ਸਮੱਗਰੀ 'ਤੇ ਜਾਓ

ਮਹਿਕ ਪੰਜਾਬ ਦੀ/ਲੋਕ ਬੁਝਾਰਤਾਂ

ਵਿਕੀਸਰੋਤ ਤੋਂ

ਲੋਕ ਬੁਝਾਰਤਾਂ

ਬੁਝਾਰਤਾਂ ਪੰਜਾਬੀ ਲੋਕ ਜੀਵਨ ਦਾ ਅਨਿਖੜਵਾਂ ਅੰਗ ਹਨ। ਜਿਵੇਂ ਲੋਕ ਗੀਤ ਜਨ ਸਾਧਾਰਨ ਦੇ ਮਨੋਭਾਵ ਪ੍ਰਗਟਾਉਣ ਲਈ ਆਪਣਾ ਪ੍ਰਮੁੱਖ ਸਤਾਨ ਰੱਖਦੇ ਹਨ ਉਸੇ ਤਰ੍ਹਾਂ ਬੁਝਾਰਤਾਂ ਵੀ ਲੋਕ ਬੁੱਧੀ ਦਾ ਚਮਤਕਾਰ ਵਖਾਉਣ ਲਈ ਵਿਸ਼ੇਸ਼ ਸਥਾਨ ਰੱਖਦੀਆਂ ਹਨ। ਇਹਨਾਂ ਰਾਹੀਂ ਅਸੀਂ ਜਿੱਥੇ ਮਨੋਰੰਜਨ ਕਰਦੇ ਹਾਂ ਉੱਥੇ ਸਾਡੇ ਵਸਤੂ ਗਿਆਨ ਵਿੱਚ ਵੀ ਵਾਧਾ ਹੁੰਦਾ ਹੈ ਅਤੇ ਯਾਦ ਸ਼ਕਤੀ ਤੇਜ਼ ਹੁੰਦੀ ਹੈ।

ਬੁਝਾਰਤਾਂ ਦੇ ਉਤਪਾਦਨ ਅਤੇ ਵਿਕਾਸ ਦੀ ਪਰੰਪਰਾ ਉੱਨੀ ਹੀ ਪੁਰਾਤਨ ਹੈ ਜਿੰਨਾ ਕਿ ਮਨੁੱਖ ਆਪ ਹੈ। ਜਾਪਦਾ ਹੈ ਮਨੁੱਖ ਦੇ ਜਨਮ ਦੇ ਨਾਲ਼ ਹੀ ਇਹਨਾਂ ਦਾ ਜਨਮ ਹੋਇਆ ਹੋਵੇਗਾ।

ਪੁਰਾਤਨ ਕਾਲ ਤੋਂ ਹੀ ਬੁਝਾਰਤਾਂ ਕਿਸੇ ਗੰਭੀਰ ਉਦੇਸ਼ ਦੀ ਪੂਰਤੀ ਕਰਦੀਆਂ ਰਹੀਆਂ ਹਨ। ਬੁਝਾਰਤਾਂ ਬੁੱਝਣਾਂ ਬੁੱਧੀ ਦੀ ਪ੍ਰੀਖਿਆ ਕਰਨਾ ਹੁੰਦਾ ਹੈ।

ਪੰਜਾਬੀ ਬੁਝਾਰਤਾਂ ਪੰਜਾਬੀ ਲੋਕ ਸਾਹਿਤ ਦਾ ਵਿਸ਼ੇਸ਼ ਭਾਗ ਹਨ। ਇਹਨਾਂ ਵਿੱਚ ਪੰਜਾਬ ਦਾ ਲੋਕ ਜੀਵਨ ਸਾਫ ਦਿਸ ਆਉਂਦਾ ਹੈ। ਇਹ ਸਾਡੇ ਸੱਭਿਆਚਾਰ ਦਾ ਦਰਪਨ ਹਨ। ਸ਼ਾਇਦ ਹੀ ਕੋਈ ਅਜਿਹਾ ਵਿਸ਼ਾ ਹੋਵੇ ਜਿਸ ਬਾਰੇ ਬੁਝਾਰਤਾਂ ਨਾ ਹੋਣ। ਕਿਸਾਨੀ ਜੀਵਨ ਨਾਲ ਸੰਬੰਧਿਤ ਬਨਸਪਤੀ, ਫਸਲਾਂ, ਖੇਤੀ ਬਾੜੀ ਦੇ ਸੰਦਾਂ, ਜੀਵ ਜੰਤੂਆਂ ਅਤੇ ਘਰੇਲੂ ਵਸਤਾਂ ਬਾਰੇ ਪਿਆਰੀਆਂ ਤੇ ਸੁਹਜ ਭਰਪੂਰ ਬੁਝਾਰਤਾਂ ਪਾਈਆਂ ਜਾਂਦੀਆਂ ਹਨ ਜੋ ਕਿਸਾਨ ਪਰਿਵਾਰਾਂ ਦਾ ਮਨੋਰੰਜਨ ਹੀ ਨਹੀਂ ਕਰਦੀਆਂ ਬਲਕਿ ਇਹਨਾਂ ਦੇ ਵਸਤੂ ਗਿਆਨ ਵਿੱਚ ਵੀ ਵਾਧਾ ਕਰਦੀਆਂ ਹਨ।

ਫਸਲਾਂ

ਜਦੋਂ ਬੁਝਾਰਤਾਂ ਪਾਣ ਦਾ ਅਖਾੜਾ ਜੰਮਦਾ ਹੈ ਤਾਂ ਕਿਸਾਨ ਦਾ ਪਰਿਵਾਰ ਸਮੁੱਚੇ ਰੂਪ ਵਿੱਚ ਜੁੜਕੇ ਬੈਠ ਜਾਂਦਾ ਹੈ। ਉਹ ਆਪਣੀਆਂ ਫਸਲਾਂ, ਪਸ਼ੂਆਂ ਅਤੇ ਖੇਤੀਬਾੜੀ ਦੇ ਸੰਦਾਂ ਨੂੰ ਵਧੇਰੇ ਕਰਕੇ ਬੁਝਾਰਤਾਂ ਦਾ ਵਿਸ਼ਾ ਬਣਾਉਂਦੇ ਹਨ।

ਦਿਨੇ ਕਪਾਹ ਚੁੱਗ ਕੇ ਥੱਕੀਆਂ ਹੋਈਆਂ ਸੁਆਣੀਆਂ ਰਾਤੀਂ ਇਸ ਬਾਰੇ ਬੁਝਾਰਤਾਂ ਪਾ ਕੇ ਆਪਣਾ ਥਕੇਵਾਂ ਲਾਹੁੰਦੀਆਂ ਹਨ———

ਮਾਂ ਜੰਮੀ ਪਹਿਲਾਂ
ਬਾਪੂ ਜੰਮਿਆ ਪਿੱਛੋਂ
ਬਾਪੂ ਨੇ ਅੱਖ ਮਟਕਾਈ
ਵਿੱਚੋਂ ਦਾਦੀ ਨਿਕਲ ਆਈ।

ਉਪਰੋਕਤ ਬੁਝਾਰਤ ਸੁਣ ਕੇ ਚਾਰੇ ਬੰਨੇ ਹਾਸਾ ਛਣਕ ਪੈਂਦਾ ਹੈ। ਕੋਈ ਸੂਝਵਾਨ ਸਰੋਤਾ ਹੀ ਬੜੇਵੇਂ ਦੇ ਬੀਜਣ ਤੋਂ ਲੈ ਕੇ ਕਪਾਹ ਖਿੜਨ ਤੀਕਰ ਦੀ ਕਹਾਣੀ ਦੱਸ ਕੇ ਉੱਤਰ ਦੇਂਦਾ ਹੈ।

ਬੁਝਾਰਤ ਅੱਗੇ ਤੁਰਦੀ ਹੈ———

ਬੀਜੇ ਰੋੜ
ਜੰਮੇ ਝਾੜ
ਲੱਗੇ ਨੇਂਬੂ
ਖਿੜੇ ਅਨਾਰ

ਅਤੇ

ਚਿੱਟੀ ਭੌਂ ਤਿਲਾਂ ਦੇ ਬੰਨੇ
ਬੁਝਣੀ ਐਂ ਬੁੱਝ
ਨਹੀਂ ਲੈ ਜਾਊਂ ਖੰਨੇ

ਕਪਾਹ ਦਾ ਵਰਣਨ ਸੁਣ ਕੇ ਕਿਸੇ ਚੋਗੀ ਦੀਆਂ ਅੱਖਾਂ ਅੱਗੇ ਖਿੜੀ ਹੋਈ ਕਪਾਹ ਦੇ ਖੇਤ ਦਾ ਨਜ਼ਾਰਾ ਅਤੇ ਚੁਗੇ ਜਾਣ ਗਰੋਂ ਖੇਤ ਦੀ ਤਰਸਯੋਗ ਹਾਲਤ ਆ ਲਟਕਦੀ ਹੈ———

ਆੜ ਭਮਾੜ ਮੇਰੀ ਮਾਸੀ ਵਸਦੀ
ਜਦ ਮੈਂ ਜਾਵਾਂ ਖਿੜ-ਖਿੜ ਹੱਸਦੀ
ਜਦ ਮੈਂ ਆਵਾਂ ਰੋ-ਰੋ ਮਰਦੀ

ਅਤੇ

ਹੱਸਣਾ ਛੱਡੋ ਸਹੇਲੀਓ

ਛੱਡ ਜਾਣਾ ਸੰਸਾਰ

ਜੋ ਹੱਸਿਆ ਸੋ ਲੁੱਟਿਆ ਸਣੇ ਸਾਰੇ ਘਰ ਬਾਰ

ਜਦੋਂ ਕਪਾਹ ਦੇ ਟੀਂਡੇ ਖਿੜਨ ਦੀ ਤਿਆਹੀ ਕਰਨ ਲੱਗਦੇ ਹਨ ਤਾਂ ਕਪਾਹ ਦੇ ਖੇਤ ਵਿੱਚ ਉੱਗੇ ਹੋਏ ਖ਼ਰਬੂਜ਼ਿਆਂ ਨੂੰ ਆਪਣੀ ਜਾਨ ਦਾ ਫਿਕਰ ਪੈ ਜਾਂਦਾ ਹੈ———

ਮੂੰਹ ਮੀਟ ਮੂੰਹ ਮੀਟ ਸਜਣਾ
ਤੈਨੂੰ ਲੈਣ ਆਉਣਾ
ਮੈਨੂੰ ਨਹੀਂ ਛੱਡਣਾ

ਜਾਂ

ਮੂੰਹ ਮੀਚ ਸਹੁਰੇ ਦਿਆ ਅਣਜਾਣਾ
ਆਉਣਗੇ, ਤੈਨੂੰ ਲੈ ਜਾਣਗੇ
ਛੱਡ ਕੇ ਮੈਨੂੰ ਵੀ ਨਹੀਂ ਜਾਣਾ

ਜਿੱਥੇ ਕਪਾਹ ਦਾ ਜ਼ਿਕਰ ਆਉਂਦਾ ਹੈ, ਉੱਥੇ ਕਪਾਹ ਦੇ ਜਨਮ ਦਾਤੇ ਬੜੇਵੇਂ ਦੀ ਦੁਰਦਸ਼ਾ ਹਾਸਾ ਉਪਜਾਉਣ ਵਿੱਚ ਕੋਈ ਕਸਰ ਨਹੀਂ ਛੱਡਦੀ———

ਦਖਾਣੀਂ ਲੁਹਾਰੀਂ ਸੰਦ ਮਿਲੇ
ਮਿਲੇ ਜੱਫੀਆਂ ਪਾ ਕੇ
ਖੋਹ ਦਾਹੜੀ ਪੱਟ ਮੁੱਛਾਂ
ਛੱਡੇ ਨੰਗ ਬਣਾ ਕੇ

ਜਾਂ

ਸਾਕਾਂ ਦੇ ਘਰ ਸਾਕ ਆਏ
ਮਿਲੇ ਜੱਫੀਆਂ ਪਾ ਕੇ
ਕੋਹ ਦਾਹੜੀ ਪੱਟ ਮੁੱਛਾਂ
ਘੱਲੇ ਨੰਗ ਬਣਾ ਕੇ

ਅਤੇ



ਉੱਚੇ ਟਿੱਬੇ ਸਿਰ ਮੁਨਾਇਆ
ਰੁੜ੍ਹਦਾ-ਰੁੜ੍ਹਦਾ ਘਰ ਨੂੰ ਆਇਆ

ਜਾਂ

ਸਾਧੂ ਇੱਕ ਪਹਾੜੀ ਚੜ੍ਹਿਆ
ਦਾੜ੍ਹੀ ਮੁੱਛ ਮੁਨਾ ਕੇ ਮੁੜਿਆ

ਹੋਰ

ਬਾਤ ਪਾਵਾਂ ਬਤੌਲੀ ਪਾਵਾਂ
ਬਾਤ ਨੂੰ ਲੱਗੇ ਝਾਵਾਂ
ਆਪ ਤਾਂ ਅੜੀਏ ਲੰਘ ਗਈਓਂ

ਖਸਮ ਨੂੰ ਕਿਵੇਂ ਲੰਘਾਵਾਂ

ਜਾਂ

ਲੱਕੜ ਵਲਾਵੇ ਦੀ
ਆਪ ਤਾਂ ਸੌਖੀ ਲੰਘ ਗਈ ਏਂ
ਸਾਨੂੰ ਕਿਵੇਂ ਲੰਘਾਵੇਂਗੀ

ਕਿਸੇ ਬੁਝਣ ਵਾਲ਼ੇ ਦੀਆਂ ਅੱਖਾਂ ਅੱਗੇ ਮੱਕੀ ਦੇ ਲਹਿਰਾਉਂਦੇ ਖੇਤਾਂ ਦਾ ਨਜ਼ਾਰਾ ਵਖਾਈ ਦੇ ਜਾਂਦਾ ਹੈ। ਛੱਲੀ ਬਾਰੇ ਬੁਝਾਰਤਾਂ ਪਾਈਆਂ ਜਾਂਦੀਆਂ ਹਨ———

ਹਰੀ ਸੀ ਮਨ ਭਰੀ ਸੀ
ਲਾਲ ਮੋਤੀਆਂ ਜੜੀ ਸੀ
ਬਾਬਾ ਜੀ ਦੇ ਖੇਤ ਵਿੱਚ
ਦੁਸ਼ਾਲਾ ਲਈਂ ਖੜੀ ਸੀ।

ਅਤੇ

ਸਾਡੇ ਘਰ ਇੱਕ ਬੱਚੀ ਆਈ
ਨਵੀਂ ਗੁੱਤ ਕਰਾ ਕੇ
ਰੱਬ ਨੇ ਉਸ ਨੂੰ ਕੋਟੀ ਦਿੱਤੀ
ਨੌ ਸੌ ਬੀੜਾ ਲਾ ਕੇ

ਹੋਰ

ਜੜ ਸੁਕ ਮੁਕ
ਦਾਹੜੀ ਗਿਠੜ ਮਿੱਠੜ
ਲੱਗੇ ਗੋਗੇ ਮੋਗੇ
ਉਹ ਵੀ ਲੋਕਾਂ ਜੋਗੇ

ਮੱਕੀ ਦਾ ਨਾਂ ਸੁਣ ਕੇ ਕਿਸੇ ਨੂੰ ਕਣਕ ਦਾ ਦਾਣਾ ਯਾਦ ਆ ਜਾਂਦਾ ਹੈ———

ਇੱਕ ਕੁੜੀ ਦੇ ਢਿਡ 'ਚ ਤੇੜ

ਛੋਲਿਆਂ ਦੇ ਬੂਟੇ ਨੂੰ ਭਲਾ ਕੌਣ ਭੁੱਲ ਸਕਦਾ ਹੈ———

ਅੰਬ ਦੀ ਜੜ੍ਹ ਵਿੱਚ ਨਿੰਬੂ ਜੰਮਿਆ
ਪੱਤੋ ਪੱਤ ਖਟਿਆਈ
ਬਹੂ ਆਈ ਤੇ ਸਹੁਰਾ ਜੰਮਿਆ
ਪੋਤੇ ਦੇਣ ਵਧਾਈ

ਅਤੇ

ਮੁਢ ਫਲਾਈ ਦਾ
ਫੁੱਲ ਗੁਲਾਬ ਦਾ
ਫਲ ਬਦਾਮ ਦਾ

ਹੋਰ

ਐਨੀ 'ਕ ਪਿੱਦੀ
ਪਿਦ-ਪਿਦ ਕਰਦੀ
ਨਾ ਹਗੇ ਨਾ ਮੂਤੇ
ਕਿੱਲ਼-ਕਿੱਲ਼ ਮਰਦੀ

ਗੰਨਿਆਂ ਦੀ ਸ਼ੌਕੀਨ ਆਪਣੀ ਮਨ ਪਸੰਦ ਬਾਰੇ ਬੁਝਾਰਤ ਪਾ ਦੇਂਦੀ ਹੈ———

ਇੱਕ ਬਾਤ ਕਰਤਾਰੇ ਪਾਵੇ
ਸੁਣ ਵੇ ਭਾਈ ਹਕੀਮਾਂ
ਲੱਕੜੀਆਂ ਚੋਂ ਪਾਣੀ ਕੱਢਾਂ
ਚੁੱਕ ਬਣਾਵਾਂ ਢੀਮਾਂ

ਅਤੇ

ਲੰਮ ਸਲੰਮਾਂ ਆਦਮੀ
ਉਹਦੇ ਗਿੱਟੇ ਦਾਹੜੀ

ਮਿੱਠੇ ਗੰਨੇ ਦਾ ਨਾਂ ਕੌੜੀ ਮਿਰਚ ਨੂੰ ਵੀ ਲੋਕ ਅਖਾੜੇ ਵਿੱਚ ਲਿਆ ਖੜਾ ਕਰਦਾ ਹੈ———

ਹਰੀ-ਹਰੀ
ਲਾਲ-ਲਾਲ
ਮੀਆਂ ਕਰੇ
ਹਾਲ-ਹਾਲ

ਜਾਂ

ਹਰੀ ਡੰਡੀ ਸੁਰਖ ਬਾਣਾ
ਬਖਤ ਪਿਆਂ ਚੂਰਨ ਖਾਣਾ

ਅਤੇ

ਐਨੀ 'ਕ ਕੁੜੀ
ਉਹਦੇ ਨਿੱਕੇ-ਨਿੱਕੇ ਦੰਦ
ਜੇ ਉਹਨੂੰ ਖਾਈਏ
ਤਾਂ ਪਾਵੇ ਡੰਡ

ਜਾਂ

ਨਿੱਕੀ ਜਿਹੀ ਕੁੜੀ
ਉਹਦੀ ਝੋਲੀ ਵਿੱਚ ਵੰਡ
ਖਸਮ ਨੂੰ ਖਾਣੀਏਂ
ਤੂੰ ਪਾਉਂਦੀ ਕਿਉਂ ਏਂ ਡੰਡ

ਜਾਂ

ਮੈਂ ਤੈਨੂੰ ਖਾਣ ਆਇਆ

ਤੂੰ ਖਾ ਲਿਆ ਮੈਨੂੰ

ਹੋਰ

ਸੀ ਸੀ ਤੇ ਵਾ ਵਾ
ਏਨੀ ਕੁ ਗੁਥਲੀ 'ਚ
ਊਈ-ਊਈਂ ਦੇ ਬੱਚੇ

ਤੇ

ਟੁਕ ਹਰੀ-ਹਰੀ
ਟੁਕ ਲਾਲ-ਲਾਲ
ਜੋ ਇਸਟ ਟਿਸਟ ਹਾਲ-ਹਾਲ

ਅਤੇ

ਹਰੀ ਝੰਡੀ ਲਾਲ ਕਮਾਨ
ਤੋਬਾ-ਤੋਬਾ ਕਰੇ ਪਠਾਣ

ਹੋਰ

ਨਿੱਕੀ ਜੇਹੀ ਬੇਟੀ ਦੇ ਨਿੱਕੇ-ਨਿੱਕੇ ਬੀ
ਨਹੀਂ ਤਾਂ ਮੇਰੀ ਬਾਤ ਬੁੱਝ
ਨਹੀਂ ਰੁਪਏ ਦੇ ਦੇ ਵੀਹ

ਅਤੇ

ਨਿੱਕੀ ਜੇਹੀ ਕੁੜੀ
ਕੋਟ ਪਾਵੇ

ਹੋਰ

ਹਰੀ ਝੰਡੀ ਲਾਲ ਪੱਤਾ
ਲੱਗੀ ਦਿੱਲੀ ਸੜੇ ਕਲੱਕਤਾ

ਜਾਂ

ਲਾਲ ਸੂਹੀ ਪੋਟਲੀ
ਮੈਂ ਵੇਖ-ਵੇਖ ਖ਼ੁਸ਼ ਹੋਈ
ਹੱਥ ਲੱਗਾ ਤੇ ਪਿੱਟਣ ਲੱਗੀ
ਨੀ ਅੰਮਾਂ ਮੈਂ ਮੋਈ

ਬਤਾਊਂ ਵੀ ਤਾਂ ਮਿਰਚਾਂ ਦੇ ਸਾਥੀ ਹੀ ਹਨ———

ਕਾਲ਼ਾ ਸੀ ਕਲੱਤਰ ਸੀ
ਕਾਲੇ ਪਿਉ ਦਾ ਪੁੱਤਰ ਸੀ
ਆਡੋਂ ਪਾਣੀ ਪੀਂਦਾ ਸੀ
ਬਰੂਟੀ ਛਾਵੇਂ ਬਹਿੰਦਾ ਸੀ

ਅਤੇ

ਸ਼ਾਮ ਵਰਣ ਮੁਖ ਬੰਸਰੀ
ਕੂੰਜ ਗਲੀ ਬਨ ਮਾਂਹਿ
ਸਿਰ ਤੇ ਛਤਰ ਹੈ ਸੋਹੰਵਦਾ
ਕ੍ਰਿਸ਼ਨ ਮੁਰਾਰੀ ਨਾਂਹਿ:

ਅਤੇ

ਬਾਹਰੋਂ ਆਏ ਦੋ ਮਲੰਗ
ਹਰੀਆਂ ਟੋਪੀਆਂ ਨੀਲੇ ਰੰਗ

ਜਾਂ

ਬਾਹਰੋਂ ਆਏ ਚਾਰ ਮਲੰਗ
ਸਾਵੀਆਂ ਟੋਪੀਆਂ ਕਾਲ਼ੇ ਰੰਗ

ਹੋਰ

ਸ਼ਹਿਰੋਂ ਨਿਕਲੇ ਦੋ ਬਾਵੇ
ਹਰੀਆਂ ਡੰਡੀਆਂ
ਸ਼ਾਹ ਕਾਲ਼ੇ

ਅਤੇ

ਬਾਹਰੋਂ ਆਏ ਦੋ ਮਲੰਗ
ਉਸ ਦੀ ਟੋਪੀ ਉਸ ਦੇ ਰੰਗ

ਹੋਰ

ਕਾਲ਼ਾ ਤਵਾ ਉਹਦੇ ਉੱਤੇ ਕੰਢੇ

ਹੋਰ

ਬੀਜੀ ਕੰਗਣੀ
ਉਗ ਪਏ ਤਿਲ
ਫੁੱਲ ਲੱਗੇ ਅਨਾਰਾਂ ਦੇ
ਲਮਕ ਪਏ ਦਿਲ

ਪਿਆਜ਼ ਬਾਰੇ ਬੁਝਾਰਤਾਂ ਇਸ ਪ੍ਰਕਾਰ ਹਨ———

ਬਾਤ ਦੀ ਬਤੇਈ
ਚਿੱਕੜ ਵਿੱਚ ਗਿੱਦੜ ਖੁੱਬਾ
ਪੂਛ ਨੰਗ ਰਹੀ

ਪਿਆਜ਼ ਦੇ ਛਿਲਕੇ ਵੀ ਤਾਂ ਬਾਤ ਪਾਉਣ ਵਾਲ਼ੇ ਨੂੰ ਕਿਸੇ ਬੁੱਝਣ ਵਾਲ਼ੇ ਦੇ ਕਮੀਜ਼ ਸਮਾਨ ਹਨ———

ਇਕ ਆਦਮੀ ਦੇ ਸੱਠ ਝੱਗੇ
ਅਤੇ
ਇੱਕ ਮੇਰਾ ਭਾਈ ਗੱਟੂ

ਧੌਣ ਮਰੋੜੂੂ ਝਾਟਾ ਪੱਟੂ

ਅਤੇ

ਨਿੱਕਾ ਜਿਹਾ ਉਹ ਗੁਟ
ਪਗ ਬੰਨ੍ਹੇ ਘੁਟ-ਘੁਟ

ਹੋਰ

ਇਹ ਚੰਗਾ ਪਟਵਾਰੀ
ਲੱਤਾਂ ਥੋਥੀਆਂ
ਸਿਰ ਭਾਰੀ

ਅਤੇ

ਨਿੱਕਾ ਜਿਹਾ ਪਟਵਾਰੀ
ਲੱਤਾਂ ਮੋਕਲੀਆਂ
ਢਿੱਡ ਭਾਰੀ

ਜਮੈਣ ਨੂੰ ਪਿਆਜ਼ ਦੇ ਕਿਆਰਿਆਂ ਦੀਆਂ ਵੱਟਾਂ ਉੱਤੇ ਬੀਜਣ ਦਾ ਰਿਵਾਜ਼ ਹੈ। ਪਿਆਜ਼ ਬਾਰੇ ਬੁਝਾਰਤ ਸੁਣ ਜੁਮੈਣ ਦਾ ਝੱਟ ਖ਼ਿਆਲ ਆ ਜਾਂਦਾ ਹੈ———

ਹਰੀ ਡੰਡੀ ਸਬਜ਼ ਦਾਣਾ
ਭੀੜ ਪਈ ਮੰਗ ਖਾਣਾ

ਅਤੇ

ਹਰੀ ਡੰਡੀ ਸਬਜ਼ ਦਾਣਾ
ਦੁਖ ਪਵੇ ਤਾਂ ਮੇਰਾ ਖਾਣਾ

ਗਾਜਰਾਂ ਮੂਲੀਆਂ ਬਾਰੇ ਵੀ ਬਾਤਾਂ ਪਾਈਆਂ ਜਾਂਦੀਆਂ ਹਨ———

ਵੇਖੋ ਯਾਰੋ ਰੰਨ ਦੀ ਅੜੀ
ਸਿਰ ਮੁਨਾਕੇ ਚੌਕੇ ਚੜ੍ਹੀ

ਅਤੇ

ਨਿੱਕੀ ਜਿਹੀ ਛੜੀ
ਘੱਗਰੀਂ ਬੰਨ੍ਹ ਜ਼ਮੀਨ ’ਚ ਵੜੀ

ਹੋਕ

ਕੁੱਕੜੀ ਚਿੱਟੀ
ਪੂਛ ਹਿਲਾਵੇ
ਦਮੜੀ-ਦਮੜੀ ਨੂੰ ਮਿਲ ਜਾਵੇ

ਅਤੇ

ਮਾਂ ਜੰਮੀ ਝਾਟਾ ਖਿਲਾਰ
ਧੀ ਹੋਈ ਮੁਟਿਆਰ
ਐਸੇ ਦੋਹਤੇ ਜਮ ਪਏ

ਜਿਨ੍ਹਾਂ ਨਾਨੀ ਦਿੱਤੀ

ਖ਼ਰਬੂਜਿਆਂ ਦੇ ਸ਼ਕੀਨ ਨੂੰ ਉਹ ਵਿਅਕਤੀ ਚੰਗਾ ਨਹੀਂ ਲੱਗਦਾ ਜਿਹੜਾ ਖ਼ਰਬੂਜਿਆਂ ਬਾਰੇ ਗਿਆਨ ਨਾ ਰੱਖਦਾ ਹੋਵੇ———

ਗੋਲ ਮੋਲ ਝੱਕਰੀ
ਉੱਤੇ ਪੀਲ਼ਾ ਰੰਗ
ਜਿਹੜਾ ਮੋਰੀ ਬਾਤ ਨੀ ਬੁੱਝੂ
ਉਹਦਾ ਪਿਓ ਨੰਗ।

ਅਤੇ

ਸਬਜ਼ ਕਟੋਰੀ
ਮਿੱਠਾ ਭੱਤ
ਲਵੋ ਸਹੇਲੀਓ
ਕਰੋ ਹੱਥ
ਕਈ ਹਦਵਾਣਿਆਂ (ਤਰਬੂਜ਼ਾਂ) ਨੂੰ ਵਧੇਰੇ ਪਸੰਦ ਕਰਦੇ ਹਨ———
ਮਾਂ ਲੀਰਾਂ ਕਚੀਰਾਂ
ਪੁਤ ਘੋਨ ਮੋਨ

ਅਤੇ

ਹਰੀ-ਹਰੀ ਵੇਲ
ਕਪਾਹ ਦੀਆਂ ਫਲ਼ੀਆਂ
ਘਿਉ ਦੇ ਘੁਟ
ਮਿਸ਼ਰੀ ਦੀਆਂ ਡਲ਼ੀਆਂ

ਚਿਬ੍ਹੜਾਂ ਦੀ ਬੇਲ ਦਾ ਵੀ ਕਿਸੇ ਨੇ ਕਿਹਾ ਸੋਹਣਾ ਵਰਨਣ ਕੀਤਾ ਹੈ———

ਬਹੂ ਆਈ ਆਪੇ
ਚਾਰ ਲਿਆਈ ਕਾਕੇ
ਇੱਕ ਗੋਦੀ ਇੱਕ ਮੋਢੇ
ਇੱਕ ਬਾੜ ਕੰਨੀਂ ਝਾਕੇ
ਇੱਕ ਬਾਪੂ-ਬਾਪੂ ਆਖੇ

ਕਈ ਨਾਕੀ ਕੱਕੜੀਆਂ ਅਤੇ ਬੈਂਗਣਾਂ ਦੇ ਬਾੜੇ ਨੂੰ ਪਾਣੀ ਦੇਣ ਲੱਗਿਆਂ ਉਹਨਾਂ ਦੀਆਂ ਗੱਲਾਂ ਵੀ ਕਰਵਾ ਦੇਂਦੇ ਹਨ——— ਜ਼ਮੀਨ ਤੇ ਪਈ ਕੱਕੜੀ ਖਾਲ਼ ਵਿੱਚ ਪਾਣੀ ਆਉਣ ਦੀ ਆਵਾਜ਼ ਸੁਣ ਕੇ ਉੱਚੇ ਲਟਕ ਰਹੇ ਬੈਂਗਣ ਤੋਂ ਖੜਾਕ ਬਾਰੇ ਪੁੱਛਦੀ ਹੈ———

"ਵੇ ਲੜਕਦਾ"
"ਹਾਂ ਪਈ"
"ਆਹ ਕੀ ਆਉਂਦਾ ਖੜਕਦਾ?"

"ਤੂੰ ਪਈ ਮੈਂ ਲੜਕਦਾ
ਮੈਂ ਕੀ ਜਾਣਾ,
ਆਹ ਕੀ ਆਉਂਦਾ ਖੜਕਦਾ।"

ਕੱਦੂਆਂ ਦੀ ਵੇਲ ਦਾ ਵਰਨਣ ਤੱਕੋ———

ਖੇਤ ਵਿੱਚ ਇੱਕ ਬੀਬੀ ਖੜੀ
ਚਾਰ ਉਸ ਦੇ ਕਾਕੇ
ਇੱਕ ਮੋਢੇ ਇੱਕ ਢਾਕੇ
ਇੱਕ ਰਸਤੇ ਵੱਲ ਨੂੰ ਝਾਕੇ
ਇੱਕ ਬਾਪੂ-ਬਾਪੂ ਆਖੇ

ਮੂੰਗਫਲੀ ਦੀ ਗੱਠੀ ਦੀ ਗਿਰੀ ਕਿਸੇ ਨੂੰ ਗੁਲਾਬੋ ਜੱਟੀ ਦਾ ਭੁਲੇਖਾ ਪਾ ਜਾਂਦੀ ਹੈ———

ਨਿੱਕੀ ਜੇਹੀ ਹੱਟੀ
ਵਿੱਚ ਬੈਠੀ ਗੁਲਾਬੋ ਜੱਟੀ
ਅਤੇ
ਇੱਕ ਕੌਲੀ ਵਿੱਚ ਮਾਂ ਪਿਓ ਜੰਮੇ
ਅਤੇ
ਇੱਕ ਨਿੱਕੀ ਜੇਹੀ ਡੱਬੀ ਵਿੱਚ
ਮਾਂ ਪਿਓ ਸੁੱਤੇ

ਸਣ ਦੇ ਪੱਕ ਚੁੱਕੇ ਖੇਤ ਦੇ ਕੋਲ ਮੱਝਾਂ ਚਾਰਦਾ ਪਾਲ਼ੀ ਹਵਾ ਦੇ ਬੁੱਲੇ ਨਾਲ਼ ਇੱਕ ਅਨੋਖਾ ਜਿਹਾ ਰਾਗ ਸੁਣਦਾ ਹੈ। ਸੁਣ ਕੇ ਬੀਆਂ ਦੇ ਗੁੱਛੇ ਨੂੰ ਵੇਖ ਕੇ ਉਸ ਨੂੰ ਝੱਟ ਬੁਝਾਰਤ ਸੂਝ ਜਾਂਦੀ ਹੈ———

ਆਂਡੇ ਸੀ ਜਦ ਬੋਲਦੇ ਸੀ
ਬੱਚੇ ਬੋਲਣੋ ਰਹਿ ਗਏ
ਮੂਰਖਾਂ ਨੇ ਕੀ ਬੁਝਣੀ
ਚਤਰ ਬੁਝਣੋਂ ਰਹਿ ਗਏ
ਅਤੇ
ਬਾਤ ਪਾਵਾਂ ਬਤੌਲੀ ਪਾਵਾਂ
ਜਲ ਵਿੱਚ ਬੈਠੀ ਨ੍ਹਾਵੇ
ਲੱਕੜੀਆਂ ਟੁਕ ਢੇਰੀ ਕੀਤੀ
ਚਮੜਾ ਸ਼ਹਿਰ ਵਿਕਾਵੇ
ਹੋਰ
ਇੱਕ ਬਾਤ ਕਰਤਾਰੋ ਪਾਈਏ
ਬੈਠੀ ਜਲ ਵਿੱਚ ਨ੍ਹਾਵੇ
ਹੱਡੀਆਂ ਉਹਦੀਆਂ ਬਲਣ ਮਸਾਲਾਂ

ਚੰਮ ਸ਼ਹਿਰ ਵਿੱਕ ਜਾਵੇ

ਖੁੰਬਾਂ ਵੀ ਕਿਸੇ ਪਾਰਖੂ ਦੀ ਨਿਗਾਹ ਚੜ੍ਹ ਜਾਂਦੀਆਂ ਹਨ———

ਧਰਤ ਫੁੱਟੀ ਇੱਕ ਗੰਦਲ
ਰੋਡ ਮਰੋਡੀ ਜਾਣ
ਜਾਂ ਤਾਂ ਬੁੱਝੇ ਸੁਘੜ ਸਿਆਣਾ
ਜਾਂ ਬੁੱਝੇ ਵਿਦਵਾਨ

ਪਿੰਡੋਂ ਦੂਰ ਢੱਕੀ ਵਿੱਚ ਕੇਸੂ ਦੇ ਫੁੱਲ ਖਿੜਦੇ ਹਨ। ਖਿੜੇ ਸੂਹੇ-ਸੂਹੇ ਫੁੱਲ ਮੱਝਾਂ ਚਾਰਦੇ ਪਾਲ਼ੀ ਨੂੰ ਚੰਗੇ-ਚੰਗੇ ਲੱਗਦੇ ਹਨ। ਸਵਾਏ ਉਸ ਤੋਂ ਉਹਨਾਂ ਨੂੰ ਕੋਈ ਮਾਣਦਾ ਨਹੀਂ। ਢੱਕੀ ਵਿੱਚ ਜਾਣ ਤੋਂ ਬਹੁਤੇ ਲੋਕੀਂ ਡਰਦੇ ਹਨ। ਪਿੰਡ ਦਾ ਹਕੀਮ ਕਦੇ-ਕਦੇ ਪਾਲ਼ੀ ਪਾਸੋਂ ਕਿਸੇ ਦਵਾਈ ਵਿੱਚ ਪਾਣ ਲਈ ਇਹਨਾਂ ਨੂੰ ਮੰਗਵਾਉਂਦਾ ਹੈ———

ਉੱਚੀ ਟਾਹਲੀ ਤੋਤਾ ਬੈਠਾ
ਗਰਦਣ ਉਹਦੀ ਕਾਲ਼ੀ
ਆ ਕੇ ਬੁਝੂ ਪੰਡਤ ਪਾਧਾ
ਜਾਂ ਬੁੱਝੂ ਕੋਈ ਪਾਲ਼ੀ

ਬਾਹਰ ਪਾਲ਼ੀਆਂ ਨੂੰ ਕਈ ਵਾਰੀ ਪੀਲੂਆਂ ਨਾਲ਼ ਹੀ ਭੁੱਖ ਮਿਟਾਉਣੀ ਪੈਂਦੀ ਹੈ———

ਰੜੇ ਮੈਦਾਨੇ ਵਿੱਚ ਸ਼ੀਹ ਡਿੱਠਾ
ਹੱਡੀਆਂ ਕੌੜੀਆਂ ਮਾਸ ਮਿੱਠਾ

ਕਿਸੇ ਭੱਤੇ ਵਾਲ਼ੀ ਦੇ ਮਲੂਕ ਜਿਹੇ ਪੈਰਾਂ ਵਿੱਚ ਭੱਖੜੇ ਦੇ ਕੰਡੇ ਚੁੱਭ ਜਾਂਦੇ ਹਨ...ਚੋਭ ਦੀ ਚੀਸ ਨਾਲ਼ ਭਖੜੇ ਬਾਰੇ ਬੁਝਾਰਤ ਵੀ ਸਿਰਜੀ ਜਾਂਦੀ ਹੈ———

ਗੱਭਰੂ ਜੁਆਨ
ਮੁੰਡਾ ਕੌਤਕੀ

ਜਾਂ

ਨਿੱਕਾ ਜਿਹਾ ਬਹਿੜਕਾ
ਸਿੰਗਾਂ ਤੋਂ ਨਾਰਾ
ਜੇ ਮਾਰੇ ਤਾਂ ਕਰ ਦੇਵੇ ਕਾਰਾ

ਖੇਤਾਂ ਵਿੱਚ ਖੜੀ ਕਾਹੀ ਅਤੇ ਬੱਬੜ ਵੀ ਬੁਝਾਰਤਾਂ ਦਾ ਵਿਸ਼ਾ ਬਣ ਗਈ ਹੈ———

ਵਿੰਗ ਤੜਿੰਗੀ ਲੱਕੜੀ
ਉੱਤੇ ਬੈਠਾ ਕਾਜੀ
ਭੇਡਾਂ ਦਾ ਸਿਰ ਮੁੰਨਦਾ
ਮੀਢਾ ਹੋ ਗਿਆ ਰਾਜੀ

ਜਾਂ

ਰੜੇ ਮੈਦਾਨ ਵਿੱਚ

ਬੁੜ੍ਹੀ ਸਿਰ ਖੰਡਾਈ ਬੈਠੀ ਏ

ਅੱਕ ਦਾ ਵਰਨਣ ਵੀ ਤਾਂ ਪਰਸੰਸਾ ਯੋਗ ਹੈ———

ਅੰਬ ਅੰਬਾਲੇ ਦੇ
ਫੁੱਲ ਪਟਿਆਲੇ ਦੇ
ਰੂੰ ਜਗਰਾਵਾਂ ਦੀ
ਜੜ ਇੱਕੋ

ਜੇ ਕਰ ਬੁਝਾਰਤਾਂ ਪਾਉਣ ਵਾਲ਼ਾ ਕੋਈ ਅਫੀਮੀ ਪੋਸਤੀ ਹੋਵੇ ਤਾਂ ਉਸ ਨੂੰ ਪੋਸਤ ਬਾਰੇ ਹੀ ਬੁਝਾਰਤਾਂ ਸੁਝਦੀਆਂ ਹਨ। ਡੋਡਿਆਂ ਬਾਰੇ ਬਝਾਰਤਾਂ ਸੁਣੋ———

ਹਰਾ ਪੱਤ
ਪੀਲ਼ਾ ਪੱਤ
ਉੱਤੇ ਬੈਠਾ ਘੁੱਕਰ ਜੱਟ

ਜਾਂ

ਉਹ ਕਬੂਤਰ ਕੈਸਾ
ਜੀਹਦੀ ਚੁੰਝ ਉੱਤੇ ਪੈਸਾ ਅਤੇ
ਹੱਥ ਕੁ ਟਾਂਡਾ
ਬਿਨ ਘੁਮਾਰ ਘੜਿਆ ਭਾਂਡਾ
ਐਸੀ ਘੜਨੀ ਕੋਈ ਨਾ ਘੜੇ
ਮਰਦ ਦੇ ਪੇਟ ਇਸਤਰੀ ਪੜੇ

ਇਸੇ ਇਸਤਰੀ ਰੂਪੀ ਅਫੀਮ ਖਾਤਰ ਤਾਂ ਸਭ ਕੁਝ ਮਨਜ਼ੂਰ ਹੈ———

ਪੰਜ ਕੋਹ ਪੱਟੜੀ
ਪੰਜਾਹ ਕੋਹ ਠਾਣਾ
ਹੀਰ ਨਹੀਂ ਛੱਡਣੀ
ਕੈਦ ਹੋ ਜਾਣਾ

ਸ਼ਾਇਦ ਇਸੇ ਕਰਕੇ ਹੀ ਪੋਸਤੀਆਂ ਨੂੰ ਕਮਲੇ ਸੱਦਦੇ ਹਨ———

ਲੱਕੜੀ ਤੇ ਟੋਪੀ
ਤੇ ਟੋਪੀ ਵਿੱਚ ਚਾਵਲ
ਚਾਵਲ ਖਾਂਦੇ ਰਮਲੇ
ਤੇ ਟੋਪੀ ਖਾਂਦੇ ਕਮਲ਼ੇ

ਕਰੀਰਾਂ ਅਤੇ ਬੇਰੀਆਂ ਦੇ ਦਰੱਖਤਾਂ ਬਾਰੇ ਵੀ ਪਾਲ਼ੀ ਬੁਝਾਰਤਾਂ ਸਿਰਜ ਲੈਂਦੇ ਹਨ———

ਹਰਾ ਫੁੱਲ ਮੁੱਢ ਕੇਸਰੀ
ਬਿਨਾਂ ਪੁੱਤਾਂ ਦੇ ਛਾਂ
ਰਾਜਾ ਪੁੱਛੇ ਰਾਣੀ ਨੂੰ

ਕੀ ਬ੍ਰਿਛ ਦਾ ਨਾਂ

ਅਤੇ

ਜੜ੍ਹ ਹਰੀ ਫੁੱਲ ਕੇਸਰੀ
ਬਿਨ ਪੱਤਾਂ ਦੇ ਛਾਂ
ਜਾਂਦਾ ਰਾਹੀ ਸੌਂ ਗਿਆ
ਤੱਕਕੇ ਗੂੜ੍ਹੀ ਛਾਂ

ਬੇਰੀਆਂ ਨੂੰ ਬੂਰ ਪੈਣ ਸਮੇਂ ਮੋਤੀਆਂ ਦਾ ਭੁਲੇਖਾ ਪੈਂਦਾ ਹੈ। ਪਰ ਹਵਾ ਦਾ ਬੁੱਲਾ ਮੋਤੀ ਝਾੜ ਦਿੰਦਾ ਹੈ———

ਬਾਤ ਪਾਵਾਂ
ਬਤੌਲੀ ਪਾਵਾਂ
ਬਾਤ ਨੂੰ ਲਾਵਾਂ ਮੋਤੀ
ਸਾਰੇ ਮੋਤੀ ਝੜ੍ਹ ਗਏ
ਬਾਤ ਰਹੀ ਖੜੀ ਖੜੋਤੀ

ਬੇਰੀਆਂ ਨੂੰ ਲਾਲ ਸੂਹੇ ਬੇਰ ਲੱਗਣ ਤੇ ਸਾਰਾ ਜਹਾਨ ਇੱਟਾਂ ਪੱਥਰ ਲੈ ਇਹਨਾਂ ਦੇ ਪੇਸ਼ ਪੈ ਜਾਂਦਾ ਹੈ———

ਹਰੀ ਸੀ ਮਨ ਭਰੀ ਸੀ
ਬਾਵਾ ਜੀ ਦੇ ਖੇਤ ਵਿੱਚ
ਦੁਸ਼ਾਲਾ ਲਈਂ ਖੜੀ ਸੀ
ਜਦ ਤੋਂ ਪਹਿਨਿਆਂ ਸੂਹਾ ਬਾਣਾ
ਜਗ ਨੀ ਛੱਡਦਾ ਬੱਚੇ ਖਾਣਾ

ਬੇਰ ਤੋੜਨ ਲੱਗਿਆਂ ਕੰਡੇ ਵੀ ਤਾਂ ਚੁਭ੍ਹ ਜਾਂਦੇ ਹਨ———

ਲਾਲ ਨੂੰ ਮੈਂ ਹੱਥ ਪਾਇਆ
ਝਿੰਗ ਨੇ ਮੈਨੂੰ ਦੰਦੀ ਵੱਢੀ

ਬੇਰੀਆਂ ਉੱਤੇ ਪਸਰੀ ਅਮਰ ਵੇਲ ਨੂੰ ਤੱਕ ਕੇ ਕਿਸੇ ਨੂੰ ਕਲਕੱਤੇ ਦੀ ਯਾਦ ਤਾਜ਼ਾ ਹੋ ਜਾਂਦੀ ਹੈ———

ਇੱਕ ਦਰੱਖ਼ਤ ਕਲਕੱਤੇ
ਨਾ ਉਹਨੂੰ ਜੜ ਨਾ ਪੱਤੇ

ਅਤੇ

ਇੱਕ ਬਾਤ ਮੇਰੇ ਗਿਆਨ ਵਿੱਚ
ਧਰਤੀ ਨਾ ਅਸਮਾਨ ਵਿੱਚ
ਹੈਗੀ ਜਗ ਜਹਾਨ ਵਿੱਚ

ਫਲਾਂ ਦੇ ਰੁੱਖਾਂ ਵਿੱਚੋਂ ਅੰਬਾਂ ਬਾਰੇ ਬਹੁਤ ਸਾਰੀਆਂ ਬੁਝਾਰਤਾਂ ਪ੍ਰਚਲਤ ਹਨ———

ਅਸਮਾਨੋਂ ਡਿੱਗਿਆ ਬੱਕਰਾ

ਉਹਦੇ ਮੂੰਹ ਚੋਂ ਨਿਕਲੀ ਲਾਲ਼
ਢਿੱਡ ਪਾੜ ਕੇ ਦੇਖਿਆ
ਉਹਦੀ ਛਾਤੀ ਉੱਤੇ ਬਾਲ਼

ਜਾਂ

ਪਿਉ ਪੁੱਤਰ ਦਾ ਇੱਕੋ ਨਾਮ
ਪੁੱਤਰ ਪੁੱਜਾ ਸ਼ਹਿਰ ਗਰਾਮ
ਉਸ ਪੁੱਤਰ ਨੇ ਜਾਈ ਬੇਟੀ
ਬੇਟੀ ਜਲ ਮਿੱਟੀ ਵਿੱਚ ਲੇਟੀ
ਉਸ ਬੇਟੀ ਨੇ ਜਾਇਆ ਬਾਪ
ਵੇਖੋ ਕੁਲਯੁਗ ਦਾ ਪ੍ਰਤਾਪ

ਜਾਂ

ਅਸਮਾਨੋਂ ਡਿੱਗਾ ਬੱਕਰਾ
ਉਹਦੇ ਮੂੰਹ ਵਿੱਚ ਝੱਗ

ਹੋਰ

ਅੱਧ ਅਸਮਾਨੀ ਬੱਕਰਾ
ਉਹਦੀ ਚੋ-ਚੋ ਪੈਂਦੀ ਰੱਤ
ਅੰਦਰ ਉਹਦੀ ਖਲੜੀ
ਬਾਹਰ ਉਹਦੀ ਜੱਤ

ਅਤੇ

ਅਸਮਾਨੋਂ ਡਿੱਗਾ ਸ਼ੇਰ ਦਾ ਬੱਚਾ
ਮੂੰਹ ਲਾਲ ਕਲੇਜਾ ਕੱਚਾ

ਹੋਰ

ਕੱਲਰ ਪਿਆ ਪਟਾਕਾ
ਸੁਣ ਗਏ ਦੋ ਜਣੇ
ਜਿਨ੍ਹਾਂ ਨੇ ਸੁਣਿਆਂ
ਉਹਨਾਂ ਨੇ ਚੁੱਕਿਆ ਨਾ
ਚੁੱਕ ਲੈ ਗਏ ਦੋ ਹੋਰ ਜਣੇ
ਜਿੰਨ੍ਹਾਂ ਚੁੱਕਿਆ
ਉਹਨਾਂ ਖਾਧਾ ਨਾ
ਖਾ ਗਏ ਦੋ ਹੋਰ ਜਣੇ

ਕੇਲੇ ਬਾਰੇ ਇੱਕ ਬੁਝਾਰਤ ਇਸ ਪ੍ਰਕਾਰ ਹੈ———

ਪੱਤੇ ਤੇ ਕੜਾਹ
ਨਹੀਂ ਖਾਣਾ ਤਾਂ ਫਾੜ

ਅਤੇ
ਨਿੱਕਾ ਜਿਹਾ ਸਿਪਾਹੀ
ਉਹਦੀ ਖਿੱਚ ਕੇ ਤੰਬੀ ਲਾਹੀ
ਤੈਨੂੰ ਸ਼ਰਮ ਨਾ ਆਈ

ਕੋਈ ਅਨਾਰ ਦੇ ਦਾਣਿਆਂ ਨੂੰ ਕਿਸੇ ਦੇ ਮੋਤੀ ਜਹੇ ਦੰਦਾਂ ਨਾਲ਼ ਤੁਲਨਾ ਦੇਂਦਾ ਹੈ———

ਮੂੰਹ ਬੰਦ
ਢਿੱਡ ਵਿੱਚ ਦੰਦ

ਜਾਂ

ਨਿੱਕਾ ਜਿਹੀ ਕੋਠੜੀ
ਮਖਾਣਿਆਂ ਨਾਲ਼ ਭਰੀ

ਬਦਾਮਾਂ ਅਤੇ ਨਾਰੀਅਲ ਨੂੰ ਵੀ ਅੱਖੋਂ ਓਹਲੇ ਨਹੀਂ ਕੀਤਾ ਗਿਆ———

ਹੇਠਾਂ ਕਾਠ
ਉੱਤੇ ਕਾਠ
ਗੱਭੇ ਬੈਠਾ
ਜਗਨ ਨਾਥ

ਅਤੇ

ਦਰੱਖਤ ਦੇ ਉਹ ਸਿਰ ਤੇ ਰਹਿੰਦਾ
ਪਰ ਪੰਛੀ ਨਹੀਂ
ਤਿੰਨ ਓਸ ਦੇ ਅੱਖਾਂ
ਪਰ ਸ਼ਿਵ ਜੀ ਨਹੀਂ
ਦੁੱਧ ਦੇਵੇ ਪਰ ਗਾਂ ਨਹੀਂ
ਜਟਾਂ ਵੀ ਹਨ
ਪਰ ਸਾਧ ਨਹੀਂ
ਪਾਣੀ ਦਾ ਭਰਿਆ
ਪਰ ਘੜਾ ਨਹੀਂ

ਜਾਂ

ਕਟੋਰੇ ਤੇ ਕਟੋਰੇ
ਬੇਟਾ ਬਾਪ ਤੋਂ ਗੋਰਾ

ਜਿੱਥੇ ਕੁਦਰਤ ਨੇ ਸੰਗਤਰੇ ਦੀ ਸਿਰਜਣਾ ਕਰਨ ਵਿੱਚ ਆਪਣਾ ਕਮਾਲ ਵਖਾਇਆ ਹੈ ਓਥੇ ਕਿਸੇ ਪੇਂਡੂ ਮਨ ਨੇ ਵੀ ਸੰਗਤਰੇ ਬਾਰੇ ਬੁਝਾਰਤ ਰਚਣ ਵਿੱਚ ਕੋਈ ਕਸਰ ਨਹੀਂ ਰਹਿਣ ਦਿੱਤੀ———

ਇੱਕ ਖੂਹ ਵਿੱਚ

ਨੌ ਦੱਸ ਪਰੀਆਂ
ਜਦ ਤੱਕੋ
ਸਿਰ ਜੋੜੀ ਖੜੀਆਂ
ਜਦੋਂ ਖੋਹਲਿਆ
ਖੂਹ ਦਾ ਪਾਟ
ਦਿਲ ਕਰਦੈ
ਸਭ ਕਰਜਾਂ ਚਾਟ

ਜੀਵ ਜੰਤੂ

ਧਰਤੀ ਤੇ ਵਿਚਰਦੇ ਅਨੇਕਾਂ ਜੀਵ ਜੰਤੂ ਮਨੁੱਖ ਨੂੰ ਹਾਨ ਲਾਭ ਪੁਚਾਉਂਦੇ ਹੀ ਰਹਿੰਦੇ ਹਨ। ਜਿੱਥੇ ਮਨੁੱਖ ਧਰਤੀ ਬਾਰੇ ਕੁਝ ਕਹਿੰਦਾ ਸੁਣਦਾ ਹੈ ਉੱਥੇ ਉਹ ਇਹਨਾਂ ਜੀਵ ਜੰਤੂਆਂ ਨੂੰ ਵੀ ਦਿਲੋਂ ਵਿਸਾਰਦਾ ਨਹੀਂ। ਲੋਕ ਬੁਝਾਰਤਾਂ ਦਾ ਅਖਾੜਾ ਲੱਗਦਾ ਹੈ, ਧਰਤੀ ਦੀਆਂ ਗੱਲਾਂ ਹੁੰਦੀਆਂ ਹਨ, ਅੰਬਰਾਂ ਨਾਲ ਨਾਤੇ ਜੋੜੇ ਜਾਂਦੇ ਹਨ। ਕਿਸਾਨੀ ਜੀਵਨ ਵਿੱਚ ਵਿਚਰਦੇ ਅਨੇਕਾਂ ਜੀਵ ਜੰਤੁ ਬੁਝਾਰਤਾਂ ਦੇ ਅਖਾੜੇ ਵਿੱਚ ਸੱਦੇ ਜਾਂਦੇ ਹਨ।

ਮੱਝ ਆਪਣੇ ਬਾਰੇ ਆਪ ਆਖਦੀ ਹੈ———

ਚਾਰ ਭਾਈ ਮੇਰੇ ਸੋਹਣੇ ਸੋਹਣੇ
ਚਾਰ ਭਾਈ ਮੇਰੇ ਮਿੱਟੀ ਢੋਣੇ
ਨੌਵੀਂ ਭੈਣ ਮੇਰੀ ਪੱਖੀ ਝੱਲਣੀ

ਇਹ ਹਨ ਮੱਝ ਦੇ ਚਾਰ ਸੋਹਣੇ ਥਣ, ਚਾਰ ਮਿੱਟੀ ਢੋਣੇ ਪੈਰ ਅਤੇ ਨੌਵੀਂ ਪੱਖੀ ਝੱਲਣੀ ਪੂਛ। ਮੱਝ ਦਾ ਬੁਝਾਰਤੀ ਵਰਨਣ ਵੇਖੋ———

ਚਾਰ ਭਾਈ ਮੇਰੇ ਤੁਰਦੇ ਫਿਰਦੇ
ਚਾਰ ਭਾਈ ਮੇਰੇ ਦੁੱਧ ਪਲਾਉਂਦੇ
ਦੋ ਭਾਈ ਮੇਰੇ ਢਿਲਮ ਢਿੱਲੇ
ਦੋ ਭਾਈ ਮੇਰੇ ਆਕੜ ਕਿੱਲੇ
ਇੱਕ ਭੈਣ ਮੇਰੀ ਮੱਖੀਆਂ ਝੱਲੇ

ਅਤੇ

ਚਾਰ ਵੀਰ ਮੇਰੇ ਅਖਣੇ ਮਖਣੇ
ਚਾਰ ਵੀਰ ਮੇਰੇ ਮਿੱਟੀ ਚੱਖਣੇ
ਦੋ ਵੀਰ ਮੇਰੇ ਖੜੇ ਮੁਨਾਰੇ
ਦੋ ਵੀਰ ਮੇਰੇ ਚਮਕਣ ਤਾਰੇ
ਭੈਣ ਵਿਚਾਰੀ ਮੱਖੀਆਂ ਮਾਰੇ

ਕਿਸੇ ਨੂੰ ਮੱਝ ਦੇ ਚਾਰ ਥਣ ਬੈਂਗਣ ਅਤੇ ਬੱਕਰੀ ਦੇ ਦੋ ਥਣ ਤੋਰੀਆਂ ਜਾਪਦੇ ਹਨ———

ਚਾਰ ਬੈਂਗਣ ਦੋ ਤੋਰੀਆਂ
ਅਤੇ
ਬਾਰਾਂ ਬੈਂਗਣ

ਠਾਰਾਂ ਠੈਂਗਣ
ਚਾਰ ਚੱਕ
ਦੋ ਤੋਰੀਆਂ
(ਸੁਰੀ, ਕੁੱਤੀ, ਮੱਝ ਅਤੇ ਬੱਕਰੀ)

ਮੱਝ ਦੀ ਪਿੱਠ ਤੇ ਲੱਗੀ ਚਿੱਚੜੀ ਤੱਕ ਕੇ ਅਗਲਿਆਂ ਬੁਝਾਰਤ ਘੜ ਲਈ———

ਚੌਣੇ ਵਾਲ਼ੀ ਖੂਹੀ
ਅੱਠ ਟੰਗਾਂ ਨੌਵੀਂ ਚੂਹੀ

ਅਤੇ

ਬੱਗ ਵਿੱਚ ਫਿਰੇ ਪਪੀਹੀ
ਅੱਠ ਟੰਗਾਂ, ਨੌਵੀਂ ਢੁਹੀ

ਹਲਟ ਨਾਲ਼ ਜੁੜੇ ਹੋਏ ਬੋਤੇ ਬਾਰੇ ਇੱਕ ਬੁਝਾਰਤ ਇਸ ਪ੍ਰਕਾਰ ਹੈ———

ਐਨਕ ਵਾਲ਼ਾ ਅੰਨ੍ਹਾ ਨਰ
ਮੋਢੇ ਚੁੱਕਿਆ ਕਾਠ ਦਾ ਘਰ
ਕਈ ਕੋਹਾਂ ਦਾ ਪੈਂਡਾ ਮਾਰੇ
ਓਥੇ ਈ ਚਾਰੇ ਪਹਿਰ ਗੁਜਾਰੇ

ਸੁਹਾਗੇ ਨਾਲ਼ ਜੁੜੇ ਹੋਏ ਬਲਦਾਂ ਦਾ ਜ਼ਿਕਰ ਇਸ ਤਰ੍ਹਾਂ ਆਉਂਦਾ ਹੈ———

ਚਾਰ ਘੋੜੇ ਦੋ ਅਸਵਾਰ
ਬੱਘੀ ਚੱਲੇ ਮਾਰੋ ਮਾਰ
(ਸੁਹਾਗੇ ਨਾਲ਼ ਜੁੜੇ ਬਲਦ)

ਸਿਊਂਕ, ਢੋਰਾ ਅਤੇ ਸੁਸਰੀ ਕਿਸਾਨ ਦੀ ਫਸਲ ਅਤੇ ਅਨਾਜ ਦਾ ਬਹੁਤ ਨੁਕਸਾਨ ਕਰਦੇ ਹਨ। ਭਲਾ ਕਿਸਾਨ ਇਹਨਾਂ ਬਾਰੇ ਬੁਝਾਰਤਾਂ ਰਚਣੋਂ ਕਿਵੇਂ ਰਹਿ ਸਕਦਾ ਹੈ———

ਇੱਕ ਭੈਣ ਮੇਰੀ ਸਰਦੀ
ਬਿਨ ਪਾਣੀ ਗਾਰਾ ਕਰਦੀ
ਬੜੇ ਸਾਹਿਬ ਤੋਂ ਡਰਦੀ
ਨਹੀਂ ਹੋਰ ਵੀ ਕਾਰਾ ਕਰਦੀ
ਮੂੰਹ ਲਾਲ ਪਿੰਡਾ ਜਰਦੀ
ਬਿਨ ਪਾਣੀ ਘਾਣੀ ਕਰਦੀ

ਹੋਰ

ਇਤਨੀ ਮਿਤਨੀ
ਜੌਂ ਜਿਤਨੀ
ਜਮੈਣ ਜਿੰਨੇ ਕੰਨ

ਅਨਾਜ ਦੇ ਦਾਣਿਆਂ 'ਚ ਫਿਰਦੀ ਸੁੱਸਰੀ ਵੇਖ ਕੇ ਕਿਸੇ ਨੂੰ ਉਸ ਦੇ ਪਿਆਸੀ ਹੋਣ ਦਾ ਖ਼ਿਆਲ ਆ ਜਾਂਦਾ ਹੈ———

ਅੰਨ ਖਾਂਦੀ
ਨਾ
ਪਾਣੀ ਪੀਂਦੀ
ਅਤੇ
ਇਤਨੀ ਕੁ ਮੇਰੀ ਦੁਰਗਾ ਦਾਸੀ
ਅੰਨ ਖਾਵੇ
ਪਾਣਿਉਂ ਪਿਆਸੀ

ਢੋਰੇ ਬਾਰੇ ਦੋ ਬੁਝਾਰਤਾਂ ਇਸ ਪ੍ਰਕਾਰ ਹਨ———

ਮੋਤੀ ਜਿੰਨੀ ਕੋਠੜੀ
ਖਸ-ਖਸ ਜਿੰਨੀ ਵਾਰ
ਵਿੱਚੇ ਸਾਧੂ ਰਮ ਰਹੇ
ਪੰਡਤ ਕਰਨ ਵਿਚਾਰ
ਅਤੇ
ਇੱਕ ਜਾਨਵਰ ਐਸਾ
ਜੀਹਦਾ ਨਿੱਕਾ ਜਿਹਾ ਘਰ
ਸੂਈ ਦੇ ਨੱਕੇ ਜਿੰਨਾ ਦਰ

ਸੰਦ

ਖੇਤੀਬਾੜੀ ਦੇ ਸੰਦਾਂ ਬਾਰੇ ਵੀ ਕਿਸਾਨਾਂ ਨੇ ਬੁਝਾਰਤਾਂ ਦੀ ਸਿਰਜਣਾ ਕੀਤੀ ਹੈ। ਖੇਤੀ ਦੇ ਹਰ ਸੰਦ ਬਾਰੇ ਕੋਈ ਨਾ ਕੋਈ ਬੁਝਾਰਤ ਜ਼ਰੂਰ ਪਾਈ ਜਾਂਦੀ ਹੈ। ਹਲ਼ ਕਿਸਾਨਾਂ ਦਾ ਪ੍ਰਮੁੱਖ ਸੰਦ ਹੈ। ਹਲ਼ ਚਲਾ ਰਹੇ ਹਾਲ਼ੀ ਦਾ ਵਰਨਣ ਵੇਖੋ———

ਠੱਕ-ਠੱਕ ਟੈਂਚੂ
ਧਰਤ ਪਟੈਂਚੂ
ਤਿੰਨ ਸਿਰੀਆਂ
ਦਸ ਪੈਰ ਟੁਕੈਂਚੂ

(ਹਲ ਪਿੱਛੇ ਹਾਲੀ)

ਅਤੇ

ਨਿੱਕਾ ਜਿਹਾ ਪਿੱਦੂ
ਭੂੰ-ਭੂੰ ਕਰਕੇ
ਜ਼ਮੀਨ ’ਚ ਬੜ ਗਿਆ।

(ਹਲ਼)

ਹੋਰ

ਆਂਗਾ ਛਾਂਗਾ
ਧਰਤ ਪਟਾਂਗਾ
ਛੇ ਅੱਖਾਂ ਦਸ ਟਾਂਗਾ
(ਹਲ, ਹਾਲ਼ੀ ਤੇ ਬਲਦ)

ਖੇਤ ਬੀਜਣ ਦੀ ਤਿਆਰੀ ਵਿੱਚ ਸੁਹਾਗੇ ਦਾ ਵਿਸ਼ੇਸ਼ ਮਹੱਤਵ ਹੈ। ਹਲ਼ ਵਾਹੁਣ ਮਗਰੋਂ ਸੁਹਾਗਾ ਦੇ ਕੇ ਖੇਤ ਤਿਆਰ ਕੀਤਾ ਜਾਂਦਾ ਹੈ। ਹਰ ਕਿਸਾਨ ਨੂੰ ਇਸ ਦੀ ਲੋੜ ਪੈਂਦੀ ਹੈ———

ਜੋ ਚੀਜ਼ ਮੈਂ ਲੈਣ ਗਿਆ
ਉਹ ਦਿੰਦੇ ਸੀ
ਜੇ ਉਹ ਨਾ ਦਿੰਦੇ ਹੁੰਦੇ
ਤਾਂ ਮੈਂ ਲੈ ਆਉਂਦਾ

(ਸੁਹਾਗਾ)

ਅਤੇ



ਚਾਰ ਘੋੜੇ
ਦੋ ਅਸਵਾਰ
ਬੱਘੀ ਚੱਲੇ
ਮਾਰੋ ਮਾਰ
(ਸੁਹਾਗਾ)
ਜਾਂ
ਅੰਨਾ ਝੋਟਾ
ਵੱਟਾਂ ਢਾਉਂਦਾ ਜਾਂਦੈ
(ਸੁਹਾਗਾ)
ਜਾਂ
ਇੱਕ ਕਾਨੀ
ਚਾਰ ਘੋੜੇ
ਦੋ ਸਵਾਰ
ਜਿੱਧਰ ਨੂੰ ਉਹ ਜਾਂਦੇ
ਕਰਦੇ ਮਾਰੋ ਮਾਰ
(ਸੁਹਾਗਾ, ਬਲਦ, ਜੱਟ)
ਅਤੇ
ਆਣ ਬਨ੍ਹਾਏ ਕੰਨ
ਟੁਰਦਾ ਵੀਂਹੀਂ ਟੰਗਾਂ
ਛੇ ਮੂੰਹ ਬਾਰਾਂ ਕੰਨ
(ਸੁਹਾਗਾ)
ਬਲਦਾਂ ਨੂੰ ਹੱਕਣ ਲਈ ਪਰਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਪੁਰਾਣੀ ਬਾਰੇ ਇੱਕ ਬੁਝਾਰਤਾ ਹੈ———
ਆਪ ਕਾਠ ਦੀ
ਮੂੰਹ ਲੋਹੇ ਦਾ
ਗੁੱਤ ਚੰਮ ਦੀ
ਦੋ ਖਸਮਾਂ ਨੂੰ ਮਾਰਦੀ
ਕਰਤੂਤ ਦੇਖੇ ਨਾਰ ਦੀ
ਜਾਂ
ਆਟ ਕਾਠ ਮੂੰਹ ਚੰਮ ਦਾ
ਦੋ ਮਰਦਾਂ ਨੂੰ ਮਾਰਦੀ
ਵੇਖੋ ਤਮਾਸ਼ਾ ਰੰਨ ਦਾ

(ਪਰੈਣੀ)

ਖੁਰਪੇ ਬਾਰੇ ਇੱਕ ਬੁਝਾਰਤ ਇਸ ਤਰ੍ਹਾਂ ਹੈ———

ਭੁੱਬਲ ਵਿੱਚ
ਦੰਦਈਆ ਨੱਚੇ
ਪੂਛ ਮੇਰੇ ਹੱਥ

ਦਾਤੀ ਨੂੰ ਵੀ ਬੁਝਾਰਤਾਂ ਦਾ ਵਿਸ਼ਾ ਬਣਾਇਆ ਗਿਆ ਹੈ———

ਐਨੀ 'ਕੁ ਹਰਨੀ
ਸਾਰਾ ਖੇਤ ਚਰਨੀ
ਮੀਂਗਣ ਇਕ ਨਾ ਕਰਨੀ

(ਦਾਤੀ)

ਹੋਰ
ਐਨੀ 'ਕ ਕੁੜੀ
ਉਹਦੇ ਜਰੀ-ਜਰੀ ਦੰਦ
ਖਾਂਦੀ ਪੀਂਦੀ ਰੱਜੇ ਨਾਂਹੀਂ
ਬੰਨ੍ਹ ਚੁਕਾਵੇ ਪੰਡ

(ਦਾਤੀ)

ਅਤੇ

ਪਾਲ਼ੋ ਪਾਲ਼ ਵੱਛੇ ਬੰਨ੍ਹੇ
ਇੱਕ ਵੱਛਾ ਪਲਾਹਾ
ਜਿਹੜਾ ਮੇਰੀ ਬਾਤ ਨੀ ਬੁੱਝੂ
ਉਹਦਾ ਪਿਉ ਜੁਲਾਹਾ
(ਦੰਦਾ ਟੁੱਟੇ ਵਾਲ਼ੀ ਦਾਤੀ)

ਕੁਤਰਾ ਕਰਨ ਵਾਲ਼ੀ ਮਸ਼ੀਨ ਦਾ ਵਰਨਣ ਕਿਸੇ ਨੇ ਕਿੰਨਾ ਸੋਹਣਾ ਕੀਤਾ ਹੈ———

ਦੋ ਚਪਾਹੀ ਲੜਦੇ ਗਏ
ਬੇਰੀ ਦੇ ਪੱਤੇ ਝੜਦੇ ਗਏ

ਚਲਦੇ ਹਲਟ ਦਾ ਨਜ਼ਾਰਾ ਕਿੰਨਾ ਸੁੰਦਰ ਹੈ———

ਆਰ ਡਾਂਗਾਂ
ਪਾਰ ਡਾਂਗਾਂ
ਵਿੱਚ ਟਲਮ ਟੱਲੀਆਂ
ਆਉਣ ਕੂੰਜਾਂ ਦੇਣ ਬੱਚੇ
ਨਦੀ ਨ੍ਹਾਵਣ ਚੱਲੀਆਂ

ਹਲਟ ਦੇ ਕੁੱਤੇ ਦੀ ਆਪਣੀ ਮਹਾਨਤਾ ਹੈ———

ਨਿੱਕਾ ਜਿਹਾ ਕਾਕਾ

ਟੈਂ ਟੈਂ ਕਰਦਾ
ਭਾਰ ਚੁਕਾਇਆ
ਤਾਂ ਚੁਪ ਕਰਦਾ



ਅਤੇ

ਇੱਕ ਵਾਗੀ ਸੀ ਵੱਗ ਚਾਰਦਾ
ਜਾਂਦਿਆਂ ਦੇ ਗਿੱਟੇ ਠੇਕੇ
ਆਉਂਦਿਆਂ ਨੂੰ ਬੁਲ੍ਹ ਮਾਰਦਾ

ਗਿਠ ਕੁ ਦਾ ਡੰਡਾ
ਸਾਰੀ ਫ਼ੌਜ ਰੋਕੀ ਖੜਾ

ਹੋਰ

ਚਾਲ਼ੀ ਚੋਰ ਇੱਕ ਸਿਪਾਹੀ
ਸਾਰਿਆਂ ਦੇ ਇੱਕ-ਇੱਕ ਟਕਾਈ

ਖੂਹ ਦਾ ਵਰਨਣ ਸੁਣੋ———

ਰਾਹੇ-ਰਾਹੇ ਜਾਨੀ ਆਂ
ਰਾਹ ਦੇ ਵਿੱਚ ਡੱਬਾ
ਮੈਂ ਉਸ ਨੂੰ ਚੁੱਕ ਨਾ ਸਕਾਂ
ਹਾਏ ਉਏ ਮੇਰਿਆ ਰੱਬਾ



ਜਾਂ

ਰੜੇ ਮੈਦਾਨ ਵਿੱਚ ਪਾਣੀ ਦਾ ਡੱਬਾ
ਚੁੱਕ ਨੀ ਹੁੰਦਾ ਚੁੱਕਾ ਦੇ ਰੱਬਾ