵਿੱਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਭਾਰਾ

ਰਾਈਓਂ ਰੇਤ ਵੰਡਾਲਾਂ ਗਾ ਨੀ
ਕੋਠੇ ਨਾਲ ਚੁਬਾਰਾ
ਭੌਂ ਦੇ ਵਿੱਚੋਂ ਅਡ ਵੰਡਾਵਾਂ
ਬਲਦ ਸਾਂਭ ਲਾਂ ਨ੍ਹਾਰਾ
ਰੋਹੀ ਵਾਲਾ ਜੰਡ ਵੱਢ ਕੇ-
ਤੈਨੂੰ ਕੱਲੀ ਨੂੰ ਪਾਊਂ ਚੁਬਾਰਾ

129


ਪੰਝੀ ਰੁਪਈਏ ਪੰਜ ਵਹਿੜਕੇ
ਪੰਜੇ ਨਿਕਲੇ ਹਾਲੀ
ਲਾਲ ਸਿਆਂ ਤੇਰੇ ਵਣਜਾਂ ਨੇ-
ਮੈਂ ਤਾਰੀ

130


ਗ਼ਮ ਨੇ ਖਾ ਲੀ ਗ਼ਮ ਨੇ ਪੀ ਲੀ
ਗ਼ਮ ਦੀ ਕਰੋ ਨਿਹਾਰੀ
ਗਮ ਹੱਡਾਂ ਨੂੰ ਐਂ ਖਾ ਜਾਂਦਾ
ਜਿਉਂ ਲੱਕੜੀ ਨੂੰ ਆਰੀ
ਕੋਠੇ ਚੜ੍ਹਕੇ ਦੇਖਣ ਲੱਗੀ
ਲੱਦੇ ਜਾਣ ਵਪਾਰੀ
ਉਤਰਨ ਲੱਗੀ ਦੇ ਲਗਿਆ ਕੰਡਾ
ਦੁਖ ਹੋ ਜਾਂਦੇ ਭਾਰੀ
ਗੱਭਣਾਂ ਤੀਵੀਆਂ ਨਚਣੋਂ ਰਹਿ ਗੀਆਂ
ਆਈ ਫੰਡਰਾਂ ਦੀ ਵਾਰੀ
ਅਲਕ ਵਹਿੜਕੇ ਚਲਣੋਂ ਰਹਿਗੇ
ਮੋਢੇ ਧਰੀ ਪੰਜਾਲੀ
ਤੂੰ ਮੈਂ ਮੋਹ ਲਿਆ ਨੀ-
ਢਾਂਡੇ ਚਾਰਦਾ ਪਾਲੀ

131


ਢਾਈਆਂ ਢਾਈਆਂ ਢਾਈਆਂ
ਬੇਈਮਾਨ ਮਾਪਿਆਂ ਨੇ
ਧੀਆਂ ਪੜ੍ਹਨ ਸਕੂਲੇ ਲਾਈਆਂ
ਅੱਨ੍ਹੀਂ ਦਿਨੀਂ ਲੈਣ ਛੁੱਟੀਆਂ
ਲੀੜੇ ਧੋਣ ਨਹਿਰ ਤੇ ਆਈਆਂ
ਦੁੱਧ ਘਿਓ ਦੇਣ ਮੱਝੀਆਂ

ਵਹਿੜਕੇ ਦੇਣ ਗੀਆਂ ਗਾਈਆਂ
ਅੰਗ ਦੀ ਪਤਲੀ ਨੇ-
ਪਿੱਪਲਾਂ ਨਾਲ ਪੀਘਾਂ ਪਾਈਆਂ

132


ਹੱਟੀਏਂ ਬੈਠ ਸ਼ੁਕੀਨਾ
ਵਹਿੜੇ ਤੇਰੇ ਮੈਂ ਬੰਦੀ

133


ਚੱਕ ਟੋਕਰਾ ਥੈਲਾਂ ਨੂੰ ਕੱਖ ਪਾਦੇ
ਸੂਫ਼ ਦੇ ਪਜਾਮੇ ਵਾਲੀਏ

134


ਬੱਗੇ ਬਲਦ ਖਰਾਸੇ ਜਾਣਾ
ਚੰਦ ਕੁਰੇ ਲਿਆ ਘੁੰਗਰੂ

135


ਵਹਿੜੇ ਤੇਰੇ ਮੈਂ ਬੰਨ੍ਹਦੂੰ
ਚੱਕ ਜਾਂਗੀਆਂ ਮੁੰਡਿਆਂ ਦੇ ਨਾਲ ਰਲ ਜਾ

136


ਬੱਗਿਆ ਚੱਕ ਚੌਂਕੜੀ
ਨੈਣ ਨਫੇ ਵਿੱਚ ਆਈ

137


ਊਠ


ਬੀਕਾਨੇਰ ਚੋਂ ਊਠ ਲਿਆਂਦਾ
ਦੇ ਕੇ ਰੋਕ ਪਚਾਸੀ
ਸ਼ੈਹਣੇ ਦੇ ਵਿੱਚ ਝਾਂਜਰ ਬਣਦੀ
ਮੁਕਸਰ ਬਣਦੀ ਕਾਠੀ
ਭਾਈ ਬਖਤੌਰੇ ਬਣਦੇ ਟਕੂਏ
ਰੱਲੇ ਬਣੇ ਗੰਡਾਸੀ
ਰੋਡੇ ਦੇ ਵਿੱਚ ਬਣਦੇ ਕੂੰਡੇ
ਸ਼ਹਿਰ ਭਦੌੜ ਦੀ ਚਾਟੀ
ਹਿੰਮਤ ਪੁਰੇ ਬਣਦੀਆਂ ਕਹੀਆਂ
ਕਾਸੀ ਪੁਰ ਦੀ ਦਾਤੀ
ਚੜ੍ਹ ਜਾ ਬੋਤੇ ਤੇ-
ਮੰਨ ਲੈ ਭੌਰ ਦੀ ਆਖੀ

138
ਸੋਹਣਾ ਵਿਆਂਦੜ ਰੱਥ ਵਿੱਚ ਬਹਿ ਗਿਆ
ਹੇਠ ਚੁਤੈਹੀ ਵਿਛਾ ਕੇ
ਊਠਾਂ ਤੇ ਸਭ ਜਾਨੀ ਚੜ੍ਹ ਗਏ
ਝਾਂਜਰਾਂ ਛੋਟੀਆਂ ਪਾ ਕੇ
ਰੱਥ ਗੱਡੀਆਂ ਦਾ ਅੰਤ ਨਾ ਕੋਈ
ਜਾਨੀ ਚੜ੍ਹ ਗਏ ਸਜ ਸਜਾ ਕੇ
ਜੰਨ ਆਈ ਜਦ ਕੁੜੀਆਂ ਦੇਖਣ
ਆਈਆਂ ਹੁੰਮ ਹੁਮਾ ਕੇ
ਵਿਆਂਦੜ ਫੁੱਲ ਵਰਗਾ-
ਦੇਖ ਵਿਆਹੁਲੀਏ ਆ ਕੇ
139
ਊਠਾਂ ਵਾਲਿਆਂ ਰਾਹ ਰੋਕ ਲਏ
ਕੁੜੀਆਂ ਨੇ ਜੂਹਾਂ ਮੱਲੀਆਂ
ਮੇਲੇ ਜੈਤੋ ਦੇ-
ਸੋਹਣੀਆਂ ਤੇ ਸੱਸੀਆਂ ਚੱਲੀਆਂ
140
ਹਰ ਵੇ ਬਾਬਲਾ ਹਰ ਵੇ
ਮੇਰਾ ਮਾਝੇ ਸਾਕ ਨਾ ਕਰ ਵੇ
ਮਾਝੇ ਦੇ ਜੱਟ ਬੁਰੇ ਸੁਣੀਂਦੇ
ਪਾਉਂਦੇ ਊਠ ਨੂੰ ਖਲ ਵੇ
ਖਲ ਤਾਂ ਸਾਥੋਂ ਕੁੱਟੀ ਨਾ ਜਾਵੇ
ਗੁੱਤੋਂ ਲੈਂਦੇ ਫੜ ਵੇ
ਮੇਰਾ ਉਡੇ ਡੋਰੀਆ-
ਮਹਿਲਾਂ ਵਾਲੇ ਘਰ ਵੇ
141
ਲੰਡੇ ਉਠ ਨੂੰ ਸ਼ਰਾਬ ਪਿਆਵੇ
ਭੈਣ ਬਖਤੌਰੇ ਦੀ
142
ਐਤਕੀਂ ਫਸਲ ਦੇ ਦਾਣੇ
ਲਾ ਦਈਂ ਵੀਰਾ ਬੱਗੇ ਊਠ ਤੇ

143

ਬੋਤਾ

ਬੋਤਾ ਵੀਰ ਦਾ ਨਜ਼ਰ ਨਾ ਆਵੇ
ਉਡਦੀ ਧੂੜ ਦਿਸੇ
144
ਜਦੋਂ ਵੇਖ ਲਿਆ ਵੀਰ ਦਾ ਬੋਤਾ
ਮਲ ਵਾਂਗੂੰ ਪੈਰ ਧਰਦੀ
145
ਤੇਰੇ ਵੀਰ ਦਾ ਬਾਘੜੀ ਬੋਤਾ
ਉਠਕੇ ਮੁਹਾਰ ਫੜ ਲੈ
146
ਬੋਤੇ ਚਾਰਦੇ ਭੈਣਾਂ ਨੂੰ ਮਿਲ ਆਉਂਦੇ
ਸਰਵਣ ਵੀਰ ਕੁੜੀਓ
147
ਬੋਤੇ ਚਾਰਦੇ ਭਤੀਜੇ ਮੇਰੇ
ਕੱਤਦੀ ਨੂੰ ਆਣ ਮਿਲਦੇ
148
ਗੱਡਦੀ ਰੰਗੀਲ ਮੁੰਨੀਆਂ
ਬੋਤਾ ਬੰਨ੍ਹਦੇ ਸਰਵਣਾ ਵੀਰਾ
149
ਛੱਪੜੀ 'ਚ ਘਾ ਮੱਲਿਆ
ਬੋਤਾ ਚਾਰ ਲੈ ਸਰਵਣਾ ਵੀਰਾ
150
ਭੈਣ ਭਾਈ ਬੋਤੇ ਤੇ ਚੜ੍ਹੇ
ਬੋਤਾ ਲਗਰਾਂ ਸੂਤਦਾ ਆਵੇ
151
ਮੂਹਰੇ ਰੱਥ ਭਾਬੋ ਦਾ
ਪਿੱਛੇ ਇੰਦਰ ਵੀਰ ਦਾ ਬੋਤਾ
152
ਰੇਲ ਦੇ ਬਰੋਬਰ ਜਾਵੇ
ਬੋਤਾ ਮੇਰੇ ਵੀਰਨ ਦਾ
153
ਜਿਉਂ ਕਾਲੀਆਂ ਘਟਾਂ ਵਿੱਚ ਬਗਲਾ
ਬੋਤਾ ਮੇਰੇ ਵੀਰਨ ਦਾ

154
ਵੇ ਮੈਂ ਅਮਰਵੇਲ ਪੁਟ ਲਿਆਵਾਂ
ਬੋਤਾ ਤੇਰਾ ਭੁੱਖਾ ਵੀਰਨਾ
155
ਜਿਹੜਾ ਡੰਡੀਆਂ ਹਿੱਲਣ ਨਾ ਦੇਵੇ
ਬੋਤਾ ਲਿਆਵੀਂ ਉਹ ਮਿੱਤਰਾ
156
ਸੁਣ ਨੀ ਕੁੜੀਏ ਮਛਲੀ ਵਾਲੀਏ
ਤੇਰੀ ਭੈਣ ਦਾ ਸਾਕ ਲਿਆਵਾਂ
ਤੈਨੂੰ ਬਣਾਵਾਂ ਸਾਲੀ
ਫੇਰ ਆਪਾਂ ਚੜ੍ਹ ਚੱਲੀਏ
ਮੇਰੀ ਬੋਤੀ ਝਾਂਜਰਾਂ ਵਾਲੀ
ਬੋਤੀ ਮੇਰੀ ਐਂ ਚਲਦੀ
ਜਿਵੇਂ ਚਲਦੀ ਡਾਕ ਸਵਾਰੀ
ਬੋਤੀ ਨੇ ਛਾਲ ਚੱਕ ਲੀ
ਜੁੱਤੀ ਡਿਗਗੀ ਸਤਾਰਿਆਂ ਵਾਲੀ
ਡਿਗਦੀ ਨੂੰ ਡਿਗ ਲੈਣ ਦੇ
ਪਿੰਡ ਚੱਲ ਕੇ ਸਮਾਦੂੰ ਚਾਲੀ
ਲਹਿੰਗੇ ਤੇਰੇ ਨੂੰ
ਧੁਣਖ ਲਵਾਊਂ ਕਾਲੀ
157
ਉੱਚੇ ਟਿੱਬੇ ਮੇਰੀ ਬੋਤੀ ਚੁਗਦੀ
ਨੀਵੇਂ ਕਰਦੀ ਲੇਡੇ
ਤੋਰ ਸ਼ੁਕੀਨਾਂ ਦੀ-
ਤੂੰ ਕੀ ਜਾਣੇਂ ਭੇਡੇ
158
ਨਿੱਕੀ-ਨਿੱਕੀ ਕਣੀ ਦਾ ਮੀਂਹ ਵਰਸੇਂਦਾ
ਛੜਿਆ ਦਾ ਢਹਿ ਗਿਆ ਕੋਠਾ
ਛੜਿਓ ਪੁੰਨ ਕਰ ਦੋ
ਬੋਡਾ ਭਰਿਆ ਜਹਾਜ਼ ਖਲੋਤਾ
ਪਤਲੋ ਐਂ ਲੰਘ ਗੀ
ਜਿਵੇਂ ਲੰਘ ਗਿਆ ਸੜਕ ਤੇ ਬੋਤਾ
ਅੱਖੀਆਂ ਮਾਰ ਗਿਆ-
ਜ਼ੈਲਦਾਰ ਦਾ ਪੋਤਾ

159
ਆ ਵੇ ਦਿਓਰਾ ਬਹਿ ਵੇ ਦਿਓਰਾ
ਬੋਤਾ ਬੰਨ੍ਹ ਦਰਵਾਜ਼ੇ
ਬੋਤੇ ਤੇਰੇ ਨੂੰ ਘਾਹ ਦਾ ਟੋਕਰਾ
ਤੈਨੂੰ ਪੰਜ ਪਰਸਾਦੇ
ਨਿੰਮ ਹੇਠ ਕੱਤਦੀ ਦੀ-
ਗੂੰਜ ਸੁਣੇ ਦਰਵਾਜ਼ੇ
160
ਆਦਾ ਆਦਾ ਆਦਾ
ਭਾਗੋ ਦੇ ਯਾਰਾਂ ਨੇ
ਬੋਤਾ ਬੀਕਾਂਨੇਰ ਤੋਂ ਲਿਆਂਦਾ
ਜਦ ਭਾਗੋ ਉੱਤੇ ਚੜ੍ਹਦੀ
ਬੋਤਾ ਰੇਲ ਦੇ ਬਰਾਬਰ ਜਾਂਦਾ
ਭਾਗੋ ਦੇ ਬਾਪੂ ਨੇ
ਪੱਗ ਲਾਹ ਕੇ ਸਭਾ ਵਿੱਚ ਮਾਰੀ
ਘੜਾ ਨਾ ਚੁਕਾਇਓ ਕੁੜੀਓ
ਇਹਦੀ ਪਿੰਡ ਦੇ ਮੁੰਡਿਆਂ ਨਾਲ ਯਾਰੀ
ਖਸਮਾਂ ਨੂੰ ਖਾਣ ਕੁੜੀਆਂ
ਘੜਾ ਚੱਕਲੂੰ ਮੌਣ ਤੇ ਧਰਕੇ
ਮਾਵਾਂ ਧੀਆਂ ਦੋਵੇਂ ਗੱਭਣਾਂ-
ਕੌਣ ਦੇਊਗਾ ਦਾਬੜਾ ਕਰਕੇ
161
ਹੌਲੀ ਬੋਤਾ ਛੇੜ ਮਿੱਤਰਾ
ਮੇਰੇ ਸਜਰੇ ਬਨ੍ਹਾਏ ਕੰਨ ਦੁਖਦੇ
162
ਆਹ ਲੈ ਡੰਡੀਆਂ ਜੇਬ ਵਿੱਚ ਪਾ ਲੈ
ਬੋਤੇ ਉੱਤੇ ਕੰਨ ਦੁਖਦੇ
163
ਸੋਹਣੀ ਰੰਨ ਦੇ ਮੁਕਦੱਮੇ ਜਾਣਾ
ਉਠਣੀ ਸ਼ੰਗਾਰ ਮੁੰਡਿਆ
164
ਪਾਣੀ ਪੀ ਗਿਆ ਯਾਰ ਦਾ ਬੋਤਾ
ਕੱਢਦੀ ਮੈਂ ਥੱਕਗੀ

165
ਬੁੱਕਦਾ ਸੁੰਦਰ ਦਾ ਬੋਤਾ
ਮੇਰੇ ਭਾ ਦਾ ਕੋਲ ਬੋਲਦੀ
166
ਬੋਤਾ ਛੱਡਕੇ ਝਾਂਜਰਾਂ ਵਾਲਾ
ਰਾਮ ਕੁਰੇ ਰੇਲ ਚੜ੍ਹਜਾ
167
ਮੇਰੇ ਬੋਤੇ ਉੱਤੇ ਚੜ੍ਹ ਬਚਨੋ
ਤੈਨੂੰ ਸ਼ਿਮਲੇ ਦੀ ਸੈਲ ਕਰਾਵਾਂ
168
ਮੁੰਡਿਆ ਵੇ ਹਾਣ ਦਿਆ
ਤੇਰੇ ਬੋਤੇ ਦੀ ਮੁਹਾਰ ਬਣ ਜਾਵਾਂ
169
ਸੋਨੇ ਦੇ ਤਵੀਤ ਵਾਲਿਆ
ਤੇਰੇ ਬੋਤੇ ਦੀ ਮੁਹਾਰ ਬਣ ਜਾਵਾਂ
170
ਮੱਝਾਂ ਮੱਥੀਂ ਮੱਝਾਂ ਹਰ ਕੋਈ ਕਹਿੰਦਾ
ਮੱਝਾਂ ਨੇ ਹੂਰਾਂ ਪਰੀਆਂ
ਸਿੰਗ ਉਨ੍ਹਾਂ ਦੇ ਵਲ-ਵਲ ਕੁੰਢੇ
ਦੰਦ ਚੰਭੇ ਦੀਆਂ ਕਲੀਆਂ
ਬਣ ਉਨ੍ਹਾਂ ਦੇ ਪਲਮਣ ਲਾਟੂ
ਦੇਣ ਦੁੱਧਾਂ ਦੀਆਂ ਡਲੀਆਂ
ਬਾਹਰ ਜਾਵਣ ਤੇ ਦੂਣ ਸਵਾਈਆਂ
ਘਰ ਆਵਣ ਤਾਂ ਰਹਿਣ ਖਲੀਆਂ
ਮੱਝਾਂ ਨੂੰ ਭੁਲ ਗਿਆ ਕੱਟ ਕੁਟਿਆਣਾ
ਭਜ ਬੋਲੇ ਵਿੱਚ ਬੜੀਆਂ
ਕੁੜੀਆਂ ਨੂੰ ਭੁਲ ਗਿਆ ਗੁੱਡੀ ਪਟੋਲ੍ਹਾ
ਭੱਜ ਡੋਲੀ ਵਿੱਚ ਚੜ੍ਹੀਆਂ
ਮੁੰਡਿਆਂ ਨੂੰ ਭੁਲ ਗਈ ਕੌਡ ਕਬੱਡੀ
ਹੱਥੀਂ ਪੁਰਾਣੀਆਂ ਫੜੀਆਂ
ਢੰਗਿਆਂ ਨੂੰ ਭੁਲ ਗਈਆਂ ਅੜ੍ਹਕਾਂ ਬੜ੍ਹਕਾਂ
ਕੰਨ੍ਹੀਂ ਪੰਜਾਲੀਆਂ ਧਰੀਆਂ

ਚਲ ਵੇ ਰਾਂਝਿਆ ਮੱਕੇ ਨੂੰ ਚੱਲੀਏ
ਮਿਲਣ ਪੱਤਣ ਤੇ ਖਲੀਆਂ
171
ਮੱਝਾਂ ਮੱਝਾਂ ਹਰ ਕੋਈ ਕਹਿੰਦਾ
ਮੱਝਾਂ ਤਾਂ ਹੂਰਾਂ ਪਰੀਆਂ
ਸਿੰਗ ਉਹਨਾਂ ਦੇ ਗਜ਼-ਗਜ਼ ਲੰਬੇ
ਦੰਦ ਚੰਭੇ ਦੀਆਂ ਕਲੀਆਂ
ਦੁੱਧ ਉਹਨਾਂ ਦਾ ਐਕਣ ਮਿੱਠਾ
ਜਿਉਂ ਮਿਸਰੀ ਦੀਆਂ ਡਲੀਆਂ
ਮੱਝਾਂ ਸਾਂਵਲੀਆਂ-
ਭੱਜ ਬੇਲੇ ਵਿੱਚ ਬੜੀਆਂ
172
ਨਿੱਕੀ-ਨਿੱਕੀ ਕਣੀ ਦਾ ਮੀਂਹ ਵਰਸੇਂਦਾ
ਗੋਡੇ-ਗੋਡੇ ਗਾਰਾ
ਮਿੱਤਰਾਂ ਦੀ ਮਹਿੰ ਭਜਗੀ-
ਮੋੜੀਂ ਵੇ ਮਲਾਹਜ਼ੇਦਾਰਾ
173
ਖੱਖਰ ਖਾਧਾ ਮੈਨੂੰ ਹੈਂ ਦਸਦੀ
ਆਪ ਹੁਸਨ ਹੈਂ ਬਾਨੋਂ
ਦਿਨੇ ਦੇਖਕੇ ਡਰ ਹੈ ਲਗਦਾ
ਡਿਗਦੇ ਹੰਸ ਅਸਮਾਨੋਂ
ਪਿੰਡਾ ਮਹਿੰ ਵਰਗਾ-
ਸੋਹਣੀ ਬਣੇ ਜਹਾਨੋਂ
174
ਖੰਡੀਆਂ ਦੇ ਸਿੰਗ ਫਸਗੇ
ਕੋਈ ਨਿੱਤਰੂ ਬੜੇਵੇਂ ਖਾਣੀ
175
ਪਤਲੋ ਦੇ ਹੱਥ ਗੜਵਾ
ਬੂਰੀ ਮੱਝ ਨੂੰ ਥਾਪੀਆਂ ਦੇਵੇ
176
ਮਰ ਗਈ ਵੇ ਫੁੱਫੜਾ
ਮੱਝ ਕੱਟਾ ਨੀ ਝਲਦੀ
177
ਰਾਂਝਾ ਮੱਝ ਦੇ ਸਿੰਗਾਂ ਨੂੰ ਫੜ ਰੋਵੇ

ਖੇੜੇ ਲੈ ਗਏ ਹੀਰ ਚੁੱਕ ਕੇ
178
ਬਾਪੂ ਮੱਝੀਆਂ ਦੇ ਸੰਗਲ ਫੜਾਵੇ
ਵੀਰ ਘਰ ਪੁੱਤ ਜੰਮਿਆ
179
ਵੀਰ ਮੱਝੀਆਂ ਦੇ ਸੰਗਲ ਫੜਾਵੇ
ਭਾਬੋ ਮੱਥੇ ਪਾਵੇ ਤਿਊੜੀਆਂ
180
ਮੇਰੇ ਵੀਰ ਨੂੰ ਸੁੱਕੀ ਖੰਡ ਪਾਈ
ਸੱਸੇ ਤੇਰੀ ਮਹਿੰ ਮਰ ਜੇ
181
ਤੈਨੂੰ ਲੈ ਦੂੰ ਸਲੀਪਰ ਕਾਲੇ
ਚਾਹੇ ਮੇਰੀ ਮਹਿੰ ਬਿਕ ਜੇ
182

ਝੋਟਾ


ਦਾੜ੍ਹੀ ਚਾੜ੍ਹ ਕੇ ਬਹਿ ਗਿਆ ਤਕੀਏ
ਕਣਕ ਖਾ ਗਿਆ ਝੋਟਾ
ਜੇ ਮੈਂ ਕਹਿੰਦੀ ਝੋਟਾ ਮੋੜ ਲਿਆ
ਮੂੰਹ ਕਰ ਲੈਂਦਾ ਮੋਟਾ
ਸਾਰ ਜਨਾਨੀ ਦੀ ਕੀ ਜਾਣੇਂ
ਚੁੱਕ-ਚੁੱਕ ਆਵੇਂ ਸੋਟਾ
ਮੇਰੇ ਉਤਲੇ ਦਾ-
ਘੱਸ ਗਿਆ ਸੁਨਿਹਰੀ ਗੋਟਾ
183

ਬੱਕਰੀ


ਦਰਾਣੀ ਦੁੱਧ ਰਿੜਕੇ
ਜਠਾਣੀ ਦੁੱਧ ਰਿੜਕੇ
ਅਸੀਂ ਕਿਉਂ ਬੈਠੇ ਚਿਰਕਾਂ ਗੇ
ਸਿੰਘਾ ਲਿਆ ਬੱਕਰੀ
ਦੁੱਧ ਰਿੜਕਾਂਗੇ
184
ਸਹੁੰ ਗਊ ਦੀ ਝੂਠ ਨਾ ਬੋਲਾਂ
ਬੱਕਰੀ ਨੂੰ ਊਠ ਜੰਮਿਆ

185
ਤੇਰੀ ਸਾਗ ਚੋਂ ਬੱਕਰੀ ਮੋੜੀ
ਕੀ ਗੁਣ ਜਾਣੇਗੀ
186
ਚਿੱਤ ਬੱਕਰੀ ਲੈਣ ਨੂੰ ਕਰਦਾ
ਬੰਨੇ-ਬੰਨੇ ਲਾ ਦੇ ਬੇਰੀਆਂ
187
ਬੱਕਰੀ ਦਾ ਦੁੱਧ ਗਰਮੀ
ਵੇ ਛੱਡ ਗੁਜਰੀ ਦੀ ਯਾਰੀ

ਮੇਰੀ ਬੱਕਰੀ ਚਾਰ ਲਿਆ ਦਿਓਰਾ
ਮੈਂ ਨਾ ਤੇਰਾ ਹੱਕ ਰਖਦੀ
189
ਰੰਨ ਬੱਕਰੀ ਚਰਾਉਣ ਦੀ ਮਾਰੀ
ਲਾਰਾ ਲੱਪਾ ਲਾ ਰੱਖਦੀ
190

ਭੇਡ


ਨਾਈਆਂ ਦੇ ਘਰ ਭੇਡ ਲਵੇਰੀ
ਬਾਹਰੋਂ ਆਈ ਚਰ ਕੇ
ਨੈਣ ਤੇ ਨਾਈ ਚੋਣ ਲੱਗੇ
ਚਾਰੇ ਟੰਗਾਂ ਫੜਕੇ
ਦੋਵੇਂ ਜਾਣੇ ਚੋਂ ਕੇ ਉੱਠੇ
ਸੁਰਮੇਂਦਾਨੀ ਭਰਕੇ
ਹੱਟੀਓਂ ਜਾ ਕੇ ਚੌਲ ਲਿਆਂਦੇ
ਲੱਛੇ ਗਹਿਣੇ ਧਰ ਕੇ
ਨੈਣ ਨੇ ਲੱਪ ਸ਼ੱਕਰ ਲਿਆਂਦੀ
ਸਿਰ ਜੱਟੀ ਦਾ ਕਰਕੇ
ਖਾਣ ਪੀਣ ਦਾ ਵੇਲਾ ਹੋਇਆ
ਟੱਬਰ ਮਰ ਗਿਆ ਲੜਕੇ
ਕੋਲੇ ਠਾਣਾ ਕੋਲ ਸਿਪਾਹੀ
ਸਾਰਿਆਂ ਨੂੰ ਲੈ ਗੇ ਫੜਕੇ
ਪੰਦਰਾਂ-ਪੰਦਰਾਂ ਤੀਹ ਜੁਰਮਾਨਾ
ਨਾਈ ਬਹਿਗੇ ਭਰ ਕੇ

ਘਰ ਵਿੱਚ ਬਹਿਕੇ ਸੋਚਣ ਲੱਗੇ
ਕੀ ਲਿਆ ਅਸਾਂ ਨੇ ਲੜਕੇ
191
ਬੋਦੀ ਵਾਲਾ ਚੜ੍ਹਿਆ ਤਾਰਾ
ਘਰ-ਘਰ ਹੋਣ ਵਿਚਾਰਾਂ
ਕੁੱਛ ਤਾਂ ਲੁੱਟ ਲੀ ਪਿੰਡ ਦੇ ਪੈਂਚਾਂ
ਕੁਛ ਲੁੱਟ ਲੀ ਸਰਕਾਰਾਂ
ਗਹਿਣਾ ਗੱਟਾ ਘਰਦਿਆਂ ਲੁੱਟਿਆ
ਜੋਬਨ ਲੁੱਟਿਆ ਯਾਰਾਂ
ਭੇਡਾਂ ਚਾਰਦੀਆਂ-
ਬੇਕਦਰਾਂ ਦੀਆਂ ਨਾਰਾਂ
192

ਕਾਂ


ਚੁੰਝ ਤੇਰੀ ਵੇ ਕਾਲਿਆ ਕਾਵਾਂ
ਸੋਨੇ ਨਾਲ ਮੜ੍ਹਾਵਾਂ
ਜਾ ਆਖੀਂ ਮੇਰੇ ਢੋਲ ਸਿਪਾਹੀ ਨੂੰ
ਨਿੱਤ ਮੈਂ ਔਸੀਆਂ ਪਾਵਾਂ
ਖ਼ਬਰਾਂ ਲਿਆ ਕਾਵਾਂ-
ਤੈਨੂੰ ਘਿਓ ਦੀ ਚੂਰੀ ਪਾਵਾਂ
193
ਕਾਵਾਂ ਕਾਵਾਂ ਕਾਵਾਂ
ਪਹਿਲਾਂ ਤੇਰਾ ਗਲ ਵਢ ਲਾਂ
ਫੇਰ ਵੇ ਵੱਢਾਂ ਪ੍ਰਛਾਵਾਂ
ਨਿੱਕਾ-ਨਿੱਕਾ ਕਰਾਂ ਕੁੱਤਰਾ
ਤੈਨੂੰ ਕਰਕੇ ਪਤੀਲੇ ਪਾਵਾਂ
ਉਤਲੇ ਚੁਬਾਰੇ ਲੈ ਚੜ੍ਹਦੀ
ਮੇਰੀ ਖਾਂਦੀ ਦੀ ਹਿੱਕ ਦੁਖਦੀ
ਮੈਂ ਚਿੱਠੀਆਂ ਵੈਦ ਨੂੰ ਪਾਵਾਂ
ਪੁੱਤ ਮੇਰੇ ਚਾਚੇ ਦਾ
ਜਿਹੜਾ ਫੇਰਦਾ ਪੱਟਾਂ ਤੇ ਝਾਵਾਂ
ਚੁਬਾਰੇ ਵਿੱਚ ਰੱਖ ਮੋਰੀਆਂ
ਕੱਚੀ ਲੱਸੀ ਦਾ ਗਲਾਸ ਫੜਾਵਾਂ
ਸੇਜ ਬਛਾ ਮਿੱਤਰਾ-

ਹੱਸਦੀ ਖੇਡਦੀ ਆਵਾਂ
194
ਕੋਇਲ ਨਿੱਤ ਕੂਕਦੀ
ਕਦੇ ਬੋਲ ਚੰਦਰਿਆ ਕਾਵਾਂ
195

ਇਲ੍ਹ


ਅੱਖ ਪਟਵਾਰਨ ਦੀ
ਜਿਉਂ ਇਲ਼੍ਹ ਦੇ ਆਹਲਣੇ ਆਂਡਾ
196

ਕੋਇਲ


ਪ੍ਰੀਤਾਂ ਦੀ ਮੈਨੂੰ ਕਦਰ ਬਥੇਰੀ
ਲਾ ਕੇ ਮੈਂ ਤੋੜ ਨਿਭਾਵਾਂ
ਕੋਇਲੇ ਸਾਉਣ ਦੀਏ
ਤੈਨੂੰ ਹੱਥ ਤੇ ਚੋਗ ਚੁਗਾਵਾਂ
197

ਕਬੂਤਰ


ਜੱਗੇ ਜੱਟ ਦੇ ਕਬੂਤਰ ਚੀਨੇ
ਨਦੀਓਂ ਪਾਰ ਚੁਗਦੇ
198
ਬਣ ਕੇ ਕਬੂਤਰ ਚੀਨਾ
ਗਿੱਧੇ ਵਿੱਚ ਆ ਬੱਲੀਏ
199

ਕੂੰਜ


ਕੂੰਜੇ ਪਹਾੜ ਦੀਏ
ਕਦੇ ਪਾ ਵਤਨਾਂ ਵਲ ਫੇਰਾ
200
ਨੰਦ ਕੁਰ ਚੰਦ ਕੁਰ ਦੋਵੇਂ ਭੈਣਾਂ
ਹੌਲਦਾਰ ਨੂੰ ਵਿਆਹੀਆਂ
ਰੋਟੀ ਲੈ ਕੇ ਚੱਲੀਆਂ ਹੌਲਦਾਰ ਦੀ
ਰਾਹ ਵਿੱਚ ਮਰਨ ਤਿਹਾਈਆਂ
ਗੜਵੀ ਭਰ ਮਿੱਤਰਾ
ਕੂੰਜਾਂ ਮਰਨ ਤਿਹਾਈਆਂ

201
ਤੋਤਾ
ਸਾਡੇ ਤੋਤਿਆਂ ਨੂੰ ਬਾਗ ਬਥੇਰੇ
ਨਿੰਮ ਦਾ ਤੂੰ ਮਾਣ ਨਾ ਕਰੀਂ
202
ਮੋਰ
ਚੀਕੇ ਚਰਖਾ ਬਿਸ਼ਨੀਏਂ ਤੇਰਾ
ਲੋਕਾਂ ਭਾਣੇ ਮੋਰ ਬੋਲਦਾ
203
ਬਗਲਾ
ਬਾਹਮਣੀ ਦਾ ਪੱਟ ਲਿਸ਼ਕੇ
ਜਿਉਂ ਕਾਲੀਆਂ ਘਟਾਂ ਚ ਬਗਲਾ
204
ਚੁਗਲ
ਕਾਟੋ ਦੁੱਧ ਰਿੜਕੇ
ਚੁਗਲ ਝਾਤੀਆਂ ਮਾਰੇ
205
ਤਿੱਤਰ
ਮਿੱਤਰਾਂ ਦੇ ਪੁੱਤਰਾਂ ਨੂੰ
ਮੈਂ ਹੱਥ ਤੇ ਚੋਗ ਚੁਗਾਵਾਂ
206
ਬਾਜ
ਹਾਏ ਨਰਮ ਕਾਲਜਾ ਧੜਕੇ
ਡੋਰਾਂ ਸਣੇ ਬਾਜ ਉਡਗੇ
207
ਕਾਲੀ ਤਿੱਤਰੀ ਕਮਾਦੋਂ ਨਿਕਲੀ
ਉਡਦੀ ਨੂੰ ਬਾਜ ਪੈ ਗਿਆ
208
ਬਟੇਰਾ
ਸੁੱਟ ਕੰਗਣੀ ਲੜਾ ਲੈ ਬਟੇਰਾ
ਰੱਜੀਏ ਬਟੇਰੇ ਬਾਜਣੇ

209
ਭੌਰ
ਇਹ ਭੌਰ ਕਿਹੜੇ ਪਿੰਡ ਦਾ
ਜਿਹੜਾ ਘੁੰਡ ਚੀਂ ਅੱਖੀਆਂ ਮਾਰੇ
210
ਜਦੋਂ ਬਿਸ਼ਨੀ ਬਾਗ ਵਿੱਚ ਆਈ
ਭੌਰਾਂ ਨੂੰ ਭੁਲੇਖਾ ਪੈ ਗਿਆ
211
ਤੇਰੇ ਵਰਗੇ ਜੁਆਨ ਬਥੇਰੇ
ਮੇਰੇ ਉੱਤੇ ਭੌਰ ਮਿੱਤਰਾ
212
ਭਰਿੰਡ
ਮੁੰਡਾ ਅਨਦਾਹੜੀਆ ਸੁੱਕਾ ਨਾ ਜਾਵੇ
ਲੜਜਾ ਭਰਿੰਡ ਬਣ ਕੇ

ਗਹਿਣੇ ਗੱਟੇ


213
ਆਰਸੀ
ਅੱਧੀ ਰਾਤੀਂ ਪਾਣੀ ਮੰਗਦਾ
ਮੈਂ ਤਾਂ ਆਰਸੀ ਦਾ ਕੌਲ ਬਣਾਇਆ
214
ਸੱਗੀ ਫੁਲ
ਥੜ੍ਹਿਆਂ ਬਾਝ ਨਾ ਪਿੱਪਲ ਸੋਂਹਦੇ
ਫੁੱਲਾਂ ਬਾਝ ਫੁਲਾਹੀਆਂ
ਸਿੱਗੀ ਫੁੱਲ ਸਿਰਾਂ ਤੇ ਸੋਂਹਦੇ
ਪੈਰੀਂ ਝਾਂਜਰਾਂ ਪਾਈਆਂ
ਸੂਬੇਦਾਰਨੀਆਂ-
ਨੱਚਣ ਗਿੱਧੇ ਵਿੱਚ ਆਈਆਂ
215
ਰਾਜ ਦੁਆਰੇ ਬਹਿਗੀ ਰਾਜੋ
ਰੱਤਾ ਪੀਹੜਾ ਡਾਹ ਕੇ
ਕਿਓੜਾ ਛਿੜਕਿਆ ਆਸੇ ਪਾਸੇ
ਅਤਰ ਫਲੇਲ ਰਮਾ ਕੇ
ਸੱਗੀ ਤੇ ਫੁੱਲ ਬਆੜੀ ਸੋਂਹਦੇ
ਰੱਖੇ ਦੰਦ ਚਮਕਾ ਕੇ
ਕੰਨਾਂ ਦੇ ਵਿੱਚ ਸਜਣ ਕੋਕਰੂ
ਰੱਖੇ ਵਾਲੇ ਲਿਸ਼ਕਾ ਕੇ
ਬਾਹਾਂ ਦੇ ਵਿੱਚ ਸਜਦਾ ਚੂੜਾ
ਛਾਪਾਂ ਰੱਖੇ ਸਜਾ ਕੇ
ਪੈਰਾਂ ਦੇ ਵਿੱਚ ਸਜਣ ਪਟੜੀਆਂ
ਵੇਖ ਲੈ ਮਨ ਚਿੱਤ ਲਾ ਕੇ
ਨਵੀਂ ਵਿਆਹੁਲੀ ਨੂੰ-
ਸਭ ਦੇਖਣ ਘੁੰਡ ਚੁਕਾ ਕੇ
216

ਡੰਡੀਆਂ
ਤਾਵੇ ਤਾਵੇ ਤਾਵੇ
ਡੰਡੀਆਂ ਕਰਾ ਦੇ ਮਿੱਤਰਾ
ਜੀਹਦੇ ਵਿੱਚ ਵੀਂ ਮੁਲਕ ਲੰਘ ਜਾਵੇ
ਡੰਡੀਆਂ ਦਾ ਭਾਅ ਸੁਣ ਕੇ
ਮੁੰਡਾ ਚਿੱਤੜ ਝਾੜਦਾ ਜਾਵੇ
ਗਿਝੀ ਹੋਈ ਲੱਡੂਆਂ ਦੀ
ਰੰਨ ਦਾਲ ਫੁਲਕਾ ਨਾ ਖਾਵੇ
ਪਤਲੋਂ ਦੀ ਠੋਡੀ ਤੇ-
ਲੌਂਗ ਚਾਬੜਾਂ ਪਾਵੇ
217
ਬਾਲੇ
ਗੱਲਾਂ ਗੋਰੀਆਂ ਚਿਲਕਣੇ ਬਾਲੇ
ਬਚਨੋ ਬੈਲਣ ਦੇ
218
ਰਸ ਲੈਗੇ ਕੰਨਾਂ ਦੇ ਬਾਲੇ
ਝਾਕਾ ਲੈਗੀ ਨਥ ਮੱਛਲੀ
219
ਝਾਂਜਰ
ਢਾਈਆਂ ਢਾਈਆਂ ਢਾਈਆਂ
ਜੱਟਾਂ ਦੇ ਪੁੱਤ ਜੋਗੀ ਹੋਗੇ
ਸਿਰ ਪਰ ਜਟਾਂ ਰਖਾਈਆਂ
ਬਗਲੀ ਫੜਕੇ ਮੰਗਣ ਤੁਰ ਪੇ
ਖੈਰ ਨਾ ਪਾਉਂਦੀਆਂ ਮਾਈਆਂ
ਤੇਰੀ ਝਾਂਜਰ ਨੇ-
ਪਿੰਡ 'ਚ ਦੁਹਾਈਆਂ ਪਾਈਆਂ
220
ਲੌਂਗ
ਸੱਗੀ ਫੁੱਲ ਸਰਕਾਰੀ ਗਹਿਣਾ
ਤੀਲੀ ਲੌਂਗ ਕੰਜਰਾਂ ਦੇ
221
ਤੇਰੇ ਲੌਂਗ ਦਾ ਪਿਆ ਲਸ਼ਕਾਰਾ
ਹਾਲੀਆਂ ਨੇ ਹਲ ਡਕ ਲਏ

222
ਨੱਕ ਦੀ ਜੜ ਪਟਲੀ
ਪਾ ਕੇ ਲੌਂਗ ਬਗਾਨਾ
223
ਪਤਲੀ ਨਾਰ ਦਾ ਗਹਿਣਾ
ਲੌਂਗ ਤਵੀਤੜੀਆਂ
224
ਲੌਂਗ ਤੇਰੀਆਂ ਮੁੱਛਾਂ ਦੇ ਵਿੱਚ ਰੁਲਿਆ
ਟੋਲ ਕੇ ਫੜਾ ਦੇ ਮਿੱਤਰਾ
225
ਲੌਂਗ ਮੰਗਦੀ ਬੁਰਜੀਆਂ ਵਾਲਾ
ਨੱਕ ਤੇਰਾ ਹੈ ਨੀ ਪੱਠੀਏ
226
ਡੁੱਬ ਜਾਣ ਘਰਾਂ ਦੀਆਂ ਗਰਜ਼ਾਂ
ਲੌਂਗ ਕਰਾਉਣਾ ਸੀ
227
ਲੋਟਣ
ਜੇ ਰਸ ਗੋਰੀਆਂ ਗੱਲ੍ਹਾਂ ਦਾ ਲੈਣਾ
ਲੋਟਣ ਬਣ ਮਿੱਤਰਾ
228
ਲੋਟਣ ਮਿੱਤਰਾਂ ਦੇ
ਨਾਉਂ ਬੱਜਦਾ ਬੋਬੀਏ ਤੇਰਾ
229
ਨੱਤੀਆਂ
ਆਹ ਲੈ ਨੱਤੀਆਂ ਕਰਾ ਲੈ ਪਿੱਪਲ ਪੱਤੀਆਂ
ਕਿਸੇ ਅੱਗੇ ਗਲ ਨਾ ਕਰੀਂ
230
ਨੱਤੀਆਂ ਕਰਾਈਆਂ ਰਹਿ ਗਈਆਂ
ਦਿਨ ਚੜ੍ਹਦੇ ਨੂੰ ਜੰਮਪੀ ਤਾਰੋ
231
ਝੁਮਕੇ
ਨਿਮ ਨਾਲ ਝੂਟਦੀਏ
ਤੇਰੇ ਝੁਮਕੇ ਲੈਣ ਹੁਲਾਰੇ

232
ਮੇਰੇ ਕੰਨਾਂ ਨੂੰ ਕਰਾਦੇ ਝੁਮਕੇ
ਹੱਥਾਂ ਨੂੰ ਸੁਨਹਿਰੀ ਚੂੜੀਆਂ
233
ਤਵੀਤ
ਤੂੰ ਕੀ ਘੋਲ ਤਵੀਤ ਪਲਾਏ
ਲੱਗੀ ਤੇਰੇ ਮਗਰ ਫਿਰਾਂ
234
ਘੁੰਡ ਕਢਣਾ ਤਵੀਤ ਨੰਗਾ ਰੱਖਣਾ
ਛੜਿਆਂ ਦੀ ਹਿੱਕ ਲੂਹਣ ਨੂੰ
235
ਮੁੰਡਾ ਛੱਡ ਗਿਆ ਬੀਹੀ ਦਾ ਖਹਿੜਾ
ਪੰਜਾਂ ਦੇ ਤਵੀਤ ਬਦਲੇ
236
ਬਾਜੂ ਬੰਦ
ਬਾਜੂ ਬੰਦ ਚੰਦਰਾ ਗਹਿਣਾ
ਜੱਫੀ ਪਾਇਆਂ ਛਣਕ ਪਵੇ
237
ਬਾਂਕਾਂ
ਆਹ ਲੈ ਫੜ ਮਿੱਤਰਾ
ਬਾਂਕਾਂ ਮੇਚ ਨਾ ਆਈਆਂ
238
ਰੰਨ ਅੱਡੀਆਂ ਕੂਚਦੀ ਮਰਗੀ
ਬਾਂਕਾਂ ਨਾ ਜੁੜੀਆਂ
239
ਪਹੁੰਚੀ
ਹੱਥ ਮੱਚਗੇ ਪਹੁੰਚੀਆਂ ਵਾਲੇ
ਧੁੱਪੇ ਮੈਂ ਪਕਾਵਾਂ ਰੋਟੀਆਂ
240
ਮੇਲੇ ਜਾਏਂਗਾ ਲਿਆ ਹੀਂ ਪਹੁੰਚੀ
ਲੈ ਜਾ ਮੇਰਾ ਗੁੱਟ ਮਿਣਕੇ
241
ਨੱਥ ਮਛਲੀ

ਤੇਰੀ ਚੂਸ ਲਾਂ ਬੁੱਲ੍ਹਾਂ ਦੀ ਲਾਲੀ
ਮਛਲੀ ਦਾ ਪੱਤ ਬਣ ਕੇ
242
ਤਿੰਨ ਪੱਤ ਮਛਲੀ ਦੇ
ਜੱਟ ਚੱਬ ਗਿਆ ਸ਼ਰਾਬੀ ਹੋ ਕੇ
243
ਜੰਜੀਰੀ
ਸੁੱਤੀ ਪਈ ਦੀ ਜੰਜੀਰੀ ਖੜਕੇ
ਗੱਭਰੂ ਦਾ ਮੱਚੇ ਕਾਲਜਾ
244
ਮੇਰੀ ਕੁੜਤੀ ਖੱਲਾਂ ਦਾ ਕੂੜਾ
ਬਾਝ ਜੰਜੀਰੀ ਤੋਂ
245
ਪੰਜੇਬਾਂ
ਲੱਤ ਮਾਰੂੰਗੀ ਪੰਜੇਬਾਂ ਵਾਲੀ
ਪਰੇ ਹੋ ਜਾ ਜੱਟ ਵੱਟਿਆ
246
ਝਾਂਜਰ
ਅੱਗ ਲਾਗੀ ਝਾਂਜਰਾਂ ਵਾਲੀ
ਲੈਣ ਆਈ ਪਾਣੀ ਦਾ ਛੰਨਾ
247
ਪਾਣੀ ਡੋਲ੍ਹਗੀ ਝਾਂਜਰਾਂ ਵਾਲੀ
ਕੰਠੇ ਵਾਲਾ ਤਿਲ੍ਹਕ ਗਿਆ
248
ਗੁੱਤ ਤੇ ਕਚਹਿਰੀ ਲਗਦੀ
ਤੇਰੀ ਗੁੱਤ ਤੇ ਕਚਹਿਰੀ ਲਗਦੀ
ਦੂਰੋਂ-ਦੂਰੋਂ ਆਉਣ ਝਗੜੇ
ਸੱਗੀ-ਫੁੱਲ ਨੇ ਸ਼ਿਸ਼ਨ ਜਜ ਤੇਰੇ
ਕੈਂਠਾ ਤੇਰਾ ਮੋਹਤਮ ਹੈ
ਬਾਲੇ, ਡੰਡੀਆਂ ਕਮਿਸ਼ਨਰ ਡਿਪਟੀ
ਨੱਤੀਆਂ ਇਹ ਨੈਬ ਬਣੀਆਂ
ਜ਼ੈਲਦਾਰ ਨੇ ਮੁਰਕੀਆਂ ਤੇਰੀਆਂ
ਸਫੈਦ ਪੋਸ਼ ਬਣੇ ਗੋਖੜੂ

ਨੱਥ ਮੱਛਲੀ, ਮੇਖ ਤੇ ਕੋਕਾ
ਇਹ ਨੇ ਸਾਰੇ ਛੋਟੇ ਮਹਿਕਮੇਂ
ਤੇਰਾ ਲੌਂਗ ਕਰੇ ਸਰਦਾਰੀ
ਥਾਨੇਦਾਰੀ ਨੁਕਰਾ ਕਰੇ
ਚੌਕੀਦਾਰਨੀ ਬਣੀ ਬਘਿਆੜੀ
ਤੀਲੀ ਬਣੀ ਟਹਿਲਦਾਰਨੀ
ਕੰਢੀ, ਹੱਸ ਦਾ ਪੈ ਗਿਆ ਝਗੜਾ
ਤਵੀਤ ਉਗਾਹੀ ਜਾਣਗੇ
ਬੰਦੇ ਬਣ ਗਏ ਵਕੀਲ ਵਲੈਤੀ
ਚੌਂਕ ਚੰਦ ਨਿਆਂ ਕਰਦੇ
ਦਫ਼ਾ ਤਿੰਨ ਸੌ ਆਖਦੇ ਤੇਤੀ
ਕੰਠੀ ਨੂੰ ਸਜ਼ਾ ਬੋਲ ਗਈ
ਹਾਰ ਦੇ ਗਿਆ ਜ਼ਮਾਨਤ ਪੂਰੀ
ਕੰਠੀ ਨੂੰ ਛੁਡਾ ਕੇ ਲੈ ਗਿਆ
ਨਾਮ ਬਣ ਕੇ ਬੜਾ ਪਟਵਾਰੀ
ਹਿੱਕ ਵਾਲੀ ਮਿਣਤੀ ਕਰੇ
ਤੇਰਾ ਚੂੜਾ ਰਸਾਲਾ ਪੂਰਾ
ਬਾਜੂ-ਬੰਦ ਬਿਗੜ ਗਏ
ਪਰੀ-ਬੰਦ ਅੰਗਰੇਜ਼ੀ ਗੋਰੇ
ਫ਼ੌਜ ਦੇ ਵਿਚਾਲੇ ਸਜਦੇ
ਤੇਰੀ ਜੁਗਨੀ ਘੜੀ ਦਾ ਪੁਰਜਾ
ਜੰਜੀਰੀ ਤਾਰ ਬੰਗਲੇ ਦੀ
ਇਹ ਝਾਂਜਰਾਂ ਤਾਰ ਅੰਗਰੇਜ਼ੀ
ਮਿੰਟਾਂ 'ਚ ਦੇਣ ਖ਼ਬਰਾਂ
ਤੇਰੇ ਤੋੜੇ ਪਏ ਦੇਣ ਮਰੋੜੇ
ਬਈ ਆਸ਼ਕ ਲੋਕਾਂ ਨੂੰ
ਬਾਂਕਾਂ ਤੇਰੀਆਂ ਮਾਰਦੀਆਂ ਹਾਕਾਂ
ਖਰਚਾਂ ਨੂੰ ਬੰਦ ਕਰਦੇ
ਜੈਨਾਂ-ਜੈਨਾਂ
ਨਿਤ ਦੇ ਨਸ਼ਈ ਰਹਿਣਾ
ਨੀ ਝੂਠੇ ਫੈਸ਼ਨ ਤੋਂ ਕੀ ਲੈਣਾ

ਸਰਕਾਰੂ ਬੰਦੇ
249
ਪਟਵਾਰੀ
ਦੋ ਵੀਰ ਦਈਂ ਵੇ ਰੱਬਾ
ਇਕ ਮੁਨਸ਼ੀ ਤੇ ਇਕ ਪਟਵਾਰੀ
250
ਮੁੰਡਾ ਪੱਚੀਆਂ ਪਿੰਡਾਂ ਦਾ ਪਟਵਾਰੀ
ਅੱਗੇ ਤੇਰੇ ਭਾਗ ਬੱਚੀਏ
251
ਵੇ ਤੂੰ ਜਿੰਦ ਪਟਵਾਰੀਆ ਮੇਰੀ
ਮਾਹੀਏ ਦੇ ਨਾਂ ਲਿਖਦੇ
252
ਕੋਠੇ ਤੋਂ ਉਡ ਕਾਵਾਂ
ਸਦ ਪਟਵਾਰੀ ਨੂੰ
ਜਿੰਦ ਮਾਹੀਏ ਦੇ ਨਾਂ ਲਾਵਾਂ
253
ਬੋਲੀਆਂ ਦਾ ਪਾਵਾਂ ਬੰਗਲਾ
ਜਿੱਥੇ ਵਸਿਆ ਕਰੇ ਪਟਵਾਰੀ
254
ਮੁੰਡਾ ਪੱਟਿਆ ਨਵਾਂ ਪਟਵਾਰੀ
ਅੱਖਾਂ ਵਿੱਚ ਪਾ ਕੇ ਸੁਰਮਾ
255
ਤੇਰੀ ਚਾਲ ਨੇ ਪੱਟਿਆ ਪਟਵਾਰੀ
ਲੱਡੂਆਂ ਨੇ ਤੂੰ ਪਟਤੀ
256
ਕਿਹੜੇ ਪਿੰਡ ਦਾ ਬਣਿਆ ਪਟਵਾਰੀ
ਕਾਗਜਾਂ ਦੀ ਬੰਨ੍ਹੀ ਗਠੜੀ
257
ਅੱਖ ਪਟਵਾਰਨ ਦੀ

ਜਿਉਂ ਇਲ਼੍ਹ ਦੇ ਆਲ੍ਹਣੇ ਆਂਡਾ
258
ਮੇਰਾ ਯਾਰ ਪਟ ਦਾ ਲੱਛਾ ਪਟਵਾਰੀ
ਧੁੱਪ ਵਿੱਚ ਥਾਂ ਮਿਣਦਾ
259
ਟੰਗਣੇ ਤੇ ਟੰਗਣਾ
ਗਜ਼ ਫੁਲਕਾਰੀ
ਦੇਖੋ ਮੇਰੇ ਲੇਖ
ਮੈਨੂੰ ਢੁਕਿਆ ਪਟਵਾਰੀ
ਟੰਗਣੇ ਤੇ ਟੰਗਣਾ
ਗਜ਼ ਫੁਲਕਾਰੀ
ਦੇਖੋ ਮੇਰੇ ਲੇਖ
ਮੇਰੀ ਚੱਲੇ ਮੁਖਤਿਆਰੀ
260
ਟਿੱਕਾ ਸਰਕਾਰੋਂ ਘੜਿਆ
ਜੜਤੀ ਤੇ ਰੁੱਠੜਾ ਨਾ ਜਾਈਂ
ਵੇ ਪਟਵਾਰੀ ਮੁੰਡਿਆ
ਜਿਹਲਮ ਦੀ ਨੌਕਰੀ ਨਾ ਜਾਈਂ
ਵੇ ਪਟਵਾਰੀ ਮੁੰਡਿਆ
ਜਿਹਲਮ ਦੀ ਨੌਕਰੀ ਨਾ ਜਾਈਂ ਵੇ
261
ਰੜਕੇ ਰੜਕੇ ਰੜਕੇ
ਗਾਂ ਪਟਵਾਰੀ ਦੀ
ਲੈ ਗੇ ਚੋਰੜੇ ਫੜਕੇ
ਅਧਿਆਂ ਨੂੰ ਚਾਅ ਚੜ੍ਹਿਆ
ਅੱਧੇ ਰੌਂਦੇ ਹੱਥਾਂ ਤੇ ਹੱਥ ਧਰਕੇ
ਮੁੰਡਾ ਪਟਵਾਰੀ ਦਾ
ਬਹਿ ਗਿਆ ਕਤਾਬਾਂ ਫੜਕੇ
ਝਾਂਜਰ ਪਤਲੋ ਦੀ
ਠਾਣੇਦਾਰ ਦੇ ਚੁਬਾਰੇ ਵਿੱਚ ਖੜਕੇ
ਦਾਰੂ ਪੀਣਿਆਂ ਦੇ-
ਹਿੱਕ ਤੇ ਗੰਡਾਸੀ ਖੜਕੇ

262
ਛਾਣੇਦਾਰ
ਕੁਰਸੀ ਮੇਰੇ ਵੀਰ ਦੀ
ਥਾਣੇਦਾਰ ਦੇ ਬਰੋਬਰ ਡਹਿੰਦੀ
263
ਵੀਰ ਮੇਰਾ ਨੀ ਜਮਾਈ ਥਾਣੇਦਾਰ ਦਾ
ਸੰਮਾਂ ਵਾਲੀ ਡਾਂਗ ਰੱਖਦਾ
264
ਵੀਰ ਲੰਘਿਆ ਪਜਾਮਾ ਪਾਕੇ
ਲੋਕਾਂ ਭਾਣੇ ਠਾਣਾ ਲੰਘਿਆ
265
ਡੱਬੀ ਘੋੜੀ ਮੇਰੀ ਵੀਰ ਦੀ
ਥਾਣੇਦਾਰ ਦੇ ਤਬੇਲੇ ਬੋਲੇ
266
ਡੱਬੀ ਕੁੱਤੀ ਮੇਰੇ ਵੀਰ ਦੀ
ਥਾਣੇਦਾਰ ਦੀ ਕੁੜੀ ਨੂੰ ਚੱਕ ਲਿਆਵੇ
267
ਵੇ ਮੈਂ ਥਾਣੇਦਾਰ ਦੀ ਸਾਲੀ
ਕੈਦ ਕਰਾਦੂੰਗੀ
268
ਝਾਂਜਰ ਪਤਲੋ ਦੀ
ਥਾਣੇਦਾਰਾ ਦੇ ਚੁਬਾਰੇ ਵਿੱਚ ਖੜਕੇ
269
ਤੀਲੀ ਲੌਂਗ ਦਾ ਮੁਕੱਦਮਾ ਭਾਰੀ
ਥਾਣੇਦਾਰਾ ਸੋਚ ਕੇ ਕਰੀਂ
270
ਥਾਣੇਦਾਰ ਨੇ ਲੱਸੀ ਦੀ ਮੰਗ ਪਾਈ
ਚੂਹੀਆਂ ਦੁੱਧ ਦਿੰਦੀਆਂ
271
ਰੜਕੇ ਰੜਕੇ ਰੜਕੇ
ਢਲਵੀਂ ਜਹੀ ਗੁੱਤ ਵਾਲੀਏ
ਤੇਰੇ ਲੈਗੇ ਜੀਤ ਨੂੰ ਫੜਕੇ
ਵਿੱਚ ਕਤਵਾਲੀ ਦੇ

ਥਾਣੇਦਾਰ ਤੇ ਦਰੋਗਾ ਲੜਪੇ
ਮੂਹਰੇ-ਮੂਹਰੇ ਥਾਣਾ ਭੱਜਿਆ
ਮਗਰੇ ਦਰੋਗਾ ਖੜਕੇ
ਸ਼ੀਸ਼ਾ ਮਿੱਤਰਾਂ ਦਾ-
ਦੇਖ ਲੈ ਪੱਟਾਂ ਤੇ ਧਰਕੇ
272
ਆਰੀ ਆਰੀ ਆਰੀ
ਮੇਲਾ ਛਪਾਰ ਲਗਦਾ
ਜਿਹੜਾ ਲੱਗਦਾ ਜਰਗ ਤੋਂ ਭਾਰੀ
ਕਠ ਮੁਸ਼ਟੰਡਿਆਂ ਦੇ
ਓਥੇ ਬੋਤਲਾਂ ਮੰਗਾਲੀਆਂ ਚਾਲੀ
ਤਿੰਨ ਸੇਰ ਸੋਨਾ ਚੁੱਕਿਆ
ਭਾਨ ਲੁਟਲੀ ਹੱਟੀ ਦੀ ਸਾਰੀ
ਰਤਨ ਸਿੰਘ ਕੁਕੜਾਂ ਦਾ
ਜੀਹਦੇ ਚਲਦੇ ਮੁਕੱਦਮੇ ਭਾਰੀ
ਥਾਣੇਦਾਰਾ ਚੜ੍ਹ ਘੋੜੀ
ਤੇਰਾ ਯਾਰ ਕੁੱਟਿਆ ਪਟਵਾਰੀ
ਥਾਣੇਦਾਰ ਤਿੰਨ ਚੜ੍ਹਗੇ
ਨਾਲ਼ੇ ਪੁਲਸ ਚੜ੍ਹੀ ਸੀ ਸਾਰੀ
ਇਸੂ ਧੂਰੀ ਦਾ
ਜਿਹੜਾ ਡਾਂਗ ਬਹਾਦਰ ਭਾਰੀ
ਮੰਗੂ ਖੇੜੀ ਦਾ
ਜੀਹਨੇ ਪੁੱਠੇ ਹੱਥ ਦੀ ਗੰਡਾਸੀ ਮਾਰੀ
ਥਾਣੇਦਾਰ ਐਂ ਡਿੱਗਿਆ
ਜਿਵੇਂ ਹਲ ਤੋਂ ਡਿਗੇ ਪੰਜਾਲੀ
ਕਾਹਨੂੰ ਛੇੜੀ ਸੀ-
ਨਾਗਾਂ ਦੀ ਪਟਿਆਰੀ
273
ਧਾਵੇ ਧਾਵੇ ਧਾਵੇ
ਡੱਬਾ ਕੁੱਤਾ ਮਿੱਤਰਾਂ ਦਾ
ਥਾਣੇਦਾਰ ਦੀ ਕੁੜੀ ਨੂੰ ਚੱਕ ਲਿਆਵੇ
ਭੈਣ ਚੱਕੇ ਡਿਪਟੀ ਦੀ
ਜਿਹੜਾ ਲੰਬੀਆਂ ਤਰੀਕਾਂ ਪਾਵੇ

ਰਾਹ ਸੰਗਰੂਰਾਂ ਦੇ
ਕੱਚੀ ਮਲਮਲ ਉਡਦੀ ਜਾਵੇ
ਉਡਦੀ ਮਲਮਲ ਤੇ
ਤੋਤਾ ਝਪਟ ਚਲਾਵੇ
ਮੇਲੋ ਦਾ ਯਾਰ ਯਾਰੋ
ਰੁਸ ਕੇ ਚੀਨ ਨੂੰ ਜਾਵੇ
ਖੂਹ ਵਿੱਚੋਂ ਬੋਲ ਪੂਰਨਾ-
ਤੈਨੂੰ ਗੋਰਖ ਨਾਥ ਬੁਲਾਵੇ
274
ਸ਼ੈਸ਼ਨ ਜੱਜ
ਹੱਥ ਜੋੜਦੀ ਸ਼ਿਸ਼ਨ ਜੱਜ ਮੂਹਰੇ
ਭਗਤੇ ਨੂੰ ਕੈਦੋਂ ਛੱਡ ਦੇ
275
ਚੱਕੋ ਸਹੁਰੇ ਜੱਜ ਦੀ ਕੁੜੀ
ਜਿਹੜਾ ਲੰਬੀਆਂ ਤ੍ਰੀਕਾਂ ਪਾਵੇ

ਆਰਥਕ ਮੰਦਵਾੜਾ

276
ਲੋਕੀ ਸੁੱਤੇ ਨੇ
ਲੋਕੀ ਸੁੱਤੇ ਨੇ ਅਰਾਮ ਨਾਲ ਸਾਰੇ
ਮੋਢੇ ਹਲੜਾ
ਮੋਢੇ ਹਲੜਾ ਤੇ ਹੱਥ 'ਚ ਪਰਾਣੀ
ਅੱਗੇ ਜੋਗ ਢੱਗਿਆਂ ਦੀ
ਢੱਗੇ ਜੋੜ ਕੇ
ਢੱਗੇ ਜੋੜਕੇ ਪੈਲੀ ਵਿੱਚ ਵੜਿਆ
ਹਟ ਪਰ੍ਹੇ ਤੂੰ ਬੱਗਿਆ
ਕੇਸ ਖੁੱਲ੍ਹੇ ਸੀ
ਕੇਸ ਖੁੱਲ੍ਹੇ ਸੀ ਲਮਕਦੀਆਂ ਲੀਰਾਂ
ਢਾਈ ਪੇਚ ਪਗੜੀ ਦੇ
ਤੇੜਾ ਕੱਛਾ ਵੀ
ਤੇੜ ਕੱਛਾ ਵੀ ਖੱਦਰ ਦਾ ਪਾਟਾ
ਨਾਲਾ ਪਾਇਆ ਜੋਤ ਵੱਢ ਕੇ
ਉੱਤੋਂ ਸਿਖਰ
ਉੱਤੋਂ ਸਿਖਰ ਦੁਪਹਿਰਾਂ ਹੋਈਆਂ
ਰੋਟੀ ਵੀ ਨਾ ਆਈ ਓਸ ਦੀ
ਚੂੜੇ ਵਾਲੜੀ
ਚੂੜੇ ਵਾਲੜੀ ਦੇ ਹੱਥ ਵਿੱਚ ਪਾਣੀ
ਸੁੱਕੀ ਰੋਟੀ ਛੋਲਿਆਂ ਦੀ
ਸੱਜਨਾਂ!
ਸਜਨਾਂ! ਜੋ ਤੇਰੇ ਕਰਮਾਂ ਦਾ
ਸੋ ਲੱਭਣਾ!
277
ਹੱਲ ਛੱਡ ਕੇ ਚਰ੍ਹੀ ਨੂੰ ਜਾਣਾ
ਜੱਟ ਦੀ ਜੂਨ ਬੁਰੀ
278
ਗੋਦੀ ਮੁੰਡਾ ਤੇ ਚਰ੍ਹੀ ਨੂੰ ਚੱਲੀ

ਸਬਰ ਬਚੋਲੇ ਨੂੰ
279
ਹੁਣ ਦੇ ਗੱਭਰੂਆਂ ਦੇ
ਚਿੱਟੇ ਚਾਦਰੇ ਲੜਾਂ ਤੋਂ ਖਾਲੀ
280
ਲੱਛੀ ਤੇਰੇ ਬੰਦ ਨਾ ਬਣੇ
ਮੁੰਡੇ ਮਰਗੇ ਕਮਾਈਆਂ ਕਰਦੇ
281
ਪਹਿਲਾਂ ਮਾਮਲੇ ਤੋਂ ਜਾਨ ਛੁਡਾਈਏ
ਬੰਦ ਫੇਰ ਬਣ ਜਾਣਗੇ
282
ਮੇਰਾ ਹੱਥ ਆਰਸੀ ਤੋਂ ਖਾਲੀ
ਵੀਰਾ ਵੇ ਮੁਰੱਬੇ ਵਾਲਿਆ
283
ਬੋਹਲ ਸਾਰਾ ਵੇਚ ਘੱਤਿਆ
ਛੱਲਾਂ ਪੰਦਰਾਂ ਨਾ ਜੱਟ ਨੂੰ ਥਿਆਈਆਂ
284
ਹਲ ਪੰਜਾਲੀ ਦੀ ਹੋ ਗਈ ਕੁਰਕੀ
ਵੇਚ ਕੇ ਖਾ ਲਿਆ ਬੀ
ਹਾਲਾ ਨਹੀਂ ਭਰਿਆ-
ਵਾਹੀ ਦਾ ਲਾਹਾ ਕੀ
285
ਔਖ ਲੰਘਦੇ ਘਰਾਂ ਦੇ ਲਾਂਘੇ
ਛੱਡਦੇ ਤੂੰ ਬੈਲਦਾਰੀਆਂ
286
ਪਿੰਡਾਂ ਵਿੱਚ ਭੰਗ ਭੁੱਜਦੀ
ਸ਼ਹਿਰ ਚੱਲੀਏ ਮਜੂਰੀ ਕਰੀਏ
287
ਬਾਣੀਆਂ ਨੇ ਅੱਤ ਚੱਕਲੀ
ਸਾਰੇ ਜੱਟ ਕਰਜ਼ਾਈ ਕੀਤੇ
288
ਤੇਰੀ ਹਾੜ੍ਹੀ ਨੂੰ ਵਕੀਲਾਂ ਖਾਧਾ
ਸਾਉਣੀ ਤੇਰੀ ਸ਼ਾਹਾਂ ਲੁਟਲੀ

ਖੂਹ-ਹਰਟ
289
ਹਰਟ
ਕੰਨੇ ਨੂੰ ਕੰਨਾ ਸਾਹਮਣਾ
ਕਾਂਜਣ ਸਿੱਧੀ ਸ਼ਤੀਰ
ਕਾਂਜਣ ਵਿਚਲਾ ਮੱਕੜਾ
ਮੱਕੜੇ ਵਿਚਲਾ ਤੀਰ
ਲੱਠ ਘੁੰਮੇਟੇ ਪਾਉਂਦੀ
ਜਿਉਂ ਸਈਆਂ ਵਿੱਚ ਹੀਰ
ਬੂੜੀਏ ਨੂੰ ਬੂੜੀਆ ਮਿਲੇ
ਜਿਊਂ ਭੈਣਾਂ ਨੂੰ ਵੀਰ
ਕੁੱਤਾ ਟਿਕ-ਟਿਕ ਕਰ ਰਿਹਾ
ਮੰਦੀ ਲਿਖੀ ਤਕਦੀਰ
ਬਲਦਾਂ ਗਲੀਂ ਪੰਜਾਲੀਆਂ
ਜਿਉਂ ਸ਼ੇਰਾਂ ਗਲੀਂ ਜੰਜੀਰ
ਟਿੰਡਾਂ ਦੇ ਗਲ ਗਾਨੀਆਂ
ਲਿਆਣ ਪਤਾਲੋਂ ਨੀਰ
ਚਲ੍ਹੇ 'ਚ ਪਾਣੀ ਇਉਂ ਗਿਰੇ
ਜਿਉਂ ਗਿਰੇ ਕਮਾਨੋਂ ਤੀਰ
ਚਲ਼੍ਹੇ 'ਚ ਪਾਣੀ ਇਉਂ ਗਿਰੇ
ਜਿਉਂ ਬਾਹਮਣ ਥਾਲੀ ਖੀਰ
ਆਡਾਂ 'ਚ ਪਾਣੀ ਇਉਂ ਤੁਰੇ
ਜਿਉਂ ਸੱਪ ਤੁਰੇ ਦਿਲਗੀਰ
ਨੱਕਿਆਂ ਨੇ ਪਾਣੀ ਵੰਡਿਆ
ਜਿਉਂ ਭਾਈਆਂ ਵੰਡੀ ਜਗੀਰ
ਨਾਕੀ ਵਿਚਾਰਾ ਇਊਂ ਫਿਰੇ
ਜਿਊਂ ਦਰ-ਦਰ ਫਿਰੇ ਫਕੀਰ
ਗਾਧੀ ਤਖ਼ਤ ਲਾਹੌਰ ਦੀ
ਜਿੱਥੇ ਆ-ਆ ਬਹਿਣ ਅਮੀਰ

290
ਸੁਪਨਾ ਹੋ ਗਿਐਂ ਯਾਰਾ
ਖੂਹ ਦੇ ਚੱਕ ਵਾਂਗੂੰ
291
ਖੂਹਾਂ ਟੋਬਿਆਂ ਤੇ ਮਿਲਣੋਂ ਰਹਿਗੇ
ਚੰਦਰੇ ਲਵਾ ਲਏ ਨਲਕੇ
292
ਪਾਣੀ ਰੰਡੀ ਦੇ ਖੇਤ ਨੂੰ ਜਾਵੇ
ਲੰਬੜਾਂ ਦਾ ਖੂਹ ਵਗਦਾ

ਦੋਹੇ
293
ਪਲਾਹ ਦਿਆ ਪੱਤਿਆ
ਕੇਸੂ ਤੇਰੇ ਫੁੱਲ
ਵਾ ਵਗੀ ਝੜ ਜਾਣਗੇ
ਕਿਨੇ ਨੀ ਲੈਣੇ ਮੁੱਲ
294
ਜੇ ਸੁਖ ਪਾਵਨਾ ਜਗਤ ਮੇਂ
ਚੀਜ਼ਾਂ ਛੱਡਦੇ ਚਾਰ
ਚੋਰੀ ਯਾਰੀ ਜਾਮਨੀ
ਚੌਥੀ ਪਰਾਈ ਨਾਰ
295
ਸੁਣ ਪਿੱਪਲੀ ਦਿਆ ਪੱਤਿਆ
ਤੈਂ ਕੇਹੀ ਖੜ-ਖੜ ਲਾਈ
ਵਾਲ ਵਗੀ ਝੜ ਜਾਏਂਗਾ
ਰੁੱਤ ਨਵਿਆਂ ਦੀ ਆਈ
296
ਗੱਡੀ ਦਿਆ ਗਡਵਾਣਿਆਂ
ਭੂੰਗੇ ਬਲਦ ਨੂੰ ਛੇੜ
ਤੈਨੂੰ ਸਾਡੇ ਤਾਈਂ ਕੀ ਪਈ
ਆਪਣੀ ਫਸੀ ਨਬੇੜ
297
ਚਾਨਣ ਸਾਰਾ ਲੰਘ ਗਿਆ
ਮੂਹਰੇ ਆ ਗਿਆ ਹਨੇਰ
ਇੱਕ ਦਿਨ ਮੁਕ ਜਾਵਣਾ
ਤੈਂ ਮੁੜ ਨੀ ਜੰਮਣਾ ਫੇਰ
298
ਜੱਟਾ ਹਲ ਵਗੇਂਦਿਆ
ਹਲ ਨਾ ਛੱਡੇਂ ਦਿਨ ਰਾਤ

ਇਕ ਦਿਨ ਵਿਛੜ ਜਾਵਣਾ
ਤੇਰੀ ਕਿਸੇ ਨਾ ਪੁੱਛਣੀ ਬਾਤ
299
ਉੱਠ ਉਹ ਜੱਟਾ ਸੁੱਤਿਆ
ਦਾਹੜੀ ਹੋਈ ਭੂਰ
ਅੱਗਾ ਨੇੜੇ ਆ ਗਿਆ
ਪਿੱਛਾ ਰਹਿ ਗਿਆ ਦੂਰ
300
ਆਟਾ ਮੇਰਾ ਬੁੜ੍ਹਕਿਆ
ਬੰਨੇ ਬੋਲਿਆ ਕਾਗ
ਤੜਕੇ ਚਿੜੀਆਂ ਜਾਗੀਆਂ
ਸੌਂ ਰਹੇ ਮੇਰੇ ਭਾਗ
301
ਫੁਲ ਖਿੜੇ ਕਚਨਾਰ ਦੇ
ਪੈਲਾਂ ਪਾਵਣ ਮੋਰ
ਚੰਨ ਚੁਫੇਰੇ ਭਾਲਦੇ
ਮੇਰੇ ਨੈਣ ਚਕੋਰ
302
ਕੜਕ ਨਾ ਜਾਂਦੀ ਕੁੱਪਿਓਂ
ਰਹਿੰਦੇ ਤੇਲ ਭਰੇ
ਕਿੱਕਰ ਜੰਡ ਕਰੀਰ ਨੂੰ
ਪਿਓਂਦ ਕੌਣ ਕਰੇ
303
ਔਖੀ ਰਮਜ਼ ਫਕੀਰੀ ਵਾਲੀ
ਚੜ੍ਹ ਸੂਲੀ ਤੇ ਬਹਿਣਾ
ਦਰ-ਦਰ ਤੇ ਟੁਕੜੇ ਮੰਗਣੇ
ਮਾਈਏਂ ਭੈਣੇ ਕਹਿਣਾ

ਲੋਹੜੀ ਦੇ ਗੀਤ

ਲੋਹੜੀ ਕਿਸਾਨਾਂ ਦਾ ਹਰਮਨ ਪਿਆਰਾ ਤਿਉਹਾਰ ਹੈ। ਇਹ ਤਿਉਹਾਰ ਪੋਹ ਮਹੀਨੇ ਦੀ ਆਖਰੀ ਰਾਤ ਨੂੰ ਮਨਾਇਆ ਜਾਂਦਾ ਹੈ। ਪੰਜਾਬ ਦੇ ਪੇਂਡੂ ਜੀਵਨ ਵਿੱਚ ਇਸ ਤਿਉਹਾਰ ਦੀ ਬੜੀ ਮਹੱਤਤਾ ਹੈ।

ਲੋਹੜੀ ਨਵ-ਜਨਮੇ ਮੁੰਡਿਆਂ ਅਤੇ ਨਵੇਂ ਵਿਆਹੇ ਜੋੜਿਆਂ ਦੀ ਖ਼ੁਸ਼ੀ ਵਿੱਚ ਮਨਾਈ ਜਾਂਦੀ ਹੈ। ਮੁੰਡਾ ਕਿਸੇ ਕਿਸਾਨ ਦੇ ਘਰ ਜਨਮੇ ਜਾਂ ਕਿਸੇ ਕਾਮੇ ਦੇ ਘਰ, ਖ਼ੁਸ਼ੀ ਸਾਰੇ ਪਿੰਡ ਲਈ ਸਾਂਝੀ ਹੁੰਦੀ ਹੈ। ਇਸ ਦਿਨ ਸਾਰੇ ਰਲ ਕੇ ਨਵ ਜਨਮੇ ਮੁੰਡੇ ਦੇ ਘਰੋਂ ਵਧਾਈਆਂ ਦਾ ਗੁੜ ਮੰਗਕੇ ਲਿਆਉਂਦੇ ਹਨ। ਪਿੰਡ ਵਿੱਚ ਥਾਂ-ਥਾਂ ਲੋਹੜੀ ਬਾਲੀ ਜਾਂਦੀ ਹੈ। ਬਾਲਣ ਲਈ ਪਾਥੀਆਂ ਅਤੇ ਲੱਕੜਾਂ ਘਰਾਂ ਵਿੱਚੋਂ ਬੱਚੇ ਮੰਗ ਕੇ ਲਿਆਉਂਦੇ ਹਨ। ਰਾਤੀਂ ਪਿੰਡ ਦੀ ਸੱਥ ਵਿੱਚ ਕੱਠੇ ਹੋ ਕੇ ਵਧਾਈਆਂ ਦਾ ਗੁੜ ਸਭ ਨੂੰ ਇੱਕੋ ਜਿਹਾ ਵਰਤਾਇਆ ਜਾਂਦਾ ਹੈ।

ਲੋਹੜੀ ਵਿੱਚ ਬੱਚੇ ਵੱਧ ਚੜ੍ਹ ਕੇ ਭਾਗ ਲੈਂਦੇ ਹਨ। ਜਿੱਧਰ ਵੀ ਵੇਖੋ ਬੱਚਿਆਂ ਦੀਆਂ ਟੋਲੀਆਂ ਗੀਤ ਗਾਉਂਦੀਆਂ ਫਿਰਦੀਆਂ ਹਨ। ਵਧਾਈਆਂ ਦੇ ਗੁੜ ਤੋਂ ਬਿਨਾਂ ਬੱਚੇ ਭੂਤ ਪਿੰਨੇ, ਰਿਓੜੀਆਂ, ਤਲੂਏਂ, ਬੱਕਲੀਆਂ, ਦਾਣੇ ਤੇ ਪਾਥੀਆਂ ਘਰ-ਘਰ ਜਾ ਕੇ ਗੀਤ ਗਾਉਂਦੇ ਹੋਏ ਮੰਗਦੇ ਹਨ। ਬੱਚੇ ਬੜੇ ਚਾਅ ਨਾਲ ਗੀਤ ਗਾਉਂਦੇ ਹਨ। ਦਿਨ ਖੜ੍ਹੇ ਹੀ ਲੋਹੜੀ ਮੰਗ ਰਹੇ ਬੱਚਿਆਂ ਦੀਆਂ ਆਵਾਜ਼ਾਂ ਸੁਣਾਈਂ ਦੇਣ ਲੱਗਦੀਆਂ ਹਨ।

ਕੁੜੀਆਂ ਦੀਆਂ ਵੱਖਰੀਆਂ-ਵੱਖਰੀਆਂ ਟੋਲੀਆਂ ਹੁੰਦੀਆਂ ਹਨ ਤੇ ਮੁੰਡੇ ਵੱਖਰੇ ਲੋਹੜੀ ਮੰਗਦੇ ਹਨ। ਕਈਆਂ ਨੇ ਬੋਰੀਆਂ ਚੁੱਕੀਆਂ ਹੁੰਦੀਆਂ ਹਨ ਤੇ ਕਈਆਂ ਨੇ ਚੁੰਨੀਆਂ ਤੇ ਪਰਨਿਆਂ ਨੂੰ ਗੱਠਾਂ ਦੇ ਕੇ ਝੋਲੇ ਬਣਾਏ ਹੁੰਦੇ ਹਨ। ਮੰਗਣ ਵਾਲੇ ਬੱਚਿਆਂ ਵਿੱਚ ਛੋਟੇ ਵੱਡੇ ਘਰਾਂ ਦਾ ਕੋਈ ਵਿਤਕਰਾ ਨਹੀਂ ਹੁੰਦਾ ਨਾ ਹੀ ਜਾਤ-ਪਾਤ ਦਾ ਕੋਈ ਭੇਦ ਭਾਵ ਹੁੰਦਾ ਹੈ। ਬੱਚੇ ਸਮੂਹਿਕ ਰੂਪ ਵਿੱਚ ਹੀ ਗੀਤ ਗਾਉਂਦੇ ਹਨ। ਮੁੰਡਿਆਂ ਦੇ ਗੀਤਾਂ ਦਾ ਕੁੜੀਆਂ ਦੇ ਗੀਤਾਂ ਨਾਲੋਂ ਕੁੱਝ ਫਰਕ ਹੁੰਦਾ ਹੈ ਤੇ ਉਹਨਾਂ ਦੇ ਗੀਤ ਗਾਉਣ ਦਾ ਢੰਗ ਵੀ ਵੱਖਰਾ ਹੁੰਦਾ ਹੈ। ਮੁੰਡੇ ਰੌਲਾ ਰੱਪਾ ਬਹੁਤਾ ਪਾਉਂਦੇ ਹਨ। ਕੁੜੀਆਂ ਬੜੇ ਸਲੀਕੇ ਤੇ ਰਹਾ ਨਾਲ ਗੀਤ ਗਾਉਂਦੀਆਂ ਹਨ।

ਏਥੇ ਤੁਹਾਡੀ ਦਿਲਚਸਪੀ ਲਈ ਮੁੰਡੇ ਕੁੜੀਆਂ ਦੇ ਵੱਖਰੇ-ਵੱਖਰੇ ਲੋਕ ਗੀਤ ਦਿੱਤੇ ਜਾ ਰਹੇ ਹਨ।

ਮੁੰਡਿਆਂ ਦੇ ਗੀਤ
1
ਕੋਠੇ ਉੱਤੇ ਕਾਨਾ
ਗੁੜ ਦੇਵੇ ਮੁੰਡੇ ਦਾ ਨਾਨਾ
ਸਾਡੀ ਲੋਹੜੀ ਮਨਾ ਦੋ
ਚੁਬਾਰੇ ਉੱਤੇ ਕਾਂ
ਗੁੜ ਦੇਵੇ ਮੁੰਡੇ ਦੀ ਮਾਂ
ਸਾਡੀ ਲੋਹੜੀ ਮਨਾ ਦੋ
ਕੋਠੇ ਉੱਤੇ ਕਾਨੀ
ਗੁੜ ਦੇਵੇ ਮੁੰਡੇ ਦੀ ਨਾਨੀ
ਸਾਡੀ ਲੋਹੜੀ ਮਨਾ ਦੋ
2
ਉੱਖਲੀ 'ਚ ਸੀਖਾਂ
ਥੋਡੇ ਬੁੜੇ ਦੇ ਪੈ ਗਈਆਂ ਲੀਖਾਂ
ਸਾਡੀ ਲੋਹੜੀ ਮਨਾ ਦੋ
3
ਲੋਹੜੀ ਬਈ ਲੋਹੜੀ
ਦਿਓ ਗੁੜ ਦੀ ਰੋੜੀ ਵਈ ਰੋੜੀ
4
ਕਲਮਦਾਨ ਵਿੱਚ ਘਿਓ
ਜੀਵੇ ਮੁੰਡੇ ਦਾ ਪਿਓ
ਕਲਮਦਾਨ ਵਿੱਚ ਕਾਂ
ਜੀਵੇ ਮੁੰਡੇ ਦੀ ਮਾਂ
ਕਲਮਦਾਨ ਵਿੱਚ ਕਾਨਾ
ਜੀਵੇ ਮੁੰਡੇ ਦਾ ਨਾਨਾ
ਕਲਮਦਾਨ ਵਿੱਚ ਕਾਨੀ
ਜੀਵੇ ਮੁੰਡੇ ਦੀ ਨਾਨੀ
5
ਕੋਠੇ ਤੇ ਪੰਜਾਲੀ
ਤੇਰੇ ਮੁੰਡੇ ਹੋਣਗੇ ਚਾਲੀ
ਸਾਡੀ ਲੋਹੜੀ ਮਨਾ ਦੋ

6
ਲੋਹੜੀ ਬਈ ਲੋਹੜੀ
ਤੇਰਾ ਮੁੰਡਾ ਚੜ੍ਹਿਆ ਘੋੜੀ
ਘੋੜੀ ਨੇ ਮਾਰੀ ਲੱਤ
ਤੇਰੇ ਮੁੰਡੇ ਜੰਮਣ ਸੱਠ
ਸਾਡੀ ਲੋਹੜੀ ਮਨਾ ਦੋ
7
ਉਖਲੀ 'ਚ ਪਾਥੀ
ਤੇਰਾ ਪੁੱਤ ਚੜ੍ਹੇ ਹਾਥੀ
ਸਾਡੀ ਲੋਹੜੀ ਮਨਾ ਦੋ
8
ਉਖਲੀ 'ਚ ਪਰਾਲੀ
ਤੇਰੇ ਆਉਣ ਬਹੂਆਂ ਚਾਲੀ
ਸਾਡੀ ਲੋਹੜੀ ਮਨਾ ਦੋ
9
ਸਾਨੂੰ ਦੇਹ ਲੋਹੜੀ
ਤੇਰੀ ਜੀਵੇ ਘੋੜੀ
10
ਕੋਠੀ ਹੇਠ ਡੱਕਾ
ਥੋਨੂੰ ਰਾਮ ਦਊਰਾ ਬੱਚਾ
ਸਾਡੀ ਲੋਹੜੀ ਮਨਾ ਦੋ
11
ਕੋਠੀ ਹੇਠ ਚਾਕੂ
ਗੁੜ ਦਊ ਮੁੰਡੇ ਦਾ ਬਾਪੂ
ਸਾਡੀ ਲੋਹੜੀ ਮਨਾ ਦੋ
12
ਕੋਠੀ ਹੇਠ ਭੂਰਾ
ਥੋਡੇ ਪਵੇ ਸ਼ੁਕਰ ਬੂਰਾ
ਸਾਡੀ ਲੋਹੜੀ ਮਨਾ ਦੋ
13
ਤਾਣਾ ਬਈ ਤਾਣਾ
ਗੁੜ ਲੈ ਕੇ ਜਾਣਾ

14
ਖੋਹਲ ਮਾਈ ਕੁੰਡਾ
ਜੀਵੇ ਤੇਰਾ ਮੁੰਡਾ
ਤੇਰੇ ਕੋਠੇ ਉੱਤੇ ਮੋਰ
ਸਾਨੂੰ ਛੇਤੀ-ਛੇਤੀ ਤੋਰ
ਦੇ ਮਾਈ ਲੱਕੜੀ
ਜੀਵੇ ਤੇਰੀ ਬੱਕਰੀ
ਦੇ ਮਾਈ ਲੋਹੜੀ
ਜੀਵੇ ਤੇਰੀ ਜੋੜੀ
ਕੰਘੀ ਉੱਤੇ ਕੰਘਾ
ਇਹ ਘਰ ਚੰਗਾ
15
ਲਿਆ ਮਾਈ ਲੱਕੜੀ
ਲਿਆ ਮਾਈ ਗੋਹਾ
ਮਾਈ ਦਾ ਬੱਚੜਾ
ਨਵਾਂ ਨਰੋਆ
16
ਕੋਠੇ ਤੇ ਪਰਨਾਲਾ
ਸਾਨੂੰ ਖੜਿਆਂ ਨੂੰ ਲੱਗਦਾ ਪਾਲਾ
ਸਾਡੀ ਲੋਹੜੀ ਮਨਾ ਦੋ
ਤੂੰ ਤਾਂ ਕੰਮ ਕਰਦੀ ਐਂ
ਸਾਨੂੰ ਰਾਤ ਪੈਂਦੀ ਐ
17
ਕੋਠੀ ਹੇਠ ਰੋੜੇ
ਥੋਡਾ ਬੰਤ ਚੜ੍ਹਿਆ ਘੋੜੇ
ਘੋੜੇ ਚੜ੍ਹਕੇ ਤੀਰ ਚਲਾਇਆ
ਤੀਰ ਲੱਗਿਆ ਤਿੱਤਰ ਦੇ
ਤਿੱਤਰ ਕਹਿੰਦਾ ਚਿਆਂ ਮਿਆਂ
ਚਿਆਂ ਮਿਆਂ
18
ਦੇ ਮਾਈ ਪਾਥੀ
ਤੇਰਾ ਪੁੱਤ ਚੜ੍ਹੇ ਹਾਥੀ
ਦੇ ਮਾਈ ਗੋਹਾ

ਮਾਈ ਦਾ ਪੁੱਤ ਨਵਾਂ ਨਰੋਆ
ਚਾਰ 'ਕ ਦਾਣੇ ਖਿੱਲਾਂ ਦੇ
ਅਸੀਂ ਪਾਥੀ ਲੈ ਕੇ ਹਿਲਾਂਗੇ
19
ਸਾਡੇ ਵਿਹੜੇ ਵਿੱਚ ਮਸ਼ੀਨ
ਥੋਡਾ ਬੁੜਾ ਬੜਾ ਸ਼ੁਕੀਨ
ਲਾਉਂਦਾ ਪਾਊਡਰ ਤੇ ਕਰੀਮ
ਸਾਡੀ ਲੋਹੜੀ ਮਨਾ ਦੋ
20
ਕੁੱਪੀਏ ਨੀ ਕੁੱਪੀਏ
ਅਸਮਾਨ ਤੇ ਲੁੱਟੀਏ
ਅਸਮਾਨ ਪੁਰਾਣਾ
ਛਿੱਕ ਬੰਨ੍ਹ ਤਾਣਾ
ਲੰਗਰ 'ਚ ਦਾਲ
ਮਾਰ ਮੱਥੇ ਨਾਲ
ਮੱਥਾ ਤੇਰਾ ਵੱਡਾ
ਲਿਆ ਲੱਕੜੀਆਂ ਦਾ ਗੱਡਾ
21
ਆਖੋ ਮੁੰਡਿਓ ਆਂਡਾ-ਆਂਡਾ
ਆਂਡੇ ਨੂੰ ਮਾਰੀ ਟੱਕਰ-ਆਂਡਾ
ਦੇ ਮਾਈ ਸ਼ੱਕਰ-ਆਂਡਾ
ਸ਼ਕਰ ਤੇਰੀ ਕੌੜੀ-ਆਂਡਾ
ਦੇ ਮਾਈ ਰੋੜੀ-ਆਂਡਾ
ਗੁੜ ਤੇਰਾ ਮਿੱਠਾ-ਆਂਡਾ
ਦੇ ਨੋਟ ਚਿੱਟਾ-ਆਂਡਾ
22
ਚੱਕੀ ਰਾਹੀ ਪੱਥਰੀ-ਢੇਰਨੀ
ਵਿੱਚੋਂ ਨਿਕਲਿਆ ਖੱਤਰੀ-ਢੇਰਨੀ
ਖੱਤਰੀ ਮੰਗੇ ਤੀਰ ਕਮਾਨ-ਢੇਰਨੀ
ਵਿੱਚੋਂ ਨਿਕਲਿਆ ਮੁਸਲਮਾਨ-ਢੇਰਨੀ
ਮੁਸਲਮਾਨ ਨੇ ਰੱਖੇ ਰੋਜ਼ੇ-ਢੇਰਨੀ
ਰੋਜ਼ੇ ਖੋਜੇ ਦਾਣਾ ਮਾਣਾ-ਢੇਰਨੀ
ਵਿੱਚੋਂ ਨਿਕਲਿਆ ਲਾਲ ਦੁਖਾਣਾ-ਢੇਰਨੀ

ਲਾਲ ਦਖਾਣ ਨੇ ਠੋਕੀ ਮੰਜੀ-ਢੇਰਨੀ
ਵਿੱਚੋਂ ਨਿਕਲੀ ਅਲਫੋਂ ਗੰਜੀ-ਢੇਰਨੀ
ਅਲਫ਼ਾਂ ਗੰਜੀ ਨੇ ਕੱਤਿਆ ਸੂਤ-ਢੇਰਨੀ
ਜੀਵੇ ਮਾਈ ਤੇਰਾ ਪੂਤ-ਢੇਰਨੀ
ਦੇਹ ਮਾਈ ਲੋਹੜੀ
ਜੀਵੇ ਤੇਰੀ ਘੋੜੀ
23
ਆਖੋ ਮੁੰਡਿਓ ਢੇਰਨੀ-ਢੇਰਨੀ
ਢੇਰਨੀ ਪੁਕਾਰਿਆ-ਢੇਰਨੀ
ਨਿੱਕਾ ਬੱਚਾ ਮਾਰਿਆ-ਢੇਰਨੀ
ਨਿੱਕੇ ਬੱਚੇ ਕੱਟਿਆ ਬਾਗ-ਢੇਰਨੀ
ਵਿੱਚੋਂ ਨਿਕਲਿਆ ਲਾਲ ਤਰਖਾਣ-ਢੇਰਨੀ
ਲਾਲ ਤਰਖਾਣ ਠੋਕੀ ਮੰਜੀ-ਢੇਰਨੀ
ਵਿੱਚੋਂ ਨਿਕਲੀ ਭਾਬੋ ਗੰਜੀ-ਢੇਰਨੀ
ਭਾਬੋ ਗੰਜੀ ਧਰੀ ਕੜਾਹੀ-ਢੇਰਨੀ
ਭੱਜਿਆ ਬਾਹਮਣ ਖਾ ਗਿਆ ਨਾਈ-ਢੇਰਨੀ
24
ਆਖੋ ਮੁੰਡਿਓ ਢੇਰਨੀ-ਢੇਰਨੀ
ਇੱਕ ਤੀਰ ਮੇਰਾ ਭਾਈ ਮੰਗੇ-ਢੇਰਨੀ
ਵੱਡਾ ਭਾਈ ਮਾਰੇਗਾ-ਢੇਰਨੀ
ਨਵਾਂ ਕੋਟ ਸਵਾਰੇਗਾ-ਢੇਰਨੀ ਕੋਟ
ਨੂੰ ਦੋ ਮੋਰੀਆਂ-ਢੇਰਨੀ
ਜਿਉਣ ਥੋਡੀਆਂ ਘੋੜੀਆਂ-ਢੇਰਨੀ
ਘੋੜੀਆਂ ਨੇ ਮਾਰਿਆ ਪੱਦ-ਢੇਰਨੀ
ਦੇਓ ਲੱਕੜੀ ਦਾ ਛੱਜ-ਢੇਰਨੀ
25
ਢੇਰਨੀ ਬਈ ਢੇਰਨੀ-ਢੇਰਨੀ
ਉਹਨਾਂ ਮਗਰ ਢੇਰਨੀ-ਢੇਰਨੀ
ਢੇਰਨੀ ਦੀਆਂ ਤਿੰਨ ਤਣਾਵਾਂ-ਢੇਰਨੀ
ਬਾਰਾਂ ਤੇਰਾਂ ਤੰਬੂ ਪਾਵਾਂ-ਢੇਰਨੀ
ਨਾਈਆਂ ਘਰ ਛੱਜ ਪੁਰਾਣਾ-ਢੇਰਨੀ
ਨਾਈਆਂ ਘਰ ਬਿੱਲੀ ਸੂਈ-ਢੇਰਨੀ
ਬਿੱਲੋ ਬਿਲ ਪੁਕਾਰਿਆ-ਢੇਰਨੀ

ਨਿਕਲ ਭਾਈ ਭਾਰਿਆ-ਢੇਰਨੀ
ਭਾਰੇ ਨੈਣ ਖੋਹਲੀ ਪੱਤਰੀ-ਢੋਰਨੀ
ਵਿੱਚੋਂ ਨਿਕਲਿਆ ਦੌਲਾ ਖੱਤਰੀ-ਢੇਰਨੀ
ਦੌਲੇ ਖੱਤਰੀ ਪਾਈ ਹੱਟੀ-ਢੇਰਨੀ
ਵਿੱਚੋਂ ਨਿਕਲੀ ਟਕੇ ਦੀ ਪੱਟੀ-ਢੇਰਨੀ
ਟਕੇ ਦੀ ਪੱਟੀ ਦੀ ਹੁੰਦੀ ਧੇਲੀ-ਢੇਰਨੀ
ਵਿੱਚੋਂ ਨਿਕਲਿਆ ਮੋਲ੍ਹਾ ਤੇਲੀ-ਢੇਰਨੀ
ਮੋਲ੍ਹੇ ਤੇਲੀ ਨੇ ਪਾਇਆ ਘਾਣ-ਢੇਰਨੀ
ਵਿੱਚੋਂ ਨਿਕਲਿਆ ਅਰਲ ਤਰਖਾਣ-ਢੇਰਨੀ
ਅਰਲ ਤਰਖਾਣ ਨੇ ਠੋਕੀ ਮੰਜੀ-ਢੇਰਨੀ
ਵਿੱਚੋਂ ਨਿਕਲੀ ਪੋਪੋ ਗੰਜੀ-ਢੇਰਨੀ
ਪੋਪੋ ਗੰਜੀ ਨੇ ਮਾਰਿਆ ਪੱਦ-ਢੇਰਨੀ
ਲਿਆਓ ਗੋਹਿਆਂ ਦਾ ਛੱਜ-ਢੇਰਨੀ
26
ਆਖੋ ਮੁੰਡਿਓ ਤਾਣਾ-ਤਾਣਾ
ਰਾਮਪੁਰ ਜਾਣਾ-ਤਾਣਾ
ਰਾਮਪੁਰੋਂ ਕੌਡੀ ਲੱਭੀ-ਤਾਣਾ
ਕੌਡੀ ਮੈਂ ਘੁਮਿਆਰ ਨੂੰ ਦਿੱਤੀ-ਤਾਣਾ
ਘੁਮਿਆਰ ਮੈਨੂੰ ਇੱਟ ਦਿੱਤੀ-ਤਾਣਾ
ਇੱਟ ਮੈਂ ਖੂਹ ਨੂੰ ਦਿੱਤੀ-ਤਾਣਾ
ਖੂਹ ਨੇ ਮੈਨੂੰ ਪਾਣੀ ਦਿੱਤਾ-ਤਾਣਾ
ਪਾਣੀ ਮੈਂ ਬੱਕਰੀ ਨੂੰ ਦਿੱਤਾ-ਤਾਣਾ
ਬੱਕਰੀ ਮੈਨੂੰ ਦੁੱਧ ਦਿੱਤਾ-ਤਾਣਾ
ਦੁੱਧ ਦੀ ਮੈਂ ਖੀਰ ਬਣਾਈ-ਤਾਣਾ
ਖੀਰ ਮੈਂ ਪੰਡਿਤ ਨੂੰ ਦਿੱਤੀ-ਤਾਣਾ
ਪੰਡਤ ਨੇ ਮੈਨੂੰ ਧੋਤੀ ਦਿੱਤੀ-ਤਾਣਾ
ਪਾੜ ਸੀੜ ਕੇ ਲੰਗੋਟੀ ਸੀਤੀ-ਤਾਣਾ
ਲੰਗੋਟੀ ਚੋਂ ਨਿਕਲੀ ਜੂੰ-ਤਾਣਾ
ਮਰ ਗੋਪਾਲਾ ਤੂੰ-ਤਾਣਾ
27
ਚਲ ਓਏ ਮਿੱਤੁ ਗਾਹੇ ਨੂੰ
ਬਾਬੇ ਵਾਲੇ ਰਾਹੇ ਨੂੰ
ਜਿੱਥੇ ਬਾਬਾ ਮਾਰਿਆ

ਦਿੱਲੀ ਕੋਟ ਸਵਾਰਿਆ
ਦਿੱਲੀ ਕੋਟ ਦੀਆਂ ਰੋਟੀਆਂ
ਜਿਉਣ ਸਾਧੂ ਦੀਆਂ ਝੋਟੀਆਂ
ਝੋਟੀਆਂ ਗੱਲ ਪੰਜਾਲੀ
ਜਿਊਣ ਸਾਧੂ ਦੇ ਹਾਲੀ
ਹਾਲੀਆਂ ਪੈਰੀਂ ਜੁੱਤੀ
ਜੀਵੇ ਸਾਧੂ ਦੀ ਕੁੱਤੀ
ਕੁੱਤੀ ਦੀ ਪਿੱਠ ਤੇ ਫੋੜਾ
ਜੀਵੇ ਸਾਧੂ ਦਾ ਘੋੜਾ
ਘੋੜੇ ਉੱਤੇ ਕਾਠੀ
ਜੀਵੇ ਸਾਧੂ ਦਾ ਹਾਥੀ
ਹਾਥੀ ਉੱਥੇ ਝਾਫੇ
ਜਿਊਣ ਸਾਧੂ ਦੇ ਮਾਪੇ
ਲੋਹੜੀ ਬਈ ਲੋਹੜੀ
ਦਿਓ ਗੁੜ ਦੀ ਰੋੜੀ।
28
ਸੁੰਦਰ ਮੁੰਦਰੀਏ-ਹੋ
ਤੇਰਾ ਕੌਣ ਵਿਚਾਰਾ-ਹੋ
ਦੁੱਲਾ ਭੱਟੀ ਵਾਲ਼ਾ-ਹੋ
ਦੁੱਲੇ ਧੀ ਵਿਆਹੀ-ਹੋ
ਸ਼ੇਰ ਸ਼ੱਕਰ ਪਾਈ-ਹੋ
ਕੁੜੀ ਦੇ ਬੋਝੇ ਪਾਈ-ਹੋ
ਕੁੜੀ ਦਾ ਲਾਲ ਪਟਾਕਾ-ਹੋ
ਕੁੜੀ ਦਾ ਸਾਲੂ ਪਾਟਾ-ਹੋ
ਸਾਲੂ ਕੌਣ ਸਮੇਟੇ-ਹੋ
ਚਾਚਾ ਗਾਲੀ ਦੇਸੇ-ਹੋ
ਚਾਚੇ ਚੂਰੀ ਕੁੱਟੀ-ਹੋ
ਜ਼ੀਮੀਂਦਾਰਾਂ ਲੁੱਟੀ-ਹੋ
ਜ਼ੀਮੀਂਦਾਰ ਸਦਾਓ-ਹੋ
ਗਿਣ ਗਿਣ ਪੋਲੇ ਲਾਓ-ਹੋ
ਇੱਕ ਪੋਲਾ ਘਸ ਗਿਆ-ਹੋ
ਜ਼ੀਮੀਂਦਾਰ ਵਹੁਟੀ ਲੈ ਕੇ ਨੱਸ ਗਿਆ-ਹੋ
ਹੋ-ਹੋ-ਹੋ

ਕੁੜੀਆਂ ਦੇ ਗੀਤ
29
ਤਿਲ ਛੱਟੇ ਛੰਡ ਛੰਡਾਏ
ਗੁੜ ਦੇਹ ਮੁੰਡੇ ਦੀਏ ਮਾਏ
ਅਸੀਂ ਗੁੜ ਨਹੀਂ ਲੈਣਾ ਥੋੜ੍ਹਾ
ਅਸੀਂ ਲੈਣਾ ਗੁੜ ਦਾ ਰੋੜਾ
30
ਤਿਲ ਚੌਲੀਏ ਨੀ
ਗੀਗਾ ਜੰਮਿਆ ਨੀ
ਗੁੜ ਵੰਡਿਆ ਨੀ
ਗੁੜ ਦੀਆਂ ਰੋੜੀਆਂ ਨੀ
ਭਰਾਵਾਂ ਜੋੜੀਆਂ ਨੀ
ਗੀਗਾ ਆਪ ਜੀਵੇਗਾ
ਮਾਈ ਬਾਪ ਜੀਵੇਗਾ
ਸਹੁਰਾ ਸਾਕ ਜੀਵੇਗਾ
ਜੀਵੇਗਾ ਬਈ ਜੀਵੇਗਾ
31
ਤਿਲੀ ਹਰੀਓ ਭਰੀ
ਤਿਲੀ ਮੋਤੀਆਂ ਜੜੀ
ਤਿਲੀ ਓਸ ਘਰ ਜਾ
ਜਿੱਥੇ ਕਾਕੇ ਦਾ ਵਿਆਹ
ਕਾਕਾ ਜੰਮਿਆ ਸੀ
ਗੁੜ ਵੰਡਿਆ ਸੀ
ਗੁੜ ਦੀਆਂ ਰੋੜੀਆਂ ਸੀ
ਭਰਾਵਾਂ ਜੋੜੀਆਂ ਸੀ
32
ਜੁਗ ਜੁਗ ਚੰਬਾ ਲੋੜੀਂਦਾ
ਭਾਬੋ ਮੇਰੀ ਪੁੱਤ ਜਣੇ
ਹੀਰੇ ਮੋਤੀ ਲਾਲ ਜਣੇ
ਕੱਢ ਘਰੋੜੀ ਅੰਦਰ ਵਾਰ
ਅੰਦਰ ਲਿੱਪਾਂ ਬਾਹਰ ਲਿੱਪਾਂ
ਲਿੱਪਾਂ ਘਰ ਦਾ ਹਾਲ ਦੁਆਰ
33

ਰੱਤੇ ਚੀਰੇ ਵਾਲੀ
ਸਾਡੇ ਪੈਰਾਂ ਹੇਠ ਸਲਾਈਆਂ
ਅਸੀਂ ਕਿਹੜੇ ਵੇਲੇ ਦੀਆਂ ਆਈਆਂ
ਸਾਡੇ ਪੈਰਾਂ ਹੇਠ ਸਲਾਈਆਂ
ਅਸੀਂ ਕਿਹੜੇ ਵੇਲੇ ਦੀਆਂ ਆਈਆਂ
ਸਾਡੇ ਪੈਰਾਂ ਹੇਠ ਰੱੜ
ਸਾਨੂੰ ਛੇਤੀ-ਛੇਤੀ ਤੋਰ
ਦੇਹ ਗੋਹਾ ਖਾ ਖੋਆ
ਸੁੱਟ ਲੱਕੜ ਖਾ ਸ਼ੱਕਰ
ਲੋਹੜੀ ਬਈ ਲੋਹੜੀ
ਕਾਕਾ ਚੜ੍ਹਿਆ ਘੋੜੀ
34
ਆ ਵੀਰਾ ਤੂੰ ਜਾਹ ਵੀਰਾ
ਵੰਨੀ ਨੂੰ ਲਿਆ ਵੀਰਾ
ਵੰਨੀ ਤੇਰੀ ਹਰੀ ਭਰੀ
ਰਾਜੇ ਦੇ ਦਰਬਾਰ ਖੜੀ
ਇੱਕ ਫੁੱਲ ਜਾ ਪਿਆ
ਰਾਜੇ ਦੇ ਦਰਬਾਰ ਪਿਆ
ਰਾਜੇ ਬੇਟੀ ਸੁੱਤੀ ਪਈ
ਸੁੱਤੀ ਨੂੰ ਜਗਾ ਲਿਆ
ਰੱਤੇ ਡੋਲੇ ਪਾ ਲਿਆ
ਰੱਤਾ ਡੋਲਾ ਚੀਕਦਾ
ਭਾਬੋ ਨੂੰ ਉਡੀਕਦਾ
ਭਾਬੋ ਕੁੱਛੜ ਗੀਗਾ
ਉਹ ਮੇਰਾ ਭਤੀਜਾ
ਭਤੀਜੇ ਪੈਰੀਂ ਕੜੀਆਂ
ਕਿਸ ਸੁਨਿਆਰੇ ਘੜੀਆਂ
ਘੜਨ ਵਾਲਾ ਜੀਵੇ
ਘੜਾਉਣ ਵਾਲਾ ਜੀਵੇ
ਪਾ ਦੇ ਗੁੜ ਦੀ ਰੋੜੀ
35
ਮੂਲੀ ਦਾ ਪੱਤ ਹਰਿਆ ਭਰਿਆ
ਵੀਰ ਸੁਦਾਗਰ ਘੋੜੀ ਚੜ੍ਹਿਆ

ਆ ਵੀਰਾ ਤੂੰ ਜਾ ਵੀਰਾ
ਵੰਨੀ ਨੂੰ ਲਿਆ ਵੀਰਾ
ਵੰਨੀ ਤੇਰੀ ਹਰੀ ਭਰੀ
ਫੁੱਲਾਂ ਦੀ ਚੰਗੇਰ ਭਰੀ
ਇੱਕ ਫੁੱਲ ਡਿੱਗ ਪਿਆ
ਰਾਜੇ ਦੇ ਦਰਬਾਰ ਪਿਆ
ਰਾਜੇ ਬੇਟੀ ਸੁੱਤੀ ਸੀ
ਸੁੱਤੀ ਨੂੰ ਜਗਾ ਲਿਆ
ਰੱਤੇ ਡੋਲੇ ਪਾ ਲਿਆ
ਰੱਤਾ ਡੋਲਾ ਕਾਈ ਦਾ
ਸੱਤੋ ਵੀਰ ਵਿਆਹੀ ਦਾ
36
ਪਾ ਨੀ ਮਾਏਂ ਪਾ
ਕਾਲੇ ਕੁੱਤੇ ਨੂੰ ਵੀ ਪਾ
ਕਾਲਾ ਕੁੱਤਾ ਦਏ ਵਧਾਈ
ਤੇਰੀ ਜੀਵੇ ਮੱਝੀਂ ਗਾਈਂ
ਮੱਝੀਂ ਗਾਂਈ ਨੇ ਦਿੱਤਾ ਦੁੱਧ
ਤੇਰੇ ਜੀਵਣ ਸੱਤੇ ਪੁੱਤ
ਸੱਤਾਂ ਪੁੱਤਾਂ ਦੀ ਕੁੜਮਾਈ
ਸਾਨੂੰ ਸੇਰ ਸ਼ੱਕਰ ਪਾਈ
ਡੋਲੀ ਛਮ-ਛਮ ਕਰਦੀ ਆਈ
37
ਹੁੱਲੇ ਨੀ ਮਾਏ ਹੁੱਲੇ
ਦੋ ਬੇਰੀ ਪੱਤਰ ਭੁੱਲੇ
ਦੋ ਝੁੱਲ ਪਈਆਂ ਖਜੂਰਾਂ
ਖਜੂਰਾਂ ਸੁਟਿਆ ਮੇਵਾ
ਇਸ ਮੁੰਡੇ ਦਾ ਕਰੋ ਮੰਗੇਵਾ
ਮੁੰਡੇ ਦੀ ਵਹੁਟੀ ਨਿੱਕੜੀ
ਘਿਓ ਖਾਂਦੀ ਚੂਰੀ ਕੁੱਟਦੀ
ਵਹੁਟੀ ਬਹੇ ਨਨਾਣਾਂ ਨਾਲ
ਮੋਰ ਗੁੰਦਾਵੇ ਚੰਬੇ ਨਾਲ
ਲੋਹੜੀ ਬਈ ਲੋੜੀ

38
ਕੁੜੀਓ ਕੰਡਾ ਨੀ
ਇਸ ਕੰਡੇ ਨਾਲ ਕਲੀਰਾ ਨੀ
ਜੁਗ ਜੀਵੇ ਭੈਣ ਦਾ ਵੀਰਾ ਨੀ
ਵੀਰੇ ਪਾਈ ਹੱਟੀ ਨੀ
ਰਤੜੇ ਪਲੰਘ ਰੰਗੀਲੇ ਪਾਵੇ
ਲੈ ਵਹੁਟੀ ਮੁੰਡਾ ਘਰ ਆਵੇ
ਨਵੀਂ ਵਹੁਟੀ ਦੇ ਲੰਮੇ ਵਾਲ
ਲੋਹੜੀ ਬਈ ਲੋਹੜੀ।